ਮਾਸਟਰ ਹਰਭਿੰਦਰ ਮੁੱਲਾਂਪੁਰ
ਤਕਰੀਬਨ ਦਸ ਵਰ੍ਹੇ ਪਹਿਲਾਂ ਮੈਂ ਬੇਟ ਏਰੀਏ ਦੇ ਸੈਕੰਡਰੀ ਸਕੂਲ ਵਿਚ ਬਦਲੀ ਕਰਵਾ ਕੇ ਆਇਆ। ਸਕੂਲ ਵਿਚ ਹਾਜ਼ਰ ਹੁੰਦਿਆਂ ਹੀ ਮੈਂ ਲਾਇਬ੍ਰੇਰੀ ਵੱਲ ਝਾਤ ਮਾਰੀ ਜੋ ਚੁਬਾਰੇ ਦੇ ਛੋਟੇ ਜਿਹੇ ਕਮਰੇ ਵਿਚ ਸੀ ਪਰ ਉੱਥੇ ਕੋਈ ਵੀ ਨਹੀਂ ਸੀ ਜਾਂਦਾ। ਲਾਇਬ੍ਰੇਰੀ ਅਟੈਂਡੈਂਟ ਪ੍ਰਿੰਸੀਪਲ ਦਫਤਰ ਦੀ ਅਟੈਂਡੈਟ ਵਜੋਂ ਹੀ ਸੇਵਾਵਾਂ ਨਿਭਾ ਰਹੀ ਸੀ। ਉਹ ਮਹਿਜ਼ ਖਾਨਾਪੂਰਤੀ ਹਿੱਤ ਵਿਦਿਆਰਥੀਆਂ ਨੂੰ ਕਿਤਾਬਾਂ ਜਾਰੀ ਕਰ ਦਿੰਦੀ। ਮੇਰੇ ਮਨ ਅੰਦਰ ਲਾਇਬ੍ਰੇਰੀ ਸੇਵਾਵਾਂ ਵਿਚ ਸੁਧਾਰ ਵਾਸਤੇ ਕਈ ਤਰ੍ਹਾਂ ਦੇ ਵਿਚਾਰ ਪਨਪਦੇ ਰਹਿੰਦੇ ਪਰ ਸਬੰਧਤ ਅਸਾਮੀ ਭਰੀ ਹੋਣ ਕਾਰਨ ਮੈਂ ਲਾਇਬ੍ਰੇਰੀ ਦੇ ਕੰਮ ਦੀ ਮੰਗ ਵੀ ਨਹੀਂ ਸੀ ਕਰ ਸਕਦਾ!
ਥੋੜ੍ਹੇ ਦਿਨਾਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਪ੍ਰਿੰਸੀਪਲ ਸਾਹਿਬ ਫੰਡਾਂ ਦੇ ਸ਼ੌਕੀਨ ਹਨ ਤਾਂ ਮੈਂ ਥੋੜ੍ਹਾ ਪ੍ਰੇਸ਼ਾਨ ਹੋ ਗਿਆ। ਸਕੂਲ ਦੀ ਪੁਰਾਣੀ ਪਰੰਪਰਾ ਅਨੁਸਾਰ ਮੈਨੂੰ ਵੀ ਪੜ੍ਹਨ ਪੜ੍ਹਾਉਣ ਤੋਂ ਇਲਾਵਾ ਸਰਵ ਸਿੱਖਿਆ ਅਭਿਆਨ ਅਤੇ ਪਸਵਕ ਫੰਡ ਸੌਂਪਿਆ ਗਿਆ। ਇਸ ਵਿਚ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਗਰਾਂਟਾ ਦਾ ਖਰਚ, ਉਸਾਰੀਆਂ ਦੀ ਸਾਂਭ-ਸੰਭਾਲ ਅਤੇ ਸੰਪੂਰਨ ਲੇਖਾ ਜੋਖਾ ਸ਼ਾਮਿਲ ਹੁੰਦਾ ਸੀ ਜਿਸ ਨੂੰ ਅੱਜਕੱਲ੍ਹ ਸਮੱਗਰਾ ਸਿੱਖਿਆ ਅਭਿਆਨ ਆਖਿਆ ਜਾਂਦਾ ਹੈ।
ਫੰਡ ਦਾ ਚਾਰਜ ਲਿਆ ਹੀ ਸੀ ਕਿ ਗਰਾਂਟਾਂ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਡਰਨ ਲੱਗਾ। ਦਰਅਸਲ, ਸਕੂਲ ਮੁਖੀ ਦਰਜਾ ਚਾਰ ਜਾਂ ਆਪਣੇ ਵਿਸ਼ਵਾਸਪਾਤਰਾਂ ਰਾਹੀਂ ਰਕਮਾ ਕਢਵਾ ਲੈਂਦਾ ਸੀ। ਕੋਈ ਰਸੀਦ, ਬਿੱਲ ਜਾਂ ਲੇਖਾ ਜੋਖਾ ਮੈਨੂੰ ਨਹੀਂ ਸੀ ਦਿੰਦਾ। ਮੈਂ ਇਸੇ ਪ੍ਰੇਸ਼ਾਨੀ ਵਿਚੋਂ ਵਿਭਾਗ ਨੂੰ ਆਪਣੇ ਪੱਧਰ ਤੇ ਦੱਸਿਆ ਅਤੇ ਆਪਣੀ ਬੇਵਸੀ ਜ਼ਾਹਿਰ ਕੀਤੀ। ਪ੍ਰਿੰਸੀਪਲ ਦੀਆਂ ਮਨਮਾਨੀਆਂ ਦੇਖ ਕੇ ਪਿੰਡ ਦੀ ਪੰਚਾਇਤ ਅਤੇ ਹਲਕਾ ਵਿਧਾਇਕ ਨੇ ਉਸ ਦੀ ਪੜਤਾਲ ਕਰਵਾਈ ਤਾਂ ਉਹ ਫੰਡਾਂ ਦੀ ਹੇਰਾਫੇਰੀ ਤਹਿਤ ਮੁਅੱਤਲ ਹੋ ਗਿਆ ਪਰ ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ’ ਅਨੁਸਾਰ ਉਹ ਆਪਣੀ ਸੇਵਾ ਮੁਕਤੀ ਤੱਕ ਵੱਖ ਵੱਖ ਸਕੂਲਾਂ ਵਿਚ ਫੰਡਾਂ ਦੇ ਆਹੂ ਲਾਹੁੰਦਾ ਗਿਆ।
ਇਸ ਤੋਂ ਬਾਅਦ ਸਕੂਲ ਵਿਚ ਇਮਾਨਦਾਰ, ਦੂਰ-ਅੰਦੇਸ਼ ਅਤੇ ਸੁਘੜ ਸਿਆਣੀ ਪ੍ਰਿੰਸੀਪਲ ਨੇ ਸਕੂਲ ਦੀ ਵਾਗਡੋਰ ਸੰਭਾਲੀ। ਦੇਖਦੇ ਦੇਖਦੇ ਸਕੂਲ ਵਿਚ ਵਿਕਾਸ ਕਾਰਜ ਆਰੰਭ ਹੋ ਗਏ। ਜਿਵੇਂ ਜਿਵੇਂ ਗਰਾਂਟਾਂ ਆਉਣ ਲੱਗੀਆ, ਮੇਰਾ ਕਾਰਜ ਵਧਦਾ ਗਿਆ। ਹੁਣ ਮੇਰੇ ਜਿ਼ੰਮੇ ਸਿਰਫ ਇਮਾਰਤਾਂ ਦਾ ਕਾਗਜ਼ੀ ਲੇਖਾ ਜੋਖਾ ਨਹੀਂ ਸੀ ਬਲਕਿ ਉਨ੍ਹਾਂ ਦੀ ਉਸਾਰੀ ਬਾਬਤ ਹਰ ਕੰਮ, ਜਿਵੇਂ ਇੱਟਾਂ, ਬਜਰੀ, ਰੋੜੀ, ਮਿੱਟੀ, ਸੀਮਿੰਟ, ਰੇਤਾ ਤੋਂ ਇਲਾਵਾ ਦਿਹਾੜੀਆਂ ਦੇ ਮਸਟਰ ਰੋਲ, ਮਟੀਰੀਅਲ ਐਟ ਸਾਈਟ ਰਿਕਾਰਡ, ਕੈਸ਼ ਬੁੱਕ, ਲੈਜਰ ਬੁੱਕ, ਮਤਾ ਬੁੱਕ ਆਦਿ ਹੁੰਦਾ ਸੀ। ਬਾਕੀ ਅਧਿਆਪਕ ਛੁੱਟੀ ਹੁੰਦਿਆਂ ਹੀ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋ ਜਾਂਦੇ ਪਰ ਮੈਨੂੰ ਮਜ਼ਦੂਰਾਂ ਦੀ ਚਾਹ, ਦੀਵਾਰਾਂ ਦੀ ਤਰਾਈ ਤੇ ਬਿਲਡਿੰਗ ਮਟੀਰੀਅਲ ਦੀ ਸੁਯੋਗ ਵਰਤੋਂ ਦਾ ਫਿਕਰ ਹੁੰਦਾ। ਨਤੀਜਾ ਇਹ ਨਿੱਕਲਿਆ ਕਿ ਸਕੂਲ ਵਿਚ ਸਾਇੰਸ ਲੈਬ, ਲੜਕੀਆ ਦੇ ਪਖਾਨੇ, ਮਿਡਲ ਜਮਾਤਾਂ ਵਾਸਤੇ ਕਮਰੇ ਨਵੀਨਤਮ ਰੂਪ ਵਿਚ ਤਿਆਰ ਹੀ ਨਹੀਂ ਹੋਏ ਬਲਕਿ ਜਾਰੀ ਹੋਏ ਫੰਡਾਂ ਵਿਚੋਂ ਬਚਾਈ ਰਾਸ਼ੀ ਨਾਲ ਹੋਰ ਵਾਧੂ ਕੰਮ ਹੋ ਗਏ। ਸਕੂਲ ਦੀ ਦਿੱਖ ਬਣ ਗਈ, ਪ੍ਰਿੰਸੀਪਲ ਮੈਡਮ ਦੇ ਯਤਨਾਂ ਨਾਲ ਇਸ ਨੂੰ ਸਮਾਰਟ ਸਕੂਲ ਦਾ ਦਰਜਾ ਮਿਲ ਗਿਆ। ਪ੍ਰਿੰਸੀਪਲ ਅਤੇ ਸਟਾਫ ਮੈਨੂੰ ਵਿਸ਼ਾ ਅਧਿਆਪਕ ਦੀ ਬਜਾਇ ਸਿਵਲ ਵਰਕਸ ਨਾਲ ਜੋੜ ਕੇ ਦੇਖਣ ਲੱਗੇ। ਸਕੂਲ ਦੀ ਟੂਟੀ ਤੋਂ ਲੈ ਕੇ ਨਵੇਂ ਕਮਰਿਆਂ ਦੀ ਉਸਾਰੀ ਤੱਕ ਦੇ ਕੰਮ ਵਾਸਤੇ ਹਰ ਸ਼ਖਸ ਮੇਰੇ ਕੋਲ ਪਹੁੰਚ ਕਰਦਾ।
ਉਂਜ, ਮੇਰੀ ਟੇਕ ਹਰ ਪਲ ਸਕੂਲ ਦੇ ਵਿਹੜੇ ਵਿਚ ਲਾਇਬ੍ਰੇਰੀ ਦੀ ਉਸਾਰੀ ਕਰਨ ਤੇ ਲੱਗੀ ਰਹਿੰਦੀ। ਵਿਦਿਆਰਥੀਆਂ ਵਿਚ ਸਰੀਰਕ ਕੰਮਾਂ ਦੀ ਅਣਹੋਂਦ ਦੇਖ ਕੇ ਮੈਨੂੰ ਸਕੂਲ ਵਿਚ ਐੱਨਐੱਸਐੱਸ ਦੀ ਘਾਟ ਹੀ ਨਾ ਰੜਕਣੀ ਬਲਕਿ ਉਨ੍ਹਾਂ ਅੰਦਰ ਅਨੁਸ਼ਾਸਨ ਪਰਪੱਕ ਕਰਨ ਵਾਸਤੇ ਮੈਂ ਆਪਣੀ ਸੰਸਥਾ ਵਿਚ ਐੱਨਸੀਸੀ ਯੂਨਿਟ ਹੋਣ ਦੇ ਸੁਪਨੇ ਵੀ ਦੇਖਣ ਲੱਗਾ। ਪ੍ਰਿੰਸੀਪਲ ਕੋਲ ਸ਼ਿਫਾਰਸ ਕੀਤੀ ਤਾਂ ਉਨ੍ਹਾਂ ਯੁਵਕ ਸੇਵਾਵਾਂ ਵਿਭਾਗ ਤੋਂ ਐੱਨਐੱਸਐੱਸ ਯੂਨਿਟ ਚਾਲੂ ਕਰਨ ਵਾਲੀ ਚਿੱਠੀ ਮੇਰੇ ਸਾਹਮਣੇ ਕੱਢ ਕੇ ਰੱਖ ਦਿੱਤੀ। ਉਨ੍ਹਾਂ ਦੀ ਤੱਕਣੀ ਤੋਂ ਸਮਝਦਿਆਂ ਦੇਰ ਨਾ ਲੱਗੀ ਕਿ ਇਸ ਚਿੱਠੀ ਨੂੰ ਇਉਂ ਅਣਗੌਲਿਆਂ ਕਰਨ ਦਾ ਕਾਰਨ ਸੀਨੀਅਰ ਸਟਾਫ ਮੈਂਬਰਾਂ ਵੱਲੋਂ ਸਹਿਯੋਗ ਦੀ ਘਾਟ ਸੀ।
ਸਕੂਲ ਦੇ ਭੌਤਿਕ ਕਾਰਜ ਲਗਨ ਤੇ ਦ੍ਰਿੜਤਾ ਨਾਲ ਨਿਭਾਉਣ ਸਦਕਾ ਮੇਰੀ ਤ੍ਰਾਸਦੀ ਬਣ ਗਈ ਕਿ ਵਿਦਿਆਰਥੀਆਂ ਨਾਲ ਸਿੱਖਣ ਸਿਖਾਉਣ ਦਾ ਮਨੋਵਿਗਿਆਨਕ ਰਾਬਤਾ ਨਹੀਂ ਬਣ ਸਕਿਆ। ਵਿਦਿਆਰਥੀਆਂ ਦੇ ਨਤੀਜੇ ਭਾਵੇਂ ਕਦੇ ਮਾੜੇ ਨਹੀਂ ਆਏ ਪਰ ਮੈਂ ਤਾਂ ਸਕੂਲ ਵਿਚ ਲਾਇਬ੍ਰੇਰੀ ਅਤੇ ਪੜ੍ਹਨ-ਪੜ੍ਹਾਉਣ ਵਾਲਾ ਮਾਹੌਲ ਸਭਿਆਚਾਰ ਉਸਾਰਨਾ ਲੋਚਦਾ ਸੀ। ਮੈਂ ਆਪਣੇ ਵਿਦਿਆਰਥੀਆਂ ਵਿਚੋਂ ਵਲੰਟੀਅਰ, ਕੈਡਿਟ, ਕਿਤਾਬਾਂ ਦੇ ਪ੍ਰੇਮੀਆਂ ਦੀ ਤਲਾਸ਼ ਵਿਚ ਸੀ ਪਰ ਮੈਂ ਸਿਵਲ ਵਰਕਸ ਦੇ ਕਾਰਜ ਭਾਰ ਹੇਠਾਂ ਦੱਬਿਆ ਚਾਹੁੰਦਾ ਹੋਇਆ ਵੀ ਇਹ ਗਤੀਵਿਧੀਆਂ ਸਕੂਲ ਵਿਚ ਲਾਗੂ ਨਾ ਕਰਵਾ ਸਕਿਆ।
ਗੈਰ ਵਿੱਦਿਅਕ ਕੰਮਾਂ ਕਾਰਨ ਸਿਰਫ ਮੈਂ ਹੀ ਨਹੀਂ, ਅਨੇਕ ਅਧਿਆਪਕ ਆਪਣੀਆਂ ਰੁਚੀਆਂ ਨੂੰ ਤਿਲਾਂਜਲੀ ਦੇ ਰਹੇ ਹਨ। ਮਿੱਡ-ਡੇ ਮੀਲ, ਅਮਲਗਾਮੇਟਿਡ ਫੰਡ, ਸਮੱਗਰਾ ਸਿੱਖਿਆ ਅਭਿਆਨ, ਪੰਜਾਬ ਸਟੇਟ ਗੌਰਮਿੰਟ ਫੰਡ, ਸਕੂਲ ਮੈਨੇਜਮੈਂਟ ਕਮੇਟੀਆਂ, ਵੈਲਫੇਅਰ ਫੰਡਾਂ ਤੋਂ ਇਲਾਵਾ ਚੋਣ ਡਿਊਟੀਆਂ, ਬੀਐਲਓ ਡਿਊਟੀਆਂ, ਮਰਦਮ-ਸ਼ੁਮਾਰੀ ਅਜਿਹੇ ਗੈਰ ਵਿੱਦਿਅਕ ਕਾਰਜ ਹਨ ਜੋ ਅਧਿਆਪਨ ਨੂੰ ਹੀ ਪ੍ਰਭਾਵਿਤ ਨਹੀਂ ਕਰਦੇ ਸਗੋਂ ਅਧਿਆਪਕਾਂ ਨੂੰ ਮਨੋਰੋਗੀ ਵੀ ਬਣਾ ਰਹੇ ਹਨ। ਵਿਭਾਗ ਨੇ ਭਾਵੇਂ ਰਸਮੀ ਪੱਤਰ ਜਾਰੀ ਕਰਦਿਆਂ ਸਕੂਲ ਮੁਖੀਆਂ ਨੂੰ ਗੈਰ ਵਿੱਦਿਅਕ ਕੰਮ ਨਾਨ ਟੀਚਿੰਗ ਅਮਲੇ ਤੋਂ ਲੈਣ ਦੀ ਹਦਾਇਤ ਕੀਤੀ ਹੈ ਪਰ ਸਕੂਲ ਪ੍ਰਬੰਧਨ ਦੇ ਬਹਾਨੇ ਅਧਿਆਪਕਾਂ ਨੂੰ ਹੀ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ ਹੈ। ਜਦ ਤੱਕ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਨਿਜਾਤ ਨਹੀਂ ਮਿਲ ਜਾਂਦੀ, ਤਦ ਤੱਕ ਸੁੰਦਰ ਤੇ ਸਮਾਰਟ ਇਮਾਰਤਾਂ ਹੋਣ ਦੇ ਬਾਵਜੂਦ ਉਸਾਰੂ ਤੇ ਖੁਸ਼ਨੁਮਾ ਵਿੱਦਿਅਕ ਮਾਹੌਲ ਦੀ ਸਿਰਜਣਾ ਕਰਨਾ ਅਸੰਭਵ ਜਾਪਦਾ ਹੈ।
ਸੰਪਰਕ: 95308-20106