ਮੋਹਨ ਸ਼ਰਮਾ
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰੀ ਅਤੇ ਗ਼ੈਰ ਸਰਕਾਰੀ ਯਤਨ ਕੀਤੇ ਤਾਂ ਜਾ ਰਹੇ ਹਨ ਪਰ ਉਨ੍ਹਾਂ ਦੇ ਜ਼ਿਆਦਾ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ। ਦਰਅਸਲ ਯਤਨ ਇਸ ਤਰ੍ਹਾਂ ਦੇ ਹਨ ਕਿ ਛੱਤ ਚੋਅ ਰਹੀ ਹੈ ਪਰ ਸਾਫ਼ ਫਰਸ਼ ਕੀਤਾ ਜਾ ਰਿਹਾ ਹੈ। ਬੂਟਾ ਜੜ੍ਹਾਂ ਤੋਂ ਸੁੱਕ ਰਿਹਾ ਹੈ ਅਤੇ ਸਪਰੇਅ ਪੱਤਿਆਂ ’ਤੇ ਕੀਤਾ ਜਾ ਰਿਹਾ ਹੈ। ਡਰਾਇੰਗ ਰੂਮ ਸਾਫ਼ ਕਰਕੇ ਕੂੜਾ ਕਰਕਟ ਗਲੀਚੇ ਹੇਠਾਂ ਕਰਕੇ ਡਰਾਇੰਗ ਰੂਮ ਸਾਫ਼ ਸੁਥਰਾ ਹੋਣ ਦਾ ਭਰਮ ਪਾਲਿਆ ਜਾ ਰਿਹਾ ਹੈ। ਜ਼ਖ਼ਮ ਸਿਰ ’ਤੇ ਹੈ ਪਰ ਮਰ੍ਹਮ ਪੱਟੀ ਪੈਰ ਦੀ ਕੀਤੀ ਜਾ ਰਹੀ ਹੈ।
“ਨਸ਼ੱਈ ਵਿਅਕਤੀ ਜ਼ਿੰਦਗੀ ਦਾ ਖਲਨਾਇਕ ਨਹੀਂ, ਪੀੜਤ ਹੈ। ਪੀੜਤ ਨੂੰ ਪਿਆਰ, ਸਤਿਕਾਰ ਅਤੇ ਹਮਦਰਦੀ ਦੀ ਲੋੜ ਹੈ।” ਇਸ ਸੋਚ ਨਾਲ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਨੂੰ ਸੰਦੇਸ਼ ਦਿੱਤਾ ਕਿ ਜਿੰਨੇ ਮਰੀਜ਼ ਇਸ ਸੈਂਟਰ ਵਿੱਚ ਇਲਾਜ ਕਰਵਾ ਰਹੇ ਹਨ, ਉਹ ਭਲਕੇ ਮੇਰੇ ਮਹਿਮਾਨ ਹੋਣਗੇ। ਸ਼ਾਮੀ ਪੰਜ ਵਜੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਲੈ ਕੇ ਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। “ ਨਸ਼ੱਈ ਮਰੀਜ਼ ਜਿਨ੍ਹਾਂ ਦੇ ਹਿੱਸੇ ਪਰਿਵਾਰ, ਸਮਾਜ ਅਤੇ ਰਿਸ਼ਤੇਦਾਰਾਂ ਵਲੋਂ ਬੋਲ-ਕੁਬੋਲ ਹੀ ਆਏ ਸਨ, ਤਰ੍ਹਾਂ-ਤਰ੍ਹਾਂ ਦੇ ਦੂਸ਼ਣਾਂ ਦਾ ਸਾਹਮਣਾ ਕਰਨਾ ਪਿਆ ਸੀ। ਘਰ ਦਾ ਚੁੱਲ੍ਹਾ ਠੰਡਾ ਕਰਨ ਦੇ ਨਾਲ ਨਾਲ ਮਾਪਿਆਂ ਨੂੰ ਆਰਥਿਕ ਪੱਖ ਤੋਂ ਖੁੰਘਲ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਮਾਂ-ਬਾਪ ਅਤੇ ਪਤਨੀ ਦੇ ਸੁਪਨੇ ਖੇਰੂੰ-ਖੇਰੂੰ ਕੀਤੇ ਸਨ, ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਆਪਣੀ ਰਿਹਾਇਸ਼ ’ਤੇ ਬੁਲਾਉਣ ਦਾ ਸੱਦਾ ਮਿਲਣਾ ਇੱਕ ਅਨੋਖਾ ਪਰ ਮਨ ਨੂੰ ਸਕੂਨ ਦੇਣ ਵਾਲਾ ਸੁਨੇਹਾ ਸੀ। ਜਦੋਂ ਇਹ ਸੁਨੇਹਾ ਨਸ਼ੱਈ ਮਰੀਜ਼ਾਂ ਨਾਲ ਸਾਂਝਾ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸੁਨੇਹੇ ਵਾਲੇ ਬੋਲਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੈਰ ਧਰਤੀ ’ਤੇ ਨਹੀਂ ਸਨ ਲੱਗ ਰਹੇ। ਨਿਸ਼ਚਤ ਸਮੇਂ ’ਤੇ ਉਨ੍ਹਾਂ ਨੂੰ ਲੈ ਕੇ ਜਾਣ ਲਈ ਗੱਡੀ ਪੁੱਜ ਗਈ।
ਇਨ੍ਹਾਂ ਵੀਹ ਕੁ ਮਰੀਜ਼ਾਂ ਦਾ ਕਾਫ਼ਲਾ ਜਦੋਂ ਡਿਪਟੀ ਕਮਿਸ਼ਨਰ ਦੇ ਨਿਵਾਸ ਸਥਾਨ ਪੁੱਜਿਆ ਤਾਂ ਉਹ ਹੈਰਾਨੀ ਭਰੇ ਚਾਅ ਨਾਲ ਇੱਧਰ-ਉੱਧਰ ਵੇਖ ਰਹੇ ਸਨ। ਉਨ੍ਹਾਂ ਦੇ ਬੈਠਣ ਲਈ ਲਾਅਨ ਵਿੱਚ ਵਿਸ਼ੇਸ਼ ਤੌਰ ’ਤੇ ਕੁਰਸੀਆਂ ਲਾਈਆਂ ਗਈਆਂ। ਡਿਪਟੀ ਕਮਿਸ਼ਨਰ ਨੇ ਪਹਿਲਾਂ ਇਕੱਲੇ ਇਕੱਲੇ ਨਾਲ ਹੱਥ ਮਿਲਾਇਆ ਅਤੇ ਫਿਰ ਉਨ੍ਹਾਂ ਵਿੱਚ ਹੀ ਬੈਠ ਗਏ। ਚਾਹ ਅਤੇ ਮਠਿਆਈ ਪਰੋਸਣ ਉਪਰੰਤ ਨਸ਼ੱਈ ਮਰੀਜ਼ਾਂ ਨਾਲ ਗੱਲਾਂ-ਬਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਮੁੱਢਲੀ ਜਾਣ-ਪਛਾਣ ਉਪਰੰਤ ਨਸ਼ੇ ਦੀ ਵਰਤੋ ਅਤੇ ਨਸ਼ੇ ਦੀ ਦਲਦਲ ਵਿੱਚ ਧਸਣ ਦੇ ਕਾਰਨ ਪੁੱਛਣ ਉਪਰੰਤ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮੁਖ਼ਾਤਬਿ ਹੁੰਦਿਆਂ ਕਿਹਾ, “ਤੁਸੀਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਇਲਾਜ ਕਰਵਾਉਣ ਲਈ ਸੈਂਟਰ ਵਿੱਚ ਦਾਖਲਾ ਲਿਆ ਹੈ। ਭਲਾਂ ਤੁਹਾਡੀ ਉਮਰ ਦੇ ਕਿੰਨੇ ਕੁ ਮੁੰਡੇ ਤੁਹਾਡੇ ਪਿੰਡ ਵਿੱਚ ਹੋਰ ਨਸ਼ਾ ਕਰਦੇ ਨੇ?” ਹਰ ਇੱਕ ਨੇ ਅੰਦਾਜ਼ੇ ਅਨੁਸਾਰ ਆਪਣੇ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਨਸ਼ੱਈਆਂ ਦੀ ਗਿਣਤੀ ਦੱਸੀ। ਡਿਪਟੀ ਕਮਿਸ਼ਨਰ ਦਾ ਦੂਜਾ ਸਵਾਲ ਸੀ, “ਇੱਕ ਪਾਸੇ ਤਾਂ ਤੁਸੀਂ ਹੋ ਜਿਹੜੇ ਇਸ ਬੁਰਾਈ ਤੋਂ ਖਹਿੜਾ ਛੁਡਵਾਉਣ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲਾ ਲਿਆ ਹੈ ਅਤੇ ਦੂਜੇ ਪਾਸੇ ਉਹ ਹਨ ਜਿਹੜੇ ਨਸ਼ੇ ਵਿੱਚ ਧਸ ਕੇ ਪੈਸੇ ਦੀ ਬਰਬਾਦੀ ਕਰਨ ਦੇ ਨਾਲ ਨਾਲ ਆਪਣਾ ਭਵਿੱਖ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਖੇਰੂੰ ਖੇਰੂੰ ਕਰ ਰਹੇ ਹਨ, ਤੁਸੀਂ ਦੱਸੋ ਕਿ ਉਹ ਚੰਗੇ ਹਨ ਜਾਂ ਤੁਸੀਂ?”
ਮਰੀਜ਼ਾਂ ਦਾ ਇੱਕ ਸੁਰ ਵਿੱਚ ਜਵਾਬ ਸੀ, “ਜੀ ਅਸੀਂ ਚੰਗੇ ਹਾਂ, ਉਹ ਤਾਂ…” ਫਿਰ ਡੀ. ਸੀ. ਨੇ ਉਨ੍ਹਾਂ ਨੂੰ ਸਾਬਾਸ਼ ਦਿੰਦਿਆਂ ਕਿਹਾ, “ਤੁਸੀਂ ਬੁਰਾਈ ਨੂੰ ਤਿਆਗ ਕੇ ਚੰਗੇ ਰਸਤੇ ਤੁਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ, ਇਸੇ ਲਈ ਮੈਂ ਤੁਹਾਨੂੰ ਇਥੇ ਬੁਲਾ ਕੇ ਆਦਰ ਮਾਣ ਦੇ ਰਿਹਾ ਹਾਂ। ਯਾਦ ਰੱਖੋ, ਚੰਗੇ ਰਾਹ ’ਤੇ ਚੱਲਣ ਵਾਲੇ ਨੂੰ ਲੋਕ ਸਤਿਕਾਰ ਦਿੰਦੇ ਹਨ ਅਤੇ ਬੁਰੇ ਬੰਦਿਆਂ ਨੂੰ ਤਾਂ ਲੋਕ ਛਿੱਤਰ ਹੀ ਮਾਰਦੇ ਨੇ।” ਉਨ੍ਹਾਂ ਨੇ ਦੋਸਤਾਨਾ ਲਹਿਜ਼ੇ ਵਿੱਚ ਗੱਲ ਨੂੰ ਅਗਾਂਹ ਤੋਰਿਆ, “ਪਲੇਟ ਵਿੱਚ ਭਾਫਾਂ ਛੱਡਦੇ ਚੌਲਾਂ ਦੇ ਨੇੜੇ ਕੋਈ ਮੱਖੀ, ਮੱਛਰ ਨਹੀਂ ਆਉਂਦਾ। ਪਤਾ ਹੈ ਕਿਉਂ?” ਮੁੰਡਿਆਂ ਦਾ ਇੱਕ ਸੁਰ ਵਿੱਚ ਜਵਾਬ ਸੀ, “ਗਰਮ ਚੌਲਾਂ ਕੋਲ ਆ ਕੇ ਮੱਖੀ ਮੱਛਰ ਤਾਂ ਸੇਕ ਨਾਲ ਹੀ ਮਰ ਜਾਣਗੇ ਜੀ। ਇਸੇ ਕਰਕੇ….।”
“ਬਿਲਕੁਲ ਠੀਕ ਐ। ਮੱਖੀ ਮੱਛਰ ਚੌਲਾਂ ਨੇੜੇ ਉਦੋਂ ਆਉਂਦੇ ਨੇ ਜਦੋਂ ਉਹ ਠੰਡੇ ਹੋ ਜਾਂਦੇ ਨੇ ਅਤੇ ਢਕੇ ਨਹੀਂ ਹੁੰਦੇ। ਬੱਸ, ਸਾਡੀ ਜ਼ਿੰਦਗੀ ਦਾ ਵੀ ਇਹੀ ਹਿਸਾਬ-ਕਿਤਾਬ ਹੈ। ਅਸੀਂ ਆਪਣੀ ਜ਼ਿੰਦਗੀ ਬੇਹੇ ਅਤੇ ਠੰਡੇ ਚੌਲਾਂ ਵਰਗੀ ਰੱਖਾਂਗੇ ਤਾਂ ਕਈ ਤਰ੍ਹਾਂ ਦੀਆਂ ਬੁਰਾਈਆਂ ਸਾਡੇ ਨਾਲ ਜੁੜ ਜਾਣਗੀਆਂ। ਪਰ ਜੇ ਅਸੀਂ ਆਪਣੀ ਜ਼ਿੰਦਗੀ ਭਾਫਾਂ ਛੱਡਦੇ ਚੌਲਾਂ ਵਰਗੀ ਰੱਖਾਂਗੇ ਤਾਂ ਨਸ਼ੇ ਸਮੇਤ ਕੋਈ ਵੀ ਬੁਰਾਈ ਸਾਡੇ ਨੇੜੇ ਨਹੀਂ ਆਵੇਗੀ।” ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਸਾਰਾ ਸਰੀਰ ਨਜ਼ਰ ਬਣ ਕੇ ਡਿਪਟੀ ਕਮਿਸ਼ਨਰ ਦੀਆਂ ਗੱਲਾਂ ਨੂੰ ਇਕਾਗਰ ਬਿਰਤੀ ਨਾਲ ਸੁਣ ਰਿਹਾ ਸੀ। ਬਾਅਦ ਵਿੱਚ ਉਨ੍ਹਾਂ ਵਲੋਂ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਅਤੇ ਚੰਗਾ ਨਾਗਰਿਕ ਬਣਨ ਦੀ ਵੀ ਪ੍ਰੇਰਨਾ ਦਿੱਤੀ ਗਈ ਅਤੇ ਨਸ਼ੱਈ ਮਰੀਜ਼ਾਂ ਤੋਂ ਪ੍ਰਣ ਲਿਆ ਕਿ ਉਹ ਨਸ਼ਾ ਮੁਕਤ ਹੋਣ ਉਪਰੰਤ ਹੋਰਾਂ ਨੂੰ ਵੀ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ। ਦੋ ਘੰਟਿਆਂ ਦੀ ਮੁਲਾਕਾਤ ਤੋਂ ਬਾਅਦ ਜਦੋਂ ਨਸ਼ਾ ਛੱਡਣ ਵਾਲੇ ਨੌਜਵਾਨ ਵਾਪਸ ਨਸ਼ਾ ਛੁਡਾਊ ਕੇਂਦਰ ਵੱਲ ਆ ਰਹੇ ਸਨ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਆਤਮ ਵਿਸ਼ਵਾਸ, ਚੰਗਾ ਇਨਸਾਨ ਬਣਨ ਦਾ ਦ੍ਰਿੜ੍ਹ ਸੰਕਲਪ, ਭਵਿੱਖ ਪ੍ਰਤੀ ਉਸਾਰੂ ਸੋਚ ਅਤੇ ਜ਼ਿੰਦਗੀ ਜਿਉਣ ਦਾ ਚਾਅ ਡੁੱਲ੍ਹ-ਡੁੱਲ੍ਹ ਪੈਂਦਾ ਸੀ।
*ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ।
ਸੰਪਰਕ: 94171-48866