ਹੀਰਾ ਸਿੰਘ
ਪੰਜਾਬ ਦੇ ਅਜੋਕੇ ਚਿੰਤਨੀ ਸੁਰ ਅੰਦਰ ਮੁੱਖ ਤੌਰ ਤੇ ਤਿੰਨ ਪ੍ਰਕਾਰ ਦੀਆਂ ਪੱਧਤੀਆਂ ਕਾਰਜਸ਼ੀਲ ਹਨ: ਪਰੰਪਰਾਈ ਚੇਤਨਾ, ਆਧੁਨਿਕਤਾਵਾਦ ਅਤੇ ਉੱਤਰ ਆਧੁਨਿਕਤਾਵਾਦ। ਬਸਤੀਵਾਦੀ ਕਾਲ ਦੌਰਾਨ ਆਧੁਨਿਕ ਚਿੰਤਨ ਆਪਣੇ ਵਿਸ਼ੇਸ਼ ਰਾਜਨੀਤਕ ਵਿਚਾਰਧਾਰਾਈ ਅਤੇ ਫਲਸਫਾਨਾ ਦ੍ਰਿਸ਼ਟੀਕੋਣ ਦੇ ਰਲਗੱਡ ਰੂਪ ਵਿਚ ਉਸ ਸਮੇਂ ਬਣੇ ਪੰਜਾਬ ਦੇ ਸੱਭਿਆਚਾਰਕ, ਸਮਾਜਿਕ, ਰਾਜਨੀਤਕ ਅਤੇ ਚਿੰਤਨ ਹਾਲਾਤ ਵਿਚ ਦਾਖਲ ਹੁੰਦਾ ਹੈ। ਬਸਤੀਵਾਦੀ ਗਿਆਨ ਸ਼ਾਸਤਰ ਦੇ ਪੰਜਾਬ ਵਿਚ ਆਉਣ ਤੋਂ ਪਹਿਲਾਂ ਇੱਥੋਂ ਦੀ ਚੇਤਨਾ, ਜਗੀਰਦਾਰੀ ਰੁਚੀਆਂ ਕਾਰਨ ਆਪਣੀਆਂ ਗਿਆਨ ਸ਼ਾਖਾਵਾਂ ਨਾਲ ਲਗਾਤਾਰ ਚਿੰਤਨੀ ਅਭਿਆਸ ਵਿਚ ਕਾਰਜਸ਼ੀਲ ਨਹੀਂ ਸੀ, ਇਸ ਕਾਰਨ ਇਹ ਆਪਣੇ ਸਮੁੱਚੇ ਅਸਤਿਤਵੀ ਸਰੋਕਾਰਾਂ (ਕਲਾ, ਸੰਗੀਤ, ਦਰਸ਼ਨ, ਸਭਿਆਚਾਰ) ਨੂੰ ਪਾਲਦੇ ਹੋਏ ਬੌਧਿਕ ਪ੍ਰਸੰਗ ਸਿਰਜਣ ਤੋਂ ਅਸਮਰੱਥ ਸੀ। ਇਸੇ ਕਾਰਨ ਇਹ ਆਧੁਨਿਕ ਚਿੰਤਨ ਨਾਲ ਸੰਵਾਦ ਰਚਾਉਣ ਵਿਚ ਅਸਫਲ ਸਿੱਧ ਹੋਈ।
ਬਸਤੀਵਾਦੀ ਕਾਲ ਦੌਰਾਨ ਆਧੁਨਿਕ ਚਿੰਤਨ ਜੋ ਪੂਰਬ ਨਿਰਧਾਰਿਤ ਵਰਗ ਵਾਲਾ ਸੰਕਲਪ ਆਪਣੇ ਨਾਲ ਲੈ ਕੇ ਆਇਆ, ਪੰਜਾਬ ਦੇ ਮੌਲਿਕ ਸੱਚ ਦੀ ਸਮਝ ਇਨ੍ਹਾਂ ਸੰਕਲਪਾਂ ਤੱਕ ਹੀ ਸੀਮਤ ਹੋ ਗਈ। ਇਸ ਦੌਰਾਨ ਹੋਇਆ ਸੰਵਾਦ ਇਕਹਿਰੇ ਸੁਰ ਵਾਲਾ ਹੀ ਰਿਹਾ। ਬਸਤੀਵਾਦੀ ਵਿਚਾਰਧਾਰਾਈ ਚਿੰਤਨ ਆਪਣੇ ਗਿਆਨ ਰੂਪਾਂ (ਇਤਿਹਾਸ, ਨਵੇਂ ਸਾਹਿਤਕ ਰੂਪ, ਧਰਮ ਨਿਰਪੱਖਤਾ) ਰਾਹੀਂ ਜਦੋਂ ਪੰਜਾਬ ਦੇ ਧਰਾਤਲੀ ਚੇਤਨਾ ਨਾਲ ਸੰਪਰਕ ਵਿਚ ਆਇਆ ਤਾਂ ਇੱਥੋਂ ਦੀ ਸਿਧਰੀ, ਅ-ਤਾਰਕਿਕ, ਜਗੀਰਦਾਰੀ ਮਾਨਸਿਕਤਾ ਦੀ ਪਰੰਪਰਾਈ ਗਿਆਨ ਅਭਿਆਸ (ਪਿਤਰ ਮਾਨਸਿਕਤਾ, ਰਜਵਾੜਾਸ਼ਾਹੀ, ਸਮਾਜਿਕ ਦਰਜੇਬੰਦੀ ਨੂੰ ਪਾਲਦੀ ਵਿਆਖਿਆ) ਦੀ ਪਰੰਪਰਾ ਥਿੜਕਣਾ ਸ਼ੁਰੂ ਹੋ ਜਾਂਦੀ ਹੈ ਪਰ ਪੰਜਾਬ ਵਿਚ ਆਧੁਨਿਕ ਚਿੰਤਨ ਦੇ ਨਤੀਜੇ ਵਜੋਂ ਇਥੇ ਇਤਿਹਾਸਕ ਚੇਤਨਾ ਅਤੇ ਤਾਰਕਿਕ ਰੁਝਾਨ ਪੈਦਾ ਹੋਏ। ਇਸ ਪ੍ਰਸੰਗ ਵਿਚ ਪੰਜਾਬ ਦੀ ਸਮਾਜਿਕ, ਰਾਜਨੀਤਕ ਅਤੇ ਚਿੰਤਨ ਦੀ ਸੁਧਾਰਕ ਲੋੜ ਕਾਰਨ, ਪੰਜਾਬ ਅੰਦਰ ਆਧੁਨਿਕ ਚਿੰਤਨ ਦੀ ਸ਼ੁਰੂਆਤ ਹੋਈ।
ਉੱਤਰ ਆਧੁਨਿਕ ਚਿੰਤਨ, ਕੁਆਂਤਮ ਫਿਜ਼ਿਕਸ ਦੇ ਆਧਾਰ ਤੇ ਅਨਿਸ਼ਚਤਤਾ ਅਤੇ ਖੁੱਲ੍ਹ ਦਾ ਸਿਧਾਂਤ ਪੰਜਾਬ ਦੇ ਗਿਆਨ ਚਿੰਤਨ ਅਭਿਆਸ ਵਿਚ ਲੈ ਕੇ ਆਉਂਦਾ ਹੈ ਜਿਸ ਦੇ ਪ੍ਰਭਾਵ ਅਧੀਨ ਪੰਜਾਬ ਅੰਦਰ ਬਸਤੀਵਾਦੀ ਕਾਲ ਦੌਰਾਨ ਅਪਣਾਏ ਆਧੁਨਿਕ ਦ੍ਰਿਸ਼ਟੀਕੋਣ ਦਾ ਆਲੋਚਨਾਤਮਕ ਅਧਿਐਨ ਸ਼ੁਰੂ ਹੋਇਆ ਅਤੇ ਇਸ ਚਿੰਤਨ ਨੇ ਪੰਜਾਬੀ ਚਿੰਤਕਾਂ ਦਾ ਸੰਸਾਰ ਨੂੰ ਦੇਖਣ ਦਾ ਨਜ਼ਰੀਆ ਵੀ ਬਦਲਿਆ। ਇਸ ਚਿੰਤਨ ਅਧੀਨ ਪੰਜਾਬ ਅੰਦਰ ਮਾਨਵ-ਵਿਗਿਆਨਕ ਸੱਚ ਸ਼ਾਮਲ ਕਰਾਉਣ ਦਾ ਅਭਿਆਸ ਸ਼ੁਰੂ ਹੋਇਆ।
ਇਹ ਤਿੰਨ ਪ੍ਰਕਾਰ ਦੇ ਚਿੰਤਨ ਆਪਣੇ ਵੱਖੋ-ਵੱਖਰੇ ਖ਼ਾਸ ਸਮੇਂ ਵਿਚ ਉਦੈ ਅਤੇ ਪ੍ਰਚਲਿਤ ਹੋਣ ਦੇ ਬਾਵਜੂਦ ਅਜੋਕੇ ਪੰਜਾਬੀ ਚਿੰਤਨ ਵਿਚ ਲਗਾਤਾਰ ਕਾਰਜਸ਼ੀਲ ਹਨ। ਇਨ੍ਹਾਂ ਚਿੰਤਨ ਪੱਧਤੀਆਂ ਰਾਹੀਂ ਸਿਰਜੇ ਜਾਂਦੇ ਗਿਆਨ ਅਭਿਆਸ ਵਿਚ ਅਰਥ ਟਕਰਾਅ ਅਤੇ ਤਣਾਅ ਅਧੀਨ ਰਹਿੰਦਾ ਹੈ ਜਿਸ ਕਾਰਨ ਪੰਜਾਬੀ ਗਿਆਨ ਚੇਤਨਾ, ਵਿਸ਼ਵੀ ਅਤੇ ਪੂਰਬੀ ਗਿਆਨ ਸ਼ਾਸਤਰਾਂ ਦਾ ਆਪਸੀ ਮੌਲਿਕ ਸੰਵਾਦ ਰਚਾਉਣ ਤੋਂ ਅਸਮਰੱਥ ਹੈ। ਅਜੋਕੀ ਪੰਜਾਬੀ ਚੇਤਨਾ ਵਿਚ ਅਰਥ, ਛੋਟੇ ਵਿਰੋਧਾਂ ਦੇ ਆਧਾਰ ਤੇ ਆਪਣੀ ਵਾਜਬੀਅਤ ਬਣਾਉਂਦਾ ਹੋਇਆ, ਧਰਮ ਅਤੇ ਤਾਰਕਿਕਤਾ ਦਾ ਟਕਰਾਅ ਪੈਦਾ ਕਰਦਿਆਂ, ਇਕਾਰਥੀ ਅਤੇ ਉਪਭਾਵੀ ਹਾਲਤ ਵਿਚ ਵਿਚਰ ਰਿਹਾ ਹੈ। ਇਸ ਕਾਰਨ ਅਜੋਕੇ ਪੰਜਾਬ ਦੀਆਂ ਸਾਰੀਆਂ ਗਿਆਨ ਸ਼ਾਖਾਵਾਂ ਆਪਣੇ ਇਕਹਿਰੇ ਅਰਥ ਸਿਰਜਣ ਦੇ ਅਭਿਆਸਾਂ ਰਾਹੀਂ ਕਿਸੇ ਵਿਸ਼ਵ-ਵਿਆਪੀ ਅਰਥ ਸਿਰਜਣਾ ਤੋਂ ਅਸਮਰੱਥ ਹਨ। ਇਹ ਅਰਥ ਸੀਮਤਾਵਾਂ ਅਤੇ ਵਿਰੋਧੀ ਮਾਨਸਿਕ ਸੰਰਚਨਾਵਾਂ, ਵਿਸ਼ਵ ਗਿਆਨ ਦ੍ਰਿਸ਼ਟੀਆਂ ਅਤੇ ਪੂਰਬੀ ਗਿਆਨ ਦ੍ਰਿਸ਼ਟੀਆਂ, ਦੋਵਾਂ ਪ੍ਰਤੀ ਹਨ। ਇਸ ਹਾਲਤ ਤੋਂ ਉੱਭਰਨ ਲਈ ਸਾਨੂੰ ਅਕਾਦਮਿਕ ਅਭਿਆਸਾਂ ਦੀ ਜ਼ਰੂਰਤ ਹੈ। ਨਾਦ ਪ੍ਰਗਾਸੁ ਦਾ ਸਾਹਿਤ ਉਤਸਵ ਇਨ੍ਹਾਂ ਅਭਿਆਸਾਂ ਨੂੰ ਹੀ ਪੈਦਾ ਕਰਨ ਦਾ ਯਤਨ ਹੈ। ਨਾਦ ਪ੍ਰਗਾਸੁ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਸਾਹਿਤ ਉਤਸਵ ਵਿਚ ‘ਚੜ੍ਹਿਆ ਬਸੰਤ’ ਕਵੀ ਦਰਬਾਰ, ਸੈਮੀਨਾਰ, ਸੰਵਾਦ (ਗੋਸ਼ਟੀ, ਵਿਚਾਰ ਚਰਚਾ) ਕਲਾ ਪ੍ਰਦਰਸ਼ਨੀਆਂ ਕਰਵਾ ਰਹੀ ਹੈ। ਐਤਕੀਂ ਇਹ ਉਤਸਵ 12-13-14 ਫਰਵਰੀ ਨੂੰ ਹੋ ਰਿਹਾ ਹੈ। ਅੰਮ੍ਰਿਤਸਰ ਸਾਹਿਤ ਉਤਸਵ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਅਰਥ ਦੇ ਦਾਰਸ਼ਨਿਕ, ਸਿਰਜਣਾਤਮਿਕ, ਬੌਧਿਕ ਅਤੇ ਧਾਰਮਿਕ (ਰਹੱਸਮਈ ਤੇ ਦਾਰਸ਼ਨਿਕ) ਪੱਖ ਉਜਾਗਰ ਕਰਨ ਦਾ ਯਤਨ ਕਰਦਾ ਹੈ। ਇਹ ਅਭਿਆਸ ਜਿਥੇ ਸ਼ੁੱਧ-ਪਰਾ-ਭੌਤਿਕ ਅਰਥ ਦੀ ਤਲਾਸ਼ ਵੱਲ ਰੁਚਿਤ ਹੈ, ਉੱਥੇ ਜੀਵਨ ਅੰਦਰ ਪਏ ਸੱਚ ਦੇ ਅਰਥ ਨੂੰ ਅਜੋਕੇ ਹਾਲਾਤ ਅੰਦਰ ਬਣੇ ਵੱਖ ਵੱਖ ਗਿਆਨ ਰੂਪਾਂ ਵਿਚ ਉਜਾਗਰ ਕਰਨ ਵੱਲ ਰੁਚਿਤ ਹੈ।
ਇਸ ਸਾਹਿਤ ਉਤਸਵ ਵਿਚ ਸ਼ੁੱਧ ਪਰਾ-ਭੌਤਿਕਤਾ ਨਾਲ ਸੰਵਾਦ ਰਚਾਉਣ ਲਈ ਸੈਮੀਨਾਰ ਕੀਤੇ ਜਾਂਦੇ ਹਨ ਜੋ ਸਾਹਿਤ ਸਿਰਜਣ, ਸਾਹਿਤ ਚਿੰਤਨ, ਫਲਸਫਾ, ਸੰਗੀਤ, ਚਿਤਰਕਲਾ, ਧਰਮ ਆਦਿ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦਾ ਹੈ। ਸਾਹਿਤ ਉਤਸਵ ਵਿਚ ਰਚਾਇਆ ਜਾਂਦਾ ਸੰਵਾਦ ਅਰਥ ਪਸਾਰਾਂ ਨੂੰ ਪਰਗਟ ਕਰਨ ਦਾ ਯਤਨ ਹੈ। ਨਾਦ ਪ੍ਰਗਾਸੁ ਸਾਹਿਤ ਉਤਸਵ ਵਿਚ ਕਰਵਾਏ ਜਾਂਦੇ ਸੈਮੀਨਾਰ ਅਤੇ ਸੰਵਾਦ ਦਾ ਮੁੱਖ ਮਕਸਦ ਹਰ ਚਿੰਤਨ ਪੱਧਤੀ ਦੁਆਰਾ ਪਰਗਟ ਅਰਥ ਪਸਾਰਾਂ ਦੀ ਮਹੱਤਤਾ, ਪ੍ਰਸੰਗ ਅਤੇ ਇਸ ਦੁਆਰਾ ਨਵੇਂ ਅਰਥ ਦੇ ਪੈਦਾ ਹੋਣ ਲਈ ਪੈਦਾ ਕੀਤੀ ਸੰਭਾਵਨਾ ਨੂੰ ਸਮਝਣਾ ਹੈ। ਇਸ ਲਈ ਇਹ ਸੈਮੀਨਾਰ ਅਤੇ ਸੰਵਾਦ ਅਲੱਗ ਅਲੱਗ ਚਿੰਤਨ ਪੱਧਤੀਆਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦੇ ਹਨ। ਨਾਦ ਪ੍ਰਗਾਸੁ ਸਾਹਿਤ ਉਤਸਵ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਹਰ ਧਾਰਾ ਦੇ ਕਵੀ ਸ਼ਾਮਿਲ ਹੁੰਦੇ ਹਨ।
ਇਹ ਅਭਿਆਸ ਗਿਆਨ-ਮੀਮਾਂਸਾ ਅਤੇ ਤੱਤ-ਮੀਮਾਂਸਾ ਦਾ ਜੋੜ ਹੈ ਜੋ ‘ਸ਼ਬਦ ਅਨੁਭਵ’ ਦੀ ਦ੍ਰਿਸ਼ਟੀ ਤੋਂ ਪੰਜਾਬ ਵਿਚ ਮੌਲਿਕ ਚਿੰਤਨ ਪੈਦਾ ਕਰਨ ਲਈ ਅਰਦਾਸ ਹੈ। ਇਸ ਉਤਸਵ ਦੀ ਦ੍ਰਿਸ਼ਟੀ ਅੰਦਰ ਅਰਥ ਪਰਗਟ ਕਰਨ ਲਈ ਹਰ ਗਿਆਨ ਸ਼ਾਸਤਰੀ ਪ੍ਰਬੰਧ ਦੇ ਸ਼ੁੱਧ ਰੂਪਾਂ ਨਾਲ ਸੰਵਾਦ ਰਚਾਉੇਣਾ, ਇਸ ਦੇ ਵਿਚਾਰਧਾਰਾਈ ਰੂਪ ਦੀ ਪੜਚੋਲ, ਦੋਵਾਂ ਗਿਆਨ ਰੂਪਾਂ ਦਾ ਆਪਸੀ ਸੰਬੰਧ, ਇਨ੍ਹਾਂ ਗਿਆਨਾਤਮਕ ਸਥਿਤੀਆਂ ਦੀ ਮਹੱਤਤਾ ਅਤੇ ਨਵੇਂ ਪੈਦਾ ਹੋ ਰਹੇ ਅਰਥ ਪਸਾਰਾਂ ਦੀ ਰਮਜ਼ ਸਮਝਣਾ ਸ਼ਾਮਲ ਹੈ। ਨਾਦ ਪ੍ਰਗਾਸੁ ਦਾ ਇਹ ਬੌਧਿਕ ਅਤੇ ਵਿਹਾਰਕ ਅਭਿਆਸ ਹੈ। ਇਸ ਅਭਿਆਸ ਵਿਚ ਅਰਥ ਮੌਲਿਕ ਵਾਜਬੀਅਤ ਉਤੇ ਆਧਾਰਿਤ ਪਾਰਦਰਸ਼ੀ, ਬਹੁਪੱਖੀ ਅਤੇ ਸੰਤੁਲਤ ਗਿਆਨ ਰੂਪ ਵਿਚ ਪ੍ਰਗਟ ਹੁੰਦਾ ਹੈ।
ਸੰਪਰਕ: 62394-70609