
ਰਸ਼ਪਿੰਦਰ ਪਾਲ ਕੌਰ
ਰਸ਼ਪਿੰਦਰ ਪਾਲ ਕੌਰ
ਵਿਹਲੇ ਪੀਰੀਅਡ ਸਕੂਲ ਲਾਇਬਰੇਰੀ ਸਾਡਾ ਟਿਕਾਣਾ ਹੁੰਦੀ। ਕਿਤਾਬਾਂ, ਪੋਸਟਰਾਂ ਨਾਲ ਭਰਿਆ ਲਾਇਬਰੇਰੀ ਵਾਲਾ ਕਮਰਾ ਸਾਡੇ ਮਨ ਦਾ ਸਕੂਨ ਬਣਦਾ। ਅਲਮਾਰੀਆਂ ਵਿਚ ਪਈਆਂ ਬਾਹਰ ਤੱਕਦੀਆਂ ਪੁਸਤਕਾਂ। ਚੁਫੇਰੇ ਲੱਗੀਆਂ ਲੇਖਕਾਂ ਦੀਆਂ ਤਸਵੀਰਾਂ। ਮੇਜ਼ ’ਤੇ ਪਏ ਅਖ਼ਬਾਰ ਤੇ ਮੈਗਜ਼ੀਨ ਸੁਹਜ ਤੇ ਸੰਜਮ ਦਾ ਪ੍ਰਤੀਕ ਜਾਪਦੇ। ਉੱਥੇ ਬੈਠ ਚੁੱਪ-ਚਾਪ ਆਪਣੇ ਕੰਮ ਵਿਚ ਜੁਟੇ ਰਹਿਣਾ ਚੰਗਾ ਲਗਦਾ। ਹੌਲੀ ਬੋਲਣਾ, ਫਜ਼ੂਲ ਗੱਲ ਨਾ ਕਰਨਾ, ਉੱਥੇ ਪੜ੍ਹ ਰਹੇ ਵਿਦਿਆਰਥੀਆਂ ਦਾ ਖਿ਼ਆਲ ਰੱਖਣਾ ਲਾਇਬਰੇਰੀ ਦਾ ਅਨੁਸ਼ਾਸਨ ਸੀ।
ਸਕੂਲ ਵਿਚ ਨਵੀਂ ਆਈ ਅਧਿਆਪਕਾ ਸਾਡੇ ਕੋਲ ਬਹਿਣ ਲੱਗੀ। ਉਸ ਦੇ ਪਰਸ ਵਿਚ ਪੜ੍ਹਨ ਲਈ ਆਪਣੀ ਪੁਸਤਕ ਹੁੰਦੀ। ਵਕਤ ਮਿਲਣ ’ਤੇ ਆਪ ਪੜ੍ਹਦੀ ਤੇ ਵਿਦਿਆਰਥਣਾਂ ਨੂੰ ਪੜ੍ਹਨ ਲਈ ਪ੍ਰੇਰਦੀ। ਜ਼ਰਾ ਵੀ ਵਕਤ ਅਜਾਈਂ ਨਾ ਜਾਣ ਦਿੰਦੀ। ਸਾਦਗੀ ਤੇ ਨਿਮਰਤਾ ਦੀ ਮੂਰਤ। ਨਿਰਛਲ ਸੋਚ ਤੇ ਅਗਾਂਹਵਧੂ ਵਿਚਾਰ। ਉਸ ਦੇ ਸਾਥ ਨਾਲ ਲਾਇਬਰੇਰੀ ਦਾ ਮਾਹੌਲ ਹੋਰ ਸੁਖਾਵਾਂ ਹੋ ਗਿਆ।
ਉਹ ਜਲਦੀ ਹੀ ਸਾਡੇ ਨਾਲ ਘੁਲ ਮਿਲ ਗਈ। ਉਸ ਦੀ ਸ਼ਖ਼ਸੀਅਤ ਸਨੇਹ ਤੇ ਸਹਿਯੋਗ ਦਾ ਸਾਕਾਰ ਰੂਪ ਸੀ। ਆਪਣੇ ਹਿੱਸੇ ਦਾ ਕੰਮ ਮਨ ਲਾ ਕੇ ਕਰਦੀ। ਕੰਮ ਦੀ ਸਫਲਤਾ ਉਸ ਦੀ ਖ਼ੁਸ਼ੀ ਬਣਦੀ। ਅੱਕਣਾ, ਥੱਕਣਾ ਤੇ ਈਰਖਾ, ਸਾੜਾ ਉਸ ਦੇ ਨੇੜੇ ਦੀ ਨਹੀਂ ਸੀ ਲੰਘਦੇ। ਉਸ ਦੇ ਸ਼ਬਦਾਂ ਵਿਚ ਸੁਹਜ ਤੇ ਬੋਲਾਂ ਵਿਚ ਮਿਠਾਸ ਰਚੀ ਜਾਪਦੀ। ਨਵੇਂ ਸ਼ਬਦ ਤੇ ਖਿ਼ਆਲ ਉਸ ਦੇ ਅੰਗ ਸੰਗ ਰਹਿੰਦੇ। ਉਸ ਦੇ ਮਨ ਮਸਤਕ ਵਿਚ ਪੁਸਤਕਾਂ ਵਸਦੀਆਂ। ਉਨ੍ਹਾਂ ਤੋਂ ਉਹ ਪ੍ਰੇਰਨਾ ਲੈਂਦੀ। ਜਦ ਕਦੇ ਅਜਿਹੇ ਗੁਣਾਂ ਦੀ ਚਰਚਾ ਛਿੜਦੀ ਤਾਂ ਉਹ ਮੁਸਕਰਾਉਂਦਿਆਂ ਆਖਦੀ- ਇਹ ‘ਪਹਿਲੇ ਅਧਿਆਪਕ’ ਦੀ ਪ੍ਰੇਰਨਾ ਹੈ। ਅਸੀਂ ਮਨ ਹੀ ਮਨ ਉਸ ਦੇ ਅਜਿਹੇ ਅਧਿਆਪਕ ਨੂੰ ਨਮਨ ਕਰਦੀਆਂ। ਅਗਲੇ ਦਿਨ ਉਸ ਨੇ ਲਾਇਬਰੇਰੀ ’ਚੋਂ ‘ਪਹਿਲਾ ਅਧਿਆਪਕ’ ਪੁਸਤਕ ਲੱਭ ਸਾਡੇ ਹੱਥ ਫੜਾਈ। ਦੱਸਣ ਲੱਗੀ- ‘ਇਹ ਹਰ ਅਧਿਆਪਕ ਲਈ ਇਹ ਸਬਕ ਹੈ’। ਵਿਹਲੇ ਬੈਠੇ, ਸ਼ਰਾਰਤਾਂ ਕਰਦੇ ਵਿਦਿਆਰਥੀਆਂ ਨੂੰ ਉਹ ਪ੍ਰੇਰਦੀ ਨਾ ਥਕਦੀ। ਸਮਝਾਉਂਦੀ- ‘ਵਿਹਲਾ ਵਕਤ ਪੁਸਤਕਾਂ ਨਾਲ ਗੁਜ਼ਾਰੋਗੇ ਤਾਂ ਜੀਵਨ ਗਹਿਣਾ ਬਣ ਜਾਏਗਾ’।
ਇੱਕ ਦਿਨ ਉਸ ਦੇ ਬੈਗ ਵਿਚ ਡਾਇਰੀ ਦਿਸੀ। ਖੁਸ਼ਖਤ ਲਿਖਾਈ ਨਾਲ ਮੋਤੀਆਂ ਵਾਂਗ ਪਰੋਏ ਸ਼ਬਦ। ਪੜ੍ਹੀਆਂ ਪੁਸਤਕਾਂ ਵਿਚੋਂ ਨੋਟ ਕੀਤੇ ਲੇਖਕਾਂ ਦੇ ਖਿ਼ਆਲ। ਉਸ ਦੇ ਸੁਪਨਿਆਂ ਦੀ ਬਾਤ ਪਾਉਂਦੇ ਕਾਵਿ ਟੋਟੇ ਡਾਇਰੀ ਦੇ ਪੰਨਿਆਂ ਦਾ ਸਿ਼ੰਗਾਰ ਸਨ। ਉਸ ਦਾ ਕਹਿਣਾ ਸੀ ਕਿ ਡਾਇਰੀ ਉਸ ਦੀ ਜਿੰਦ-ਜਾਨ ਹੈ। ਉਸ ਦੇ ਅਜਿਹੇ ਸ਼ੌਕ ਨਿਵੇਕਲੀ ਸ਼ਖ਼ਸੀਅਤ ਦੇ ਰੰਗ ਸਨ। ਸਾਨੂੰ ਉਸ ਦੇ ਇਹ ਬੇਸ਼ਕੀਮਤੀ ਗਹਿਣੇ ਲਗਦੇ। ਹਰ ਇੱਕ ਬਾਰੇ ਚੰਗਾ ਸੋਚਦੀ। ਨਾਂਹ-ਪੱਖੀ ਗੱਲਾਂ ਨੂੰ ਕਦੇ ਨਾ ਚਿਤਾਰਦੀ। ਜਦ ਸਵੇਰ ਦੀ ਸਭਾ ਵਿਚ ਉਨ੍ਹਾਂ ਦੇ ਹਾਊਸ ਦੀ ਵਾਰੀ ਹੁੰਦੀ, ਬੱਚੇ ਚਾਅ ਨਾਲ ਮੰਚ ’ਤੇ ਆਉਂਦੇ। ਵਿਚਾਰ ਪ੍ਰਵਾਹ ਤੇ ਗਿਆਨ ਦੀ ਗੰਗਾ ਵਹਿੰਦੀ ਜਾਪਦੀ। ਸਵੇਰ ਸਾਰ ਹੀ ਮਨ ਦੇ ਅੰਬਰ ਤੇ ਖੁਸ਼ੀ ਦਸਤਕ ਦਿੰਦੀ ਜਿਸ ਦੀ ਪ੍ਰੇਰਨਾ ਦਿਨ ਭਰ ਬਣੀ ਰਹਿੰਦੀ।
ਉਹ ਨਿਰਾਸ਼, ਹਤਾਸ਼ ਕਦੇ ਨਾ ਹੁੰਦੀ। ਸਫ਼ਲਤਾ ਦੀ ਗੱਲ ਉਸ ਦੇ ਬੋਲਾਂ ਵਿਚ ਹੁੰਦੀ। ਆਖਦੀ- ‘ਮੁਸ਼ਕਿਲਾਂ ਵੀ ਮਨੁੱਖਾਂ ’ਤੇ ਹੀ ਆਉਂਦੀਆਂ। ਸਿਰੜ ਤੇ ਬੁਲੰਦ ਇਰਾਦਿਆਂ ਨਾਲ ਮਾਤ ਵੀ ਹੋ ਜਾਂਦੀਆਂ। ਪਗਡੰਡੀਆਂ ਅਕਸਰ ਰਾਹ ਬਣ ਜਾਂਦੀਆਂ ਜਿਹੜਾ ਮੰਜਿ਼ਲ ਵੱਲ ਜਾਂਦਾ’। ਅਸੀਂ ਸੋਚਾਂ ਦੇ ਸਿਰਨਾਵੇਂ ਤਲਾਸ਼ਦੀਆਂ। ਉਹ ਅਗਲੇ ਦਿਨ ਸਾਡੇ ਸਾਹਵੇਂ ਪੁਸਤਕ ਲਿਆ ਰੱਖਦੀ। ਆਹ ‘ਪਗਡੰਡੀਆਂ’ ਪੜ੍ਹ ਕੇ ਦੱਸਿਓ, ਹਿੰਮਤ ਵਾਲੇ ਭਲਾ ਕਦ ਹਰਦੇ ਨੇ? ਉਸ ਨੇ ਉਹ ਪੁਸਤਕ ਸਾਰੀਆਂ ਅਧਿਆਪਕਾਵਾਂ ਨੂੰ ਪੜ੍ਹਨ ਲਈ ਦਿੱਤੀ।
ਅਸੀਂ ਜਾਣਿਆ- ਉਸ ਦਾ ਹੌਸਲਾ, ਪ੍ਰੇਰਨਾ ਤੇ ਮਾਰਗ ਦਰਸ਼ਕ ਪੁਸਤਕਾਂ ਸਨ। ਉਸ ਦੀ ਸ਼ਖ਼ਸੀਅਤ ਦੇ ਰੰਗਾਂ ਨੇ ਵਿਦਿਆਰਥਣਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ। ਇੱਕ ਦਿਨ ਛੇਵੀਂ ਕਲਾਸ ਵਿਚ ਪਹਿਲੇ ਪੀਰੀਅਡ ਹੀ ਚੀਕ-ਚਹਾੜਾ ਪੈ ਗਿਆ। ਇੱਕ ਲੜਕੀ ਬੇਹੋਸ਼ ਹੋ ਗਈ। ਸਾਰੇ ਘਬਰਾ ਗਏ। ਆਖਣ ਲੱਗੇ- ‘ਜ਼ਰੂਰ ਕੋਈ ਭੂਤ-ਪ੍ਰੇਤ ਦਾ ਚੱਕਰ ਹੈ। ਨਾਲ ਲਗਦੇ ਸ਼ਮਸ਼ਾਨਘਾਟ ਵਿਚੋਂ ਕੋਈ ‘ਹਵਾ’ ਇਧਰ ਆਈ ਹੈ’। ਬਹੁਤੇ ਅਧਿਆਪਕਾਂ ਨੇ ਵੀ ਹਾਮੀ ਭਰੀ। ਉਸ ਦਾ ਤਰਕ ਸੀ- ‘ਬਗੈਰ ਸੋਚੇ ਸਮਝੇ ਬਿਨਾ ਸਿਰ ਪੈਰ ਗੱਲਾਂ, ਘਟਨਾਵਾਂ ਤੇ ਯਕੀਨ ਕਰਨਾ ਸਿਆਣਪ ਨਹੀਂ ਲਾਈਲੱਗਪੁਣਾ ਹੁੰਦੀ ਹੈ’। ਉਸ ਨੇ ਤੁਰੰਤ ਕੁੜੀ ਨੂੰ ਸੰਭਾਲਿਆ। ਡਾਕਟਰੀ ਸਹਾਇਤਾ ਦਿਵਾਈ। ਲੜਕੀ ਦੇ ਘਰ ਪਹੁੰਚ ਕੇ ਮਾਪਿਆਂ ਨਾਲ ਰਾਬਤਾ ਬਣਾਇਆ। ਜਦ ਉਹ ਲੜਕੀ ਠੀਕ ਹੋ ਕੇ ਸਕੂਲ ਪਰਤੀ ਤਾਂ ਉਸ ਗੁਣੀ ਅਧਿਆਪਕਾ ਨੇ ਸੱਚ ਸਾਹਮਣੇ ਲਿਆ ਧਰਿਆ- ‘ਕਾਰਨ ਮੈਂ ਖੋਜ ਲਿਆ ਹੈ। ਘਰ ਕੋਈ ਮੁਸ਼ਕਿਲ ਸੀ, ਉਹ ਮਾਪਿਆਂ ਦੇ ਸਹਿਯੋਗ ਨਾਲ ਹੱਲ ਹੋ ਗਈ ਹੈ’। ਸਟਾਫ ਦੇ ਪੁੱਛਣ ’ਤੇ ਉਸ ਨੇ ‘ਤੇ ਦੇਵ ਪੁਰਸ਼ ਹਾਰ ਗਏ’ ਪੁਸਤਕ ਸਾਹਵੇਂ ਲਿਆ ਰੱਖੀ। ਵਿਗਿਆਨਕ ਸੋਚ, ਘਟਨਾਵਾਂ ਦੇ ਕਾਰਨ ਜਾਨਣ ਸਮਝਣ ਲਈ ਇਸ ਪੁਸਤਕ ਨਾਲ ਸੰਵਾਦ ਜ਼ਰੂਰੀ ਹੈ।
ਇੱਕ ਸੁਖਾਵੇਂ ਮੌਕੇ ਅਸੀਂ ਉਸ ਤੋਂ ਸਫ਼ਲਤਾ ਦਾ ਰਾਜ਼ ਪੁੱਛਿਆ। ਉਹ ਦੱਸਣ ਲੱਗੀ- ‘ਸ਼ਬਦ ਤੇ ਗਿਆਨ ਦੀ ਇਹ ਗੁੜਤੀ ਆਪਣੇ ਸਕੂਲ ਤੋਂ ਮਿਲੀ। ਜਿਹੜੀ ਕਲਮਕਾਰ ਪ੍ਰਿੰਸੀਪਲ ਦੇ ਸੁਪਨਿਆਂ ਦੀ ਪਰਵਾਜ਼ ਸੀ। ਉਹ ਗਿਆਨ ਤੇ ਚੇਤਨਾ ਦਾ ਚਾਨਣ ਵੰਡਦੇ। ਮੇਰੇ ਵਰਗੀਆਂ ਅਨੇਕਾਂ ਕੁੜੀਆਂ ਦਾ ਰਾਹ ਦਰਸਾਵਾ ਬਣਦੇ। ਜਿ਼ੰਦਗੀ ਦੇ ਅਰਥ ਸਮਝਾਉਂਦੇ। ਸੁਪਨੇ ਸੰਜੋਣ ਦੀ ਜਾਂਚ ਦੱਸਦੇ। ਨਾਲ ਹੀ ਉਨ੍ਹਾਂ ਦੀ ਪੂਰਤੀ ਲਈ ਰਾਹ ਵੀ ਦਿਖਾਉਂਦੇ। ਉਹ ਅਕਸਰ ਆਖਦੇ- ‘ਜਿ਼ੰਦਗੀ ਨੂੰ ਪੈਰਾਂ ਸਿਰ ਕਰਨਾ ਹੈ ਤਾਂ ਸਖ਼ਤ ਮਿਹਨਤ ਤੇ ਲਗਨ ਦਾ ਪੱਲਾ ਫੜੋ। ਪੁਸਤਕਾਂ ਸੰਗ ਸੰਵਾਦ ਰਚਾਉਣਾ ਸਿੱਖੋ। ਪੜ੍ਹਨ, ਸਿੱਖਣ ਤੇ ਤੁਰਨ ਵਾਲੇ ਹਮੇਸ਼ਾ ਸਫ਼ਲ ਹੁੰਦੇ ਨੇ’।
ਮੈਂ ਜ਼ਿੰਦਗੀ ਦੇ ਇਸ ਸੁਹਜ ਨੂੰ ਮਨ ਹੀ ਮਨ ਨਤਮਸਤਕ ਸਾਂ।
ਸੰਪਰਕ: rashpinderpalkaur@gmail.com
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ