ਵਾਰਡ ਵਿਚ ਦਾਖ਼ਲ ਹੋਇਆ ਤਾਂ ਬੈੱਡ ਨੰਬਰ ਨੌਂ ਵਾਲੇ ਮਰੀਜ਼ ਕੋਲ ਕੁਝ ਅਜੀਬ ਜਿਹੀ ਹਲਚਲ ਸੀ। ਮੈਂ ਕਾਹਲੀ ਨਾਲ ਬੈੱਡ ਕੋਲ ਪੁੱਜਾ। ਗੁਰਦਾ ਕੈਂਸਰ ਦੇ ਮਰੀਜ਼ ਦੇ ਪਿਸ਼ਾਬ ਰਾਹੀਂ ਕਾਫੀ ਖ਼ੂਨ ਨਿਕਲ ਜਾਣ ਕਾਰਨ, ਅਪਰੇਸ਼ਨ ਤੋਂ ਪਹਿਲਾਂ ਲਗਾਏ ਗਏ ਖ਼ੂਨ ਦਾ ਰਿਐਕਸ਼ਨ ਹੋ ਗਿਆ ਸੀ। ਖ਼ੂਨ ਦੀ ਬੋਤਲ ਦਾ ਪ੍ਰਬੰਧ ਬੜੀ ਮੁਸ਼ਕਿਲ ਨਾਲ ਹੋਇਆ ਸੀ। ਉਨ੍ਹੀਂ ਦਿਨੀਂ (1977 ਵਿਚ) ਕੋਈ ਰਿਸ਼ਤੇਦਾਰ ਖ਼ੂਨਦਾਨ ਕਰਨ ਲਈ ਤਿਆਰ ਨਹੀਂ ਸੀ ਹੁੰਦਾ। ਕੈਂਪ ਵੀ ਬਹੁਤ ਘੱਟ ਲਗਦੇ ਸਨ। ਫਿਰ ਵੀ ਬਲੱਡ ਬੈਂਕਾਂ ਵਿਚ ਜੋ ਥੋੜ੍ਹਾ-ਬਹੁਤ ਖ਼ੂਨ ਹੁੰਦਾ ਸੀ, ਉਹ ਕਾਲਜਾਂ, ਜੇਲ੍ਹ, ਜਾਂ ਪੁਲੀਸ ਵਾਲਿਆਂ ਦੇ ਕੈਂਪ ਲਗਾ ਕੇ ਇਕੱਠਾ ਕੀਤਾ ਜਾਂਦਾ ਸੀ। ਆਮ ਕਰ ਕੇ ਮੰਗ ਅਨੁਸਾਰ ਖ਼ੂਨ ਦੀ ਕਮੀ ਹੀ ਰਹਿੰਦੀ ਸੀ। ਬਹੁਤੇ ਮਾਂ-ਪਿਓ ਆਪਣੇ ਬੱਚਿਆਂ ਨੂੰ ਖ਼ੂਨਦਾਨ ਨਹੀਂ ਸਨ ਕਰਨ ਦਿੰਦੇ। ਉਦੋਂ ਤਕਨੀਕੀ ਕਮੀਆਂ ਵੀ ਸਨ ਤੇ ਹੋਰ ਸਾਜ਼ੋ-ਸਮਾਨ ਵੀ ਵਧੀਆ ਨਹੀਂ ਸੀ ਹੁੰਦਾ। ਖ਼ੂਨ, ਕੱਚ ਦੀਆਂ ਬੋਤਲਾਂ ਵਿਚ ਹੁੰਦਾ ਸੀ। ਪ੍ਰਾਈਵੇਟ ਹਸਪਤਾਲ ਨਾ ਹੋਣ ਕਰ ਕੇ ਸਭ ਮਰੀਜ਼ ਸਰਕਾਰੀ ਹਸਪਤਾਲ ਵਿਚ ਆਉਂਦੇ ਸਨ। ਮੈਡੀਕਲ ਕਾਲਜ ਅੰਮ੍ਰਿਤਸਰ ਨਾਲ ਸਬੰਧਤ ਸ੍ਰੀ ਗੁਰੂ ਤੇਗ਼ ਬਹਾਦਰ ਹਸਪਤਾਲ ਜਿਹਦਾ ਪਹਿਲਾ ਨਾਂ ਵਿਕਟੋਰੀਆ ਜੁਬਲੀ ਹਸਪਤਾਲ ਸੀ, ਦੀ ਵੈਸਟ ਸਰਜੀਕਲ ਵਾਰਡ ਵਿਚ ਮੈਂ ਜੂਨੀਅਰ ਰੈਜ਼ੀਡੈਂਟ ਡਾਕਟਰ ਸਾਂ। ਵਾਰਡ ਦੇ ਇੰਚਾਰਜ ਸਨ ਮੰਨੇ-ਪ੍ਰਮੰਨੇ ਸਰਜਨ ਪ੍ਰੋਫੈਸਰ ਡਾ. ਬਲਵੰਤ ਸਿੰਘ ਤੁੰਗ। ਨੌਂ ਨੰਬਰ ਵਾਲਾ ਰੋਗੀ ਕੰਬ ਰਿਹਾ ਸੀ ਅਤੇ ਘਬਰਾਈ ਹੋਈ ਸਿਸਟਰ ਹਰਬੰਸ ਕੌਰ ਥਾਂਦੀ ਖ਼ੂਨ ਦੀ ਨਾੜੀ ਵਿਚ ਇੰਜੈਕਸ਼ਨ ਲਗਾ ਰਹੀ ਸੀ।
“ਕੀ ਹੋ ਗਿਐ?” ਰੋਗੀ ਨੂੰ ਗੰਭੀਰ ਦੇਖ ਕੇ ਮੇਰੇ ਮੂੰਹੋਂ ਉੱਚੀ ਆਵਾਜ਼ ਨਿਕਲੀ। ਬਲੱਡ ਰਿਐਕਸ਼ਨ ਕਾਰਨ ਪਹਿਲਾਂ ਹੀ ਤਣਾਅ ਵਿਚ ਆਈ ਨਰਸ ਇਕ ਦਮ ਤ੍ਰਭਕ ਗਈ। ਪੁਰਾਣੇ ਤੇ ਝੂਲਦੇ ਹੋਏ ਖ਼ੂਨ-ਬੋਤਲ-ਸਟੈਂਡ ਨੂੰ ਉਹਦੀ ਅਰਕ ਵੱਜੀ, ਸਟੈਂਡ ਜ਼ੋਰ ਨਾਲ ਹਿੱਲਿਆ ਤੇ ਟੰਗੀ ਹੋਈ ਸ਼ੀਸ਼ੇ ਦੀ ਖ਼ੂਨ-ਬੋਤਲ ਡਿੱਗ ਕੇ ਟੁੱਟ ਗਈ। ਫਰਸ਼ ਉੱਤੇ ਖ਼ੂਨ ਹੀ ਖ਼ੂਨ ਖਿੱਲਰ ਗਿਆ ਤੇ ਲਾਗੇ ਵਾਲੀ ਕੰਧ ਤੇ ਵੀ ਛਿੱਟਾਂ ਪੈ ਗਈਆਂ। ਖਿਲਰਿਆ ਲਹੂ ਦੇਖ ਕੇ ਸਭ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ ਘਬਰਾਉਣ ਲੱਗੇ। ਵਾਰਡ ਵਿਚ ਮੌਜੂਦ ਸਫ਼ਾਈ ਕਰਮਚਾਰੀ ਨੇ ਫਟਾ ਫਟ ਫਰਸ਼ ਸਾਫ਼ ਕੀਤਾ। ਨਰਸ ਹੋਰ ਵੀ ਘਬਰਾ ਗਈ ਸੀ। ਉਹਨੂੰ ਲੱਗ ਰਿਹਾ ਸੀ ਕਿ ਬਲੱਡ-ਰਿਐਕਸ਼ਨ ਤੇ ਬੋਤਲ ਟੁੱਟਣ ਵਾਸਤੇ ਉਹੀ ਜ਼ਿੰਮੇਵਾਰ ਹੈ। ਨਰਸਿੰਗ ਵਿਦਿਆਰਥਣ ਪ੍ਰਵੀਨ ਪੁੱਜ ਗਈ ਤੇ ਮਰੀਜ਼ ਨੂੰ ਰਿਐਕਸ਼ਨ ਵਿਚੋਂ ਕੱਢਣ ਲਈ ਟੀਕੇ ਵਗ਼ੈਰਾ ਲਗਾਉਣ ਲੱਗੀ।
“ਮਰੀਜ਼ ਦਾ ਬਲੱਡ ਗਰੁੱਪ ਕੀ ਆ?” ਕਾਹਲ਼ੀ ਵਿਚ ਮੈਂ ਹਰਬੰਸ ਥਾਂਦੀ ਨੂੰ ਪੁੱਛਿਆ।
“ਓ ਪਾਜ਼ੇਟਿਵ…।” ਡਰ, ਘਬਰਾਹਟ ਤੇ ਤਣਾਅ ਕਰ ਕੇ ਉਹਦੀ ਆਵਾਜ਼ ਨਹੀਂ ਸੀ ਨਿਕਲ ਰਹੀ।
“ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ, ਮੈਂ ਵੀ ਓ ਪਾਜ਼ੇਟਿਵ ਹੀ ਹਾਂ। ਮੈਂ ਖ਼ੂਨ ਦੇ ਦਿੰਨਾ…, ਚਲੋ ਬਲੱਡ ਬੈਂਕ ਚਲਦੇ ਹਾਂ।” ਕਹਿ ਕੇ ਮੈਂ ਅਤੇ ਹਰਬੰਸ ਥਾਂਦੀ ਦੌੜਦੇ ਹੋਏ ਫਾਟਕ ਦੇ ਕੋਲ ਬਲੱਡ ਬੈਂਕ ਪਹੁੰਚੇ। ਗਰੁੱਪਿੰਗ ਤੇ ਮੈਚਿੰਗ ਤੋਂ ਬਾਅਦ ਡਿਊਟੀ ਦੌਰਾਨ ਹੀ ਮੈਂ ਇਕ ਯੂਨਿਟ ਖ਼ੂਨ ਦਿੱਤਾ। ਰਿਫਰੈਸ਼ਮੈਂਟ ਵਾਸਤੇ ਬਲੱਡ-ਬੈਂਕ ਵੱਲੋਂ ਜੂਸ ਦਾ ਕੱਪ ਅਤੇ ਹਰਬੰਸ ਵੱਲੋਂ ਮੇਰੇ ਵਾਸਤੇ ਸਪੈਸ਼ਲ, ਵੱਡਾ ਦੁੱਧ ਦਾ ਗਲਾਸ ਮੰਗਵਾਇਆ ਗਿਆ। ਹੱਥੋ-ਹੱਥੀ ਖ਼ੂਨ ਦੀ ਬੋਤਲ ਲੈ ਕੇ ਉਹ ਮੇਰੇ ਤੋਂ ਵੀ ਪਹਿਲਾਂ ਵਾਰਡ ਵਿਚ ਪਹੁੰਚ ਗਈ ਸੀ। ਥੋੜ੍ਹਾ ਜਿਹਾ ਆਰਾਮ ਤੇ ਕਾਗ਼ਜ਼ੀ ਕਾਰਵਾਈ ਕਰ ਕੇ 15-20 ਮਿੰਟਾਂ ਬਾਅਦ ਜਦ ਮੈਂ ਵਾਰਡ ਵਿਚ ਪੁੱਜਾ ਤਾਂ ਰੋਗੀ ਨੂੰ ਮੇਰਾ ਖ਼ੂਨ ਚੜ੍ਹਾਇਆ ਜਾ ਰਿਹਾ ਸੀ। 15 ਗ੍ਰਾਮ ਹੀਮੋਗਲੋਬਿਨ ਵਾਲਾ ਬਿਲਕੁਲ ਤਾਜ਼ਾ ਖੂਨ…। ਪਹਿਲੇ ਖ਼ੂਨ ਦੇ ਬਲੱਡ ਦਾ ਰਿਐਕਸ਼ਨ ਠੀਕ ਹੋ ਚੁੱਕਾ ਸੀ ਤੇ ਰੋਗੀ ਠੀਕ ਮਹਿਸੂਸ ਕਰ ਰਿਹਾ ਸੀ। ਸਟਾਫ ਨਰਸ ਅਤੇ ਮਰੀਜ਼ ਦੇ ਰਿਸ਼ਤੇਦਾਰ ਸੰਤੁਸ਼ਟ ਤੇ ਮੇਰੇ ਸ਼ੁਕਰਗ਼ੁਜ਼ਾਰ ਦਿਖ ਰਹੇ ਸਨ।
ਸ਼ਾਮ ਨੂੰ ਡਾ. ਬਲਵੰਤ ਸਿੰਘ ਤੁੰਗ ਜਦ ਰਾਊਂਡ ਤੇ ਆਏ ਤਾਂ ਉਦੋਂ ਤੱਕ ਉਨ੍ਹਾਂ ਨੂੰ ਪੂਰੀ ਖ਼ਬਰ ਮਿਲ ਚੁੱਕੀ ਸੀ। ਭਾਵੇਂ ਸਟਾਫ ਨਰਸ ਦੀ ਬਾਂਹ ਵੱਜਣ ਨਾਲ ਡਿੱਗ ਕੇ ਬੋਤਲ ਟੁੱਟੀ ਸੀ ਪਰ ਪੂਰੀ ਹਾਲਤ ਨੂੰ ਕਾਮਯਾਬੀ ਨਾਲ ਸੰਭਾਲਣ ਵਾਸਤੇ ਡਾ. ਤੁੰਗ ਨੇ ਉਸ ਨੂੰ ਸ਼ਾਬਾਸ਼ ਦਿੱਤੀ ਅਤੇ ਕਿਹਾ, “ਜਦ ਤੁਸੀਂ ਕੰਮ ਕਰਦੇ ਹੋ ਤਾਂ ਐਸਾ ਹੋ ਜਾਣਾ ਸੁਭਾਵਕ ਹੀ ਹੁੰਦਾ ਹੈ। ਤੁਸੀਂ ਕੇਸ ਨੂੰ ਵਧੀਆ ਹੈਂਡਲ ਕੀਤਾ।” ਉਸ ਤੋਂ ਬਾਅਦ ਸਰ ਨੇ ਬਾਕੀ ਸਾਰੇ ਡਾਕਟਰਾਂ ਅਤੇ ਨਰਸਿੰਗ ਸਟਾਫ ਦੇ ਸਾਹਮਣੇ ਮੈਨੂੰ ਥਾਪੀ ਦਿੱਤੀ।
ਹਰਬੰਸ ਥਾਂਦੀ ਅੱਜਕੱਲ੍ਹ ਕੈਲੀਫੋਰਨੀਆ ਵਿਚ ਹੈ ਅਤੇ ਕੁਝ ਮਹੀਨਿਆਂ ਤੋਂ ਮੇਰੀ ਫੇਸਬੁੱਕੀ ਦੋਸਤ ਹੈ। ਉਂਜ ਤਾਂ ਮੈਨੂੰ ਸਾਰਾ ਕੁਝ ਚੰਗੀ ਤਰ੍ਹਾਂ ਯਾਦ ਸੀ, ਫਿਰ ਵੀ ਉਸ ਨਾਲ ਫੋਨ ਤੇ ਵਾਕਿਆ ਸਾਂਝਾ ਕੀਤਾ। ਉਹਨੂੰ ਵੀ ਇਹ ਵਾਕਿਆ ਯਾਦ ਸੀ। ਉਂਜ ਜ਼ਿੰਦਗ਼ੀ ਵਿਚ ਪਹਿਲਾ ਖ਼ੂਨਦਾਨ ਮੈਂ 1971 ਦੀ ਜੰਗ ਵੇਲੇ ਜ਼ਖ਼ਮੀ ਫੌਜੀਆਂ ਲਈ ਕੀਤਾ ਸੀ। ਉਦੋਂ ਮੈਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਐੱਮਬੀਬੀਐਸ ਵਿਚ ਦਾਖ਼ਲਾ ਮਿਲਿਆ ਸੀ। 18 ਸਾਲ ਦੀ ਉਮਰੇ, ਛੋਟੇ ਕੱਦ ਤੇ ਪਤਲੇ ਸਰੀਰ ਕਰ ਕੇ ਮੈਨੂੰ ਫਿੱਟ ਨਹੀਂ ਸੀ ਸਮਝਿਆ ਜਾ ਰਿਹਾ, ਫਿਰ ਵੀ ਬਾਕੀ ਜਮਾਤੀਆਂ ਨਾਲ ਮੈਂ ਖ਼ੂਨਦਾਨ ਕਰ ਸਕਿਆ ਸਾਂ।
ਸੰਪਰਕ: 98728-43491