ਅਤੈ ਸਿੰਘ
ਇਹ ਸ਼ਬਦ ਇਸ ਲੇਖ ਦਾ ਸਿਰਲੇਖ ਨਹੀਂ, ਸੰਕੇਤ ਨੇ; ਸੁਆਲ ਨੇ। ਸੁਆਲ ‘ਕਿਉਂ’ ਨਾਲ ਜੁੜਦੇ ਨੇ। ਹਰ ਕਿਉਂ ਦਾ ਜਵਾਬ ਨਹੀਂ ਲੱਭਦਾ! ਇਹ ਲਿਖਤ ਕਿਵੇਂ ਵੀ ਰਾਜ, ਨੀਤੀ; ਰਾਜਨੀਤੀ ਨਾਲ ਨਹੀਂ ਜੁੜੀ, ਇਸ ਤੋਂ ਪ੍ਰੇਰਿਤ ਵੀ ਨਹੀਂ; ਬੇਲਾਗ ਏ ਇਸ ਤੋਂ। ਇਹ ਸ਼ਬਦ ਸਿਰਫ ਸਾਹਿਤਕ ਪ੍ਰਸੰਗ ਨੇ!…
ਕਿਰਸਾਨੀ ਸ਼ਬਦ ਕੇਂਦਰੀ ਏ। ਇਸ ਨਾਲ ਕਿਰਸਾਨ ਆ ਜੁੜਦਾ ਏ। ਕਿਰਸਾਨ ਹਲਵਾਹ ਈ ਨਹੀਂ, ਇਸ ਕੇਂਦਰੀ ਸ਼ਬਦ ਦਾ ਵਾਹਕ ਵੀ ਏ – ਇਸ ਨੂੰ ਦ੍ਰਿਸ਼ਟਾਉਂਦਾ, ਵਿਆਖਿਆਉਂਦਾ, ਪਰਸਾਰਦਾ ਏ। ਇਹ ਸ਼ਬਦ ਪੰਜਾਬ, ਪੰਜਾਬੀ; ਪੰਜਾਬੀ ਪਰੰਪਰਾ ਲੋਕ, ਮਨ; ਲੋਕ-ਮਨ ਹੋ ਕੇ ਪੰਜਾਬੀ ਲੋਕ ਘੇਰੇ ਵਿਚ ਚਿੰਨ੍ਹ ਰੂਪ ਹੋ ਕੇ ਕਿਰਸਾਨ ਰੂਪ ਹੀ ਹੋ ਗਿਆ ਏ। ਕਿਰਸਾਨ ਕਿਰਸਾਨੀ ਕਰਨ ਵਾਲਾ, ਕਿਰਸਾਨੀ ਕਿਰਤ ਕਰਨ ਵਾਲਾ; ਕਿਰਸਾਨੀ ਕਰਨ ਵਾਲਾ ਲੋਕ। ਇਹ ‘ਲੋਕ’ ਏ – ਕੋਈ ਜਾਤ, ਜਾਤੀ; ਜਾਤੀ-ਜਾਤਕ ਨਹੀਂ। ਕਿਰਤ-ਕਰਮ ਸਮਾਸੀ ਰੂਪ ਵਿਚ ਇਕ ਹੋ ਜਾਂਦਾ ਏ – ਇਕੋ ਜਿਹੀਆਂ ਭਾਵਨਾਵਾਂ ਦਾ ਜੋੜ ਇਕਰੂਪ। ਕਿਰਤੀ-ਕਾਮਾ-ਕਿਸਾਨ ਵੀ ਇਉਂ ਈ ਇਕਜੁਟ ਨੇ। ਇਹਨਾਂ ਬਿਨਾ ਕਿਰਸਾਨੀ ਅਧੂਰੀ ਜਾਪਦੀ ਏ। ਗੁਰਬਾਣੀ ਵੀ ‘ਮਨੁ ਹਾਲੀ ਕਿਰਸਾਣੀ’ ਦੀ ਹਾਮੀ ਭਰਦੀ ਏ। ਜਿਹੜਾ ਕਿਰਸਾਨੀ ਕਰਦਾ, ਕਿਰਸਾਨੀ ਕਿੱਤੇ ਨਾਲ ਜੁੜਦਾ – ਕਿਰਤ-ਕਰਮ ਕਰਕੇ ਮਨੋ – ਉਹੋ ਕਿਰਸਾਨ ਏ। ਇਹ ਹਲ ਵਾਹਕ ਏ, ਕਾਮਾ ਏ; ਕਾਰੀਗਰ ਏ – ਸਾਰੇ ਕਿਰਸਾਨੀ ਨਾਲ ਜੁੜੇ ਨੇ। ਕਿਰਸਾਨ ਵਾਸਤੇ ਕਿਰਸਾਨੀ ਸੰਦ ਬਣਾਉਣਾ, ਕਿਰਸਾਨ ਨਾਲ ਰਲ ਕੇ ਕਿਰਸਾਨੀ ਕਰਨਾ; ਆਪਣੀ ਜ਼ਮੀਨ ਬਣਾ ਕੇ ਕਿਰਸਾਨ ਦਾ ਕਿਰਸਾਨੀ ਕਰਨਾ – ਸਭ ਕਿਰਸਾਨੀ ਏ – ਤਨੋ, ਮਨੋ, ਧਨੋ। ਜ਼ਿਮੀਦਾਰ-ਜਗੀਰਦਾਰ ਜ਼ਮੀਨੀ ਮਾਲਕੀ ਦੇ ਸੂਚਕ ਨੇ। ਜ਼ਮੀਨ ਨਾਲ ਜੁੜੇ ਆਪ ਹਲ ਵਾਹੁੰਦੇ, ਰਲ ਕੇ ਹਲ ਵਾਹੁੰਦੇ; ਵਾਹੁਣ ਲਈ ਹਲ ਬਣਾਉਂਦੇ – ਕਿਰਤੀ, ਕਿਰਸਾਨ; ਕਾਮੇ – ਸਭ ਕਿਰਸਾਨੀ ਦੀ ਚੂਲ, ਧੁਰੀ, ਜੜ੍ਹ ਨੇ। ਜੜ੍ਹ ਬਿਨਾ ਰੁੱਖ, ਸ਼ਾਖਾ; ਪੱਤੇ ਕਿੱਥੇ! ਖੇਤ ਬਿਨਾ ਖੇਤੀ ਕਿੱਥੇ! ਜ਼ਮੀਨ ਬਿਨਾ ਜ਼ਿਮੀਦਾਰ ਕਿੱਥੇ! ਇਹ ‘ਭੁਈਂ-ਨਈਂ ਦੇ ਸਾਈਂ’ ਤੋਂ ਲੈ ਕੇ ‘ਰੁਲਦਿਆਂ ਗੋਲਿਆਂ ਆਇਆਂ’ ਤੱਕ ਸਭ ਕਿਰਸਾਨੀ ਏ, ਕਿਰਤ ਏ; ਕਰਮ ਏ। ਗੁਰਬਾਣੀ ਇਹਨੂੰ ਲਕੀਰਦੀ ਏ, ਉਘਾੜਦੀ ਏ, ਗੂੜ੍ਹਦੀ ਏ।…
ਕਿਰਸਾਨੀ ਇਲਾਹੀ ਦਾਤ ਰਿਜ਼ਕ ਦਾ ਦਿਸਦਾ ਰੂਪ ਏ। ਰਿਜ਼ਕ ਰੋਜ਼ੀ ਨਾਲ ਜੁੜਿਆ ਏ। ਰੋਜ਼ੀ ਮਿਲਦੀ ਏ, ਲੱਭੀਦੀ ਏ, ਕਮਾਈਦੀ ਏ! ਅਧਿਆਤਮਕਤਾ ਦਾਤਾਰ ਨੂੰ ਦਾਤਾ, ਰਿਜ਼ਕ ਦਾਤਾ; ਸਭ ਨੂੰ ਪਹਿਲਾਂ ਰਿਜ਼ਕ ਦੇਣ ਵਾਲਾ ਮੰਨਦੀ ਏ। ਵਿਦਵਾਨ ਕਥਾਕਾਰ ਇਸ਼ਾਰਾ ਕਰਦੇ ਨੇ। ਸਿਆਣੇ ਸਮਝਦੇ ਨੇ। ਜਾਣਦੇ ਨੇ, ਇਸ਼ਾਰਾ ਸਿਆਣੇ ਲਈ ਈ ਹੁੰਦਾ। ਧਰਤੀ ਤੇ ਰਿਜ਼ਕਦਾਤਾ ਅੰਨਦਾਤਾ ਏ। ਅੰਨ ਉਗਾਉਣ ਵਾਲਾ ਏ। ਇਹਦੀ ਹੋਂਦ ਕਿਰਸਾਨੀ ਏ। ਖੇਤ ਏ। ਖੇਤੀ ਏ। ਮਾਲਕੀ ਖੇਤ ਦੀ ਏ, ਖੇਤੀ ਦੀ ਨਹੀਂ; ਖੇਤੀ ਕਿਰਤ ਏ, ਕਰਮ ਏ; ਕਿਰਸਾਨੀ ਏ।
ਕਿਰਸਾਨੀ ਨੀਤੀ ਨਹੀਂ, ਜੁਗਤ ਏ! ਰਾਜ ਨਹੀਂ, ਭਾਗ ਏ! ਭਾਗ ਕੁਦਰਤ ਦੇ ਨੇ! ਕੁਦਰਤ ਈ ਨੇ! ਕਰਮ ਈ ਨੇ! ਕਰਮ ਕਿਰਸਾਨੀ ਏ – ਰਾਜਨੀਤੀ ਨਹੀਂ। ਰਾਜਨੀਤੀ ਜ਼ਿੰਮੇਵਾਰੀ ਏ। ਸਮੂਹ ਦੀ ਜ਼ਿੰਮੇਵਾਰੀ। ਮਾਨਵੀ ਇਤਿਹਾਸ ਜਾਂਗਲੀ ਮਨੁੱਖ ਤੋਂ ਪੈਰ ਪੁੱਟਦਾ ਪੁੱਟਦਾ ਟਾਬਰੀ ਸਮਾਜ, ਕਬਾਇਲੀ ਸਮਾਜ ਤੋਂ ਅੱਗੇ ਅਜੋਕੇ ਮਾਨਵੀ ਸਮਾਜ ਤੱਕ ਅੱਪੜਦਾ। ਜਾਂਗਲੀ ਮਨੁੱਖ ਇਕੱਲਾ ਹੋਣ ਕਰਕੇ ਆਪਣਾ ਜ਼ਿੰਮੇਵਾਰ ਆਪ ਹੁੰਦਾ – ਵਧੇਰੇ ਭਰੋਸੇ ਵਾਲਾ – ਵਧੇਰੇ ਤਕੜਾ ਹੁੰਦਾ। ਟਾਬਰੀ ਮਨੁੱਖ ਦੀ ਇਕੱਠੀ ਜ਼ਿੰਮੇਵਾਰੀ ਟੱਬਰ ਦੇ ਟੱਬਰਦਾਰ ਦੀ ਹੁੰਦੀ। ਕਬਾਇਲੀ ਭਾਈਚਾਰੇ ਦਾ ਮੁਖੀਆ ਸਭ ਦੀ ਜਿ਼ੰਮੇਵਾਰੀ ਸਾਂਭਦਾ। ਅਜੋਕੇ ਵਿਕਸਤ ਨਵੇਂ ਸਮਾਜ ਦੀ ਨੀਂਹ ਮਨੁੱਖੀ ਸਮੂਹ ਦੀ ਸਾਂਝੀ ਭਾਈਵਾਲੀ ਏ: ਜਿਵੇਂ ‘ਭਾਈਵਾਲੀਆਂ ਪੈਣ ਤਾਂ ਰਾਹ ਮੁੱਕਦੇ ਨਾਲ ਸਾਂਝਾਂ ਤੇ ਹੁੰਗਾਰਿਆਂ ਦੇ’, ‘ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ’, ‘ਸਾਂਝੀਆਂ ਹੋਵਣ ਦਿਲ ਦੀਆਂ ਸੱਧਰਾਂ, ਸਾਂਝੇ ਹੋਵਣ ਤਾਲ ਵਲੇ’।… ਇਹ ਸਾਂਝੀ ਜ਼ਿੰਮੇਵਾਰੀ ਦਾ ਸੰਕੇਤ ਏ। ਸਾਂਝੀਵਾਲਤਾ ਏ। ਰਲ ਕੇ ਸਾਂਝੇ ਚੁਣੇ ਲੋਕ ਨੁਮਾਇੰਦੇ ਨੂੰ ਆਪਣੀ, ਸਾਰਿਆਂ ਦੀ, ਸਮੂਹ ਦੀ ਸਾਂਝੀ ਜਿ਼ੰਮੇਵਾਰੀ ਸੌਂਪਣਾ ਏ। ਸਾਂਝੇ ਲੋਕ ਨੁਮਾਇੰਦੇ ਦਾ ਸਾਰਿਆਂ ਦੀ ਜ਼ਿੰਮੇਵਾਰੀ ਨਿਰਪੱਖਤਾ, ਨਿਰਲੇਪਤਾ, ਨਿਸੁਆਰਥਤਾ ਨਾਲ ਨਿਭਾਉਣਾ ਏ। ਕੋਈ ਰਾਜ ਨਹੀਂ, ਤਾਜ ਨਹੀਂ, ਤਖਤ ਨਹੀਂ। ਰੋਅਬ ਦਾਬ ਨਹੀਂ। ਸ਼ਾਨ-ਸ਼ੌਕਤ ਨਹੀਂ। ਮਹਿਲ ਮੁਨਾਰੇ ਨਹੀਂ। ਸਿਰਫ ਲੋਕਾਂ ਦੀ, ਲੋਕ ਦੀ ਆਵਾਜ਼, ਸਾਂਝ ਦੀ ਸਾਂਝੀ ਪੁਕਾਰ’ ਕਿ… ਸਭੇ ਸਾਝੀਵਾਲ ਸਦਾਇਨਿ… ਸਾਂਝ ਸਭ ਦੀ। ਇਕ। ਇਕਮਿਕ।
ਹੁਣ ਏਸ ਸਰਵ ਸਾਂਝੇ, ਸਵੈ ਸਿਰਜੇ, ਮਾਨਵੀ ਸਮਾਜ ਨਾਲ ਕੋਈ ਵਿਚਾਰ, ਸਿਧਾਂਤ, ਵਾਦ ਜੋੜਨਾ ਇਸ ਨਾਲ ਅਗੇਤਰ- ਪਿਛੇਤਰ, ਵਿਸ਼ੇਸ਼ਣ; ਸੰਬੋਧਨ ਲਾਉਣਾ ਈ ਏ। ਪਹਿਲਾਂ ਸਾਮੰਤਵਾਦ, ਫੇਰ ਸਮਾਜਵਾਦ, ਅਗਾਂਹ ਸਾਮਵਾਦ; ਤੱਕ ਸਾਹਿਤਕ ਆਲੋਚਨਾ ਵਾਲੀਆਂ ਅਕਾਦਮਿਕ ਪੜ੍ਹਾਈ ਦੀਆਂ ਪੁਸਤਕਾਂ ਵਿਚ ਸ਼ਾਮਿਲ ਏ। ਰਾਜਵਾਦ, ਚੋਣਵਾਦ, ਕੁਰਸੀਵਾਦ ਕਿਸੇ ਸਾਹਿਤ ਸਿਧਾਂਤ ਪ੍ਰਣਾਲੀ ਵਿਚ ਦਰਜ ਹੋਵੇ – ਇਲਮ ਨਹੀਂ। ਇੰਨਾ ਜ਼ਰੂਰ ਆ, ਲੋਕਰਾਜ ਵਿਚ ਹਥਿਆਰ ਨਹੀਂ, ਵੋਟ ਦੀ ਵਰਤੋਂ ਹੁੰਦੀ ਏ; ਜੰਗ ਨਹੀਂ, ਵਿਚਾਰ-ਚਰਚਾ ਹੁੰਦੀ ਏ; ਚੋਣ ਨਹੀਂ, ਸੰਮਤੀ ਲੋੜੀਂਦੀ ਏ। ਸੰਮਤੀ ਹੁੰਦੀ ਈ ਸਰਵ ਏ – ਸਰਵ ਸੰਮਤੀ ਸੌ ਫੀਸਦੀ ਮਤ। ਇਹ ਕੇਹਾ ਲੋਕਰਾਜ ਏ – ਲੋਕਾਂ ਦਾ; ਲੋਕਾਂ ਦੁਆਰਾ; ਲੋਕਾਂ ਵਾਸਤੇ – ‘ਲੋਕ’ ਜਿਸ ਦਾ ਧੁਰਾ ਏ ਜਿੱਥੇ ਉਨੰਜਾ-ਇਕਵੰਜਾ ਦੇ ਫਰਕ ਨਾਲ ਕੋਈ ਲੋਕ ਨੁਮਾਇੰਦਾ ਬਣਦਾ ਏ। ਇਕ ਲੋਕ ਆਵਾਜ਼ ਨਹੀਂ, ਇਕ ਮਤ ਨਹੀ; ਵੋਟ-ਗਿਣਤੀ ਏ; ਵੋਟ, ਗਿਣਤੀ ਨਹੀਂ – ਕਦਰ ਏ; ਲੋਕ-ਕਦਰ। ਲੋਕ ਇਕ ਧਿਰ ਏ – ਦੋ ਧਿਰਾਂ – ਕਈ ਧਿਰਾਂ ਨਹੀਂ। ਖਰਬੂਜਾ ਸਾਬਤ ਈ ਖਰਬੂਜਾ ਏ। ਖੱਖੜੀਆਂ ਜੋੜਿਆਂ ਮੁੜ ਖਰਬੂਜਾ ਵੇਲ ਨਾਲ ਨਹੀਂ ਲਗਦਾ। ਉਹ ਫਿਰ ਵਿਚੋਂ ਨਿਕਲੇ ਬੀਜ ਨੂੰ ਸੁਕਾ ਕੇ ਵੱਤਰ ਆਉਣ ਤੇ ਢੁਕਵੀਂ ਪੈਲੀ ਚ ਬੀਜਿਆਂ ਈ ਮੁੜ ਖਰਬੂਜਾ ਬਣੇਗਾ। ਇਹ ਗੱਲ ਟੇਢੀ ਏ। ਟੇਢੀ ਗੱਲ ਸੌਖਿਆਂ ਪਕੜ ਵਿਚ ਨਹੀਂ ਆਉਂਦੀ। ਇੰਨਾ ਜ਼ਰੂਰ ਆ ਜੀ, ਖਰਬੂਜਾ; ਖਰਬੂਜੇ ਦੇ ਬੀਜ ਤੋਂ ਉੱਗੀ ਵੇਲ ਨੂੰ ਈ ਲੱਗਣਾ – ਖੱਖੜੀਆਂ/ਫਾੜੀਆਂ ਨੂੰ ਨਹੀਂ। … ਇਹ ਵੀ ਸਹੀ ਏ ਕਿ ਲੋਕਰਾਜ ਵਿਚ ਵੋਟ, ਲੋਕ-ਆਵਾਜ਼ ਏ; ਲੋਕ-ਸੋਚ ਏ; ਲੋਕ-ਮਨ ਦੀ ਤਰਜਮਾਨੀ ਏ। ਵੋਟ ਪਾਉਣ, ਵੋਟ ਪੁਆਉਣ, ਵੋਟ ਵਰਤਣ ਦਾ ਹੱਕ ਸਭ ਨੂੰ ਏ। ਭਲਾ ਵੋਟ ਖੋਹਣ, ਬਟੋਰਨ; ਖਰੀਦਣ-ਵੇਚਣ ਦਾ ਹੱਕ ਕਿਸ ਨੂੰ ਏ ਇਸ ‘ਲੋਕਰਾਜ’ ਵਿਚ? ਚੋਣ ਜਿੱਤਣਾ-ਹਾਰਨਾ ਰਾਜਨੀਤੀ ਨਹੀਂ – ਬਹੁਮਤ ਨਾਲ ਚੁਣੇ ਜਾਣਾ ਨਿਆਈਂ ਨਹੀਂ – ਇਕਮਤ ਚੁਣੇ ਜਾਣਾ ਈ ਲੋਕ ਆਵਾਜ਼ ਦੀ ਨੁਮਾਇੰਦਗੀ ਏ। ਰਾਜਨੀਤੀ ਕੁਰਸੀ=ਦੌੜ ਈ ਨਹੀਂ, ਚੂਹਾ-ਦੌੜ ਹੀ ਨਹੀਂ; ਇਹ ਰਾਜ ਜੋਗ ਵੀ ਏ – ਰਾਜ ਦੇ ਜੋਗ ਹੋਣਾ – ਜੋਗ ਹੋਣ ਲਈ ਜੋਗ ਕਮਾਉਣਾ – ਕਿਸੇ ਵਿਰਲੇ ਦੇ ਹਿੱਸੇ ਈ ਆਉਂਦਾ ਏ। ਕਿਰਸਾਨੀ ਰਾਜ ਨੀਤੀ ਨਹੀਂ, ਕਿਸਾਨ ਨੀਤੀ ਏ; ਖੇਤ/ਫਸਲ/ਭਾਅ ਦੀ ਨੀਤੀ ਏ। ਇਹ ਕਿਰਤੀ-ਕਾਮੇ-ਕਿਸਾਨ ਦੀ ਨੀਤ ਦੀ ਨੀਤੀ – ਨੇਕ ਨੀਤੀ – ਸੰਘਰਸ਼ ਦੇ ਰਾਹੇ ਪੂਰੀ ਹੋਵੇ, ਵੋਟ ਦੇ ਰਾਹੇ ਪੂਰੀ ਹੋਵੇ; ਗੱਲਬਾਤ ਦੇ ਰਾਹੇ ਪੂਰੀ ਹੋਵੇ – ਦੁਆ ਏ, ਪੂਰੀ ਹੋਵੇ। ਬੋਰਿਸ ਪੋਲੇਵਾਈ ਰਚਿਤ ‘ਅਸਲੀ ਇਨਸਾਨ ਦੀ ਕਹਾਣੀ’, ਕ੍ਰਿਸ਼ਨ ਚੰਦਰ ਰਚਿਤ ‘ਜਦੋਂ ਖੇਤ ਜਾਗੇ’, ਸੰਤੋਖ ਸਿੰਘ ਧੀਰ ਰਚਿਤ ‘ਸਾਂਝੀ ਕੰਧ’ ਚੇਤੇ ਵਿਚ ਵੱਸੇ।… ‘ਖੇਤੀ ਕਰਮਾ ਸੇਤੀ’ … ‘ਮੇਰਾ ਮਾਮਲਾ ਨਾ ਹੋਇਆ ਪੂਰਾ, ਕੱਤੇ ਦੀ ਕਪਾਹ ਵੇਚ ਕੇ’ … ਤੋਂ ‘ਫਸਲਾਂ ਦੇ ਫੈਸਲੇ ਕਿਸਾਨ ਕਰੂਗਾ’ ਤੱਕ ਕਿਰਸਾਨੀ ਦਾ ਲਗਾਤਾਰ ਘੋਲ ਕਿਤੇ ਗੀਤ/ਲੋਕਗੀਤ ਦੀ ਹੂਕ ਦੇ ਅੰਤਰੀਵ ਤੱਕ ਅੱਪੜੇ:
ਕਣਕੇ ਨੀ ਕਣਕੇ
ਇਕ ਵਾਰੀ ਫੇਰ ਦੱਸੀਂ
ਤੂੰ ਮਹਿੰਗੀ ਬਣ ਕੇ… …
ਜਦ ਪੈਣ ਕਪਾਹੀਂ ਫੁੱਲ ਵੇ
ਸਾਨੂੰ ਉਹ ਰੁੱਤ ਲੈਦੇ ਮੁੱਲ ਵੇ ਧਰਮੀ ਬਾਬਲਾ… …
ਸਰ੍ਹੋਂ ਹੱਸਦੀ ਘਰਾਂ ਨੂੰ ਆਵੇ
ਤਾਰਾਮੀਰਾ ਪਾਵੇ ਬੋਲੀਆਂ… …
ਸੰਪਰਕ: 98151-77577