1999 ਤੋਂ 2010 ਤੱਕ ਮੈਂ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਫ਼ਰੀਦਕੋਟ ਵਿਚ ਲੈਕਚਰਾਰ ਰਿਹਾ ਹਾਂ। ਉੱਥੇ ਸੈਕੰਡਰੀ ਸਕੂਲ ਅਧਿਆਪਕਾਂ ਦੇ ਸੇਵਾ-ਕਾਲੀਨ ਕੋਰਸ ਲੱਗਦੇ ਸਨ। ਪੁਰਾਣੇ ਜ਼ਿਲ੍ਹਾ ਫ਼ਰੀਦਕੋਟ ਦੇ ਹਿੱਸਾ ਰਹੇ ਹੁਣ ਦੋਵੇਂ ਜ਼ਿਲ੍ਹੇ ਮੋਗਾ ਅਤੇ ਮੁਕਤਸਰ ਦੇ ਅਧਿਆਪਕ ਵੀ ਕੋਰਸ ਵਿਚ ਹਿੱਸਾ ਲੈਣ ਲਈ ਉਥੇ ਆਇਆ ਕਰਦੇ ਸਨ। ਸੰਸਥਾ ਵਿਚ ਆਉਂਦਿਆਂ ਸਾਰ ਮਿਲੀ ਅਗਵਾਈ ਅਨੁਸਾਰ ਮੈਂ ਅਧਿਆਪਨ ਅਤੇ ਆਪਣੇ ਵਿਸ਼ੇ ਨਾਲ ਸਬੰਧਤ ਕੁਝ ਕਿਤਾਬਾਂ ਇਕੱਠੀਆਂ ਕਰ ਕੇ ਆਪਣੇ ਵੱਲੋਂ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਗਿਆਨ ਅਨੁਸਾਰ ਵਿਚਾਰ-ਵਟਾਂਦਰਾ ਕਰਦਿਆਂ ਮੈਨੂੰ ਅਧਿਆਪਕਾਂ ਤੋਂ ਅਕਸਰ ਚੰਗਾ ਹੁੰਗਾਰਾ ਮਿਲਦਾ ਹੋਣ ਕਰ ਕੇ ਮੈਂ ਵਾਹਵਾ ਉਤਸ਼ਾਹੀ ਸਾਂ।
ਫ਼ਰਵਰੀ 2010 ਵਿਚ ਮੇਰੀ ਤਰੱਕੀ ਬਤੌਰ ਪ੍ਰਿੰਸੀਪਲ ਹੋਈ ਤਾਂ ਮੈਂ ਆਪਣੇ ਪਹਿਲੇ ਸਕੂਲਾਂ ਵਿਚ ਬਤੌਰ ਅਧਿਆਪਕ ਕੰਮ ਕਰਨ ਦੇ ਤਜਰਬੇ, ਪੜ੍ਹੀਆਂ ਕਿਤਾਬਾਂ ਤੋਂ ਮਿਲੇ ਗਿਆਨ, ਕੋਰਸਾਂ ਵਿਚ ਆਏ ਅਧਿਆਪਕਾਂ ਤੋਂ ਮਿਲੇ ਸੁਝਾਵਾਂ ਨੂੰ ਆਪਣੇ ਨਵੇਂ ਸਕੂਲਾਂ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਛੋਟੇ ਛੋਟੇ ਦੋ ਸਕੂਲਾਂ ਵਿਚ ਕੰਮ ਕਰਨ ਤੋਂ ਬਾਅਦ ਮੈਂ ਜ਼ਿਲ੍ਹੇ ਦੇ ਹੈੱਡ ਕੁਆਰਟਰ ਵਾਲੇ ਲੜਕੀਆਂ ਦੇ ਸਕੂਲ ਵਿਚ ਆ ਗਿਆ। ਵੱਡਾ ਸਕੂਲ, ਵਿਦਿਆਰਥੀਆਂ ਦੀ ਚੰਗੀ ਗਿਣਤੀ, ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਦੀ ਪੂਰਤੀ ਦੇਖ ਕੇ ਮੈਂ ਇੰਨਾ ਉਤਸ਼ਾਹਿਤ ਹੋਇਆ ਕਿ ਮਨ ਵਿਚ ਪਾਲ਼ੇ ਹੋਏ ਸੁਫ਼ਨੇ ਪੂਰੇ ਕਰਨ ਲਈ ਜਿਵੇਂ ਮੈਨੂੰ ਲੋੜੀਂਦਾ ਫ਼ੀਲਡ ਮਿਲ ਗਿਆ ਹੋਵੇ।
ਅਪਰੈਲ ਮਹੀਨਾ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਦਾ ਸਮਾਂ ਹੋਣ ਕਰ ਕੇ ਪਹਿਲੇ ਮਹੀਨੇ ਹੀ ਆਪਣੇ ਦੋਸਤ ਰੰਗਕਰਮੀ ਸੁਦਰਸ਼ਨ ਮੈਣੀ ਨਾਲ ਸਲਾਹ ਮਸ਼ਵਰਾ ਕਰ ਕੇ ਛੋਟੀ ਜਿਹੀ ਫ਼ਿਲਮ ਬਣਾਈ। ਇਸ ਫ਼ਿਲਮ ਵਿਚ ਲੜਕੀਆਂ/ਔਰਤਾਂ ਦੇ ਜੀਵਨ ਦੀਆਂ ਦੁਸ਼ਵਾਰੀਆਂ ਅਤੇ ਸਿੱਖਿਆ ਹੀ ਇਨ੍ਹਾਂ ਦੁਸ਼ਵਾਰੀਆਂ ਦਾ ਇੱਕੋ-ਇਕ ਹੱਲ ਦਰਸਾਇਆ ਗਿਆ ਸੀ। ਇਸ ਦੇ ਨਾਲ ਹੀ ਪੜ੍ਹਾਈ ਦੀ ਮਹੱਤਤਾ ਦਰਸਾਉਂਦੇ ਵਿਸ਼ੇ ਨੂੰ ਲੈ ਕੇ ਮਾਪਿਆਂ ਵਾਸਤੇ ਵਿਸ਼ੇਸ਼ ਸੁਨੇਹਾ ਸੀ ਕਿ ਲੜਕੀਆਂ ਨੂੰ ਪੜ੍ਹਨ ਲਈ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸ ਛੋਟੀ ਜਿਹੀ ਫ਼ਿਲਮ ਵਿਚ ਮੇਰੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਗਿਣਾਉਣ ਵਾਲੇ ਕੁਝ ਦ੍ਰਿਸ਼ ਸ਼ਾਮਲ ਕਰ ਕੇ ਇਸ ਸਕੂਲ ਵਿਚ ਲੜਕੀਆਂ ਨੂੰ ਪੜ੍ਹਨ ਲਈ ਭੇਜਣ ਵਾਸਤੇ ਮਾਪਿਆਂ ਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਗਈ। ਫ਼ਰੀਦਕੋਟ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਚੱਲਦੇ ਲੋਕਲ ਚੈਨਲ ਤੇ ਦਿਖਾਉਣ ਲਈ ਇਹ ਫ਼ਿਲਮ ਦਿੱਤੀ ਗਈ। ਇਸ ਦੇ ਇਲਾਵਾ ਚੰਗਾ ਗਿਆਨ ਰੱਖਣ ਵਾਲੇ ਦੋਸਤਾਂ ਦੀ ਸਹਾਇਤਾ ਲੈ ਕੇ ਪੈਂਫ਼ਲਿਟ ਛਪਵਾ ਕੇ ਅਖ਼ਬਾਰਾਂ ਰਾਹੀਂ ਲੋਕਾਂ ਤੱਕ ਪੁੱਜਦੇ ਕੀਤੇ ਗਏ। ਇਸ ਦਾ ਅਸਰ ਇਹ ਹੋਇਆ ਕਿ ਇਸੇ ਸਾਲ ਵਿਦਿਆਰਥੀਆਂ ਦੀ ਗਿਣਤੀ ਵਿਚ ਚੋਖ਼ਾ ਵਾਧਾ ਦਰਜ ਕੀਤਾ ਗਿਆ। ਮੈਨੂੰ ਸਫ਼ਲਤਾ ਮਿਲਦੀ ਜਾਪੀ।
ਆਪਣੇ ਸਭ ਤੋਂ ਪਹਿਲੇ ਸੇਵਾ ਵਾਲੇ ਸਕੂਲ ਤੋਂ ਮੈਂ ਇਹ ਅਨੁਭਵ ਕਰ ਲਿਆ ਸੀ ਕਿ ਸ਼ਹਿਰੀ ਸਕੂਲਾਂ ਦੇ ਅਧਿਆਪਕਾਂ ਦੀ ਵਿਸ਼ੇਸ਼ ਤਰ੍ਹਾਂ ਦੀ ਮਾਨਸਿਕਤਾ ਹੁੰਦੀ ਹੈ ਅਤੇ ਆਪਣੀ ਅਧਿਆਪਨ ਸੇਵਾ ਨੂੰ ਉਹ ਸਮਰਪਣ ਤੋਂ ਵੱਖਰਾ ਕਰ ਕੇ ਰੱਖਦੇ ਹਨ। ਫਿਰ ਇਕ ਹੋਰ ਸ਼ਹਿਰੀ ਸਕੂਲ ਵਿਚ ਦੋ ਕੁ ਸਾਲ ਕੰਮ ਕਰਦਿਆਂ ਆਪਣੇ ਪਹਿਲੇ ਤਜਰਬੇ ਵਾਲੇ ਇਨ੍ਹਾਂ ਵਿਚਾਰਾਂ ਤੇ ਮੋਹਰ ਲੱਗੀ ਸੀ ਪਰ ਮੈਂ ਇਸ ਸਾਰੇ ਕੁਝ ਨੂੰ ਉੱਕਾ ਹੀ ਵਿਸਾਰ ਕੇ ਆਪਣੇ ਸੁਫ਼ਨਿਆਂ ਅਨੁਸਾਰ ਆਪਣੇ ਸਕੂਲ ਵਿਚ ਸਾਰਾ ਕੁਝ ਲਾਗੂ ਕਰਨ ਦੀ ਵਾਹ ਲਾਉਣ ਲੱਗ ਪਿਆ। ਇਸ ਵਿਚ ਹੋਰ ਵਾਧਾ ਇਹ ਹੋਇਆ ਸੀ ਕਿ ਸਕੂਲ ਵਿਚ ਕੰਮ ਕਰਦੇ ਕੁਝ ਪੁਰਾਣੇ ਅਧਿਆਪਕਾਂ ਅਤੇ ਨੌਜਵਾਨ ਅਧਿਆਪਕਾਵਾਂ ਨੇ ਮੇਰੇ ਕੰਮ ਨੂੰ ਚੰਗਾ ਮੋਢਾ ਦਿੱਤਾ, ਫਿਰ ਵੀ ਵਿਚੇ-ਵਿਚ ਕੁਝ ਖਿਚੜੀ ਪੱਕਦੀ ਮੈਂ ਮਹਿਸੂਸ ਕਰ ਰਿਹਾ ਸਾਂ। ਕੁਝ ਅਧਿਆਪਕ/ਅਧਿਆਪਕਾਵਾਂ ਦੇ ਮੋਢਿਆਂ ਤੇ ਸਿਆਸੀ, ਸਮਾਜਿਕ ਉਚੇਰੇ ਰੁਤਬਿਆਂ, ਜਾਤ-ਪਾਤੀ ਕੋਹੜ ਆਦਿ ਦਾ ਬੋਝ ਲੱਦਿਆ ਹੋਣ ਕਰ ਕੇ ਮੇਰੇ ਵੱਲ ਉਹ ਕੁਨੱਖੀ ਅੱਖ ਦੇਖਦੇ ਸਨ; ਵਿਸ਼ੇਸ਼ ਕਰ ਕੇ ਮੇਰੇ ਦੁਆਰਾ ਉਲੀਕੇ ਜਾਂਦੇ ਪ੍ਰੋਗਰਾਮਾਂ, ਦਿੱਤੀਆਂ ਜਾਂਦੀਆਂ ਸੇਧਾਂ ਅਨੁਸਾਰ ਸਕੂਲ ਵਿਚ ਵਿਚਰਨਾ, ਕੰਮ ਕਰਨਾ ਉਨ੍ਹਾਂ ਨੂੰ ਜਿਵੇਂ ਗਵਾਰਾ ਹੀ ਨਹੀਂ ਸੀ। ਇਸ਼ਾਰਿਆਂ ਨਾਲ ਮੇਰੇ ਸਹਿਕਰਮੀ ਕੁਝ ਅਧਿਆਪਕਾਂ ਨੇ ਮੈਨੂੰ ਸਹਿਜ ਭਾਅ ਚੱਲਣ ਦੀ ਸਲਾਹ ਦਿੱਤੀ ਪਰ ਮੇਰੇ ਸਿਰ ਤੇ ਹੋਰ ਚੰਗੇਰਾ, ਹੋਰ ਚੰਗੇਰਾ ਕਰਨ ਦੇ ਸਵਾਰ ਹੋਏ ਭੂਤ ਨੇ ਮੈਨੂੰ ਸਾਹ ਹੀ ਨਾ ਲੈਣ ਦਿੱਤਾ। ਆਖ਼ਰਕਾਰ ਉਹੀ ਕੁਝ ਹੋਇਆ ਜਿਸ ਦਾ ਮੈਂ ਅੰਦਾਜ਼ਾ ਨਹੀਂ ਲਾਇਆ ਸੀ।
ਪਹਿਲੀਆਂ ਵਿਚ ਫ਼ਰਜ਼ੀ ਨਾਵਾਂ ਤੇ, ਅਤੇ ਫਿਰ ਸਿੱਧੇ ਤੌਰ ਲਲਕਾਰਦਿਆਂ ਮੇਰੀਆਂ ਸ਼ਿਕਾਇਤਾਂ ਵੀ ਕੀਤੀਆਂ ਅਤੇ ਮੇਰੀ ਬਦਲੀ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਤਤਕਾਲੀਨ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ, ਅਧਿਆਪਕ ਜੱਥੇਬੰਦੀਆਂ ਨੇ ਜਿੱਥੇ ਮੇਰਾ ਚੰਗਾ ਸਾਥ ਦਿੱਤਾ, ਉੱਥੇ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਰੋਕਣ ਦੀਆਂ ਅਪੀਲਾਂ/ਕੋਸ਼ਿਸ਼ਾਂ ਵੀ ਕੀਤੀਆਂ ਪਰ ਜਦੋਂ ਕੋਈ ਵਿਸ਼ੇਸ਼ ਗੱਲ ਕਿਸੇ ਦੇ ਜ਼ਿਹਨ ਵਿਚ ਪ੍ਰਵੇਸ਼ ਕਰ ਜਾਵੇ ਤਾਂ ਇਹ ਕਿਸੇ ਵੀ ਤਰ੍ਹਾਂ ਟਿਕਣ ਨਹੀਂ ਦਿੰਦੀ। ਮਾਨਸਿਕ ਤੇ ਸਰੀਰਕ ਤੌਰ ਤੇ ਮੈਂ ਭਾਵੇਂ ਪ੍ਰੇਸ਼ਾਨ ਵੀ ਹੋਇਆ ਪਰ ਆਪਣੀ ਧੁਨ ਵਿਚ ਚੱਲਦਿਆਂ ਸਕੂਲ ਦਾ ਵਿਦਿਅਕ ਮਿਆਰ ਚੰਗਾ ਬਣਾ ਲਿਆ ਸੀ। ਸਕੂਲ ਵਿਚੋਂ ਨਕਲ ਦੇ ਕੋਹੜ ਨੂੰ ਸਮਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਸੀ। ਸਹਿਪਾਠੀ ਕਿਰਿਆਵਾਂ ਵਿਚ ਵਿਦਿਆਰਥੀ ਚੰਗੇ ਸਥਾਨ ਹਾਸਲ ਕਰ ਰਹੇ ਸਨ। ਮੁਕਾਬਲੇ ਦੀ ਪ੍ਰੀਖਿਆ ਵਿਚ ਸਕੂਲ ਦੇ ਵਿਦਿਆਰਥੀਆਂ ਦੀਆਂ ਚੰਗੀਆਂ ਪ੍ਰਾਪਤੀਆਂ ਸਦਕਾ ਰਾਜ ਪੱਧਰ ਤੇ ਸਿੱਖਿਆ ਵਿਭਾਗ ਨੇ ਮੈਨੂੰ ਸਨਮਾਨ ਵੀ ਦਿੱਤਾ ਅਤੇ ਹੁਣ ਜਦੋਂ ਚਾਰ ਸਾਲ ਸੇਵਾ ਮੁਕਤ ਹੋਏ ਨੂੰ ਵੀ ਹੋ ਚੁੱਕੇ ਹਨ ਤਾਂ ਵੀ ਜਨਤਾ ਤੋਂ ਕੁਝ ਚੰਗਾ ਕੀਤੇ ਹੋਣ ਦੇ ਸੁਨੇਹੇ ਮਿਲਦੇ ਰਹਿੰਦੇ ਹੋਣ ਕਰ ਕੇ ਮਨ ਨੂੰ ਸਕੂਨ ਮਿਲਦਾ ਰਹਿੰਦਾ ਹੈ।
ਸੰਪਰਕ: 95010-20731