ਗੁਰਮੇਲ ਸਿੰਘ ਸੰਧੂ, ਵਿਵੇਕ ਕੁਮਾਰ, ਕਰਮਜੀਤ ਸ਼ਰਮਾ
ਦਾਲਾਂ ਭਾਰਤੀ ਲੋਕਾਂ ਦੀ ਖ਼ੁਰਾਕ ਦਾ ਮਹੱਤਵਪੂਰਨ ਅੰਗ ਹਨ। ਇਹ ਊਰਜਾ, ਖ਼ੁਰਾਕੀ ਰੇਸ਼ਾ, ਪ੍ਰੋਟੀਨ, ਖਣਿਜ ਅਤੇ ਮਨੁੱਖੀ ਸਿਹਤ ਲਈ ਲੋੜੀਂਦੇ ਵਿਟਾਮਿਨ ਪ੍ਰਦਾਨ ਕਰਦੀਆਂ ਹਨ। ਦਾਲਾਂ ਵਾਲੀਆਂ ਫ਼ਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ ਅਤੇ ਆਪਣੀ ਰਹਿੰਦ-ਖੂੰਹਦ ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਮਿਲਾਉਂਦੀਆਂ ਹਨ। ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਵਰਗੀਆਂ ਘੱਟ ਸਮਾਂ ਲੈਣ ਵਾਲੀਆਂ ਦਾਲਾਂ ਫ਼ਸਲੀ ਵਿਭਿੰਨਤਾ ਲਈ ਸਭ ਤੋਂ ਢੁੱਕਵਾਂ ਵਿਕਲਪ ਹਨ। ਗਰਮ ਰੁੱਤ ਦੀਆਂ ਦਾਲਾਂ ਘੱਟ ਸਮੇਂ ਦੀਆਂ ਪਰ ਵਧੇਰੇ ਕੀਮਤ ਵਾਲੀਆਂ ਫ਼ਸਲਾਂ ਹੋਣ ਕਰ ਕੇ ਅਤੇ ਪਾਣੀ ਤੇ ਖਾਦਾਂ ਦੀ ਘੱਟ ਵਰਤੋਂ ਕਰਨ ਕਰ ਕੇ ਪੰਜਾਬ ਦੀ ਬਹੁ-ਫ਼ਸਲੀ ਪ੍ਰਣਾਲੀ ਵਿੱਚ ਚੰਗੀ ਤਰ੍ਹਾਂ ਫਿੱਟ ਬੈਠਦੀਆਂ ਹਨ। ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਸਬੰਧੀ ਕੁਝ ਅਹਿਮ ਤਕਨੀਕਾਂ ਵਰਤਣ ਦੀ ਲੋੜ ਹੈ।
ਢੁਕਵੀਂ ਜ਼ਮੀਨ: ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਲੂਣੀਆਂ ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਨਹੀਂ ਕੀਤੀ ਜਾ ਸਕਦੀ। ਮੂੰਗੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਭਲ ਤੋਂ ਭਲ ਵਾਲੀ ਜ਼ਮੀਨ ਢੁਕਵੀਂ ਹੈ ਜਦੋਂਕਿ ਮਾਂਹ ਦੀ ਕਾਸ਼ਤ ਲਈ ਚੰਗੀ ਨਿਕਾਸ ਵਾਲੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ।
ਕਿਸਮਾਂ: ਮੂੰਗੀ ਦੀਆਂ ਕਿਸਮਾਂ ਐਸਐਮਐਲ 1827, ਟੀ ਐਮਬੀ 37, ਐਸਐਮਐਲ 832 ਅਤੇ ਐਸਐਮਐਲ 668 ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਾਂਹ 1008 ਤੇ ਮਾਂਹ 218 ਗਰਮੀਆਂ ਵਿਚ ਢੁੱਕਵੀਆਂ ਹਨ।
ਬੀਜ ਦੀ ਮਾਤਰਾ ਅਤੇ ਜੀਵਾਣੂ ਖਾਦ ਦਾ ਟੀਕਾ: ਮੂੰਗੀ ਦੀ ਕਿਸਮ ਐਸਐਮਐਲ 668 ਲਈ 15 ਕਿਲੋ ਬੀਜ ਅਤੇ ਹੋਰ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਂਹ ਲਈ 20 ਕਿਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਬੀਜ ਨੂੰ ਬਿਜਾਈ ਦੇ ਸਮੇਂ ਸਿਫ਼ਾਰਸ਼ ਕੀਤੇ ਜੀਵਾਣੂ ਖਾਦ ਦੇ ਟੀਕੇ ਨਾਲ ਸੋਧਣਾ ਚਾਹੀਦਾ ਹੈ। ਇੱਕ ਏਕੜ ਦੇ ਬੀਜ ਨੂੰ ਲਗਭਗ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰਨ ਤੋਂ ਬਾਅਦ ਜੈਵਿਕ ਖਾਦ ਦੇ ਇੱਕ ਪੈਕੇਟ ਨਾਲ ਚੰਗੀ ਤਰ੍ਹਾਂ ਮਿਲਾ ਦਿਓ। ਬੀਜ ਨੂੰ ਛਾਂ ਵਿੱਚ ਸੁਕਾਉਣਾ ਚਾਹੀਦਾ ਹੈ।
ਬਿਜਾਈ ਦਾ ਸਮਾਂ: ਚੰਗੀ ਪੈਦਾਵਾਰ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਬਿਜਾਈ ਮਹੱਤਵਪੂਰਨ ਹੈ। ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪਰੈਲ ਤੱਕ ਅਤੇ ਮਾਂਹ ਦੀ ਬਿਜਾਈ 15 ਮਾਰਚ ਤੋਂ ਅਪਰੈਲ ਦੇ ਪਹਿਲੇ ਹਫ਼ਤੇ ਤੱਕ ਕਰਨੀ ਚਾਹੀਦੀ ਹੈ। ਮੂੰਗੀ ਦੀ ਬਿਜਾਈ ਅਪਰੈਲ ਦੇ ਤੀਜੇ ਹਫ਼ਤੇ ਤੱਕ ਦੇਰੀ ਨਾਲ ਵੀ ਕੀਤੀ ਜਾ ਸਕਦੀ ਹੈ, ਪਰ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਿਸ਼ ਦਾ ਖ਼ਤਰਾ ਰਹਿੰਦਾ ਹੈ। ਮੂੰਗੀ ਅਤੇ ਮਾਂਹ ਦੀ ਬਿਜਾਈ ਬੀਜ ਡਰਿੱਲ, ਕੇਰਾ ਜਾਂ ਪੋਰਾ ਵਿਧੀ ਨਾਲ ਕਤਾਰ ਤੋਂ ਕਤਾਰ ਦੇ 22.5 ਸੈਂਟੀਮੀਟਰ ਫ਼ਾਸਲੇ ’ਤੇ ਕਰਨੀ ਚਾਹੀਦੀ ਹੈ। ਮੂੰਗੀ ਦੀ ਬਿਜਾਈ ਜ਼ੀਰੋ ਟਿਲ ਡਰਿੱਲ ਜਾਂ ਪੀਏਯੂ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਫਸਲ ਨੂੰ ਬਰਸਾਤ ਦੇ ਨੁਕਸਾਨ ਤੋਂ ਬਚਾਉਣ ਲਈ, ਕਣਕ ਦੇ ਬੈੱਡ ਪਲਾਂਟਰ ਦੀ ਵਰਤੋਂ ਕਰ ਕੇ ਮੂੰਗੀ ਦੀ ਬਿਜਾਈ 67.5 ਸੈਂਟੀਮੀਟਰ ਦੀ ਵਿੱਥ (37.5 ਸੈਂਟੀਮੀਟਰ ਬੈੱਡ ਅਤੇ 30 ਸੈਂਟੀਮੀਟਰ ਦੀ ਖਾਲੀ) ’ਤੇ ਤਿਆਰ ਕੀਤੇ ਬੈੱਡਾਂ ’ਤੇ ਵੀ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ ਬੈੱਡ ’ਤੇ 20 ਸੈਂਟੀਮੀਟਰ ਦੀ ਦੂਰੀ ’ਤੇ ਫ਼ਸਲ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ। ਬੈੱਡਾਂ ਦੀ ਸਿੰਜਾਈ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਬੈੱਡ ਉੱਪਰੋਂ ਨਾ ਵਗੇ। ਇਸ ਵਿਧੀ ਨਾਲ ਲਗਭਗ 20-30 ਫ਼ੀਸਦੀ ਪਾਣੀ ਦੀ ਬਚਤ ਹੁੰਦੀ ਹੈ।
ਖਾਦ: ਖਾਦਾਂ ਨੂੰ ਹਮੇਸ਼ਾ ਮਿੱਟੀ ਪਰਖ ਦੇ ਆਧਾਰ ’ਤੇ ਪਾਉਣਾ ਚਾਹੀਦਾ ਹੈ। ਦਰਮਿਆਨੀਆਂ ਜ਼ਮੀਨਾਂ ਵਿਚ ਮੂੰਗੀ ਨੂੰ 11 ਕਿਲੋ ਯੂਰੀਆ ਦੇ ਨਾਲ 100 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਅਤੇ ਮਾਂਹ ਨੂੰ 11 ਕਿਲੋ ਯੂਰੀਆ ਦੇ ਨਾਲ 60 ਕਿਲੋ ਸੁਪਰਫਾਸਫੇਟ ਪਾਉਣੀ ਚਾਹੀਦੀ ਹੈ। ਸਾਰੀਆਂ ਖਾਦਾਂ ਬਿਜਾਈ ਸਮੇਂ ਪਾਉਣੀਆਂ ਚਾਹੀਦੀਆਂ ਹਨ। ਆਲੂ ਤੋਂ ਬਾਅਦ ਬੀਜੀ ਮੂੰਗੀ ਨੂੰ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ ਚਾਰ ਹਫ਼ਤਿਆਂ ਬਾਅਦ ਅਤੇ ਲੋੜ ਪੈਣ ’ਤੇ ਦੂਜੀ ਗੋਡੀ ਬਿਜਾਈ ਤੋਂ ਛੇ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ।
ਸਿੰਜਾਈ: ਮੌਸਮ ਅਤੇ ਮਿੱਟੀ ਦੀ ਪਾਣੀ ਸੰਭਾਲਣ ਦੀ ਸਮਰੱਥਾ ਦੇ ਆਧਾਰ ’ਤੇ ਗਰਮ ਰੁੱਤ ਦੌਰਾਨ ਤਿੰਨ ਤੋਂ ਪੰਜ ਸਿੰਜਾਈਆਂ ਦੀ ਲੋੜ ਹੁੰਦੀ ਹੈ। ਪਹਿਲੀ ਸਿੰਜਾਈ ਬਿਜਾਈ ਤੋਂ 25 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਵੱਧ ਝਾੜ ਅਤੇ ਫਲੀਆਂ ਦੇ ਇਕਸਾਰ ਪਕਾਈ ਲਈ, ਗਰਮ ਰੁੱਤ ਦੀਆਂ ਦਾਲ਼ਾਂ ਨੂੰ ਬਿਜਾਈ ਤੋਂ ਲਗਭਗ 55 ਅਤੇ 60 ਦਿਨਾਂ ਬਾਅਦ ਆਖ਼ਰੀ ਕਰ ਦੇਣੀ ਚਾਹੀਦੀ ਹੈ।
ਕੀੜੇ-ਮਕੌੜਿਆਂ ਦੀ ਰੋਕਥਾਮ: ਗਰਮ ਰੁੱਤ ਦੀਆਂ ਦਾਲਾਂ ਉੱਪਰ ਮੁੱਖ ਤੌਰ ’ਤੇ ਫਲੀ ਛੇਦਕ ਸੁੰਡੀ ਅਤੇ ਤੰਬਾਕੂ ਸੁੰਡੀ ਦਾ ਹਮਲਾ ਹੁੰਦਾ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫਲੀਆਂ ਵਿਚ ਮੋਰੀਆਂ ਅਤੇ ਬੂਟਿਆਂ ਹੇਠਾਂ ਗੂੜ੍ਹੇ ਹਰੇ ਰੰਗ ਦੀਆਂ ਵਿੱਠਾਂ ਤੋਂ ਲਗਦਾ ਹੈ। ਤੰਬਾਕੂ ਸੁੰਡੀ ਵੀ ਪੱਤਿਆਂ, ਡੋਡੀਆਂ, ਫੁੱਲਾਂ ਅਤੇ ਫਲੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ ਜਦੋਂਕਿ ਵੱਡੀਆਂ ਸੁੰਡੀਆਂ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸਰੀਰ ’ਤੇ ਕਾਲੇ-ਤਿਕੋਣੇ ਧੱਬੇ ਹੁੰਦੇ ਹਨ। ਇਸ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਦਿੰਦੇ ਹਨ ਜੋ ਭੂਰੇ ਵਾਲਾਂ ਨਾਲ ਢੱਕੇ ਹੁੰਦੇ ਹਨ। ਆਂਡਿਆਂ ਵਿੱਚਂ ਨਿਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਸਮੂਹਾਂ ਵਿਚ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਸਾਰੇ ਖੇਤ ਵਿੱਚ ਖਿਲਰ ਜਾਂਦੀਆਂ ਹਨ। ਇਸ ਦੇ ਨੁਕਸਾਨ ਨੂੰ ਘੱਟ ਕਰਨ ਲਈ ਫ਼ਸਲ ਦੀ ਬਿਜਾਈ ਸਮੇਂ ਸਿਰ ਕਰਨੀ ਚਾਹੀਦੀ ਹੈ। ਛੋਟੀਆਂ ਸੁੰਡੀਆਂ ਦੇ ਝੁੰਡਾਂ ਅਤੇ ਆਂਡਿਆਂ ਵਾਲੇ ਪੱਤਿਆਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।
ਬਿਮਾਰੀਆਂ: ਚਿਤਕਬਰਾ ਅਤੇ ਝੁਲਸ ਰੋਗ ਗਰਮ ਰੁੱਤ ਦੀਆਂ ਦਾਲਾਂ ਦੀਆਂ ਬਿਮਾਰੀਆਂ ਹਨ। ਚਿਤਕਬਰਾ ਵਿਸ਼ਾਣੂ ਕਾਰਨ ਹੁੰਦਾ ਹੈ ਜੋ ਚਿੱਟੀ ਮੱਖੀ ਦੁਆਰਾ ਫੈਲਦਾ ਹੈ। ਇਸ ਬਿਮਾਰੀ ਨਾਲ ਪੱਤਿਆਂ ਉੱਤੇ ਪੀਲੇ ਅਤੇ ਹਰੇ ਰੰਗ ਦੇ ਚਿਤਬਰੇ ਦਾਗ ਪੈ ਜਾਂਦੇ ਹਨ। ਇਸ ਤੋਂ ਇਲਾਵਾ, ਬਿਮਾਰੀ ਵਾਲੇ ਬੂਟਿਆਂ ਉੱਪਰ ਫ਼ਲੀਆਂ ਨਹੀਂ ਲੱਗਦੀਆਂ ਜਾਂ ਫ਼ਿਰ ਬਹੁਤ ਘੱਟ ਪੀਲੇ ਰੰਗ ਦੀਆਂ ਫਲੀਆਂ ਲਗਦੀਆਂ ਹਨ। ਸਮੇਂ ਸਿਰ ਬੀਜੀ ਫ਼ਸਲ ਵਿੱਚ ਇਸ ਬਿਮਾਰੀ ਦਾ ਹਮਲਾ ਬਹੁਤ ਘੱਟ ਹੁੰਦਾ ਹੈ। ਜੇ ਕੁੱਝ ਰੋਗੀ ਬੂਟੇ ਫ਼ਸਲ ਦੇ ਸ਼ੁਰੂਆਤੀ ਦੌਰ ਵਿਚ ਨਜ਼ਰ ਆਉਣ ਤਾਂ ਇਨ੍ਹਾਂ ਨੂੰ ਪੁੱਟ ਦੇਣਾ ਚਾਹੀਦਾ ਹੈ। ਇਸ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਐਸਐਮਐਲ 1827, ਮਾਂਹ 1137 ਬੀਜਣੀਆਂ ਚਾਹੀਦੀਆਂ ਹਨ। ਝੁਲਸ ਰੋਗ ਪੱਤਿਆਂ ਦੀ ਉੱਪਰਲੀ ਛਿੱਲ ਜਾਂ ਨਵੀਆਂ ਸ਼ਾਖਾਵਾਂ ਤੋਂ ਸ਼ੁਰੂ ਹੁੰਦੀ ਹੈ। ਹੌਲੀ-ਹੌਲੀ ਪੌਦੇ ਉੱਪਰੋਂ ਝੁਲਸ ਜਾਂਦੇ ਹਨ ਅਤੇ ਖੇਤ ਵਿੱਚ ਅਜਿਹੇ ਬਿਮਾਰੀ ਵਾਲੇ ਬੂਟੇ ਧੌੜੀਆਂ ਵਿਚ ਦਿਖਾਈ ਦਿੰਦੇ ਹਨ। ਨਮੀ ਵਾਲੇ ਮੌਸਮ ਵਿੱਚ ਪੱਤਿਆਂ ਉੱਤੇ ਚਿੱਟੇ ਰੰਗ ਦੇ ਉੱਲੀ ਦੇ ਜਾਲੇ ਬਣ ਜਾਂਦੇ ਹਨ। ਨਦੀਨ ਇਸ ਬਿਮਾਰੀ ਦਾ ਮੁੱਖ ਸਰੋਤ ਹਨ, ਇਸ ਲਈ ਝੁਲਸ ਦੀ ਰੋਕਥਾਮ ਲਈ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ।