ਸੁਖਦੇਵ ਸਿੰਘ ਸੰਤੇਮਾਜਰਾ
ਬਾਲਪਨ ਦਾ ਸਮਾਂ ਹਰ ਮੱਨੁਖ ਦੀ ਜਿ਼ੰਦਗੀ ਦਾ ਉਹ ਪੜਾਅ ਹੁੰਦਾ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਬਚਪਨ ਦੀਆਂ ਯਾਦਾਂ, ਘਟਨਾਵਾਂ, ਖੇਡਾਂ ਤੇ ਸ਼ਰਾਰਤਾਂ ਸਾਡੇ ਅਚੇਤ ਮਨ ਦੇ ਕਿਸੇ ਖੂੰਜੇ ਦੱਬੀਆਂ ਰਹਿੰਦੀਆਂ ਹਨ। ਉਮਰ ਦੇ ਮਗਰਲੇ ਪੜਾਵਾਂ ਵਿਚ ਤਾਂ ਰਹਿ ਰਹਿ ਕੇ ਚੇਤੇ ਆਉਂਦੀਆਂ ਹਨ।
ਸਾਡੇ ਵੇਲਿਆਂ ਵਿਚ ਤਾਂ ਬੱਚਿਆਂ ਨੂੰ ਲੇਟ ਹੀ ਸਕੂਲੇ ਪਾਇਆ ਜਾਂਦਾ ਸੀ। ਮੈਨੂੰ ਯਾਦ ਹੈ ਮੇਰੇ ਮਾਪਿਆਂ ਨੇ ਮੈਨੂੰ 7 ਸਾਲ ਦੀ ਉਮਰ ਵਿਚ 1947 ਦੀ ਵੰਡ ਤੋਂ ਪਹਿਲਾਂ ਖਰੜ ਸਕੂਲੇ ਪਾਇਆ ਸੀ। ਉਦੋਂ ਪਿੰਡਾਂ ਵਿਚ ਪ੍ਰਾਇਮਰੀ ਸਕੂਲ ਨਹੀਂ ਸਨ ਹੁੰਦੇ। ਵੱਡੇ ਸ਼ਹਿਰਾਂ ਤੇ ਕਸਬਿਆਂ ਵਿਚ ਹੀ ਟਾਵੇਂ ਟਾਵੇਂ ਸਕੂਲ ਹੁੰਦੇ ਸਨ। ਪਹਿਲੀ ਪੱਕੀ ਤੋਂ ਉਰਦੂ ਪੜ੍ਹਾਈ ਜਾਂਦੀ ਸੀ। ਲੱਕੜ ਦੀ ਫੱਟੀ ਗਾਚੀ ਨਾਲ ਪੋਚ ਕੇ, ਮਿੱਟੀ ਦੀ ਦਵਾਤ ਵਿਚ ਪਾਈ ਕਾਲੀ ਸਿਆਹੀ ਤੇ ਕਾਨੇ ਦੀ ਕਲਮ ਨਾਲ ਫੱਟੀ ਤੇ ਉਰਦੂ ਦੀ ਸੁੰਦਰ ਲਿਖਾਈ ਲਿਖਦੇ ਸਾਂ। ਵੰਡ ਤੋਂ ਬਾਅਦ ਫਿਰ ਉਰਦੂ ਦੀ ਥਾਂ ਪੰਜਾਬੀ ਵਿਚ ਮੁਢਲੀ ਪੜ੍ਹਾਈ ਹੋਣ ਲੱਗੀ। ਸਾਡੀ ਚੌਥੀ ਦੀ ਕਲਾਸ ਖਰੜ ਮਟੌਰ ਪਿੰਡ ਵਾਲੇ ਗਿਆਨੀ ਮਹਿੰਦਰ ਸਿੰਘ ਜੀ ਦੀ ਕੋਠੀ ਨਾਲ ਲੱਗਦੇ ਅੰਬਾਂ ਦੇ ਦਰਖਤਾਂ ਥੱਲੇ ਲਗਦੀ ਸੀ। ਅਸੀਂ ਟਾਟਾਂ ਤੇ ਹੀ ਭੁੰਜੇ ਬੈਠਦੇ ਸਾਂ। ਸਾਡਾ ਇਹੀ ਪ੍ਰਾਇਮਰੀ ਸਕੂਲ ਉਦੋਂ ਖਾਲਸਾ ਹਾਈ ਸਕੂਲ ਖਰੜ ਦਾ ਹੀ ਵਿੰਗ ਹੁੰਦਾ ਸੀ। ਖਰੜ ਵਾਲੇ ਮਾਸਟਰ ਲੱਭੂ ਰਾਮ ਸਾਡੇ ਅਧਿਆਪਕ ਸਨ ਜਿਨ੍ਹਾਂ ਦੇ ਡੰਡੇ ਦਾ ਡਰ ਹਰ ਵੇਲੇ ਰਹਿੰਦਾ ਸੀ। ਖਰੜ-ਲਾਂਡਰਾਂ-ਬਨੂੜ ਸੜਕ ਉਦੋਂ ਕੱਚੀ ਹੁੰਦੀ ਸੀ ਜਿਸ ਦਾ ਅੱਜਕੱਲ੍ਹ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਹੈ। ਖਰੜ ਤੋਂ ਲਾਂਡਰਾਂ ਵੱਲ ਜਾਂਦਿਆਂ ਪਹਿਲਾ ਪਿੰਡ ਸਾਡਾ ਹੀ ਹੁੰਦਾ ਸੀ। ਅਸੀਂ ਇਸੇ ਕੱਚੀ ਸੜਕੇ ਪੈਦਲ ਖਰੜ ਸਕੂਲ ਜਾਂਦੇ ਸਾਂ। ਇਹ ਸੜਕ ਪੱਕੀ ਸਾਡੀ ਸੋਝੀ ਵਿਚ ਬਣੀ।
ਉਸ ਵੇਲੇ ਸ਼ਾਇਦ ਇੱਕ ਹੀ ਛੋਟੀ ਬੱਸ ਖਰੜ ਤੋਂ ਅੰਬਾਲਾ ਚੱਲਦੀ ਹੁੰਦੀ ਸੀ। ਲੋਕ ਆਪਣੀਆਂ ਨਿੱਤ ਦੀਆਂ ਲੋੜਾਂ ਲਈ ਪੈਦਲ ਜਾਂ ਸਾਇਕਲਾਂ ਤੇ ਖਰੜ ਜਾਂਦੇ, ਜਾਂ ਫਿਰ ਭਾਰੇ ਕੰਮਾਂ ਲਈ ਬਲਦ-ਗੱਡਾ ਲੈ ਕੇ ਜਾਂਦੇ। ਉਦੋਂ ਮੀਂਹ ਬੜੇ ਪੈਂਦੇ ਸਨ। ਮੀਂਹ ਦੇ ਪਾਣੀਆਂ ਨੇ ਆਪਣੇ ਕੁਦਰਤੀ ਵਹਾਅ ਬਣਾਏ ਹੁੰਦੇ ਸਨ। ਖਰੜ-ਚੰਡੀਗੜ੍ਹ ਰੋਡ ਤੋਂ ਉਪਰਲੇ ਪਿੰਡਾਂ ਦਾ ਪਾਣੀ ਦੇਸੂਮਾਜਰਾ ਕੋਲੋਂ ਸੜਕ ਪਾਰ ਕਰਦਾ ਸਾਡੇ ਪਿੰਡ ਵੱਲ ਆ ਜਾਂਦਾ ਤੇ ਪਿੰਡ ਵਾਲੀ ਖਰੜ-ਲਾਂਡਰਾਂ ਸੜਕ ਪਾਰ ਕਰਦਾ ਅੱਗੇ ਲੰਘ ਜਾਂਦਾ। ਕਈ ਵਾਰ ਖਰੜ ਦਾ ਇਤਿਹਾਸਕ ਅੱਜ ਸਰੋਵਰ ਉੱਛਲ ਜਾਂਦਾ ਤੇ ਉਸ ਦਾ ਪਾਣੀ ਵੀ ਇਸ ਵਿਚ ਮਿਲ ਜਾਂਦਾ। ਕਈ ਕਈ ਦਿਨ ਲਗਾਤਾਰ ਪਾਣੀ ਚੱਲਦਾ ਰਹਿੰਦਾ। ਅਜਿਹੇ ਮੀਂਹਾਂ ਵਿਚ ਅਸੀਂ ਜਦੋਂ ਸਕੂਲ ਤੋਂ ਪਿੰਡ ਨੂੰ ਮੁੜਦੇ, ਪਾਣੀ ਨਾਲ ਆਫਰੀ ਇਸ ਚੋਈ ਕੋਲ ਪੁੱਜਦੇ ਤਾਂ ਫੱਟੀ-ਬਸਤਾ ਸੁੱਟ, ਕੱਪੜੇ ਲਾਹ, ਪੁਲੀ ਤੋਂ ਵਗਦੇ ਪਾਣੀ ਵਿਚ ਛਾਲਾਂ ਮਾਰ ਮਾਰ ਨਹਾਉਂਦੇ।
ਘਰ ਆ ਕੇ ਕਿਹੜਾ ਚੈਨ ਨਾਲ ਬੈਠਦੇ ਸਾਂ, ਰੋਟੀ ਖਾ ਕੇ ਫਿਰ ਤਿੱਖੜ ਦੁਪਹਿਰਾਂ ਵਿਚ ਘਰੋਂ ਨਿਕਲ ਜਾਂਦੇ। ਮਾਵਾਂ ਰੋਕਦੀਆਂ ਪਰ ਅਸੀਂ ਕਿੱਥੇ ਮੁੜਨ ਵਾਲੇ ਹੁੰਦੇ! ਪਿੰਡ ਦੇ ਚੜ੍ਹਦੇ ਪਾਸੇ ਵੱਡਾ ਟੋਭਾ ਹੁੰਦਾ ਸੀ, ਇਹ ਪਾਣੀ ਨਾਲ ਆਫਰ ਜਾਂਦਾ ਤਾਂ ਅਸੀਂ ਕੰਢੇ ਤੇ ਖੜ੍ਹੇ ਪਿਪਲ ਦੇ ਟਾਹਣਿਆਂ ਤੇ ਚੜ੍ਹ ਕੇ ਛਾਲਾਂ ਮਾਰ ਮਾਰ ਪਾਣੀ ਵਿਚ ਤਾਰੀਆਂ ਮਾਰਦੇ। ਸ਼ਰਤਾਂ ਲਾ ਲਾ ਤੈਰ ਕੇ ਟੋਭਾ ਪਾਰ ਕਰਦੇ। ਪਿੰਡ ਦੇ ਚੜ੍ਹਦੇ ਪਾਸੇ ਅੰਬਾਂ ਦੇ ਬਾਗ਼ ਹੁੰਦੇ ਸਨ, ਅਸੀਂ ਕੱਚੇ ਅੰਬਾਂ ਦਾ ਸੁਆਦ ਲੈਣ ਲਈ ਉਥੇ ਜਾ ਵੜਦੇ ਤੇ ਲੂਣ ਲਾ ਲਾ ਕੱਚੇ ਅੰਬ ਖਾਂਦੇ। ਖੂਹੀ ਤੇ ਬੰਨ੍ਹੇ ਡੋਲ ਨਾਲ ਪਾਣੀ ਕੱਢਦੇ ਤੇ ਪੀਂਦੇ; ਫੇਰ ਧਰਮਸਾਲਾ ਨਾਲ ਬਣੇ ਚੌਂਤਰੇ ਤੇ ਬਰੋਟੇ ਦੀ ਛਾਂ ਥੱਲੇ ਆ ਕੇ ਬੰਟਿਆਂ ਤੇ ਅਖਰੋਟਾਂ ਨਾਲ ਖੁੱਤੀ ਤੇ ਪਿਲਟੱਕਾ ਜਾਂ ਤਾਸ਼ ਨਾਲ ‘ਭਾਬੀ ਦਿਓਰ’ ਖੇਡਦੇ। ਸ਼ਾਮੀਂ ਲੀਰਾਂ ਦੀ ਖਿੱਦੋ ਨਾਲ ਕਿੱਕਰਾਂ ਦੀਆਂ ਟਾਹਣੀਆਂ ਨਾਲ ਬਣਾਈਆਂ ਹਾਕੀਆਂ ਨਾਲ ਖਿੱਦੋ-ਖੂੰਡੀ ਚੱਲਦੀ। ਦੇਰ ਰਾਤ ਤੱਕ ਸੌਂਚੀ-ਕੌਡੀ ਖੇਡਦੇ। ਲੁਕਣ-ਮੀਟੀ, ਕਿਣਮਣ-ਕਾਣੀ, ਗੁੱਲੀ-ਡੰਡਾ, ਬਾਂਦਰ ਕੀਲੀ ਆਦਿ ਦੀ ਵਾਰੀ ਵੀ ਲੱਗਦੀ ਰਹਿੰਦੀ।
ਹੋਰ ਵੱਡੇ ਹੋਏ ਤਾਂ ਛੁੱਟੀਆਂ ’ਚ ਮਾਪੇ ਡੰਗਰ ਚਾਰਨ ਭੇਜ ਦਿੰਦੇ। ਉਦੋਂ ਪੰਚਾਇਤਾਂ ਨੇ ਖੁੱਲ੍ਹੀਆਂ ਚਰਾਂਦਾਂ ਛੱਡੀਆਂ ਹੁੰਦੀਆਂ ਸਨ ਜਾਂ ਵੱਧ ਜ਼ਮੀਨਾਂ ਵਾਲੇ ਕੁਝ ਘਰਾਂ ਨੇ ਦੋ ਦੋ ਚਾਰ ਚਾਰ ਕਿੱਲੇ ਪਸ਼ੂਆਂ ਦੇ ਚਰਨ ਲਈ ਵਿਹਲੇ ਛੱਡੇ ਹੁੰਦੇ ਸਨ। ਖੇਤੀ ਉਦੋਂ ਮਾਰੂ ਹੁੰਦੀ ਸੀ ਤੇ ਮੀਂਹਾਂ ਤੇ ਨਿਰਭਰ ਸੀ। ਮਗਰੋਂ ਹਰੀ ਕ੍ਰਾਂਤੀ ਆਈ ਤਾਂ ਵਿਹਲੀਆਂ ਪਈਆਂ ਸਾਰੀਆਂ ਜ਼ਮੀਨਾਂ ਵੀ ਵਾਹੀ ਥੱਲੇ ਆ ਗਈਆਂ। ਡੰਗਰ ਚਾਰਦੇ ਚਾਰਦੇ ਕਈ ਵਾਰੀ ਅਸੀਂ ਸਾਰੇ ਪਸ਼ੂ ਇਕ ਦੋ ਜਣਿਆਂ ਨੂੰ ਸੰਭਾਲ ਕੇ ਕੁੱਤੇ ਨਾਲ ਲੈ ਕੇ ਖਰਗੋਸ਼ ਤੇ ਤਿੱਤਰਾਂ ਦਾ ਸਿ਼ਕਾਰ ਕਰਨ ਨਿੱਕਲ ਜਾਂਦੇ। ਇਹ ਗੱਲ ਵੱਖਰੀ ਹੈ ਕਿ ਸਿ਼ਕਾਰ ਕਦੇ ਕਦਾਈਂ ਹੀ ਸਾਡੇ ਹੱਥ ਲੱਗਦਾ। ਕਈ ਵਾਰੀ ਗਰਮੀਆਂ ਵਿਚ ਦੁਪਹਿਰੇ ਮਿਥ ਕੇ ਕਿਸੇ ਦੇ ਖਰਬੂਜਿ਼ਆਂ ਦੇ ਖੇਤ ਤੇ ਵੀ ਹਮਲਾ ਕਰਦੇ ਤੇ ਸਿਆਲ ਵਿਚ ਕਿਸੇ ਦੇ ਖੇਤ ਵਿਚੋਂ ਗੰਨੇ ਪੁੱਟ ਕੇ ਵੀ ਚੂਪਦੇ। ਬੱਸ ਇੱਦਾਂ ਹੀ ਹੱਸਦੇ-ਖੇਡਦੇ, ਮੌਜਾਂ ਮਾਣਦੇ ਪੜ੍ਹਦੇ ਜੁਆਨ ਹੋ ਗਏ।
ਹੁਣ ਸਮਾਂ ਬਦਲ ਗਿਆ ਹੈ, ਬੱਚਿਆਂ ਦਾ ਬਚਪਨ ਵੀ ਬਦਲ ਗਿਆ ਹੈ। ਪੜ੍ਹਾਈਆਂ ਦੇ ਤੌਰ ਤਰੀਕਿਆਂ ਦਾ ਤਾਂ ਪੁੱਛੋ ਹੀ ਕੁਝ ਨਾ। ਬੱਚੇ ਘਰਾਂ ਵਿਚ ਬੈਠੇ ਟੀਵੀ ਦੇਖਦੇ ਜਾਂ ਨੈੱਟ ਤੇ ਖੇਡਾਂ ਖੇਡਦੇ ਹਨ ਤੇ ਪੜ੍ਹਦੇ ਹਨ। ਸਾਡੀਆਂ ਖੇਡਾਂ ਤਾਂ ਧਰਤੀ ਤੇ ਮਿੱਟੀ ਨਾਲ ਜੁੜੀਆਂ ਹੋਈਆਂ ਸਨ! ਖਰੜ ਦਸਹਿਰਾ, ਅੰਬਿਕਾ ਦੇਵੀ, ਭਗਤ-ਘਾਟ, ਰਾਮਨੌਮੀ ਤੇ ਦਾਊਂ ਤੇ ਬੱਲੋ ਮਾਜਰੇ ਦੇ ਮੇਲੇ ਚਾਅ ਨਾਲ ਦੇਖਣ ਜਾਂਦੇ। ਘਰੋਂ ਮਿਲੇ ਥੋੜ੍ਹੇ ਪੈਸਿਆਂ ਨਾਲ ਹੀ ਕਾਫੀ ਕੁਝ ਖਾਣ ਪੀਣ ਨੂੰ ਮਿਲ ਜਾਂਦਾ ਅਤੇ ਵਾਪਸੀ ਤੇ ਘਰ ਆਉਂਦੇ ਕੋਈ ਨਿੱਕਾ-ਮੋਟਾ ਖਿਡਾਉਣਾ ਵੀ ਲੈ ਆਉਂਦੇ। ਜ਼ਮਾਨੇ ਸਸਤੇ ਸਨ। ਉਹ ਪਹਿਲਾਂ ਹੁਣ ਕਦੇ ਨਹੀਂ ਮੁੜਨੇ!
ਸੰਪਰਕ: 99151-29064