ਰਾਜਕੁਮਾਰ ਸ਼ਰਮਾ
ਪਿੰਡ ਆਏ ਨੂੰ ਦੋ-ਤਿੰਨ ਦਿਨ ਹੋ ਗਏ ਸਨ। ਸਵੇਰ ਦੀ ਰੋਟੀ ਤੋਂ ਬਾਅਦ ਸੋਚਿਆ, ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀ, ਉਧਰ ਜਾ ਕੇ ਸਾਰਿਆਂ ਨੂੰ ਮਿਲ ਆਵਾਂ। ਸਭ ਤੋਂ ਪਹਿਲਾਂ ਆਪਣੇ ਦੋਸਤ ਨਿੰਦਰ ਕੋਲ ਗਿਆ। ਉਸ ਕੋਲ ਬੈਠਿਆਂ ਘੰਟਾ ਕੁ ਹੀ ਹੋਇਆ ਸੀ ਕਿ ਬਾਹਰ ਰੌਲੇ ਦੀ ਆਵਾਜ਼ ਸੁਣ ਕੇ ਅਸੀਂ ਵੀ ਬਾਹਰ ਆ ਗਏ। ਪਤਾ ਲੱਗਾ ਕਿ ਖੱਤਰੀਆਂ ਦੀ ਮੋਹਣਦਈ ਨੇ ਰੌਲਾ ਪਾਇਆ ਹੋਇਆ ਹੈ। ਉਨ੍ਹਾਂ ਦੀ ਗਲੀ ਵਿਚ ਰਹਿੰਦਾ 15-16 ਸਾਲ ਦਾ ਬੱਚਾ ਉਨ੍ਹਾਂ ਦੇ ਘਰ ਵਿਚ ਡਿੱਗੀ ਆਪਣੀ ਗੇਂਦ ਚੁੱਕਣ ਗਿਆ ਸੀ ਤੇ ਮੋਹਣਦਈ ਨੇ ਦੇਖਦੇ ਹੀ ਰੌਲਾ ਪਾ ਦਿੱਤਾ ਕਿ ਉਸ ਨੇ ਚੋਰ ਫੜ ਲਿਆ ਹੈ। ਮੁੰਡਾ ਸਫ਼ਾਈਆਂ ਦੇ ਰਿਹਾ ਸੀ ਕਿ ਉਹ ਤਾਂ ਆਪਣੇ ਦੋਸਤਾਂ ਨਾਲ ਉਨ੍ਹਾਂ ਦੇ ਮਕਾਨ ਨਾਲ ਲਗਦੇ ਖਾਲੀ ਪਲਾਟ ਵਿਚ ਕ੍ਰਿਕਟ ਖੇਡ ਰਿਹਾ ਸੀ। ਬੱਲੇਬਾਜ਼ੀ ਕਰਦਿਆਂ ਉਹਨੇ ਅਜਿਹਾ ਸ਼ਾਟ ਮਾਰਿਆ ਕਿ ਗੇਂਦ ਸਿੱਧੀ ਉਨ੍ਹਾਂ (ਮੋਹਣਦਈ) ਦੇ ਘਰ ਜਾ ਡਿੱਗੀ। ਬਾਕੀ ਸਾਰੇ ਬੱਚੇ ਡਰਦੇ ਮਾਰੇ ਉੱਥੋਂ ਭੱਜ ਗਏ, ਉਨ੍ਹਾਂ ਨੂੰ ਪਤਾ ਸੀ ਕਿ ਮੋਹਣਦਈ ਨੇ ਸਾਰੀ ਬੀਹੀ ਸਿਰ ’ਤੇ ਚੁੱਕ ਲੈਣੀ ਹੈ। ਅਸਲ ਵਿਚ ਪਿਛਲੇ ਛੇ ਮਹੀਨਿਆਂ ਤੋਂ ਉਸ ਦੇ ਘਰ ਵਿਚੋਂ ਕਈ ਵਸਤਾਂ ਚੋਰੀ ਹੋ ਗਈਆਂ ਸਨ। ਉਹਨੇ ਆਪਣੇ ਹਿਸਾਬ ਨਾਲ ਇਸ ਮੁੰਡੇ ਨੂੰ ਹੀ ਚੋਰ ਸਮਝ ਲਿਆ ਸੀ। ਉਹ ਬੱਚਾ ਵਾਰ ਵਾਰ ਸਫ਼ਾਈਆਂ ਦੇ ਰਿਹਾ ਸੀ ਕਿ ਉਸ ਨੇ ਸਿਰਫ਼ ਆਪਣੀ ਗੇਂਦ ਹੀ ਚੁੱਕੀ ਹੈ। ਬੱਚੇ ਦੇ ਮਾਂ-ਬਾਪ ਵੀ ਆ ਗਏ, ਉਨ੍ਹਾਂ ਵੀ ਕਿਹਾ ਕਿ ਉਨ੍ਹਾਂ ਦਾ ਬੱਚਾ ਚੋਰੀ ਨਹੀਂ ਕਰ ਸਕਦਾ ਪਰ ਮੋਹਣਦਈ ਨਾ ਮੰਨੀ ਤੇ ਉਹਨੇ ਫ਼ੋਨ ਕਰਕੇ ਪੁਲੀਸ ਬੁਲਾ ਲਈ। ਪੁਣ-ਛਾਣ ਪਿੱਛੋਂ ਪੁਲੀਸ ਵਾਲਿਆਂ ਦਾ ਵੀ ਮੰਨਣਾ ਸੀ ਕਿ ਬੱਚਾ ਚੋਰੀ ਨਹੀਂ ਕਰ ਸਕਦਾ ਪਰ ਮੋਹਣਦਈ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ।
ਉੱਥੇ ਖੜ੍ਹੇ ਨੂੰ ਮੈਨੂੰ ਆਪਣੀ ਚਾਲੀ ਸਾਲ ਪੁਰਾਣੀ ਗੱਲ ਚੇਤੇ ਆ ਗਈ। ਅਸੀਂ ਚਾਰ ਦੋਸਤ ਹੁੰਦੇ ਸੀ- ਜਿਨ੍ਹਾਂ ਵਿਚ ਇਕ ਜੱਟਾਂ ਦਾ ਮੁੰਡਾ ਗੁਰਦੇਵ ਸਿੰਘ, ਸੁਨਿਆਰਿਆਂ ਦਾ ਮੁੰਡਾ ਅਸ਼ਵਨੀ, ਝੀਰਾਂ ਦਾ ਮੁੰਡਾ ਨਿੰਦਰ ਤੇ ਪੰਡਤਾਂ ਵਿਚੋਂ ਮੈਂ। ਅਸੀਂ ਇਕੱਠੇ ਹੀ ਖੇਡਦੇ, ਘੁੰਮਦੇ, ਪੜ੍ਹਦੇ। ਗਰਮੀਆਂ ਵਿਚ ਸਕੂਲ ਦੀਆਂ ਛੁੱਟੀਆਂ ਹੋ ਗਈਆਂ। ਉਦੋਂ ਕਿਹੜਾ ਅੱਜ ਵਾਂਗ ਮੋਬਾਈਲ ਫੋਨ ਹੁੰਦੇ ਸਨ ਕਿ ਸਵੇਰੇ ਉਠਦਿਆਂ ਸਾਰ ਚਲਾਉਣੇ ਸ਼ੁਰੂ ਕਰ ਦਈਏ, ਉਦੋਂ ਤਾਂ ਬਸ ਬੰਟੇ ਖੇਡਦੇ ਜਾਂ ਪਤੰਗ ਉਡਾਉਂਦੇ ਹੁੰਦੇ ਸੀ। ਉਨ੍ਹਾਂ ਵੇਲਿਆਂ ਵਿਚ ਕਿਸਾਨ ਪਹੁ ਫੁਟਦਿਆਂ ਹੀ ਖੇਤੀਂ ਹਲ ਵਾਹੁਣ ਚਲੇ ਜਾਂਦੇ ਤੇ ਸੁਆਣੀਆਂ ਰੋਟੀ-ਟੁੱਕ ਵਿਚ ਰੁੱਝ ਜਾਂਦੀਆਂ ਸਨ। ਇਕ ਦਿਨ ਦੀ ਗੱਲ ਹੈ, ਅਸੀਂ ਸਵੇਰੇ ਸਵੇਰੇ ਪਤੰਗ ਉਡਾਉਣ ਲਈ ਸਾਡੇ ਚੁਬਾਰੇ ’ਤੇ ਇਕੱਠੇ ਹੋਏ। ਪਤੰਗ ਉਡਾਉਣ ਦੀ ਲਲਕ ਵਿਚ ਅਸੀਂ ਸਵੇਰ ਵੇਲੇ ਕੁਝ ਖਾਧਾ ਵੀ ਨਹੀਂ ਸੀ, ਸਾਡੇ ਉੱਤੇ ਤਾਂ ਸਿਰਫ਼ ਪਤੰਗ ਉਡਾਉਣ ਦਾ ਭੂਤ ਸਵਾਰ ਸੀ।
ਅਸੀਂ ਪਤੰਗ ਉਡਾਉਣ ਵਿਚ ਮਸਤ ਸਾਂ ਕਿ ਗੁਰਦੇਵ ਦੀ ਮਾਂ ਨੇ ਆਵਾਜ਼ ਮਾਰੀ, “ਪੁੱਤ ਰੋਟੀ ਖਾ ਲੈ, ਮੈਂ ਤੇਰੇ ਬਾਪੂ ਜੀ ਲਈ ਰੋਟੀ ਲੈ ਕੇ ਖੂਹ ’ਤੇ ਚੱਲੀ ਹਾਂ। ਨਾਲੇ ਰੋਟੀ ਖਾ ਕੇ ਦੁੱਧ ਵੀ ਪੀ ਲਵੀਂ।” ਥੋੜ੍ਹੀ ਦੇਰ ਬਾਅਦ ਜਦੋਂ ਉਸ ਨੂੰ ਭੁੱਖ ਲੱਗੀ ਤਾਂ ਅਸੀਂ ਆਪਣੀ ਪਤੰਗ ਉਤਾਰ ਕੇ ਉਸ ਦੇ ਘਰ ਚਲੇ ਗਏ। ਗੁਰਦੇਵ ਨੇ ਰੋਟੀ ਖਾਣ ਵੇਲੇ ਸਾਨੂੰ ਵੀ ਸੁਲ੍ਹਾ ਮਾਰੀ ਤੇ ਅਸੀਂ ਵੀ ਉਹਦੇ ਨਾਲ ਹੀ ਸ਼ੁਰੂ ਹੋ ਗਏ। ਰੋਟੀਆਂ ਪੰਜ ਤੇ ਅਸੀਂ ਚਾਰ ਜਣੇ। ਰੋਟੀਆਂ ਜਲਦੀ ਹੀ ਚਟਮ ਹੋ ਗਈਆਂ ਤੇ ਸਾਡੀ ਭੁੱਖ ਸ਼ਾਂਤ ਹੋਣ ਦੀ ਥਾਂ ਹੋਰ ਵਧ ਗਈ। ਉਹਨੇ ਕਾੜ੍ਹਨੀ ਵਿਚੋਂ ਆਪਣੇ ਵਾਸਤੇ ਦੁੱਧ ਦਾ ਗਲਾਸ ਕੱਢਣ ਵੇਲੇ ਸਾਡੇ ਲਈ ਵੀ ਇਕ ਇਕ ਗਲਾਸ ਕੱਢ ਲਿਆ। ਉਸ ਵੇਲੇ ਗਲਾਸ ਵੀ ਛੋਟੇ ਨਹੀਂ ਸਨ ਹੁੰਦੇ। ਦੋ ਦੋ ਗਲਾਸ ਪੀਣ ਬਾਅਦ ਦੇਖਿਆ ਤਾਂ ਕਾੜ੍ਹਨੀ ਅੱਧੀ ਤੋਂ ਵੱਧ ਖਾਲੀ ਸੀ। ਅਸੀਂ ਡਰਦਿਆਂ ਨੇ ਆਪੋ-ਆਪਣੇ ਗਲਾਸ ਧੋਤੇ ਤੇ ਕਾੜ੍ਹਨੀ ਵਿਚ ਜਿਹੜਾ ਥੋੜ੍ਹਾ ਜਿਹਾ ਦੁੱਧ ਬਚਿਆ ਸੀ, ਉਹ ਹੇਠਾਂ ਰੋੜ੍ਹ ਦਿੱਤਾ ਤੇ ਵਾਪਸ ਪਤੰਗ ਚੜ੍ਹਾਉਣ ਵਿਚ ਮਸਤ ਹੋ ਗਏ।
ਗੁਰਦੇਵ ਦੀ ਮਾਂ ਵਾਪਸ ਆਈ ਤਾਂ ਦੇਖਿਆ ਕਿ ਕਾੜ੍ਹਨੀ ਮੂਧੀ ਪਈ ਹੈ, ਵਿਚ ਦੁੱਧ ਵੀ ਨਹੀਂ ਤੇ ਜ਼ਮੀਨ ਵੀ ਗਿੱਲੀ ਹੈ। ਉਹਨੇ ਇਹ ਸੋਚ ਲਿਆ ਕਿ ਕੋਈ ਬਿੱਲਾ ਦੁੱਧ ਪੀ ਗਿਆ ਹੋਣਾ ਤੇ ਬਾਕੀ ਬਚਦਾ ਜ਼ਮੀਨ ’ਤੇ ਡੁੱਲ੍ਹ ਗਿਆ ਹੋਵੇਗਾ। ਇਸ ਘਟਨਾ ਬਾਰੇ ਗੁਰਦੇਵ ਦੀ ਮਾਂ ਨੇ ਸ਼ਾਮ ਨੂੰ ਮੇਰੀ ਮਾਂ ਨਾਲ ਗੱਲ ਕੀਤੀ, “ਭੈਣ ਜੀ, ਅੱਜ ਬਿੱਲਾ ਸਾਡਾ ਦੁੱਧ ਪੀ ਗਿਆ।” ਇਹ ਗੱਲ ਮੈਂ ਸੁਣ ਲਈ ਤੇ ਆਪਣੇ ਦੋਸਤਾਂ ਨਾਲ ਸਾਂਝੀ ਵੀ ਕੀਤੀ। ਬੱਸ ਫਿਰ ਕੀ ਸੀ, ਉਸ ਦਿਨ ਤੋਂ ਬਾਅਦ ਜਦੋਂ ਵੀ ਅਸੀਂ ਪਤੰਗ ਚੜ੍ਹਾਉਂਦੇ ਤਾਂ ਤਾੜਦੇ ਰਹਿੰਦੇ ਕਿ ਕਿਹੜੀ ਸੁਆਣੀ ਭੱਤਾ ਲੈ ਕੇ ਖੇਤ ਗਈ ਹੈ। ਅਸੀਂ ਤੁਰੰਤ ਆਪਣੀ ਪਤੰਗ ਉਤਾਰਦੇ ਤੇ ਉਨ੍ਹਾਂ ਦੇ ਘਰ ਜਾ ਕੇ ਦੁੱਧ ਪੀ ਕੇ ਕਾੜ੍ਹਨੀ ਮੂਧੀ ਮਾਰ ਕੇ ਥੋੜ੍ਹਾ ਜਿਹਾ ਦੁੱਧ ਹੇਠਾਂ ਰੋੜ੍ਹ ਦਿੰਦੇ। ਤਕਰੀਬਨ ਹਰ ਘਰ ਸਾਡੇ ਨਿਸ਼ਾਨੇ ’ਤੇ ਆਇਆ। ਦਿਨਾਂ ਵਿਚ ਹੀ ਮੁਹੱਲੇ ਵਿਚ ਚਰਚਾ ਹੋਣ ਲੱਗ ਪਈ ਕਿ ਕੋਈ ਬਿੱਲਾ ਦੁੱਧ ਪੀ ਜਾਂਦਾ। ਖੇਡ ਖੇਡ ਵਿਚ ਸਾਡੀਆਂ ਮੌਜਾਂ ਲੱਗੀਆਂ ਹੋਈਆਂ ਸਨ।
ਇਕ ਦਿਨ ਜਦੋਂ ਇਕ ਸੁਆਣੀ ਭੱਤਾ ਲੈ ਕੇ ਜਾਣ ਲੱਗੀ ਤਾਂ ਅਸੀਂ ਝੱਟ ਆਪਣੀ ਪਤੰਗ ਉਤਾਰੀ ਅਤੇ ਕੋਠੇ ਟੱਪਦੇ ਉਹਦੇ ਘਰ ਜਾ ਵੜੇ। ਅਸੀਂ ਅਜੇ ਦੁੱਧ ਪੀ ਹੀ ਰਹੇ ਸੀ ਕਿ ਉਹ ਘਰ ਵਾਪਸ ਆ ਗਈ, ਇਤਫ਼ਾਕ ਇਹ ਹੋਇਆ ਕਿ ਉਹ ਲੱਸੀ ਦਾ ਡੋਲੂ ਲਿਜਾਣਾ ਭੁੱਲ ਗਈ ਸੀ। ਮੇਰੇ ਨਾਲ ਦੇ ਮੁੰਡੇ ਤਾਂ ਆਪੋ-ਆਪਣਾ ਗਿਲਾਸ ਸੁੱਟ ਕੇ ਪੌੜੀ ਚੜ੍ਹ ਕੇ ਭੱਜ ਗਏ, ਅਫ਼ਰਾ-ਤਫ਼ਰੀ ਵਿਚ ਮੈਂ ਪੌੜੀ ਚੜ੍ਹਨ ਲੱਗਾ ਤਾਂ ਲੱਕੜ ਦੀ ਪੌੜੀ ਵਿਚ ਮੇਰਾ ਪੈਰ ਤਿਲਕ ਗਿਆ ਤੇ ਮੈਂ ਪੌੜੀ ਵਿਚ ਫਸ ਗਿਆ। ਉਹਨੇ ਮੈਨੂੰ ਫੜ ਲਿਆ ਤੇ ਰੌਲਾ ਪਾ ਦਿੱਤਾ, “ਬਿੱਲਾ ਫੜ ਲਿਆ, ਬਿੱਲਾ ਫੜ ਲਿਆ।”
ਲਓ ਜੀ, ਸਾਰੀ ਬੀਹੀ ਇਕੱਠੀ ਹੋ ਗਈ ਤੇ ਮੈਨੂੰ ਫੜ ਕੇ ਉਹ ਬੀਹੀ ਵਿਚ ਲੈ ਆਈ, ਨਾਲ ਹੀ ਬਾਕੀ ਦੋਸਤਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਪਿੰਡ ਦੇ ਮੋਹਤਬਰਾਂ ਨੇ ਉੱਥੇ ਸੱਦ ਲਿਆ। ਸਾਨੂੰ ਲਾਹਣਤਾਂ ਤਾਂ ਸਭ ਨੇ ਪਾਈਆਂ ਪਰ ਮਾਰਿਆ ਕਿਸੇ ਨੇ ਨਹੀਂ। ਉਸ ਔਰਤ ਵੱਲੋਂ ਆਪਣੇ ਘਰਵਾਲੇ ਲਈ ਭੱਤਾ ਨਾ ਲਿਜਾ ਸਕਣ ਕਾਰਨ ਉਸ ਦਾ ਘਰਵਾਲਾ ਭੁੱਖ ਦਾ ਮਾਰਿਆ ਜਦੋਂ ਘਰ ਆਇਆ ਤਾਂ ਆਪਣੇ ਘਰ ਇਕੱਠ ਦੇਖ ਕੇ ਉਸ ਨੇ ਆਪਣੀ ਪਤਨੀ ਨੂੰ ਪੁੱਛਿਆ, “ਕੀ ਗੱਲ ਹੋ’ਗੀ?” ਪਤਨੀ ਕਹਿੰਦੀ, “ਆਪਣੇ ਮੁਹੱਲੇ ਦੀਆਂ ਕਾੜ੍ਹਨੀਆਂ ਵਿਚੋਂ ਜਿਹੜੇ ਬਿੱਲੇ ਦੁੱਧ ਪੀ ਜਾਂਦੇ ਸਨ, ਉਹ ਆਹੀ ਭੁੱਚਰ ਨੇ।” ਪੈਂਦੀ ਸੱਟੇ ਉਸ ਦੇ ਘਰਵਾਲੇ ਨੇ ਇਕ ਨਜ਼ਰ ਸਾਡੇ ਵੱਲ ਦੇਖਿਆ ਤੇ ਹੱਸ ਕੇ ਸਾਨੂੰ ਕਿਹਾ, “ਚਲੋ ਭੱਜੋ, ਮੁੜ ਕੇ ਨਾ ਇਹੋ ਜਾ ਕੰਮ ਕਰਿਓ।”
ਇਸ ਤੋਂ ਬਾਅਦ ਅਸੀਂ ਕੰਨਾਂ ਨੂੰ ਹੱਥ ਲਾਏ ਕਿ ਅਜਿਹਾ ਕੰਮ ਨਹੀਂ ਕਰਾਂਗੇ। ਉਸ ਭਲੇਮਾਣਸ ਦਾ ਚੇਤਾ ਦਿਲ ਵਿਚ ਵੱਸਿਆ ਹੋਇਆ ਹੈ। ਹੁਣ ਤਾਂ ਉਨ੍ਹਾਂ ਵੇਲਿਆਂ ਅਤੇ ਮੋਹ ਭਰੇ ਦਰਿਆ ਦਿਲ ਲੋਕਾਂ ਦੀਆਂ ਯਾਦਾਂ ਹੀ ਰਹਿ ਗਈਆਂ ਹਨ!
ਸੰਪਰਕ: 97800-31626