ਚਰਨਜੀਤ ਸਿੰਘ ਰਾਜੌਰ
ਕਾਕਾ ਤੇਰੀ ਜਾਤ ਕੀ ਆ, ਰੋਜ ਆ ਜਾਨਾ ਏਂ ਸਾਡੇ ਜਵਾਕਾਂ ਨਾਲ ਖੇਡਣ।’ ਉਸ ਦਿਨ ਮੈਂ ਇਹ ‘ਜਾਤ’ ਸ਼ਬਦ ਪਹਿਲੀ ਵਾਰ ਸੁਣਿਆ ਸੀ। ਪਰ ਇਹ ਗੱਲ ਭੁੱਲ ਕੇ ਮੈਂ ਫਿਰ ਉਨ੍ਹਾਂ ਦੇ ਬਰੈਂਡਡ ਕੱਪੜਿਆਂ ਵਾਲੇ ਜਵਾਕਾਂ ਨਾਲ ਖੇਡਣ ਲੱਗਾ। ਮੇਰੇ ਹਿੱਸੇ ਦੀ ਖੇਡ ਸਿਰਫ ਉਨ੍ਹਾਂ ਮੇਰੀ ਹੀ ਉਮਰ ਦੇ ਬੱਚਿਆਂ ਵੱਲੋਂ ਬੱਲੇ ਨਾਲ ਮਾਰੀ ਗੇਂਦ ਚੁੱਕ ਕੇ ਲਿਆਉਣਾ ਸੀ, ਜਿਸ ਵਿੱਚ ਕਦੇ ਮੈਨੂੰ ਬੌਲ ਨਾਲੀ ਵਿੱਚੋਂ ਚੁੱਕਣੀ ਪੈਂਦੀ, ਕਦੇ ਗੁਆਂਢੀਆਂ ਦੇ ਘਰੇ ਚੋਰੀ-ਚੋਰੀ ਵੜ ਕੇ। ਉਹ ਸਭ ਕੋਠੀ ਵਾਲੇ ਮੇਰੇ ਹਾਣੀ ਮੇਰੀ ਇਸ ਗੱਲ ’ਤੇ ਹੱਸਦੇ ਵੀ ਬਹੁਤ। ਪਰ ਮੈਨੂੰ ਤਾਂ ਆਪਣੀ ਖੇਡ ਨਾਲ ਮਤਲਬ ਸੀ। ਮੈਨੂੰ ਇਹੋ ਆਪਣੀ ਵਾਰੀ ਲੱਗਦੀ।
ਪਤਾ ਨਹੀਂ ਕਿਵੇਂ ਇੱਕ ਸਾਂਝ ਜੇਹੀ ਹੀ ਪੈ ਗਈ ਸੀ ਉਸ ਮੁਹੱਲੇ ਦੇ ਜਵਾਕਾਂ ਨਾਲ ਜਦਕਿ ਉਹ ਮੇਰੇ ਵੱਲ ਕੋਈ ਖਾਸ ਧਿਆਨ ਨਾ ਦਿੰਦੇ ਪਰ ਮੇਰਾ ਧਿਆਨ ਸਿਰਫ਼ ਉਨ੍ਹਾਂ ਵੱਲ ਹੁੰਦਾ। ਸਵੇਰੇ ਮਾਂ ਰੋਟੀ ਬਣਾ ਕੇ ਕੰਮ’ ਤੇ ਚਲੀ ਜਾਂਦੀ, ਬਾਪੂ ਦਿਹਾੜੀ ’ਤੇ, ਮੈਂ ਸਕੂਲੇ। ਪਰ ਮੈਨੂੰ ਕਾਹਲ ਉਸ ਮੁਹੱਲੇ ਵੱਲ ਜਾਣ ਦੀ ਰਹਿੰਦੀ। ਸਕੂਲੋਂ ਆ ਕੇ ਮੈਂ ਉਨ੍ਹਾਂ ਆਪਣੇ ਹਾਣਦਿਆਂ ਕੋਲ ਚਲਿਆ ਜਾਂਦਾ। ਉਨ੍ਹਾਂ ਦੀ ਖੇਡ ਦਾ ਹਿੱਸਾ ਬਣਦਾ ਪਰ ਕਦੇ ਉਨ੍ਹਾਂ ਨਾਲ ਖੇਡਣ ਵਾਲਾ ਸਾਥੀ ਨਾ ਬਣ ਸਕਿਆ। ਫਿਰ ਇੱਕ ਦਿਨ ਕੋਈ ਖੇਡਣ ਲਈ ਬਾਹਰ ਨਾ ਆਇਆ। ਮੈਂ ਉਸ ਗਲੀ ਵਿੱਚ ਬੜੇ ਗੇੜੇ ਮਾਰੇ, ਮੇਰੇ ਦਿਲ ਵਿੱਚ ਖੋਹ ਪੈ ਰਹੀ ਸੀ। ਬਰਦਾਸ਼ਤ ਨਾ ਹੋਇਆ ਤੇ ਮੈਂ ਉਸ ਘਰ ਦਾ ਗੇਟ ਖੋਲ੍ਹ ਕੇ ਸਿੱਧਾ ਅੰਦਰ ਵੜ ਗਿਆ। ਅੰਦਰ ਵੜਨ ਸਾਰ ਕੌੜੀ ਜਹੀ ਅਵਾਜ਼ ਮੇਰੇ ਕੰਨੀਂ ਵਿੱਚ ਪਈ। ‘‘ਵੇ ਇੱਕ ਆਹ ਵਿਹੜੇ ਵਾਲਿਆਂ ਦਾ ਕੰਜਰ ਨੀ ਪਿੱਛਾ ਛੱਡਦਾ ਸਾਡੇ ਜਵਾਕਾਂ ਦਾ, ਹੁਣ ਇਨ੍ਹਾਂ ਨਾਲ ਖੇਡਿਆ ਕਰਨਗੇ ਕੀ ਸਾਡੇ ਜਵਾਕ? ਨੀ ਕਿੱਥੇ ਆ ਹੈਰੀ ਦੀ ਮੰਮੀ..? ਕੱਢ.. ਇਸ ਨੂੰ ਧੱਕੇ ਮਾਰ ਕੇ ਬਾਹਰ।”
ਤੁਰਤ ਇਕ ਔਰਤ ਰਸੋਈ ਵਿੱਚੋਂ ਨਿਕਲ ਕੇ ਸਿੱਧਾ ਮੇਰੇ ਵੱਲ ਭੱਜ ਕੇ ਆਈ, ਮੈਂ ਡਰ ਗਿਆ, ਉਸ ਨੇ ਆਉਂਦੀ-ਆਉਂਦੀ ਨੇ ਖੌਰੇ ਮੈਨੂੰ ਕਿੰਨੀਆਂ ਹੀ ਗਾਲ੍ਹਾਂ ਕੱਢ ਦਿੱਤੀਆਂ ਅਤੇ ਮੇਰਾ ਕੰਨ ਪੁੱਟਦੀ ਹੋਈ ਮੈਨੂੰ ਗੁੱਸੇ ’ਚ ਬੋਲੀ, “ਦੇਖ ਵੇ ਤੇਰਾ ਤੇ ਸਾਡੇ ਜਵਾਕਾਂ ਦਾ ਕੋਈ ਮੇਲ ਨਹੀਂ ਹੈ। ਅੱਜ ਤੋਂ ਬਾਅਦ ਨਾ ਇਸ ਗਲੀ ਵਿੱਚ ਦਿਖ ਜਾਵੀਂ, ਨਹੀਂ ਸਾਰੇ ਟੱਬਰ ਨੂੰ ਪੁਲਸ ‘ਚ ਫੜਾਦੂੰ, ਭਾਈ ਮੇਰਾ ਅਫਸਰ ਆ ਪੁਲਸ ‘ਚ, ਤੈਨੂੰ ਕਰਦੂ ਸਿੱਧਾ।” ਉਂਝ ਮੈਨੂੰ ਅਜੇ ਤੱਕ ਇਹ ਗੱਲ ਨਹੀਂ ਸਮਝ ਆਈ ਕਿ ਉਹ ਔਰਤ ਬੋਲਦੀ ਹੋਈ ਹੱਥ ਤਾਂ ਮੇਰੇ ਵੱਲ ਕਰ ਰਹੀ ਸੀ ਪਰ ਸੜਿਆ ਜਿਹਾ ਮੂੰਹ ਬਣਾ ਕੇ ਕਚੀਚੀਆਂ ਆਪਣੀ ਸੱਸ ਵੱਲ ਵੇਖ ਕੇ ਕਿਓਂ ਲੈ ਰਹੀ ਸੀ। ਉਸਨੇ ਮੈਨੂੰ ਕੰਨੋਂ ਫੜ ਕੇ ਗੇਟ ਤੋਂ ਬਾਹਰ ਧੱਕਦਿਆਂ ਕਿਹਾ, “ਹੁਣ ਸਾਡੇ ਜਵਾਕਾਂ ਦੇ ਪੱਕੇ ਪੇਪਰ ਸ਼ੁਰੂ ਨੇ, ਹੁਣ ਉਨ੍ਹਾਂ ਨੇ ਪੜ੍ਹਨਾ ਹੁੰਦਾ। ਖਬਰਦਾਰ ਜੇ ਮੁੜ ਗਲੀ ਵਿੱਚ ਦਿਖਿਆ ਤਾਂ।”
ਪੇਪਰ ਤਾਂ ਮੇਰੇ ਵੀ ਸ਼ੁਰੂ ਹੋਣ ਵਾਲੇ ਸਨ ਪਰ ਮੇਰੇ ਮਨ ਵਿੱਚ ਕਦੇ ਇਸ ਤਰ੍ਹਾਂ ਪੜ੍ਹਨ ਦਾ ਖਿਆਲ ਆਇਆ ਹੀ ਨਹੀਂ ਸੀ। ਮੈਂ ਉੱਥੋਂ ਭੱਜਿਆ ਘਰ ਨੂੰ ਗਿਆ ਤੇ ਬਸਤਾ ਖੋਲ੍ਹ ਕੇ ਬਹਿ ਗਿਆ ਪੜ੍ਹਨ, ਹੁਣ ਮੈਂ ਦਿਨ-ਰਾਤ ਪੜ੍ਹਦਾ ਹੀ ਰਹਿੰਦਾ। ਹਫਤੇ ਵਿੱਚ ਮੈਂ ਸਾਰੇ ਸਿਲੇਬਸ ਦੀ ਦੁਹਰਾਈ ਕਰ ਲਈ ਸੀ। ਇਮਤਿਹਾਨ ਹੋਏ ਨਤੀਜਾ ਆਇਆ ਤਾਂ ਸਭ ਹੈਰਾਨ ਸਨ , ਮੈਂ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਇਆ ਸੀ। ਪਹਿਲਾਂ ਤਾਂ ਪੜ੍ਹਨ ਦਾ ਪਤਾ ਹੀ ਨਹੀਂ ਸੀ ਪਰ ਉਸ ਦਿਨ ਉਨ੍ਹਾਂ ਵੱਡੇ ਘਰ ਵਾਲੀਆਂ ਔਰਤਾਂ ਨੇ ਭਾਵੇਂ ਗਾਲ੍ਹਾਂ ਕੱਢ ਕੇ ਹੀ ਪਰ ਮੇਰੇ ਵਿੱਚ ਸੋਚਣ ਦੀ ਸ਼ਕਤੀ ਪੈਦਾ ਕਰ ਦਿੱਤੀ। ਵਿਹੜੇ ਦੇ ਕੁਝ ਹੋਰ ਬੱਚੇ ਵੀ ਮੇਰ ਕੋਲ ਆ ਕੇ ਪੜ੍ਹਨ ਲੱਗਦੇ। ਮੈਂ ਹੁਣ ਬਹੁਤ ਪੜ੍ਹਦਾ, ਪਿੰਡ ਦੇ ਸਕੂਲ ਤੋਂ ਸ਼ਹਿਰ ਦੇ ਸਕੂਲ ਫਿਰ ਕਾਲਜ ਅਤੇ ਫਿਰ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਹੋਸਟਲ ਵਿੱਚ ਰਹਿੰਦਿਆਂ ਦੂਜੀ ਵਾਰ ਮੈਨੂੰ ਇਹ ਜਾਤ-ਪਾਤ ਵਰਗੇ ਸ਼ਬਦ ਸੁਣਨ ਨੂੰ ਮਿਲੇ ਅਤੇ ਹੁਣ ਮੈਂ ਸਮਝ ਚੁੱਕਾ ਸੀ ਕਿ ਪੜ੍ਹਾਈਆਂ ਤਾਂ ਬੰਦੇ ਦੇ ਦਿਮਾਗ ਵਿੱਚ ਫਸੇ ਇਨ੍ਹਾਂ ਜਾਤਾਂ-ਜਮਾਤਾਂ ਦੇ ਮੈਲ ਨੂੰ ਹੋਰ ਪੱਕਾ ਕਰਕੇ ਪੜ੍ਹਨ ਵਾਲਿਆਂ ਦੇ ਮਨਾਂ ਤੇ ਇਸ ਦੀ ਇੱਕ ਪੱਕੀ ਪਰਤ ਬਣਾ ਦਿੰਦੀਆਂ ਹਨ ਅਤੇ ਇਨ੍ਹਾਂ ਨੂੰ ਕੱਟੜ ਬਣਾ ਕੇ ਰੱਖ ਦਿੰਦਿਆਂ ਹਨ। ਮਜ਼ਾਲ ਆ ਕੋਈ ਵਿਦਿਆਰਥੀ ਆਪਣੀ ਵਿਚਾਰਧਾਰਾ ਦੇ ਖ਼ਿਲਾਫ਼ ਕੋਈ ਸ਼ਬਦ ਵੀ ਸੁਣ ਲਵੇ। ਪਰ ਮੈਂ ਆਪਣੇ ਆਪ ਨੂੰ ਸੰਤੁਲਿਤ ਰੱਖਣ ਦੀ ਕੋਸ਼ਿਸ਼ ਵਿੱਚ ਚਲਦਾ ਰਿਹਾ। ਹੁਣ ਵੀ ਕਈ ਵਾਰ ਉਨ੍ਹਾਂ ਕੋਠੀ ਵਾਲਿਆਂ ਦੀ ਬੀਬੀ ਤੋਂ ਜਦੋਂ ਮੈਂ ਇਹ ‘ਜਾਤ’ ਸ਼ਬਦ ਸੁਣਿਆ ਸੀ, ਉਹ ਕਿੱਸਾ ਯਾਦ ਆ ਜਾਂਦਾ ਹੈ। ਯੂਨੀਵਰਸਿਟੀ ਰਹਿੰਦਿਆਂ ਮੈਂ ਸਮਝ ਚੁੱਕਿਆ ਸੀ ਕਿ ਉਦੋਂ ਉਹ ਕੋਠੀ ਵਾਲੇ ਮੇਰੇ ਹਾਣ ਦੇ ਜਵਾਕ ਮੈਥੋਂ ਸਿਰਫ਼ ਬੌਲਾਂ ਹੀ ਕਿਉਂ ਚੁਕਵਾਂਉਂਦੇ ਸਨ।
ਯੂਨੀਵਰਸਿਟੀ ਪੜ੍ਹਦਿਆਂ ਹੀ ਸਰਕਾਰੀ ਅਧਿਆਪਕ ਲੱਗ ਗਿਆ। ਪਿੰਡ ਚੰਗੀ ਕੋਠੀ ਪਾ ਲਈ ਹੈ, ਵਿਆਹ ਵੀ ਸਰਕਾਰੀ ਅਧਿਆਪਿਕਾ ਨਾਲ ਹੋ ਗਿਆ। ਹੁਣ ਜਵਾਕ ਵੀ ਚੰਗਾ ਕੱਪੜਾ ਲੀੜਾ ਪਹਿਨਦੇ ਨੇ। ਇੱਕ ਦਿਨ ਮੈਂ ਵੇਖਿਆ ਕਿ ਘਰ ਦੇ ਬਾਹਰ ਦੋਵੇਂ ਬੱਚੇ ਕ੍ਰਿਕਟ ਖੇਡ ਰਹੇ ਹਨ ਤੇ ਬਾਕੀ ਲਿੱਬੜੇ-ਤਿੱਬੜੇ ਜਵਾਕ ਉਸੇ ਤਰ੍ਹਾਂ ਹੀ ਬੌਲਾਂ ਚੁੱਕ-ਚੁੱਕ ਫੜਾ ਰਹੇ ਨੇ ਜਿਵੇਂ ਕਦੇ ਮੈਂ ਫੜਾਉਂਦਾ ਸੀ। ਮੈਂ ਗੁੱਸੇ ਅਤੇ ਸ਼ਰਮਿੰਦਗੀ ਨਾਲ ਭਰਿਆ ਖੇਡ ਰਹੇ ਜਵਾਕਾਂ ਕੋਲ ਪਹੁੰਚਿਆ ਹੀ ਸੀ ਕਿ ਐਨੇ ਨੂੰ ਮੇਰੀ ਅਧਿਆਪਕਾ ਪਤਨੀ ਘਰੋਂ ਬਾਹਰ ਆ ਕਿ ਦੂਜੇ ਜਵਾਕਾਂ ਨੂੰ ਗੁੱਸੇ ਨਾਲ ਤਾੜਣ ਲੱਗੀ, ‘‘ਆਪਣੇ ਘਰੇ ਨੀ ਖੇਡਿਆ ਜਾਂਦਾ ਤੁਹਾਡੇ ਤੋਂ, ਇੱਧਰ ਕੀ ਆ, ਥੋਡੇ ਘਰ ਦੇ ਨਹੀਂ ਕੁੱਝ ਕਹਿੰਦੇ ਤੁਹਾਨੂੰ, ਸਾਰਾ ਦਿਨ ਫਿਰੀ ਜਾਨੇ ਓ। ਘਰਦੇ ਤੁਹਾਡੇ ਦਿਹਾੜੀਆਂ ਹੀ ਕਰਦੇ ਹੋਣੇ, ਤੁਹਾਡਾ ਸਾਡਾ ਕੋਈ ਮੇਲ ਨਹੀਂ ਹੈ, ਚਲੋ, ਚਲੋ, ਨਿਕਲੋ ਇਥੋਂ ਸਾਡੇ ਜਵਾਕਾਂ ਨਾਲ ਨਹੀਂ ਖੇਡਣਾ!”
ਮੈਂ ਬਹੁਤ ਦੁਬਿਧਾ ਵਿੱਚ ਫਸ ਗਿਆ। ਬੱਚਿਆਂ ਦੇ ਪੇਪਰ ਵੀ ਸ਼ੁਰੂ ਹੋਣ ਵਾਲੇ ਨੇ, ਬੱਚਿਆਂ ਨੂੰ ਅੰਦਰ ਬੁਲਾ ਲਵਾਂ ਜਾਂ ਉਨ੍ਹਾਂ ਮੈਲ਼ੇ ਕੱਪੜਿਆਂ ਵਾਲੇ ਜਾਵਕਾਂ ਨੂੰ ਵੀ ਬੱਲਾ ਫੜਾ ਕੇ ਖੇਡਣ ਦਾ ਮੌਕਾ ਦੇਵਾਂ ਜਾਂ ਉਨ੍ਹਾਂ ਨੂੰ ਭਜਾ ਦਵਾਂ। ਭਜਾਵਾਂਗਾ ਤਾਂ ਕੋਈ ਗਰੰਟੀ ਨਹੀਂ ਕਿ ਉਹ ਉਹੀ ਗੱਲ ਮਹਿਸੂਸ ਕਰ ਜਾਣ ਜੋ ਬਚਪਨ ਵਿੱਚ ਮੈਂ ਕੀਤੀ ਤੇ ਅੱਜ ਆਪਣੇ ਪੈਰਾਂ ’ਤੇ ਖੜ੍ਹਾ ਹਾਂ। ਬੱਚਿਆਂ ਨੂੰ ਅੰਦਰ ਭੇਜ ਦਿੱਤਾ ਤਾਂ ਕੀ ਫ਼ਰਕ ਰਹਿ ਜਾਵੇਗਾ ਮੇਰੇ ਤੇ ਉਨ੍ਹਾਂ ਵੱਡੇ ਘਰਾਂ ਵਾਲਿਆਂ ਵਿੱਚ। ਮੈਂ ਗੁੱਸੇ ਨਾਲ ਭਰੀ ਪਤਨੀ ਨੂੰ ਕਿਹਾ ਕਿ ਉਹ ਅੰਦਰ ਚਲੀ ਜਾਵੇ, ਮੈਂ ਲੈ ਕੇ ਆਉਣਾਂ ਜਵਾਕਾਂ ਨੂੰ। ਘਰਵਾਲੀ ਮੂੰਹ ਵਿੱਚ ਬੁੜਬੁੜਾਉਂਦੀ ਅੰਦਰ ਚਲੀ ਗਈ। ਮੈਂ ਫੜਿਆ ਬੈਟ ਅਤੇ ਲੱਗ ਪਿਆ ਖੇਡਣ। ਹੁਣ ਦੋ ਟੀਮਾਂ ਬਣਾ ਲਈਆਂ, ਵਾਰੋ-ਵਾਰੀ ਸਭ ਨੇ ਬਾਲਿੰਗ ਤੇ ਬੱਲੇਬਾਜ਼ੀ ਕੀਤੀ। ਮੇਰੇ ਬੱਚਿਆਂ ਨੇ ਵੀ ਇੰਝ ਖੇਡਣ ਦਾ ਖੂਬ ਆਨੰਦ ਉਠਾਇਆ ਅਤੇ ਉਨ੍ਹਾਂ ਕਿਰਤੀਆਂ ਦੇ ਜਵਾਕਾਂ ਨੇ ਵੀ। ਅੱਜ ਮੈਨੂੰ ਇਹ ਜਵਾਕ ਕੁੱਝ ਸੰਤੁਸ਼ਟ ਜਹੇ ਲੱਗੇ। ਖੇਡਣ ਤੋਂ ਬਾਅਦ ਮੈਂ ਉਨ੍ਹਾਂ ਸਭ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਅਤੇ ਆਪਣੇ ਬੱਚਿਆਂ ਦੇ ਇਮਤਿਹਾਨਾਂ ਬਾਰੇ ਦੱਸਦਿਆਂ ਉਨ੍ਹਾਂ ਨੂੰ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਕਹਿ ਕੇ, ਇਮਤਿਹਾਨਾਂ ਤੋਂ ਬਾਅਦ ਫਿਰ ਖੇਡਣ ਦਾ ਵਾਅਦਾ ਕਰਦਿਆਂ ਉਨ੍ਹਾਂ ਨੂੰ ਆਪਣੇ-ਆਪਣੇ ਘਰ ਜਾਣ ਲਈ ਕਹਿ ਦਿੱਤਾ।
ਉਨ੍ਹਾਂ ਨੂੰ ਖੁਸ਼ੀ ਵਿੱਚ ਭੱਜੇ ਜਾਂਦੇ ਵੇਖ ਮੈਂ ਸੋਚ ਰਿਹਾ ਸੀ ਕਿ ਵਿਤਕਰਾ ਸਮਾਜ ਦੀਆਂ ਨਸਾਂ ਵਿੱਚ ਲਹੂ ਵਾਂਗ ਦੌੜ ਰਿਹਾ ਹੈ। ਉਸ ਸਮੇਂ ਵਿਤਕਰਾ ਜਾਤ ਦੇ ਨਾਮ ’ਤੇ ਹੋਇਆ ਅਤੇ ਅੱਜ ਜਮਾਤ ਦੇ ਨਾਮ ’ਤੇ ਹੋ ਰਿਹਾ ਸੀ। ਮੈਂ ਸੋਚ ਰਿਹਾ ਹਾਂ ਕਿ ਇੱਕ ਕੋਸ਼ ਲਿਖਾਂ ਜਿਸ ਵਿੱਚ ਜਾਤ, ਜਮਾਤ, ਵਿਤਕਰਾ, ਕੱਟੜਤਾ, ਊਚ-ਨੀਚ, ਕਮਜ਼ਾਤ, ਕਮੀਨ, ਸਾੜਾ ਵਰਗੇ ਹੋਰ ਸ਼ਬਦਾਂ ਨੂੰ ਖ਼ਤਮ ਕਰਕੇ ਮਿਹਨਤ, ਸੱਚਾਈ, ਬਰਾਬਰੀ ਅਤੇ ਆਤਮ ਵਿਸ਼ਵਾਸ ਜਿਹੇ ਸ਼ਬਦਾਂ ਨੂੰ ਨਵੇ ਸਿਰੇ ਤੋਂ ਪ੍ਰੀਭਾਸ਼ਿਤ ਕਰਾਂ।
ਸੰਪਰਕ: 84279-29558