ਨਿਰੰਜਣ ਬੋਹਾ
ਸਾਲ ਕੁ ਪਹਿਲਾਂ ਦਰਸ਼ਨ ਦਰਵੇਸ਼ ਦੇ ਬਿਮਾਰ ਹੋਣ ਦੀਆਂ ਖਬਰ ਮਿਲੀ। ਚਿੰਤਾ ਵਿਚ ਫੋਨ ਕੀਤਾ ਤਾਂ ਉਹ ਬੜੇ ਹੌਂਸਲੇ ਵਿਚ ਬੋਲਿਆ, “ਮੁੜਿਆ ਤਾਂ ਦੂਰ ਦਰਗਾਹੋਂ ਹਾਂ ਪਰ ਹੁਣ ਸਿਹਤਯਾਬੀ ਵੱਲ ਮੋੜਾ ਪੈ ਗਿਆ।” ਮਨ ਨੂੰ ਉਹਦੇ ਬੋਲਾਂ ਨਾਲ ਧਰਵਾਸ ਮਿਲਿਆ। ਉਂਜ, ਉਸ ਦੀ ਸਰੀਰਕ ਕਮਜ਼ੋਰੀ ਦੇਖ ਕੇ ਦੋਸਤਾਂ ਨੂੰ ਚਿੰਤਾ ਹੁੰਦੀ ਤਾਂ ਉਹ ਉਲਟਾ ਉਨ੍ਹਾਂ ਨੂੰ ਹੀ ਹੌਂਸਲਾ ਦੇਣ ਲੱਗਦਾ ਤੇ ਦੋ ਨਵੀਆਂ ਕਿਤਾਬਾਂ ਛਪਵਾਉਣ ਸਮੇਤ ਆਪਣੇ ਕਈ ਅਧੂਰੇ ਪਏ ਸਾਹਿਤਕ ਪ੍ਰਾਜੈਕਟਾਂ ਦੀ ਵਿਉਂਤਬੰਦੀ ਦੱਸਣ ਲੱਗ ਪੈਂਦਾ। ਉਹਦੀਆਂ ਉਤਸ਼ਾਹੀ ਗੱਲਾਂ ਸੁਣ ਕੇ ਦੋਸਤ ਵੀ ਚਿੰਤਾ ਮੁਕਤ ਹੋ ਜਾਂਦੇ। ਆਪਣੇ ਅੰਤਲੇ ਦਿਨਾਂ ਵਿਚ ਦੇਵੇਂਦਰ ਸਤਿਆਰਥੀ ਵਰਗੀ ਦਾੜ੍ਹੀ, ਸਿਰ ਤੇ ਬੰਨ੍ਹੇ ਟੋਪੀ ਵਰਗੇ ਰੰਗਦਾਰ ਪਰਨੇ ਅਤੇ ਦਰਵੇਸ਼ੀ ਲਬਿਾਸ ਵਿਚ ਉਹ ਸੱਚਮੁਚ ਕੋਈ ਦਰਵੇਸ਼ ਲੱਗਦਾ। ਜਦੋਂ ਉਹਦੇ ਦੋਸਤ ਉਸ ਨੂੰ ਸਿਹਤਯਾਬ ਹੁੰਦਿਆ ਦੇਖ ਕੇ ਖੁਸ਼ ਹੋ ਰਹੇ ਸਨ ਤਾਂ ਅਚਾਨਕ ਹੀ ਫੇਸਬੁੱਕ ਤੇ ਉਹਦੇ ਤੁਰ ਜਾਣ ਦੀਆਂ ਖਬਰਾਂ ਘੁੰਮਣ ਲੱਗੀਆਂ। ਅੱਜਕੱਲ੍ਹ ਅਜਿਹੀਆਂ ਖਬਰਾਂ ਸਭ ਤੋਂ ਪਹਿਲਾਂ ਫੇਸਬੁੱਕ ਹੀ ਦਿੰਦੀ ਹੈ।
ਚਾਰ ਕੁ ਮਹੀਨੇ ਪਹਿਲਾਂ ਪੁੱਤਰ ਕੋਲ ਮੁਹਾਲੀ ਗਿਆ ਤਾਂ ਉਹਨੂੰ ਫੋਨ ਕਰ ਕੇ ਆਪਣੇ ਆਉਣ ਦੀ ਸੂਚਨਾ ਦਿੱਤੀ ਤਾਂ ਉਹ ਫੁੱਲ ਵਾਂਗੂ ਖਿੜ ਗਿਆ। ਮੈਂ ਪੁੱਤਰ ਨੂੰ ਕਿਹਾ ਕਿ ਉਹ ਮੈਨੂੰ ਖਰੜ ਲਾਂਡਰਾ ਰੋਡ ਤੇ ਜੇਟੀਪੀਐੱਲ ਕਾਲੋਨੀ ਵਿਚ ਉਹਦੇ ਫਲੈਟ ਤੱਕ ਛੱਡ ਆਵੇ। ਮੈਂ ਪੁੱਤਰ ਨੂੰ ਕਹਿ ਦਿੱਤਾ ਕਿ ਉਹ ਘਟੋ-ਘੱਟ ਛੇ ਘੰਟੇ ਨਾ ਲੈਣ ਆਵੇ। ਅੱਗਿਓਂ ਉਹ ਵੀ ਸਾਹਿਤਕ ਗੱਲਾਂ ਕਰਨ ਲਈ ਤਰਸਿਆ ਪਿਆ ਸੀ। ਜਦੋਂ ਮੈਂ ਉਸ ਕੋਲ ਪਹੁੰਚਿਆ ਤਾਂ ਉਹਦੀ ਜੀਵਨ ਸਾਥਣ ਰਸੋਈ ਦੇ ਸਮਾਨ ਦੀ ਖਰੀਦਦਾਰੀ ਲਈ ਬਾਜ਼ਾਰ ਗਈ ਹੋਈ ਸੀ। ਮੇਰੇ ਵਾਰ ਵਾਰ ਰੋਕਣ ਦੇ ਬਾਵਜੂਦ ਉਹ ਪਤਨੀ ਦੀ ਉਡੀਕ ਕਰਨ ਦੀ ਬਜਾਇ ਖੁਦ ਚਾਹ ਬਣਾ ਕੇ ਲਿਆਇਆ। ਮੇਰਾ ਪੁੱਤਰ ਛੇ ਦੀ ਬਜਾਇ ਇਕ ਘੰਟਾ ਹੋਰ ਲੇਟ ਮੈਨੂੰ ਲੈਣ ਆਇਆ, ਫਿਰ ਵੀ ਸਾਡੀਆਂ ਨਾ ਮੁੱਕਣ ਵਾਲੀਆਂ ਗੱਲਾਂ ਦਾ ਸਿਲਸਲਾ ਇਸ ਕਦਰ ਜਾਰੀ ਸੀ ਕਿ ਦੋ ਵਾਰ ਵਜਾਈ ਦਰਵਾਜ਼ੇ ਦੀ ਘੰਟੀ ਵੀ ਸਾਨੂੰ ਸੁਣਾਈ ਨਾ ਦਿੱਤੀ।
ਦਰਵੇਸ਼ ਮੋਹ ਖੋਰਾ ਬੰਦਾ ਤਾਂ ਸ਼ੁਰੂ ਤੋਂ ਹੀ ਸੀ ਪਰ ਜ਼ਿੰਦਗੀ ਦੇ ਅੰਤਲੇ ਦਹਾਕੇ ਵਿਚ ਤਾਂ ਜਿਵੇਂ ਉਹ ਮੁਹੱਬਤ ਦਾ ਸਿਰਨਾਵਾਂ ਹੀ ਬਣ ਗਿਆ ਹੋਵੇ। ਮੋਹ ਕਰਨ ਵਾਲਾ ਬੰਦਾ ਜ਼ਜ਼ਬਾਤੀ ਵੀ ਬਹੁਤ ਹੁੰਦਾ ਹੈ। ਉਹ ਆਪਣੇ ਦੋਸਤਾ ਨੂੰ ਰੱਜ ਕੇ ਪਿਆਰ ਕਰਦਾ ਸੀ ਪਰ ਜਦੋਂ ਉਹਨੂੰ ਕਿਸੇ ਵਕਤ ਲੱਗਦਾ ਕਿ ਕੋਈ ਦੋਸਤ ਉਸ ਪ੍ਰਤੀ ਲਾਪ੍ਰਵਾਹੀ ਵਰਤ ਰਿਹੈ, ਜਾਂ ਉਸ ਨੂੰ ਅਣਗੌਲਿਆ ਕਰ ਰਿਹਾ ਹੈ ਤਾਂ ਉਹ ਛੋਟੀ ਜਿਹੀ ਗੱਲ ਤੇ ਹੀ ਰੁੱਸ ਜਾਂਦਾ। ਫਿਰ ਉਹ ਸਾਂਝੇ ਦੋਸਤਾਂ ਨੂੰ ਉਲਾਂਭੇ ਦੇਣ ਲੱਗਦਾ, “ਆਪਣੇ ਆਪ ਨੂੰ ਬਾਹਲਾ ਈ ਨਾਢੂ ਖਾਂ ਸਮਝਣ ਲੱਗ ਪਿਐ… ਮੈਂ ਅੱਜ ਤੋਂ ਬਾਅਦ ਕੋਈ ਵਾਹ ਵਾਸਤਾ ਨਹੀਂ ਰੱਖਣਾ।” ਦੋਸਤਾਂ ਨੂੰ ਉਹਦੇ ਇਉਂ ਬੱਚਿਆਂ ਵਾਂਗ ਰੁੱਸਣ ਦੀ ਆਦਤ ਦਾ ਪਤਾ ਸੀ, ਇਸ ਲਈ ਉਹ ਛੇਤੀ ਹੀ ਉਸ ਨੂੰ ਮਨਾ ਲੈਂਦੇ।
ਇਹ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਦੋਵੇਂ ਮਾਨਸਾ ਜ਼ਿਲ੍ਹੇ ਦੇ ਜੰਮਪਲ ਲੇਖਕ ਆਪਣੇ ਸਾਹਿਤਕ ਸਫ਼ਰ ਦੇ ਸ਼ੁਰੂਆਤ ਵਿਚ ਹੀ ਰੋਜ਼ੀ ਰੋਟੀ ਦੇ ਚੱਕਰ ਵਿਚ ਬਾਘੇਪੁਰਾਣੇ (ਮੋਗਾ) ਪਹੁੰਚ ਗਏ। ਮੈਂ ਉੱਥੇ ਫੋਟੋ ਸਟੂਡੀਓ ਖੋਲ੍ਹਿਆ ਹੋਇਆ ਸੀ ਤੇ ਦਰਵੇਸ਼ ਜਨ ਸਿਹਤ ਵਿਭਾਗ ਵਿਚ ਨੌਕਰੀ ਕਰਦਾ ਸੀ। ਦੋ ਗਰਾਈਂ ਦੀਵਾਨੇ ਜਦੋਂ ਬਾਘੇਪੁਰਾਣੇ ਦੇ ਨਿਊ ਲਾਈਟ ਫੋਟੋ ਸਟੂਡੀੳ ਵਿਚ ਮਿਲ ਬੈਠਦੇ ਤਾਂ ਖੂਬ ਗੁਜ਼ਰਦੀ ਤੇ ਅਸੀਂ ਇਕੱਠੇ ਨਕੋਦਰ ਅੰਮ੍ਰਿਤਸਰ ਤੱਕ ਦੀਆਂ ਸਾਹਿਤਕ ਗੇੜੀਆਂ ਲਾ ਆਉਂਦੇ। ਬਾਘੇਪੁਰਾਣੇ ਰਹਿੰਦਿਆਂ ‘ਹਾਸ਼ੀਆ’ ਨਾਂ ਦਾ ਤ੍ਰੈ-ਮਾਸਿਕ ਪਰਚਾ ਸ਼ੁਰੂ ਕੀਤਾ ਤੇ ਇਸ ਪਰਚੇ ਨੇ ਸਾਹਿਤਕ ਪੱਤਰਕਾਰੀ ਦੇ ਖੇਤਰ ਵਿਚ ਚੰਗੀ ਹਿਲਜੁਲ ਪੈਦਾ ਕੀਤੀ ਪਰ ਇਹ ਪਰਚਾ ਵਿੱਤੀ ਸੰਕਟ ਦੀ ਮਾਰ ਝੱਲ ਨਾ ਸਕਿਆ। ਦਰਵੇਸ਼ ਨੇ ਨੌਕਰੀ ਛੱਡ ਕੇ ਮਾਨਸਾ ਦੇ ਵਨ-ਵੇ ਰੋਡ ਤੇ ਫੋਟੋ ਸਟੂਡੀਓ ਖੋਲ੍ਹ ਲਿਆ ਤੇ ਮੈਂ ਵੀ ਬਾਘਾਪੁਰਾਣਾ ਛੱਡ ਕੇ ਬੋਹਾ ਆ ਗਿਆ ਪਰ ਮੇਲ ਮਿਲਾਪ ਬਣਿਆ ਰਿਹਾ।
ਦਰਵੇਸ਼ ਦੇ ਸੁਪਨੇ ਬਹੁਤ ਵੱਡੇ ਸਨ। ਸਾਹਿਤ ਸਿਰਜਣਾ ਦੇ ਨਾਲ ਨਾਲ ਫਿਲਮਾਂ ਦੇ ਖੇਤਰ ਵਿਚ ਪੱਕੇ ਪੈਰੀਂ ਹੋਣ ਲਈ ਉਹ ਮਾਨਸਾ ਤੋਂ ਮੁੰਬਈ ਚਲਿਆ ਗਿਆ ਤੇ ਲੰਮੇ ਸੰਘਰਸ਼ ਬਾਅਦ ਇਸ ਖੇਤਰ ਵਿਚ ਵੀ ਨਾਂ ਥਾਂ ਬਣਾਉਣ ਵਿਚ ਕਾਮਯਾਬ ਵੀ ਹੋ ਗਿਆ। ਜਦੋਂ ਉਹਦਾ ਪੰਜਾਬ ਵੱਲ ਗੇੜਾ ਲੱਗਦਾ ਤਾਂ ਅਸੀਂ ਮਿਲਣ ਦਾ ਮੌਕਾ ਤਲਾਸ਼ ਲੈਂਦੇ। ਉਹ ਮਿਲਦਾ ਤਾਂ ਸਭ ਤੋਂ ਵੱਧ ਗੱਲਾਂ ਫਿਲਮ ਸੰਸਾਰ ਦੀ ਨਾਮਵਰ ਸ਼ਖਸੀਅਤ ਮਨਮੋਹਨ ਦੀਆਂ ਕਰਦਾ। ਬਿਮਾਰੀ ਤੋਂ ਬਾਅਦ ਉਹਨੇ ਮੁਹਾਲੀ ਡੇਰਾ ਲਾ ਲਿਆ ਤਾਂ ਮੇਰੇ ਛੋਟੇ ਪੁੱਤਰ ਦੀ ਰਿਹਾਇਸ਼ ਮੁਹਾਲੀ ਹੋਣ ਕਾਰਨ ਮਿਲਣਾ ਕੁਝ ਆਸਾਨ ਹੋ ਗਿਆ। ਮੁਹਾਲੀ ਵਾਲੇ ਫਲੈਟ ਵਿਚ ਉਸ ਨਾਲ ਆਖਿ਼ਰੀ ਮੁਲਾਕਾਤ ਹੋਈ ਤਾਂ ਉਹ ‘ਸ਼ਬਦ’ ਦੇ ਕਵਿਤਾ ਅੰਕ ਦੇ ਮਹਿਮਾਨ ਸੰਪਾਦਕ ਦੀ ਜਿ਼ੰਮੇਵਾਰੀ ਨਿਭਾਉਣ ਜੁਟਿਆ ਹੋਇਆ ਸੀ। ਉਸ ਦੇ ਮਨ ਵਿਚ ਘੁੰਮਦੇ ਅਨੇਕਾਂ ਪ੍ਰਾਜੈਕਟਾਂ ਨਾਲ ਇਹ ਪ੍ਰਾਜੈਕਟ ਵੀ ਅਧੂਰਾ ਰਹਿ ਗਿਆ।
ਉਹ ਕਿਸੇ ਵੀ ਦੋਸਤ ਨੂੰ ਕਦੇ ਬੇਨਤੀ ਨਹੀਂ ਸੀ ਕਰਦਾ, ਸਿੱਧਾ ਹੁਕਮ ਹੀ ਕਰਦਾ ਸੀ। ਉਹਦਾ ਦੂਜਾ ਕਾਵਿ ਸੰਗ੍ਰਹਿ ‘ਕੁੜੀਆਂ ਨੂੰ ਸਵਾਲ ਨਾ ਕਰੋ’ ਛਪ ਕੇ ਆਇਆ ਤਾਂ ਹੁਕਮ ਆ ਗਿਆ, “ਲੁਧਿਆਣੇ ਪੰਜਾਬੀ ਭਵਨ ਪੁਸਤਕ ਤੇ ਗੋਸ਼ਟੀ ਰੱਖੀ ਹੈ। ਪਰਚਾ ਤੂੰ ਪੜ੍ਹਨੈ।” ਧੁਰ ਦਰਗਾਹ ਵੱਲ ਤੁਰਨ ਤੋਂ ਦੋ ਮਹੀਨੇ ਪਹਿਲਾਂ ਉਹਦਾ ਹੁਕਮ ਆਇਆ- “ਵਿਸ਼ਾਲ ਦੇ ਯੂਟਿਊਬ ਚੈਨਲ ਸੈਵਨਥ ਰਿਵਰ ਲਈ ਮੇਰੀ ਕਵਿਤਾ ਤੇ ਦਸ ਕੁ ਮਿੰਟ ਦੀ ਵੀਡੀਓ ਬਣਾ ਕੇ ਭੇਜ”। ਸ਼ੁਕਰ ਹੈ ਕਿ ਮੈਂ ਘੌਲ ਨਾ ਕਰਦਿਆਂ ਉਹਦੇ ਹੁਕਮ ਦੀ ਪਾਲਣਾ ਕਰ ਦਿੱਤੀ। ਜੇ ਇਸ ਕੰਮ ਵਿਚ ਦੇਰ ਹੋ ਜਾਂਦੀ ਤਾਂ ਪਛਤਾਵਾ ਰਹਿ ਜਾਣਾ ਸੀ।
‘ਵੱਤਰ’ ਅਤੇ ‘ਬਲਾਈਂਡ ਸਟਰੀਟ’ ਵਰਗੀਆਂ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਕੇ ਉਸ ਫਿਲਮ ਨਿਰਦੇਸ਼ਨ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਫਿਲਮ ਡਾਇਰੈਕਟਰ ਵਜੋਂ ਆਪਣੀ ਪਛਾਣ ਬਣਾਈ ਤੇ ਦੂਰਦਰਸ਼ਨ ਦੇ ਚਰਚਿਤ ਸੀਰੀਅਲ ‘ਦਾਣੇ ਅਨਾਰ ਦੇ’ ਸਮੇਤ ਕਈ ਸੀਰੀਅਲ ਵੀ ਨਿਰਦੇਸ਼ਿਤ ਕੀਤੇ। ਹਿੰਦੀ ਫਿਲਮ ‘ਮਾਚਿਸ’ ਦੀ ਫੋਟੋਗ੍ਰਾਫੀ ਵਿਚ ਮਨਮੋਹਨ ਦੇ ਸਹਾਇਕ ਵਜੋਂ ਸ਼ਾਮਿਲ ਹੋ ਕੇ ਉਸ ਸਿੱਧ ਕਰ ਦਿੱਤਾ ਕਿ ਉਹ ਜਮਾਂਦਰੂ ਕਲਾਕਾਰ ਹੈ। ਪੰਜਾਬੀ ਕਵਿਤਾ ਦੀਆਂ ਦੋ ਕਿਤਾਬਾਂ ਤੋਂ ਇਲਾਵਾ ਉਸ ਦਾ ਨਾਵਲਿਟ ‘ਮਾਈਨਸ ਜ਼ਮਾ ਜ਼ੀਰੋ’ ਵੀ ਪ੍ਰਕਾਸ਼ਿਤ ਹੋਇਆ ਤੇ ਨਾਮਵਰ ਪਰਚਿਆਂ ਵਿਚ ਉਹਦੀਆਂ ਕਹਾਣੀਆਂ ਨੂੰ ਵੀ ਢੁੱਕਵਾਂ ਸਥਾਨ ਮਿਲਿਆ।
ਅਜੇ ਅਲਵਿਦਾ ਨਹੀਂ ਦੋਸਤ … ਜਦ ਤੱਕ ਮੇਰੀ ਦੇਹ ਵਿਚ ਪ੍ਰਾਣ ਨੇ, ਤੂੰ ਮੇਰੀਆਂ ਯਾਦਾਂ ਵਿਚ ਜਿਊਂਦਾ ਰਹੇਂਗਾ। ਉਸ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਕਿਸ਼ਨਗੜ੍ਹ ਫਰਵਾਹੀ (ਮਾਨਸਾ) ਵਿਚ ਗੁਰਦੁਆਰਾ ਸ੍ਰੀ ਅਕਾਲ ਸਹਾਇ ਵਿਖੇ 12 ਫਰਵਰੀ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ।
ਸੰਪਰਕ: 89682-82700