ਦਰਸ਼ਨ ਸਿੰਘ
ਸ਼ਹਿਰ ’ਚ ਲੱਗੇ ਮੇਲੇ ਦੀ ਗਹਿਮਾ ਗਹਿਮੀ ਨੇ ਮੈਨੂੰ ਵੀ ਮੋਹ ਲਿਆ। ਪੂਰੀ ਤਰ੍ਹਾਂ ਸਜੀਆਂ ਧਜੀਆਂ ਰੇਹੜੀਆਂ ਸਨ, ਸਟਾਲ ਤੇ ਦੁਕਾਨਾਂ ਵੀ। ਮੇਰੀ ਭਤੀਜੀ ਦੇ ਬਾਲ ਹਿਰਦੇ ਨੂੰ ਵੀ ਜਿਵੇਂ ਮੇਲੇ ਪ੍ਰਤੀ ਅਨੋਖੀ ਖਿੱਚ ਸੀ। ਇੱਧਰ ਉੱਧਰ ਦੀਆਂ ਗੱਲਾਂ ਕਰਦੇ ਘੁੰਮਦੇ ਫਿਰਦੇ ਅਸੀਂ ਦੋਵੇਂ ਮੇਲੇ ਦਾ ਆਨੰਦ ਮਾਣ ਰਹੇ ਸਾਂ। ਹਰ ਬਾਜ਼ਾਰੀ ਸਮਾਨ ਵਿਕਣ ਲਈ ਪਿਆ ਸੀ। ਪਸੰਦ ਆਈਆਂ ਕੁਝ ਚੀਜ਼ਾਂ ਮੈਂ ਵੀ ਲੈ ਲਈਆਂ।
“ਚਿੜੀਆਂ ਲੈ ਲੋ, ਤੋਤੇ ਲੈ ਲੋ…।”
ਇਕ ਪਾਸਿਉਂ ਆਈ ਇਹ ਆਵਾਜ਼ ਕੰਨਾਂ ’ਚ ਗੂੰਜੀ। ਪਿਛਾਂਹ ਮੁੜ ਕੇ ਦੇਖਿਆ। ਰੇਹੜੀ ਉੱਤੇ ਕੁਝ ਪਿੰਜਰੇ ਸਨ। ਤਰ੍ਹਾਂ ਤਰ੍ਹਾਂ ਦੇ ਪੰਛੀ ਇਨ੍ਹਾਂ ਵਿਚ ਬੰਦ ਕੀਤੇ ਹੋਏ। ਤੁਰਦੇ ਤੁਰਦੇ ਮੇਰੀ ਭਤੀਜੀ ਰੁਕ ਗਈ ਤੇ ਚਿੜੀਆਂ ਵਾਲਾ ਪਿੰਜਰਾ ਲੈਣ ਦੀ ਜ਼ਿੱਦ ਕਰਨ ਲੱਗੀ। ਮਨਾਉਣ ਦੀ ਕੋਸ਼ਿਸ਼ ਵੀ ਅਸਫ਼ਲ ਰਹੀ। ਦੁਚਿੱਤੀ ’ਚ ਜ਼ਰੂਰ ਰਿਹਾ ਪਰ ਨਾ ਚਾਹੁੰਦੇ ਹੋਏ ਵੀ ਮੈਨੂੰ ਉਸ ਅੱਗੇ ਝੁਕਣਾ ਪਿਆ। ਨਾ ਕੋਈ ਉਡਾਰੀ, ਨਾ ਕੋਈ ਚਹਿਚਹਾਟ। ਉਦਾਸੀ ਭਰੀਆਂ ਅੱਖਾਂ ਉੱਪਰ ਹੇਠਾਂ ਕਰਦੀਆਂ, ਆਸੇ ਪਾਸੇ ਬਿੱਟਰ ਬਿੱਟਰ ਝਾਕਦੀਆਂ ਬੇਚੈਨ ਜਿਹੀਆਂ ਹੋਈਆਂ ਚਿੜੀਆਂ ਦੇਖ ਕੇ ਮਨ ਦਹਿਲ ਗਿਆ, ਅੰਦਰ ਕਈ ਸੋਚਾਂ ਉੱਠੀਆਂ। ਡੂੰਘੀਆਂ ਸੋਚਾਂ ਨਾਲ ਘੁਲਦਿਆਂ ਮੈਂ ਚਿੜੀਆਂ ਦਾ ਪਿੰਜਰਾ ਲੈ ਕੇ ਆਪਣੇ ਹੱਥ ਵਿਚ ਫੜ ਲਿਆ। ਬੱਚੇ ਦੀ ਖ਼ੁਸ਼ੀ ਲਈ ਜਿਵੇਂ ਮੈਂ ਆਪਣੀਆਂ ਸੋਚਾਂ ਤੇ ਸਿਧਾਂਤਾਂ ਦੀ ਬਲੀ ਦੇ ਦਿੱਤੀ ਹੋਵੇ।
ਮੇਰੀ ਦਾਦੀ ਚਿੜੀ ਬਾਰੇ ਗੀਤ ਸੁਣਾਉਂਦੀ ਹੁੰਦੀ ਸੀ: ਓ ਨਿੱਕੀਏ ਨਿੱਕੀਏ ਚਿੜੀਏ/ਤੈਨੂੰ ਤੱਕ ਤੱਕ ਕੇ ਅਸੀਂ ਖਿੜੀਏ…
ਸੁਣ ਸੁਣ ਮੇਰਾ ਚਿੱਤ ਪ੍ਰਸੰਨ ਹੁੰਦਾ। ਅੰਬਰ ਵਿਚ ਉੱਡਦੀਆਂ ਚਿੜੀਆਂ ਤੱਕਦਾ। ਚੋਗ ਚੁਗਦੀਆਂ ਦੇ ਪਿੱਛੇ ਪਿੱਛੇ ਵੀ ਭੱਜਦਾ ਪਰ ਕਦੀ ਕੋਈ ਚਿੜੀ ਹੱਥ ਨਾ ਆਈ। ਅਜਿਹਾ ਕਰਦਿਆਂ ਦੇਖ ਦੇਖ ਦਾਦੀ ਖ਼ੂਬ ਹੱਸਦੀ।
ਮੇਰੀ ਭਤੀਜੀ ਦਾ ਚਿਹਰਾ ਬਾਗੋ ਬਾਗ ਸੀ ਪਰ ਮੈਂ ਗੰਭੀਰ ਤੇ ਚੁੱਪ ਸਾਂ। ਮਨ ਮਰਜ਼ੀ ਨਾਲ ਤੁਰਦਿਆਂ ਫਿਰਦਿਆਂ ਤੇ ਹੱਥ ਵਿਚ ਫੜੇ ਪਿੰਜਰੇ ’ਚ ਕੈਦੀ ਚਿੜੀਆਂ ਨੂੰ ਲੈ ਕੇ ਅਸੀਂ ਘਰ ਆ ਗਏ।
ਪੂਰਾ ਟੱਬਰ ਹੀ ਖ਼ੁਸ਼ ਸੀ। ਚਿੜੀਆਂ ਨੂੰ ਦੇਖ ਦੇਖ ਭਤੀਜੇ ਤਾੜੀ ਮਾਰਦੇ। ਡਰੀਆਂ ਸਹਿਮੀਆਂ ਖ਼ਾਮੋਸ਼ ਚਿੜੀਆਂ ਇੱਧਰ ਉੱਧਰ ਹਿੱਲਜੁੱਲ ਕਰਦੀਆਂ। ਉਨ੍ਹਾਂ ਦਾ ਚਹਿਚਹਾਉਣਾ, ਫੁਦਕਣਾ,ਮੀਂਹ ਦੇ ਪਾਣੀ ’ਚ ਨਹਾਉਣਾ ਜਿਵੇਂ ਸਭ ਉਨ੍ਹਾਂ ਦੇ ਅੰਦਰ ਹੀ ਦਮ ਘੁੱਟ ਕੇ ਮਰ ਗਿਆ ਸੀ। ਮੈਂ ਵਿਹੜੇ ’ਚ ਲੱਗੇ ਰੁੱਖ ਕੋਲ ਜਾ ਖੜ੍ਹਦਾ। ਪੰਛੀਆਂ ਨੇ ਪਿਛਲੇ ਵਰ੍ਹੇ ਇਸ ਉੱਤੇ ਆਲ੍ਹਣੇ ਪਾਏ ਸਨ। ਵੱਡੀਆਂ ਵੱਡੀਆਂ ਟਾਹਣੀਆਂ ਮੈਂ ਇਸ ਵਰ੍ਹੇ ਛਾਂਗ ਦਿੱਤੀਆਂ ਸਨ। ਮੈਨੂੰ ਲਗਦਾ, ਰੁੱਖ ਦੀ ਪੰਛੀਆਂ ਲਈ ਨਾ ਉਮੀਦ ਮੁੱਕੀ, ਨਾ ਉਡੀਕ। ਦਾਦੀ ਕਹਿੰਦੀ ਹੁੰਦੀ ਸੀ- ਆਲ੍ਹਣਿਆਂ ’ਚ ਪਰਤੇ ਪੰਛੀ ਦੇਖ ਕੇ ਹੀ ਰੁੱਖ ਨੂੰ ਸੁੱਖ ਮਿਲਦੈ। ਅਜਿਹਾ ਸੋਚਦਿਆਂ ਚਿੜੀਆਂ ਦਾ ਅੰਦਰ ਪਿਆ ਪਿੰਜਰਾ ਇਕ ਦਿਨ ਮੈਂ ਰੁੱਖ ’ਤੇ ਟੰਗ ਵੀ ਦਿੱਤਾ ਪਰ ਭਤੀਜੀ ਫਿਰ ਅੰਦਰ ਲੈ ਆਈ।
ਖ਼ੈਰ! ਇਹ ਸਿਲਸਿਲਾ ਚਲਦਾ ਰਿਹਾ। ਨਾ ਪਿੰਜਰੇ ’ਚੋਂ ਚਿੜੀਆਂ ਬਾਹਰ ਆਈਆਂ, ਨਾ ਸੋਚਾਂ ’ਚੋਂ ਮੈਂ। ਚਿੜੀਆਂ ਮੈਨੂੰ ਸਦਾ ਹੀ ਨਾਖ਼ੁਸ਼ ਤੇ ਫ਼ਿਕਰਮੰਦ ਜਾਪੀਆਂ। ਇੱਧਰ ਉੱਧਰ, ਉੱਪਰ ਹੇਠਾਂ ਆਪਣੀ ਚੁੰਝ ਮਾਰਦੀਆਂ ਜਿਵੇਂ ਆਪਣਾ ਅੰਦਰਲਾ ਗੁਬਾਰ ਕੱਢ ਰਹੀਆਂ ਹੋਣ। ਮੇਰੇ ਦਿਲ ਦੇ ਖੂੰਜਿਆਂ ਵਿਚ ਇਹ ਪਿੰਜਰਾ ਹਰ ਵੇਲੇ ਲਟਕਿਆ ਰਹਿੰਦਾ। ਕਈ ਖਿਆਲ ਮੈਨੂੰ ਆਉਂਦੇ- ‘ਚਿੜੀਆਂ ਵਿਚਾਰੀਆਂ ਕੀ ਕਰਨ?’
…ਤੇ ਫਿਰ ਅਚਾਨਕ ਹੀ ਕਰੋਨਾ ਮਹਾਮਾਰੀ ਦਾ ਖ਼ੌਫ਼ ਹਰ ਕਿਸੇ ਦੇ ਸਿਰ ’ਤੇ ਮੰਡਰਾਉਣ ਲੱਗਾ। ਸਕੂਲ ਬੰਦ, ਬਾਜ਼ਾਰ ਬੰਦ। ਮੁਕੰਮਲ ਲੌਕਡਾਊਨ। ਨਾ ਕਿਤੇ ਆਉਣ, ਨਾ ਜਾਣ। ਆਪੋ-ਆਪਣੇ ਘਰਾਂ ਵਿਚ ਜਿਵੇਂ ਸਾਰੇ ਹੀ ਕੈਦ ਹੋ ਕੇ ਰਹਿ ਗਏ ਹੋਣ। ਸਭ ਅੰਦਰ ਹੀ ਖੇਡਦੇ। ਮੋਬਾਈਲ ਨਾਲ ਹਰ ਵੇਲੇ ਚਿਪਕੇ ਮਨ-ਪ੍ਰਚਾਵਾ ਕਰਦੇ, ਵਕਤ ਕੱਟਦੇ। ਕਿਸੇ ਘਰੋਂ ਵੀ ਕੋਈ ਬੱਚਾ ਬਾਹਰ ਖੇਡਣ ਲਈ ਨਾ ਆਇਆ। ਆਉਂਦੇ ਵੀ ਕਿਵੇਂ? ਬਿਮਾਰੀ ਦੇ ਡਰੋਂ ਘਬਰਾਏ ਹੋਏ ਮਾਪਿਆਂ ਨੇ ਆਉਣ ਹੀ ਨਾ ਦਿੱਤੇ। ਬੇਰੌਣਕ ਜਿਹੀਆਂ ਗਲੀਆਂ, ਚੁੱਪ ਦਾ ਹਰ ਪਾਸੇ ਪਹਿਰਾ। ਅੰਦਰ ਰਹਿ ਰਹਿ ਕੇ ਸਾਰੇ ਅੱਕ ਤੇ ਥੱਕ ਗਏ। ਬੇਚੈਨੀ, ਅਸ਼ਾਂਤੀ ਮਨ ਅੰਦਰ ਭਰ ਗਈ। ਪਲ ਛਿਣ ਲਈ ਭਤੀਜੀ ਭਤੀਜੇ ਚਿੜੀਆਂ ਕੋਲ ਜਾ ਬੈਠਦੇ। ਗਹੁ ਨਾਲ ਤੱਕਦੇ।
ਇਕ ਦਿਨ ਮੇਰੀ ਭਤੀਜੀ ਨੇ ਮੇਰੇ ਭਰਾ ਨੂੰ ਕਿਹਾ, “ਪਾਪਾ, ਸਕੂਲ ਕਦੋਂ ਖੁੱਲ੍ਹਣਗੇ?” “ਪਤਾ ਨੀ ਕਦੋਂ…!” ਛੋਟਾ ਜਿਹਾ ਬੇਯਕੀਨੀ ਭਰਿਆ ਜਵਾਬ ਸੁਣ ਕੇ ਉਹ ਕਹਿਣ ਲੱਗੀ, “ਕਿੰਨੀਆਂ ਖ਼ੁਸ਼ ਹੋਵਾਂਗੀਆਂ ਅਸੀਂ ਜਦੋਂ ਸਕੂਲ ਜਾਵਾਂਗੀਆਂ, ਸਹੇਲੀਆਂ ਨਾਲ ਰਲ ਮਿਲ ਟੱਪਾਂਗੀਆਂ, ਖੇਡਾਂਗੀਆਂ।”
ਉਹ ਹੁਣ ਚਿੜੀਆਂ ਕੋਲ ਕਾਫੀ ਦੇਰ ਬੈਠੀ ਰਹਿੰਦੀ। ਆਪ ਮੁਹਾਰਾ ਗੱਲਾਂ ਕਰਦੀ। …ਤੇ ਫਿਰ ਇਕ ਦਿਨ ਉਸ ਨੇ ਪਿੰਜਰਾ ਚੁੱਕਿਆ, ਬਿਨਾਂ ਕਿਸੇ ਨੂੰ ਦੱਸੇ ਪਿੰਜਰੇ ਦਾ ‘ਬੰਦ ਬੂਹਾ’ ਖੋਲ੍ਹਿਆ ਤੇ ਕਿਹਾ, “ਜਾਓ, ਉੱਡ ਜਾਓ ਚਿੜੀਓ। ਜ਼ਿੰਦਗੀ ਕਿਸੇ ਪਿੰਜਰੇ ਲਈ ਨਹੀਂ ਬਣੀ।” ਸ਼ਾਇਦ ਉਸ ਦੇ ਮਨ ਨੂੰ ਘਰ ਦੀਆਂ ਕੰਧਾਂ ਅੰਦਰ ਰਹਿ ਕੇ ਕੈਦ ਜਿਹੀ ਕੋਈ ਘੁੱਟਣ ਦਾ ਅਹਿਸਾਸ ਹੋਇਆ ਹੋਵੇ। ਕਿਹਾ ਵੀ ਜਾਂਦਾ ਹੈ, ਕਿਸੇ ਦਾ ਦੁੱਖ ਉਹੀ ਚੰਗੀ ਤਰ੍ਹਾਂ ਸਮਝ ਸਕਦੈ ਜਿਸ ਨੇ ਆਪ ਇਹ ਦੁੱਖ ਹੰਢਾਇਆ ਹੋਵੇ। ਖੁੱਲ੍ਹੇ ਅੰਬਰੀਂ ਚਿੜੀਆਂ ਦੇ ਉੱਡ ਜਾਣ ਕਾਰਨ ਮੈਂ ਖ਼ੁਸ਼ ਤਾਂ ਬੜਾ ਹੋਇਆ ਪਰ ਉਸ ਦੀ ਕਹੀ ਗੱਲ ਦੀ ਗਹਿਰਾਈ ਨੂੰ ਵੀ ਨਾਪਣ ਲੱਗਾ।
“ਕੀ ਸੋਚਦੀ ਏਂ?” ਮੈਂ ਗੱਲ ਅੱਗੇ ਤੋਰਨ ਲਈ ਸਰਸਰੀ ਜਿਹੇ ਸਵਾਲ ਕੀਤਾ। “ਸੋਚਦੀ ਹਾਂ, ਬੰਦਾ ਆਪਣੀ ਖ਼ੁਸ਼ੀ ਲਈ ਕਿਸੇ ਦੀ ਖ਼ੁਸ਼ੀ ਕਿਉਂ ਖੋਹ ਲੈਂਦਾ? ਇਕ ਦੂਜੇ ਦੀਆਂ ਖ਼ੁਸ਼ੀਆਂ ਕਿਸੇ ਕੋਲੋਂ ਕਿਉਂ ਨਹੀਂ ਸਹਾਰੀਆਂ ਜਾਂਦੀਆਂ?” ਉਸ ਦੇ ਸਿਆਣਪ ਭਰੇ ਵੱਡੇ ਸਵਾਲਾਂ ਅੱਗੇ ਹੁਣ ਮੈਂ ਵੀ ਨਿਰਉੱਤਰ ਸੀ ਪਰ ਮੇਰੇ ਅੰਦਰ ਇਹ ਸੋਚ ਜ਼ਰੂਰ ਘੁੰਮ ਰਹੀ ਸੀ ਕਿ ਬੰਦੇ ਨੂੰ ਆਪਣੇ ਨਿੱਜ ਤੋਂ ਬਾਹਰ ਆ ਕੇ ਦੂਜਿਆਂ ਦੇ ਦੁੱਖ ਤਕਲੀਫਾਂ ਨੂੰ ਸੋਚਣ ਤੇ ਸਮਝਣ ਦੀ ਵੀ ਲੋੜ ਹੈ।
ਸੰਪਰਕ: 94667-37933