ਡਾ. ਮਨਮੀਤ ਮਾਨਵ
ਭਾਰਤ ਘਰੇਲੂ ਖ਼ਪਤ ਲਈ ਹਰ ਸਾਲ ਮੂੰਗੀ ਦੀ ਕਾਫ਼ੀ ਮਾਤਰਾ ਵਿਚ ਦਰਾਮਦ ਕਰਦਾ ਹੈ। ਇਸ ਦਰਾਮਦ ਨੂੰ ਘਟਾਉਣ ਅਤੇ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਹਾੜ੍ਹੀ ਦੇ ਸੀਜ਼ਨ 2021-22 ਲਈ 4585 ਮੀਟਰਿਕ ਟਨ ਮੂੰਗੀ ਦੀ ਖ਼ਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਸਕੀਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਨੋਟੀਫਿਕੇਸ਼ਨ ਅਨੁਸਾਰ ਅਨਪੌਲਿਸ਼ ਮੂੰਗੀ ਲਈ 7275 ਰੁਪਏ ਦੇ ਸਮਰਥਨ ਮੁੱਲ ’ਤੇ ਮੰਡੀਆਂ ਵਿਚ ਖ਼ਰੀਦ ਦਾ ਸਮਾਂ ਪਹਿਲੀ ਜੂਨ ਤੋਂ 30 ਜੁਲਾਈ ਤੱਕ ਤੈਅ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਮੂੰਗੀ ਦੀ ਖ਼ਰੀਦ ਦੇ ਭਰੋਸੇ ਨੇ ਕਿਸਾਨਾਂ ਨੂੰ ਇਸ ਹੇਠ ਰਕਬਾ ਵਧਾਉਣ ਲਈ ਪ੍ਰੇਰਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੂੰਗੀ ਹੇਠ 77 ਫ਼ੀਸਦੀ ਰਕਬੇ ਦਾ ਇਜ਼ਾਫ਼ਾ ਹੋਇਆ ਹੈ ਅਤੇ ਔਸਤ ਚਾਰ ਲੱਖ ਕੁਇੰਟਲ ਦਾਲ ਦੀ ਪੈਦਾਵਾਰ ਹੋਣ ਦੀ ਉਮੀਦ ਹੈ।
ਮੂੰਗੀ ਦੇ ਮੰਡੀਕਰਨ ਦਾ ਬਦਲ: ਉਤਪਾਦਕ ਕੋਲ ਮੰਡੀਕਰਨ ਲਈ ਕਈ ਬਦਲ ਹਨ; ਇੱਕ ਤਾਂ ਪ੍ਰਾਈਵੇਟ ਮੰਡੀਕਰਨ ਬਦਲ ਜੋ ਰਵਾਇਤੀ ਤਰੀਕਾ ਹੈ ਅਤੇ ਦੂਜਾ ਸੰਸਥਾਈ ਮੰਡੀਕਰਨ ਬਦਲ ਹੈ ਜਿਸ ਤਹਿਤ ਉਹ ਆਪਣੀ ਉਪਜ ਮੰਡੀ ਵਿਚ ਸਰਕਾਰ ਵੱਲੋਂ ਤੈਅ ਨੋਡਲ ਸੰਸਥਾ (ਖ਼ਰੀਦ ਏਜੰਸੀ) ਜਾਂ ਫਿਰ ਪ੍ਰਾਈਵੇਟ ਵਪਾਰੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਵੇਚ ਸਕਦਾ ਹੈ।
ਮੰਡੀਕਰਨ ਵਿਚ ਵੱਖ ਵੱਖ ਚੈਨਲ ਉਤਪਾਦਕਾਂ ਦੀ ਆਮਦਨ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਵਿਚੋਂ ਜੋ ਮੰਡੀਕਰਨ ਚੈਨਲ ਛੋਟਾ ਹੋਵੇ ਅਤੇ ਮਾਰਕੀਟ ਲਾਗਤ ਘਟਾਵੇ, ਉਤਪਾਦਕ ਨੂੰ ਵੱਧ ਹਿੱਸਾ ਦਿਵਾਏ ਅਤੇ ਖ਼ਪਤਕਾਰ ਨੂੰ ਸ਼ੁੱਧ ਉਤਪਾਦ ਮੁਹੱਈਆ ਕਰਵਾਏ, ਉਪਜ ਦਾ ਕੋਈ ਨੁਕਸਾਨ ਹੋਣ ਤੋਂ ਬਚਾਵੇ ਅਤੇ ਵਾਜਬਿ
ਢੰਗ ਨਾਲ ਨਬਿੇੜਾ ਕਰੇ; ਆਦਰਸ਼ ਮੰਡੀਕਰਨ ਬਦਲ/ਚੈਨਲ ਹੁੰਦਾ ਹੈ। ਬਹੁਤ ਸਾਰੇ ਵਿਚੋਲਿਆਂ ਵਾਲਾ ਲੰਮਾ ਚੈਨਲ ਜੋ ਉਤਪਾਦਕ ਦਾ ਹਿੱਸਾ ਘਟਾਵੇ, ਮਾਰਕੀਟ ਲਾਗਤ ਵੀ ਵਧਾਵੇ; ਉਹ ਉਤਪਾਦਕ ਲਈ ਬਿਲਕੁੱਲ ਵੀ ਢੁੱਕਵਾਂ ਨਹੀਂ ਹੁੰਦਾ।
ਮੂੰਗੀ ਦਾ ਸਫਲ ਵਪਾਰ: ਉਪਜ ਦਾ ਪੂਰਾ ਮੁੱਲ ਲੈਣ ਅਤੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਕਾਸ਼ਤਕਾਰ ਦੋ ਤਰੀਕਿਆਂ ਨਾਲ ਵਪਾਰ ਕਰ ਸਕਦੇ ਹਨ-
ਸਿੱਧਾ ਮੰਡੀਕਰਨ (ਸਵੈ-ਮੰਡੀਕਰਨ): ਉਤਪਾਦਕ ਸਭ ਤੋਂ ਛੋਟਾ ਅਤੇ ਕੁਸ਼ਲ ਮਾਰਕੀਟਿੰਗ ਚੈਨਲ ਅਪਣਾਉਂਦੇ ਹੋਏ ਉਪਜ ਦਾ ਕੁੱਝ ਹਿੱਸਾ ਦਾਲ ਮਿੱਲਰ ਨੂੰ ਆਪਣੇ ਤੈਅ ਮੁੱਲ ’ਤੇ ਵੇਚੇ ਅਤੇ ਕੁਝ ਹਿੱਸਾ ਸਿੱਧਾ ਖ਼ਪਤਕਾਰਾਂ ਨੂੰ ਵੇਚ ਸਕਦਾ ਹੈ। ਇਸ ਲਈ ਉਸ ਨੂੰ ਉਪਜ ਦੀ ਗ੍ਰੇਡਿੰਗ ਅਤੇ ਪੈਕਿੰਗ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਬਿਨਾ ਕਿਸੇ ਵਿਚੋਲੇ ਦੇ ਖ਼ਪਤਕਾਰਾਂ ਜਾਂ ਮਿੱਲਰਾਂ ਨੂੰ ਸਿੱਧੀ ਮਾਰਕੀਟਿੰਗ ਢੋਆ-ਢੋਆਈ ਦੀ ਲਾਗਤ ਅਤੇ ਮਾਰਕੀਟ ਲਾਗਤ ਨੂੰ ਘੱਟ ਕਰ ਕੇ ਉਤਪਾਦਕ ਦੇ ਲਾਭ ਵਿਚ ਵਾਧਾ ਕਰਦੀ ਹੈ। ਇਹ ਜਿੱਥੇ ਉਤਪਾਦਕ ਨੂੰ ਰੁਜ਼ਗਾਰ ਮੁਹੱਈਆ ਕਰਦਾ ਹੈ, ਉੱਥੇ ਖ਼ਪਤਕਾਰਾਂ ਨੂੰ ਸ਼ੁੱਧਤਾ ਦੀ ਸੰਤੁਸ਼ਟੀ ਵੀ ਦਿਵਾਉਂਦੀ ਹੈ। ਖ਼ਪਤਕਾਰਾਂ ਨਾਲ ਸਿੱਧਾ ਸੰਪਰਕ ਉਤਪਾਦਕਾਂ ਨੂੰ ਬਿਹਤਰ ਮਾਰਕੀਟਿੰਗ ਤਕਨੀਕ ਮੁਹੱਈਆ ਕਰਦਾ ਹੈ ਅਤੇ ਉਤਪਾਦ (ਮੂੰਗੀ ਦਾਲ) ਦੀ ਪ੍ਰਚੂਨ ਵਿਕਰੀ ਲਈ ਉਤਸ਼ਾਹਿਤ ਕਰਦਾ ਹੈ। ਚੰਗੇ ਮੁਨਾਫ਼ੇ ਨਾਲ ਕਿਸਾਨ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ ਤੇ ਉੱਦਮੀਕਰਨ ਦੀ ਭਾਵਨਾ ਜਗਾਉਂਦਾ ਹੈ।
ਸਫਲ ਸਵੈ-ਮੰਡੀਕਰਨ ਦੇ ਨੁਕਤੇ
ਗ੍ਰੇਡਿੰਗ: ਉੱਚ ਮੁੱਲ ਪ੍ਰਾਪਤ ਕਰਨ ਲਈ ਮੂੰਗੀ ਦੀ ਸਾਫ਼-ਸਫਾਈ ਅਤੇ ਗ੍ਰੇਡਿੰਗ ਕਰ ਲੈਣੀ ਚਾਹੀਦੀ ਹੈ। ਖ਼ਰੀਦ ਏਜੰਸੀਆਂ ਵੱਲੋਂ ਸਮਰਥਨ ਮੁੱਲ ’ਤੇ ਤਹਿਤ ਨਿਰਧਾਰਤ ਗ੍ਰੇਡ/ਵਿਸ਼ੇਸ਼ਤਾਵਾਂ ਅਨੁਸਾਰ ਮੂੰਗੀ ਦੀ ਗ੍ਰੇਡਿੰਗ ਕੀਤੀ ਜਾਣੀ ਚਾਹੀਦੀ ਹੈ। ਦਾਲ ਦਾ ਵਾਜਬਿ ਆਕਾਰ ਅਤੇ ਰੰਗ ਵਿਚ ਇਕਸਾਰਤਾ ਹੋਣੀ ਚਾਹੀਦੀ ਹੈ। ਇਹ ਸਾਫ਼-ਸਵੱਛ, ਉੱਲੀ ਮੁਕਤ, ਗੰਧ ਰਹਿਤ, ਰੰਗ ਮੁਕਤ ਅਤੇ ਅਸ਼ੁੱਧੀਆਂ ਰਹਿਤ ਹੋਣੀ ਚਾਹੀਦੀ ਹੈ। ਇਸ ਦੀ ਨਮੀ ਦੀ ਮਾਤਰਾ 12 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਟੁੱਟ-ਭੱਜ, ਬਦਰੰਗੀ ਅਤੇ ਕੀੜੇ ਖਾਧੀ ਦਾਲ ਤੋਂ ਰਹਿਤ ਹੋਵੇ। ਉਤਪਾਦਕ ਦੀ ਆਪਣੇ ਪੱਧਰ ’ਤੇ ਕੀਤੀ ਗ੍ਰੇਡਿੰਗ ਉਨ੍ਹਾਂ ਨੂੰ ਉੱਚ ਮੁੱਲ ਦਿਵਾਉਣ ਦੇ ਨਾਲ ਨਾਲ ਖ਼ਪਤਕਾਰਾਂ ਨੂੰ ਮਿਆਰੀ ਦਾਲ ਪ੍ਰਾਪਤ ਕਰਨ ਵਿਚ ਮਦਦ ਕਰਦੀ ਹੈ। ਇਸ ਨਾਲ ਉਹ ਗੁਣਵੱਤਾ ਦਾ ਭਰੋਸਾ ਦਿਵਾ ਕੇ ਭਵਿੱਖ ਵਿਚ ਵੀ ਖ਼ਪਤਕਾਰਾਂ ਨਾਲ ਸਿੱਧਾ ਅਤੇ ਸਫਲ ਵਪਾਰ ਕਰ ਸਕਦਾ ਹੈ।
ਪੈਕਿੰਗ: ਮੂੰਗੀ ਦੀ ਸੁਚੱਜੀ ਪੈਕਿੰਗ ਉਸ ਦੀ ਮਾਤਰਾ ਅਤੇ ਗੁਣਵੱਤਾ ਬਰਕਰਾਰ ਰੱਖਣ, ਸਹੂਲਤਾਂ ਵਾਲਾ ਭੰਡਾਰਨ ਤੇ ਸਾਂਭ-ਸੰਭਾਲ ਲਈ, ਉਤਪਾਦ ਨੂੰ ਸੁਰੱਖਿਆ ਮੁਹੱਈਆ ਕਰਨ ਅਤੇ ਗਾਹਕਾਂ ਲਈ ਵਿਸ਼ੇਸ਼ ਦਿੱਖ ੇਦਣ ਕਰਨ ਲਈ ਜ਼ਰੂਰੀ ਹੈ। ਦਾਲਾਂ ਨੂੰ ਬਾਰਦਾਨੇ/ਜੂਟ ਦੇ ਥੈਲੇ, ਪੌਲੀ ਪਾਊਚ (1,2 ਤੇ 5 ਕਿਲੋ), ਕੱਪੜੇ ਦੇ ਥੈਲੇ ਜਾਂ ਕੋਈ ਸਾਫ਼ ਸਵੱਛ ਢੁੱਕਵੀਂ ਪੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਆਪਣੀ ਉਪਜ ਦਾ ਪਰਚੂਨ ਮੁੱਲ (100-110 ਰੁਪਏ ਪ੍ਰਤੀ ਕਿਲੋ) ਪ੍ਰਾਪਤ ਕਰ ਸਕੋ।
ਮੰਡੀਆਂ ਰਾਹੀਂ ਮੰਡੀਕਰਨ: ਸੂਬੇ ਵਿਚ ਮੂੰਗੀ ਦੀ ਖ਼ਰੀਦ ਲਈ ਕਈ ਮੁੱਖ ਮੰਡੀਆਂ ਹਨ ਜਿਵੇਂ ਜ਼ਿਲ੍ਹਾ ਲੁਧਿਆਣਾ ਵਿਚ ਜਗਰਾਉਂ ਮੰਡੀ ਮੂੰਗੀ ਦੀ ਖ਼ਰੀਦ ਲਈ ਮੁੱਖ ਮੰਡੀਆਂ ਵਿਚੋਂ ਇੱਕ ਹੈ। ਇਸ ਵਾਰ ਸਰਕਾਰ ਵੱਲੋਂ ਸਮਰਥਨ ਮੁੱਲ (7275 ਰੁਪਏ ਪ੍ਰਤੀ ਕੁਇੰਟਲ) ਦੀ ਖ਼ਰੀਦ ਨਾਲ ਮੂੰਗੀ ਖ਼ਰੀਦਣ ਦੇ ਫ਼ੈਸਲੇ ਦਾ ਫ਼ਾਇਦਾ ਲੈਣ ਲਈ ਸਾਫ਼-ਸੁਥਰੀ ਅਤੇ ਆਪਣੇ ਪੱਧਰ ’ਤੇ ਗ੍ਰੇਡ ਕੀਤੀ ਫ਼ਸਲ, ਖ਼ਰੀਦ ਮੰਡੀ ਵਿਚ ਲੈ ਕੇ ਜਾਓ। ਮੰਡੀਆਂ ਵਿਚ ਖ਼ਰੀਦ ਦਾ ਸਮਾਂ ਪਹਿਲੀ ਜੂਨ ਤੋਂ 30 ਜੁਲਾਈ ਤੱਕ ਦਾ ਹੈ ਅਤੇ ਮਾਰਕਫੈੱਡ ਸੰਸਥਾ ਮੂੰਗੀ ਦੀ ਘੱਟ ਤੋਂ ਘੱਟ ਸਮਰਥਨ ਮੁੱਲ ਨਾਲ ਖ਼ਰੀਦ ਕਰੇਗੀ। ਇਸ ਤੋਂ ਇਲਾਵਾ ਮੰਡੀਆਂ ਵਿਚ ਪ੍ਰਾਈਵੇਟ ਖ਼ਰੀਦ (ਥੋਕ ਵਪਾਰੀ, ਦਾਲ ਮਿੱਲਰ) ਵੱਲੋਂ ਵੀ ਮੂੰਗੀ ਦੀ ਖ਼ਰੀਦ ਇਸੇ ਭਾਅ ਜਾਂ ਇਸ ਤੋਂ ਵੱਧ ’ਤੇ ਕਰਨ ਲਈ ਯਕੀਨੀ ਬਣਾਇਆ ਜਾ ਰਿਹਾ ਹੈ।
ਟ੍ਰਾਂਸਪੋਰਟੇਸ਼ਨ ਦਾ ਸਸਤਾ ਅਤੇ ਸਹੂਲਤ ਭਰਪੂਰ ਬਦਲ ਹੀ ਚੁਣੋ। ਵੱਧ ਮੁਨਾਫ਼ਾ ਲੈਣ ਲਈ ਮਾਰਕੀਟਿੰਗ ਦਾ ਸਭ ਤੋਂ ਕੁਸ਼ਲ ਅਤੇ ਛੋਟਾ ਚੈਨਲ ਚੁਣੋ। ਸਟੋਰ ਕਰਨ ਦੀ ਜ਼ਰੂਰਤ ਹੋਵੇ ਤਾਂ ਵਿਗਿਆਨਕ ਵਿਧੀ ਨਾਲ ਹੀ ਸਟੋਰ ਕਰੋ ਅਤੇ ਕੇਂਦਰ ਸਰਕਾਰ ਵੱਲੋਂ ਸਪਾਂਸਰ ਗ੍ਰਾਮੀਨ ਭੰਡਾਰਨ ਯੋਜਨਾ ਦਾ ਲਾਭ ਪੇਂਡੂ ਉਸਾਰੀ ਤੇ ਮੂੰਗੀ ਸਟੋਰ ਕਰਨ ਲਈ ਲਿਆ ਜਾ ਸਕਦਾ ਹੈ।
ਆਪਣੀ ਮੂੰਗੀ ਦੀ ਉਪਜ ਨੂੰ ਸਾਫ਼-ਸੁਥਰੀ, ਸੁੱਕੀ, ਨਮੀ ਰਹਿਤ, ਇਕਸਾਰ ਗੁਣਵੱਤਾ ਵਾਲੀ, ਅਸ਼ੁੱਧੀਆਂ ਰਹਿਤ ਅਤੇ ਮੌਸਮ ਦਾ ਧਿਆਨ ਰੱਖਦੇ ਹੋਏ ਲੈ ਕੇ ਜਾਓ ਤਾਂ ਜੋ ਮੰਡੀਕਰਨ ਸੌਖਾ, ਸੁਚੱਜਾ, ਸਮੇਂ ਸਿਰ ਅਤੇ ਉੱਚ ਮੁੱਲ ਦਿਵਾਉਣ ਵਾਲਾ ਹੋਵੇ।
*ਸਹਾਇਕ ਮਾਰਕੀਟਿੰਗ ਅਫਸਰ, ਲੁਧਿਆਣਾ।