ਡਾ. ਗੁਰਵਿੰਦਰ ਸਿੰਘ*/ਡਾ. ਅਮਰੀਕ ਸਿੰਘ**
ਪੰਜਾਬ ਵਿਚ ਝੋਨੇ ਦੀ ਕਾਸ਼ਤ ਤਕਰੀਬਨ 31 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਹੈ। ਇਸ ਤੋਂ ਤਕਰੀਬਨ 200 ਲੱਖ ਟਨ ਪਰਾਲੀ ਪੈਦਾ ਹੋਣ ਦੀ ਸੰਭਾਵਨਾ ਹੈ। ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਗਾਉਣ ਨਾਲ ਇੱਕ ਟਨ ਪਰਾਲੀ ਸਾੜਨ ’ਤੇ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਨੁਕਸਾਨ ਹੁੰਦਾ ਹੈ। ਤਕਰੀਬਨ 0.94 ਲੱਖ ਟਨ ਨਾਈਟ੍ਰੋਜਨ, 0.48 ਲੱਖ ਟਨ ਫਾਸਫੋਰਸ ਅਤੇ 2.6 ਲੱਖ ਟਨ ਪੋਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। 2021 ਦੌਰਾਨ ਪੰਜਾਬ ਵਿਚ 71,286 ਝੋਨੇ ਦੀ ਪਰਾਲੀ ਲੱਗਣ ਦੇ ਮਾਮਲੇ ਦਰਜ ਕੀਤੇ ਗਏ। ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਪੈਦਾ ਹੋਣਗੀਆਂ। ਇਸ ਕਾਰਨ ਮਨੁੱਖਾਂ ਵਿਚ ਸਾਹ, ਅੱਖਾਂ ਵਿਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਪੈਦਾ ਹੋ ਜਾਵੇਗਾ। ਇਸ ਨਾਲ ਮੌਸਮੀ ਤਬਦੀਲੀਆਂ ਬਹੁਤ ਜਲਦੀ ਆਉਣ ਦੀ ਸੰਭਾਵਨਾ ਵਧ ਜਾਵੇਗੀ। ਵਾਤਾਵਰਨ ਵਿਚ ਆ ਰਹੀ ਤਬਦੀਲੀ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ। ਇਸ ਨਾਲ ਕਿਧਰੇ ਹੜ੍ਹ ਅਤੇ ਕਿਧਰੇ ਸੋਕਾ ਪੈ ਰਿਹਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸਾਲ 2050 ਤੱਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀਗਰੇਡ ਅਤੇ ਸਾਲ 2080 ਤੱਕ 4.5 ਡਿਗਰੀ ਸੈਂਟੀਗਰੇਡ ਵਧ ਜਾਵੇਗਾ। ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਦੇਸ਼ ਵਿਚ 2 ਡਿਗਰੀ ਸੈਂਟੀਗਰੇਡ ਤਾਪਮਾਨ ਵਿਚ ਵਾਧਾ ਕਣਕ ਦੀ 0.45 ਮੀਟ੍ਰਿਕ ਟਨ ਅਤੇ ਝੋਨੇ ਦੀ 0.7 ਮੀਟ੍ਰਿਕ ਟਨ ਪੈਦਾਵਾਰ ਘਟਾ ਸਕਦਾ ਹੈ। ਇਸੇ ਤਰ੍ਹਾਂ ਤਾਪਮਾਨ ਵਿਚ ਸਿਰਫ਼ 0.5 ਡਿਗਰੀ ਸੈਂਟੀਗਰੇਡ ਦੇ ਵਾਧੇ ਕਾਰਨ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਕਣਕ 10 ਫ਼ੀਸਦੀ ਤੱਕ ਘਟ ਸਕਦੀ ਹੈ। ਮੌਸਮੀ ਤਬਦੀਲੀ ਕਾਰਨ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।
ਮੌਸਮੀ ਤਬਦੀਲੀਆਂ ਦਾ ਹੀ ਨਤੀਜਾ ਹੈ ਕਿ ਕਰੋਨਾਵਾਇਰਸ ਵਾਂਗ ਇਸ ਸਾਲ ਗੰਢਲ ਚਮੜੀ (ਲੰਪੀ ਸਕਿਨ) ਬਿਮਾਰੀ ਨੇ ਪਸ਼ੂਆਂ ਦਾ ਅਤੇ ਝੋਨੇ ਦੇ ਮਧਰੇਪਣ ਦੇ ਰੋਗ ਨੇ ਝੋਨੇ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ। ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘਟ ਜਾਂਦੀ ਹੈ। ਇਸ ਕਾਰਨ ਸੜਕੀ ਦੁਰਘਟਨਾਵਾਂ ਦਾ ਡਰ ਵਧਦਾ ਹੈ। ਪਰਾਲੀ ਨੂੰ ਖੁੱਲ੍ਹੇ ਵਿਚ ਅੱਗ ਲਗਾ ਕੇ ਸਾੜਨ ਨਾਲ ਪੈਦਾ ਹੋਇਆ ਜ਼ਹਿਰੀਲਾ ਧੂੰਆਂ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸ ਵਿਚ ਕਈ ਤਰ੍ਹਾਂ ਦੀਆਂ ਖ਼ਤਰਨਾਕ ਗੈਸਾਂ ਹੁੰਦੀਆਂ ਹਨ। ਇਸ ਖ਼ਤਰਨਾਕ ਹਵਾ ਦੇ ਪ੍ਰਦੂਸ਼ਣ ਕਾਰਨ ਨਵੰਬਰ ਮਹੀਨੇ ਦੌਰਾਨ ਨਮੂਨੀਆ, ਸਾਹ ਨਾਲ ਸਬੰਧਿਤ ਬਿਮਾਰੀਆਂ, ਖੰਘ, ਚਮੜੀ, ਅੱਖਾਂ ਅਤੇ ਨੱਕ ਦੇ ਰੋਗਾਂ ਵਿਚ ਵਾਧਾ ਹੁੰਦਾ ਹੈ। ਅੱਗ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜ ਜਾਂਦੇ ਹਨ। ਪਰਾਲੀ ਨੂੰ ਅੱਗ ਲਗਾਉਣ ਦੀ ਬਜਾਇ ਖੇਤ ਵਿਚ ਵਾਹ ਕੇ ਜਾਂ ਚੁਕਾ ਕੇ ਜ਼ਮੀਨ ਦੀ ਸਿਹਤ ਸੁਧਾਰਨ ਦੇ ਨਾਲ ਨਾਲ ਹਵਾ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ। ਇਨ੍ਹਾਂ ਕਾਰਨਾਂ ਨੂੰ ਮੁੱਖ ਰੱਖਦਿਆਂ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਇ ਖੇਤਾਂ ਵਿਚ ਸੰਭਾਲ ਕੇ ਕਣਕ ਜਾਂ ਹੋਰ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ।
ਮਾਹਿਰ ਅਜਿਹੀਆਂ ਤਕਨੀਕਾਂ ਵਿਕਸਤ ਕਰ ਚੁੱਕੇ ਹਨ ਜਿਨ੍ਹਾਂ ਨਾਲ ਨਾ ਕੇਵਲ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਕੀਤਾ ਜਾ ਸਕੇਗਾ। ਪਰਾਲੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ, ਸਰਦੀਆਂ ਵਿਚ ਰਾਤ ਨੂੰ ਪਸ਼ੂਆਂ ਹੇਠਾਂ ਸੁੱਕ (ਬੈਡਿੰਗ) ਵਜੋਂ ਵਰਤੋਂ, ਖੁੰਭਾਂ ਪੈਦਾ ਕਰਨ ਲਈ, ਮਿੱਲਾਂ ਵਿਚ ਗੱਤਾ ਬਣਾਉਣ, ਬਿਜਲੀ ਪੈਦਾ ਕਰਨ ਅਤੇ ਪਸ਼ੂਆਂ ਦੇ ਚਾਰੇ ਲਈ ਕੀਤੀ ਜਾ ਸਕਦੀ ਹੈ। ਪਰਾਲੀ ਦੇ ਨਬਿੇੜੇ ਲਈ ਕੁਝ ਮਸ਼ੀਨਾਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਕਣਕ ਦੀ ਬਿਜਾਈ, ਜ਼ਮੀਨ ਨੂੰ ਬਿਨਾ ਵਾਹਿਆਂ ਅਤੇ ਪਰਾਲੀ ਨੂੰ ਬਿਨਾ ਅੱਗ ਲਾਇਆਂ ਕੀਤੀ ਜਾ ਸਕਦੀ ਹੈ। ਇਸ ਮਕਸਦ ਲਈ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਜ਼ੀਰੋ ਟਿਲ ਡਰਿੱਲ, ਉਲਟਾਵੇਂ ਹੱਲ ਆਦਿ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਪਰਾਲੀ ਫੂਕਣ ਦਾ ਮਸਲਾ ਹੱਲ ਕਰਨ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਕਰ ਕੇ ਪਰਾਲੀ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਬਾਰੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਪਰਾਲੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਖੇਤੀ ਸੰਦ ਸਬਸਿਡੀ ਉੱਤੇ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਮਦਦ ਲਈ ਖੇਤੀਬਾੜੀ ਦਫ਼ਤਰਾਂ ਵਿਚ ਸੰਦ ਬੈਂਕ ਬਣਾਏ ਜਾ ਰਹੇ ਹਨ ਜਿਥੋਂ ਕੋਈ ਵੀ ਜ਼ਰੂਰਤਮੰਦ ਕਿਸਾਨ ਸੁਪਰ ਸੀਡਰ ਦੀ ਵਰਤੋਂ ਆਪਣੇ ਟਰੈਕਟਰ ਨਾਲ ਮੁਫ਼ਤ ਵਿਚ ਕਰ ਕੇ ਕਣਕ ਦੀ ਬਿਜਾਈ ਕਰ ਸਕਦਾ ਹੈ। ਪਿਛਲੇ ਚਾਰ ਸਾਲ ਦੌਰਾਨ 90 ਹਜ਼ਾਰ ਪਰਾਲੀ ਸੰਭਾਲ ਵਾਲੀਆਂ ਖੇਤੀ ਮਸ਼ੀਨਾਂ ਕਿਸਾਨਾਂ ਕੋਲ ਉਪਲਬਧ ਹਨ। ਇਸ ਸਾਲ 32 ਹਜ਼ਾਰ ਹੋਰ ਖੇਤੀ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਪੰਜਾਬ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਮੁਤਾਬਿਕ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਖੇਤਾਂ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਭਾਗ ਜਾਗਰੂਕਤਾ ਮੁਹਿੰੰਮ ਚਲਾ ਰਿਹਾ ਹੈ। ਇਸ ਤਹਿਤ ਸਮੂਹ ਖੇਤੀਬਾੜੀ ਅਧਿਕਾਰੀ ਪਿੰਡਾਂ ਵਿਚ ਕਿਸਾਨਾਂ ਤੱਕ ਪਹੁੰਚ ਕਰ ਰਹੇ ਹਨ। ਸੀਆਰਐੱਮ ਸਕੀਮ ਦੇ ਸੂਚਨਾ, ਸਿੱਖਿਆ ਅਤੇ ਸੰਚਾਰ ਕੰਪੋਨੈਂਟ ਤਹਿਤ ਕੰਧ ਪੇਂਟਿੰਗਜ਼, ਮੰਡੀਆਂ ਵਿਚ ਫਲੈਕਸ, ਸਕੂਲਾਂ ਵਿਚ ਬੱਚਿਆਂ ਦੇ ਲੇਖ, ਚਿੱਤਰ ਤੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਪ੍ਰਚਾਰ ਵੈਨਾਂ ਰਾਹੀ ਪਿੰਡਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 5-5 ਪਿੰਡਾਂ ਦੇ ਕਲੱਸਟਰ ਬਣਾ ਕੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਕਿਸਾਨਾਂ ਨੂੰ ਖੇਤੀ ਮਸ਼ੀਨਰੀ ਕਿਰਾਏ ’ਤੇ ਮੁਹੱਈਆ ਕਰਵਾਉਣ ਲਈ ‘ਪੰਜਾਬ ਆਈ ਖੇਤ’ ਐਪ ਵੀ ਵਿਭਾਗ ਨੇ ਸ਼ੁਰੂ ਕੀਤੀ ਹੈ।
ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਠਾਨਕੋਟ ਨੂੰ ਉੱਤਰੀ ਭਾਰਤ ਦਾ ਪਹਿਲਾ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਟੀਚਾ ਪੂਰਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅਗਸਤ ਤੋਂ ਵਿਸ਼ੇਸ਼ ਜਾਗਰੂਕਤਾ ਮਹਿੰਮ ਚਲਾਈ ਹੈ। ਇਸ ਤਹਿਤ ਜਾਗਰੂਕਤਾ ਕੈਂਪਾਂ ਤੋਂ ਇਲਾਵਾ ਸੋਸ਼ਲ ਮੀਡੀਆ ਖ਼ਾਸਕਰ ਵ੍ਹੱਟਸਐਪ ਅਤੇ ਫੇਸਬੁੱਕ ਰਾਹੀਂ ਕਿਸਾਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ‘ਮੇਰੀ ਖੇਤੀ ਮੇਰਾ ਮਾਣ’ ਨਾਂ ਦਾ ਯੂਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਹੁਣ ਤੱਕ 54,705 ਨੌਜਵਾਨ ਕਿਸਾਨ ਦੇਖ ਚੁੱਕੇ ਹਨ। ਜ਼ਿਲ੍ਹਾ ਪਠਾਨਕੋਟ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਿਜਲੀ ਪੈਦਾ ਕਰਨ ਵਾਲੇ ਪ੍ਰਾਈਵੇਟ ਅਦਾਰੇ ਦੇ ਲਾਏ ਬਿਜਲੀ ਯੂਨਿਟ ਦੀ ਸਮਰੱਥਾ ਇੱਕ ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਹੈ। 20 ਹਜ਼ਾਰ ਟਨ ਗੰਨੇ ਦੀ ਖੋਰੀ ਇਕੱਠੀ ਕੀਤੀ ਗਈ ਅਤੇ ਬਾਕੀ 80 ਹਜ਼ਾਰ ਟਨ ਪਰਾਲੀ ਜਾਂ ਹੋਰ ਰਹਿੰਦ-ਖੂੰਹਦ ਇਕੱਠੀ ਕੀਤੀ ਜਾਵੇਗੀ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਬਹੁਤੀ ਪਰਾਲੀ ਗੁੱਜਰ ਭਾਈਚਾਰਾ ਪਸ਼ੂਆਂ ਦੇ ਚਾਰੇ ਲਈ ਖ਼ਰੀਦ ਲੈਂਦਾ ਹੈ ਜੋ 2 ਤੋਂ 3 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਕ ਜਾਂਦੀ ਹੈ। ਜ਼ਿਲ੍ਹੇ ਅੰਦਰ ਪਰਾਲੀ ਸੰਭਾਲਣ ਲਈ ਕੁੱਲ 233 ਮਸ਼ੀਨਾਂ ਹਨ।
ਖੇਤੀ ਮਸ਼ੀਨਾਂ ’ਤੇ ਸਬਸਿਡੀ ਜਾਂ ਹੋਰ ਜਾਣਕਾਰੀ ਲਈ ਕਿਸਾਨ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।
*ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।
**ਮੁੱਖ ਖੇਤੀਬਾੜੀ ਅਫਸਰ, ਪਠਾਨਕੋਟ।
ਸੰਪਰਕ: 94630-71919