ਪ੍ਰਿੰਸੀਪਲ ਵਿਜੈ ਕੁਮਾਰ
ਕਾਫੀ ਸਾਲ ਪਹਿਲਾਂ ਸਕੂਲ ਦੇ ਕਿਸੇ ਕੰਮ ਮੁਹਾਲੀ ਸਿੱਖਿਆ ਬੋਰਡ ਦੇ ਦਫਤਰ ਵਿਚ ਗਿਆ ਹੋਇਆ ਸਾਂ। ਮੁੜ ਕੇ ਘਰ ਆਉਣ ਅਤੇ ਚਾਹ ਦਾ ਘੁੱਟ ਛਕਣ ਤੋਂ ਬਾਅਦ ਪਤਨੀ ਨੇ ਮਕਾਨ ਦੀ ਚੱਠ ਦਾ ਕਾਰਡ ਅਤੇ ਕਾਜੂ ਦੀ ਬਰਫੀ ਵਾਲਾ ਡੱਬਾ ਦਿਖਾਉਂਦਿਆਂ ਸਵਾਲ ਕੀਤਾ, “ਤੁਸੀਂ ਇਸ ਮੁੰਡੇ ਨੂੰ ਜਾਣਦੇ ਹੋ?” ਕਾਰਡ ਪੜ੍ਹ ਕੇ ਦਿਮਾਗ ਉੱਤੇ ਬਹੁਤ ਜ਼ੋਰ ਪਾਇਆ ਕਿ ਉਸ ਮੁੰਡੇ ਦੀ ਸ਼ਨਾਖ਼ਤ ਕਰ ਸਕਾਂ ਪਰ ਸਫਲ ਨਾ ਹੋ ਸਕਿਆ। ਅਖ਼ੀਰ ਇਹ ਕਹਿ ਕੇ ਸੋਚਣਾ ਛੱਡ ਦਿੱਤਾ, “ਕੋਈ ਵਿਦਿਆਰਥੀ ਹੋਵੇਗਾ ਮੇਰਾ। ਦੇਖਾਂਗੇ, ਜੇ ਸਮਾਂ ਮਿਲਿਆ ਤਾਂ ਜਾ ਵੀ ਆਵਾਂਗੇ।” ਪਤਨੀ ਬੋਲੀ, “ਨਾ ਜੀ, ਮੁੰਡੇ ਨੇ ਦੋਵੇਂ ਹੱਥ ਜੋੜ ਕੇ ਕਿਹਾ ਸੀ ਕਿ ਸਰ ਨੂੰ ਮੇਰੇ ਵੱਲੋਂ ਕਹਿਣਾ ਕਿ ਸਾਡੇ ਘਰ ਦੀ ਚੱਠ ’ਤੇ ਤੁਸੀਂ ਦੋਵਾਂ ਨੇ ਜ਼ਰੂਰ ਪਹੁੰਚਣਾ ਏ।” ਮੈਂ ਚੱਠ ਵਾਲੀ ਤਰੀਕ ਅਤੇ ਦਿਨ ਤਾਂ ਜ਼ਰੂਰ ਪੜ੍ਹ ਲਏ ਪਰ ਜਾਣ ਦਾ ਮਨ ਨਹੀਂ ਬਣਾਇਆ। ਉਂਝ, ਮਨ ਅੰਦਰ ਇਹ ਵਿਚਾਰ ਉੱਠ ਰਿਹਾ ਸੀ ਕਿ ਘਰ ਤੋਂ ਦੂਰ ਪਿੰਡ ਵਿਚ ਜਾਣਾ ਪਵੇਗਾ ਤੇ ਹਰ ਵਿਦਿਆਰਥੀ ਦੇ ਘਰ ਜਾਇਆ ਵੀ ਨਹੀਂ ਜਾ ਸਕਦਾ। ਮਕਾਨ ਦੀ ਚੱਠ ਨੂੰ ਅਜੇ ਪੂਰਾ ਹਫਤਾ ਪਿਆ ਸੀ।
ਇੱਕ ਦਿਨ ਘਰ ਦੇ ਵਿਹੜੇ ਵਿਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ, ਦਰਵਾਜ਼ੇ ’ਤੇ ਲਾਈ ਟੱਲੀ ਖੜਕੀ। ਦਰਵਾਜ਼ਾ ਖੋਲ੍ਹਿਆ ਤਾਂ ਅੱਗਿਓਂ ਇੱਕ ਨੌਜਵਾਨ ਨੇ ਗੋਡੇ ਨਹੀਂ ਸਗੋਂ ਪੈਰੀਂ ਹੱਥ ਲਗਾਇਆ, “ਸਰ, ਤੁਸੀਂ ਮੈਨੂੰ ਪਛਾਣਿਆ?” ਉਸ ਦੇ ਸਵਾਲ ਨੇ ਮਕਾਨ ਦੀ ਚੱਠ ਵਾਲਾ ਕਾਰਡ ਤੇ ਕਾਜੂ ਦੀ ਬਰਫੀ ਵਾਲਾ ਡੱਬਾ ਅੱਖਾਂ ਸਾਹਮਣੇ ਲਿਆ ਦਿੱਤੇ। ਫਿਰ ਵੀ ਉਹ ਮੇਰੀ ਪਛਾਣ ਵਿਚ ਨਹੀਂ ਸੀ ਆਇਆ। ਮੈਂ ਉਹਨੂੰ ਚਾਹ ਦੇ ਕੱਪ ਦਾ ਸੱਦਾ ਦਿੰਦਿਆਂ ਅੰਦਰ ਆਉਣ ਲਈ ਕਿਹਾ ਅਤੇ ਉਹ ਕਾਹਲੀ ਵਿਚ ਹੋਣ ਦੇ ਬਾਵਜੂਦ ਅੰਦਰ ਆ ਗਿਆ। ਉਸ ਨੇ ਪਹਿਲਾਂ ਵਾਲਾ ਸਵਾਲ ਦੁਹਰਾਇਆ। ਮੇਰਾ ਜਵਾਬ ਵੀ ਬਦਲਿਆ ਨਹੀਂ ਸੀ, ਸੱਚਮੁੱਚ ਉਹ ਮੇਰੀ ਪਛਾਣ ਵਿਚ ਨਹੀਂ ਆ ਸਕਿਆ ਸੀ। ਉਹਨੇ ਆਪਣਾ ਨਾਂ ਦੱਸਿਆ, ਪਿੰਡ ਦਾ ਨਾਂ ਦੱਸਿਆ ਅਤੇ ਫਿਰ ਉਸ ਸਕੂਲ ਦਾ ਨਾਂ ਦੱਸਿਆ ਜਿੱਥੇ ਉਹ ਪੜ੍ਹਦਾ ਸੀ, ਤੇ ਮੈਂ ਪੜ੍ਹਾਉਂਦਾ ਸਾਂ। ਹੁਣ ਉਹ ਮੁੰਡਾ ਮੇਰੀ ਪਛਾਣ ਵਿਚ ਆ ਗਿਆ ਸੀ। ਮੈਂ ਅਸਲ ਵਿਚ ਉਸ ਦੀ ਜਮਾਤ ਦਾ ਇੰਚਾਰਜ ਅਧਿਆਪਕ ਸਾਂ। ਉਹ ਸੱਤਵੀਂ ਜਮਾਤ ਵਿਚ ਫੇਲ੍ਹ ਹੋ ਗਿਆ ਸੀ। ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਹਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਪੜ੍ਹੇ। ਉਨ੍ਹਾਂ ਨੂੰ ਇਹ ਖ਼ਬਰ ਨਹੀਂ ਸੀ ਕਿ ਮੁੰਡਾ ਸੱਤਵੀਂ ਤੱਕ ਵੀ ਰਿਆਇਤੀ ਪਾਸ ਹੁੰਦਾ ਰਿਹਾ ਸੀ। ਉਸ ਦੇ ਪਿਤਾ ਜੀ ਮੁੱਖ ਅਧਿਆਪਕ ਨਾਲ ਕਾਫੀ ਔਖੇ ਭਾਰੇ ਹੋਏ। ਮੈਂ ਉਸ ਦੇ ਪਿਤਾ ਜੀ ਨੂੰ ਬਿਠਾ ਕੇ ਸਮਝਾਇਆ ਕਿ ਇਹਨੂੰ ਪਾਸ ਤਾਂ ਕਰਵਾ ਦਿੰਦਾ ਹਾਂ ਪਰ ਇਹ ਅਨਪੜ੍ਹਾਂ ਵਰਗਾ ਹੀ ਹੋਵੇਗਾ। ਉਹ ਸਰਟੀਫਿਕੇਟ ਬੱਚੇ ਦੇ ਕਿਸ ਕੰਮ ਦਾ ਹੋਵੇਗਾ? ਚੰਗਾ ਹੋਵੇ, ਜੇ ਤੁਸੀਂ ਮੁੰਡੇ ਨੂੰ ਕੋਈ ਕੰਮ ਸਿਖਾ ਦਿਓ।
ਉਸ ਦਿਨ ਤੋਂ ਬਾਅਦ ਉਸ ਮੁੰਡੇ ਨੂੰ ਮੈਂ ਅੱਜ ਮਿਲ ਰਿਹਾ ਸਾਂ।
“ਲਗਦੈ, ਵਿਦੇਸ਼ ਜਾ ਕੇ ਚੰਗੇ ਨੋਟ ਕਮਾ ਲਏ ਆ!” ਉਹ ਬੜੀ ਮਹਿੰਗੀ ਗੱਡੀ ਵਿਚ ਆਇਆ ਸੀ ਤੇ ਗਲੇ ਵਿਚ ਸੋਨੇ ਦੀ ਮੋਟੀ ਚੇਨੀ ਅਤੇ ਉਂਗਲੀਆਂ ਵਿਚ ਸੋਨੇ ਦੀਆਂ ਮੁੰਦਰੀਆਂ ਪਾਈਆਂ ਹੋਈਆਂ ਸਨ। ਕਹਿਣ ਲੱਗਾ, “ਸਰ, ਮੈਂ ਪੜ੍ਹਾਈ ਛੱਡ ਕੇ ਦਿੱਲੀ ਚਾਚਾ ਜੀ ਕੋਲ ਜਾ ਕੇ ਕਾਰਾਂ ਦੀ ਮਕੈਨਕੀ ਸਿੱਖ ਲਈ। ਹੌਲੀ ਹੌਲੀ ਕੰਮ ਵਧਾ ਲਿਆ। ਕਾਰਾਂ ਦੇ ਪੁਰਜਿਆਂ ਦੀ ਦੁਕਾਨ ਪਾ ਲਈ। ਅੱਜ ਮੇਰੇ ਦਿੱਲੀ ਵਿਚ ਆਪਣੇ ਸ਼ੋਅ ਰੂਮ ਹਨ। ਬਾਪੂ ਜੀ ਦੀ ਇੱਛਾ ਸੀ ਕਿ ਪਿੰਡ ਵਧੀਆ ਕੋਠੀ ਹੋਵੇ। ਜੇ ਤੁਸੀਂ ਉਸ ਦਿਨ ਬਾਪੂ ਜੀ ਨੂੰ ਨਾ ਸਮਝਾਉਂਦੇ ਤਾਂ ਮੈਂ ਉਹੀ, ਖੇਤੀ ਕਰਦੇ ਹੋਣਾ ਸੀ।” ਉਹਨੇ ਜਾਂਦੇ ਹੋਏ ਨੇ ਮੁੜ ਜ਼ੋਰ ਪਾਇਆ, “ਸਰ, ਚੱਠ ’ਤੇ ਆਉਣਾ ਨਾ ਭੁੱਲਿਓ। ਬਾਪੂ ਜੀ ਨੇ ਵੀ ਤੁਹਾਨੂੰ ਉਚੇਚਾ ਆਉਣ ਲਈ ਕਿਹਾ ਹੈ।”
ਮੁੰਡੇ ਦੇ ਜਾਣ ਬਾਅਦ ਮੈਂ ਆਪਣੇ ਮੁਲਕ ਦੀ ਸਿੱਖਿਆ ਵਿਵਸਥਾ ਨੂੰ ਕੋਸ ਰਿਹਾ ਸਾਂ। ਜੇ ਬੱਚਿਆਂ ਨੂੰ ਉਨ੍ਹਾਂ ਦੀ ਦਿਲਚਸਪੀ ਅਤੇ ਯੋਗਤਾ ਮੁਤਾਬਿਕ ਰਾਹ ਪਾ ਦਿੱਤਾ ਜਾਵੇ ਤਾਂ ਉਹ ਬੇਰੁਜ਼ਗਾਰੀ ਦਾ ਸਿ਼ਕਾਰ ਹੋਣ ਤੋਂ ਬਚ ਸਕਦੇ ਹਨ ਤੇ ਕਮਾਲ ਕਰਕੇ ਦੱਸ ਸਕਦੇ ਹਨ। ਖ਼ੈਰ! ਅਸੀਂ ਦੋਵੇਂ ਉਨ੍ਹਾਂ ਦੇ ਮਕਾਨ ਦੀ ਚੱਠ ’ਤੇ ਚਾਈਂ ਚਾਈਂ ਪਹੁੰਚੇ। ਉਨ੍ਹਾਂ ਦੇ ਮਕਾਨ ਅਤੇ ਆਓ ਭਗਤ ਨੇ ਸਾਡਾ ਮਨ ਮੋਹ ਲਿਆ। ਉਨ੍ਹਾਂ ਨੇ ਘਰ ਮੁੜਦਿਆਂ ਵਿਆਹ ’ਤੇ ਆਉਣ ਲਈ ਵੀ ਕਹਿ ਦਿੱਤਾ ਸੀ।
ਸੰਪਰਕ: 98726-27136