ਕੁਲਦੀਪ ਸਿੰਘ ਧਨੌਲਾ
ਸਮਾਂ ਬਦਲਦਿਆਂ ਦੇਰ ਨਹੀਂ ਲਗਦੀ, ਪਿਛਲੇ ਸਾਲ ਮਾਰਚ ਮਹੀਨੇ ਅਤੇ ਕਰੋਨਾ ਕਾਲ ਤੋਂ ਪਹਿਲਾਂ ਜੇ ਬੱਚਿਆਂ ਦੇ ਹੱਥ ਬਹੁਤਾ ਚਿਰ ਸੈੱਲ ਫੋਨ ਹੁੰਦਾ ਤਾਂ ਮਾਪੇ ਝਿੜਕਦੇ ਕਿ ‘ਸਾਰਾ ਦਿਨ ਮੋਬਾਈਲ ਲਈ ਬੈਠੇ ਰਹਿੰਦੇ, ਇਹਨੂੰ ਕਿਸੇ ਵੇਲੇ ਪਰ੍ਹੇ ਵੀ ਧਰ ਦਿਆ ਕਰੋ, ਅੱਖਾਂ ਖਰਾਬ ਹੋ ਜਾਣਗੀਆਂ’, ਵਗੈਰਾ ਵਗੈਰਾ। ਕਹਿਣ ’ਤੇ ਬੱਚੇ ਮੋਬਾਈਲ ਪਾਸੇ ਰੱਖ ਦਿੰਦੇ ਪਰ ਕਰੋਨਾ ਦੀ ਐਸੀ ਬਿਮਾਰੀ ਆਈ ਕਿ ਇਸ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ। ਇਸ ਨੇ ਪੜ੍ਹਾਈ ਹੀ ਨਹੀਂ ਸਗੋਂ ਨੌਕਰੀਆਂ ਵੀ ਆਨਲਾਈਨ ਕਰ ਦਿੱਤੀਆਂ ਹਨ। ਸਕੂਲ, ਕਾਲਜ ਬੰਦ ਹੋਣ ਕਾਰਨ ਇਨ੍ਹਾਂ ਨਾਲ ਜੁੜੇ ਬੱਸਾਂ, ਰਿਕਸ਼ੇ ਤੇ ਥਰੀ ਵ੍ਹੀਲਰਾਂ ਵਾਲੇ ਵਿਹਲੇ ਹੋ ਗਏ ਅਤੇ ਵਰਦੀਆਂ ਤੇ ਕਿਤਾਬਾਂ ਵਾਲੀਆਂ ਦੁਕਾਨਾਂ, ਟਿਊਸ਼ਨਾਂ ਵਾਲੀਆਂ ਥਾਵਾਂ ਜਿੱਥੇ ਪਹਿਲਾਂ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਮਿਲਦੀ, ਸੁੰਨੀਆਂ ਹੋ ਗਈਆਂ। ਸਾਡੇ ਘਰ ਨੇੜਲੇ ਸਕੂਲ ਦੀ ਇਕ ਬੱਸ ਲੰਮੇ ਸਮੇਂ ਤੋਂ ਉਸੇ ਥਾਂ ਖੜ੍ਹੀ ਹੈ ਜਿੱਥੇ ਉਹਦਾ ਡਰਾਈਵਰ ਕਰੋਨਾ ਕਾਰਨ ਸਕੂਲ ਬੰਦ ਹੋਣ ਵੇਲੇ ਖੜ੍ਹਾ ਗਿਆ ਸੀ। ਕਈ ਵਾਰ ਸੋਚੀਦਾ ਕਿ ਇਸ ਦਾ ਮਾਲਕ ਇਹਦੀ ਕਿਸ਼ਤ ਕਿਵੇਂ ਭਰਦਾ ਹੋਵੇਗਾ? ਕਰੋਨਾ ਦੀ ਦੂਜੀ ਲਹਿਰ ਪਿੱਛੇ ਜਿਹੇ ਕਹਿਰ ਢਾਹ ਕੇ ਗਈ ਹੈ, ਹੁਣ ਤੀਜੀ ਲਹਿਰ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਕਰੋਨਾ ਕਾਰਨ ਕਈਆਂ ਦੇ ਰੁਜ਼ਗਾਰ ਖੁੱਸ ਗਏ। ਹੋਰ ਵੀ ਕਈ ਤਰ੍ਹਾਂ ਦੇ ਅਸਰ ਪਏ ਹਨ। ਬੱਚਿਆਂ ਦੀ ਪੜ੍ਹਾਈ ਕੀ ਆਨਲਾਈਨ ਹੋਈ, ਪਹਿਲਾਂ ਉਹ ਜਿਹੜੀ ਮਾੜੀ-ਮੋਟੀ ਅਖ਼ਬਾਰੀ ਸੁਰਖੀਆਂ ਉਤੇ ਨਜ਼ਰ ਮਾਰ ਲੈਂਦੇ ਸਨ, ਉਹ ਵੀ ਛੱਡ ਗਏ; ਅਖੇ, ਅਖ਼ਬਾਰ ਵਿਚ ਖ਼ਬਰ ਤਾਂ ਦੂਜੇ ਦਿਨ, ਭਾਵ ਬੇਹੀ ਆਉਂਦੀ ਹੈ, ਉਹ ਤਾਂ ਹੱਥ ਵਿਚ ਹਰ ਸਮੇਂ ਮੋਬਾਈਲ ਹੋਣ ਨਾਲ ਦੀ ਨਾਲ ਹੀ ਪੜ੍ਹ ਲੈਂਦੇ ਹਨ। ਇਉਂ ਨਵੀਂ ਪੀੜ੍ਹੀ ਦੇ ਹੱਥ ਅਖ਼ਬਾਰ ਜਾਂ ਕਿਤਾਬ ਦੀ ਥਾਂ ਮਹਿੰਗਾ ਤੋਂ ਮਹਿੰਗਾ ਮੋਬਾਈਲ ਨਜ਼ਰ ਆਉਂਦਾ ਹੈ। ਸਭ ਤੋਂ ਵੱਧ ਨੁਕਸਾਨ ਉਨ੍ਹਾਂ ਬੱਚਿਆਂ ਦਾ ਹੋਇਆ ਜਿਨ੍ਹਾਂ ਨੇ ਪਹਿਲੀ ਵਾਰ ਸਕੂਲ ਵਿਚ ਪੈਰ ਰੱਖਣਾ ਸੀ। ਉਹ ਲਿਖਣ ਦਾ ਅਭਿਆਸ ਆਪਣੇ ਘਰ ਬੈਠ ਕੇ ਨਹੀਂ ਕਰ ਸਕਦੇ। ਘਰ ਦੇ ਪਿਛਲੇ ਪਾਸੇ ਛੋਟੇ ਬੱਚਿਆਂ ਦਾ ਸਕੂਲ ਹੈ ਜਿਹੜਾ ਕਰੋਨਾ ਕਾਰਨ ਬੰਦ ਪਿਆ ਹੈ। ਜਦੋਂ ਇਹ ਸਕੂਲ ਲੱਗਦਾ ਸੀ ਤਾਂ ਸਵੇਰ ਵੇਲੇ ਬੱਚਿਆਂ ਦੀਆਂ ਆਵਾਜ਼ਾਂ ਕੰਨੀਂ ਪੈਂਦੀਆਂ। ਇਕ ਬੱਚਾ ਅਜੇ ਰੋਣ ਤੋਂ ਹਟਦਾ ਸੀ ਤਾਂ ਦੂਜੇ ਆਉਣ ਵਾਲੇ ਨੂੰ ਉੱਚੀ ਉੱਚੀ ਰੋਂਦਾ ਆਉਂਦਾ ਦੇਖ ਉਹ ਵੀ ਲੱਗ ਜਾਂਦੇ।
ਪੁੱਤਰ ਪਹਿਲਾਂ ਅੰਗਰੇਜ਼ੀ ਅਖ਼ਬਾਰ ਨੂੰ ਰੋਜ਼ਾਨਾ ਨਜ਼ਰ ਥਾਣੀਂ ਜ਼ਰੂਰ ਕੱਢਦਾ ਸੀ ਪਰ ਜਦੋਂ ਦੀ ਮੋਬਾਈਲ ਰਾਹੀਂ ਪੜ੍ਹਾਈ ਸ਼ੁਰੂ ਹੋਈ ਹੈ, ਉਹਦੇ ਹੱਥ ’ਚ ਅਖ਼ਬਾਰ ਨਹੀਂ ਦੇਖਿਆ। ਇਕ-ਦੋ ਵਾਰ ਪੁੱਛਣ ’ਤੇ ਉਹਦਾ ਜਵਾਬ ਸੀ ਕਿ ਜੋ ਅਖ਼ਬਾਰ ਵਿਚ ਅੱਜ ਛਪਿਆ ਹੈ, ਉਹ ਤਾਂ ਮੈਂ ਕੱਲ੍ਹ ਹੀ ਪੜ੍ਹ ਲਿਆ ਸੀ। ਮੈਨੂੰ ਪਹਿਲੇ ਵੇਲਿਆਂ ਦਾ ਬੱਸ ਸਫ਼ਰ ਯਾਦ ਆ ਗਿਆ। ਉਦੋਂ ਬੱਸ ਸਫ਼ਰ ਵਾਲੇ ਅਕੇਵੇਂ ਤੋਂ ਬਚਣ ਲਈ ਬੰਦਾ ਬੱਸ ਚੜ੍ਹਨ ਤੋਂ ਪਹਿਲਾਂ ਅਖ਼ਬਾਰ ਖਰੀਦਦਾ ਸੀ। ਜਿਹੜਾ ਅਖ਼ਬਾਰ ਉਹ ਆਪਣੇ ਸਫ਼ਰ ਲਈ ਲੈਂਦਾ ਸੀ, ਫਿਰ ਉਹੀ ਅਖ਼ਬਾਰ ਬੱਸ ਦੇ ਡਰਾਈਵਰ ਨੂੰ ਛੱਡ ਕੇ ਬਾਕੀ ਇਕੱਲੀ ਇਕੱਲੀ ਸਵਾਰੀ ਕੋਲ ਆਪ ਸਫ਼ਰ ਕਰਦਾ ਕਰਦਾ ਆਖਿ਼ਰਕਾਰ ਗੁੱਛ-ਮੁੱਛ ਹੋਇਆ ਆਪਣਾ ਵਜੂਦ ਹੀ ਖੋਅ ਬਹਿੰਦਾ ਸੀ। ਪਹਿਲੀ ਗੱਲ ਤਾਂ ਉਹ ਖਰੀਦਦਾਰ ਨੂੰ ਵਾਪਸ ਮਿਲਦਾ ਹੀ ਨਹੀਂ ਸੀ, ਜੇ ਮਿਲ ਜਾਂਦਾ ਤਾਂ ਉਹ ਐਨੇ ਹੱਥਾਂ ਵਿਚੋਂ ਦੀ ਲੰਘਣ ਕਾਰਨ ‘ਮੋਬਾਈਲ’ ਅਖ਼ਬਾਰ ਅਣਪਛਾਤਾ ਜਿਹਾ ਜਾਪਦਾ; ਹੁਣ ਅਜਿਹਾ ਨਹੀਂ ਹੁੰਦਾ ਕਿਉਂਕਿ ਇਥੇ ਵੀ ਮੋਬਾਈਲ ਪ੍ਰਧਾਨ ਹੋ ਗਿਆ ਹੈ। ਸ਼ਾਇਦ ਇਸੇ ਕਾਰਨ ਅਖ਼ਬਾਰਾਂ ਦੀ ਛਪਣ ਗਿਣਤੀ ’ਤੇ ਦਿਨੋ-ਦਿਨ ਅਸਰ ਘਟ ਰਿਹਾ ਹੈ। ਹੋਰ ਤਾਂ ਹੋਰ, ਘਰੇ ਬੈਠੇ ਪਰਿਵਾਰ ਦੇ ਜੀਅ ਆਪਸ ਵਿਚ ਗੱਲਾਂ ਕਰਨ ਦੀ ਥਾਂ ਆਪੋ-ਆਪਣੇ ਮੋਬਾਈਲ ’ਤੇ ਰੁੱਝੇ ਨਜ਼ਰ ਆਉਂਦੇ ਹਨ। ਕੰਨਾਂ ਵਿਚ ਟੂਟੀਆਂ ਲਾ ਕੇ ਮੋਬਾਈਲ ਸੁਣਨ ਦਾ ਰਿਵਾਜ਼ ਵੀ ਕਾਫ਼ੀ ਹੋ ਗਿਆ ਹੈ। ਇਕ ਵਾਰ ਖ਼ਬਰ ਆਈ ਸੀ ਕਿ ਕੰਨਾਂ ਵਿਚ ਟੂਟੀਆਂ ਲਾਈ ਪਟੜੀ ’ਤੇ ਮੋਬਾਈਲ ਸੁਣਦਾ ਜਾ ਰਿਹਾ ਨੌਜਵਾਨ ਆਵਾਜ਼ ਨਾ ਸੁਣਨ ਕਾਰਨ ਜਾਨ ਤੋਂ ਹੱਥ ਧੋ ਬੈਠਾ। ਕਿਤਾਬ/ਅਖ਼ਬਾਰ ਪੜ੍ਹਦਾ ਬੰਦਾ ਘੱਟੋ-ਘੱਟ ਆਪਣੇ ਆਲੇ-ਦੁਆਲੇ ਤੋਂ ਤਾਂ ਸੁਰੱਖਿਅਤ ਹੁੰਦਾ ਸੀ!
ਸੰਪਰਕ: 94642-91023