ਸ਼ਵਿੰਦਰ ਕੌਰ
ਇੱਕ ਦਿਨ ਅਸੀਂ ਬੈਠੇ ਉਨ੍ਹਾਂ ਸ਼ਬਦਾਂ ਨੂੰ ਧਿਆ ਰਹੇ ਸਾਂ ਜੋ ਦੇਖਦਿਆਂ ਦੇਖਦਿਆਂ ਲੋਪ ਹੋ ਰਹੇ ਹਨ। ਤੁਰਦੀਆਂ ਗੱਲਾਂ ਬਚਪਨ ਤੇ ਆ ਗਈਆਂ ਕਿ ਬਚਪਨ ਵਿਚ ਅਸੀਂ ਆਪਣੇ ਬਜ਼ੁਰਗਾਂ ਨੂੰ ਬੁਲਾਉਣ ਸਮੇਂ ਜਿਹੜੇ ਸ਼ਬਦਾਂ ਨਾਲ ਉਨ੍ਹਾਂ ਨੂੰ ਸੰਬੋਧਨ ਕਰਦੇ ਸੀ, ਅੱਜ ਕੱਲ੍ਹ ਦੇ ਬੱਚੇ ਉਹ ਸ਼ਬਦ ਛੱਡ ਰਹੇ ਹਨ। ਗੱਲ ਦਾਦੀ ਤੇ ਆਣ ਖਲੋਈ। ਅਸੀਂ ਆਪਣੀ ਦਾਦੀ ਨੂੰ ਤਾਂ ਮਾਂ ਕਹਿੰਦੇ ਸੀ ਪਰ ਪਿੰਡ ਵਿਚ ਦਾਦੀ ਦੀ ਇੱਥਾਂ ਲਗਦੀਆਂ ਔਰਤਾਂ ਨੂੰ ਅੰਮਾ ਕਹਿ ਕੇ ਬਲਾਉਂਦੇ ਸੀ। ਬਹੁਤ ਥਾਵਾਂ ਤੇ ਅੰਬੋ ਸ਼ਬਦ ਵੀ ਸੁਣੀਂਦਾ ਸੀ।
ਪਤਾ ਹੀ ਨਾ ਲੱਗਾ ਕਦੋਂ ਮੇਰੀਆਂ ਯਾਦਾਂ ਦੀ ਚੰਗੇਰ ਵਿਚੋਂ ਨਿਕਲ ਕੇ ਅੰਮਾ ਸ਼ਾਮੋ ਅੱਖਾਂ ਸਾਹਮਣੇ ਇਉਂ ਆਣ ਖਲੋਤੀ ਜਿਵੇਂ ਮੇਰੇ ਬਚਪਨ ਵਿਚ ਉਹ ਹੱਥ ਵਿਚ ਖੂੰਡੀ ਫੜੀ ਸਾਡੇ ਘਰ ਆਉਂਦੀ ਹੁੰਦੀ ਸੀ। ਇਉਂ ਮਹਿਸੂਸ ਹੋਇਆ ਜਿਵੇਂ ਮੇਰੀ ਬੇਬੇ ਆਪਣੇ ਸਿਰ ਉੱਪਰ ਲਈ ਚੁੰਨੀ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਉਸ ਦੇ ਪੈਰਾਂ ਨੂੰ ਲਾਉਂਦੀ ਹੋਈ ਕਹਿ ਰਹੀ ਹੋਵੇ, “ਮੱਥਾ ਟੇਕਦੀ ਆਂ ਅੰਮਾਂ ਜੀ।”
ਅੱਗਿਓਂ ਅੰਮਾਂ ਅਸੀਸਾਂ ਦੀ ਝੜੀ ਲਾ ਦਿੰਦੀ, “ਬੁੱਢ ਸੁਹਾਗਣ ਹੋਵੇਂ, ਤੇਰੇ ਸਿਰ ਦਾ ਸਾਈਂ ਜੀਵੇ, ਤੇਰੇ ਵੀਰ ਜਿਊਣ, ਦੁੱਧੀਂ ਨਹਾਵੇਂ ਪੁੱਤੀਂ ਫਲੇਂ, ਰੱਬ ਬਹੁਤਾ ਦੇਵੇ…।”
ਬੇਬੇ ਨੇ ਝੱਟ ਪੀੜ੍ਹੀ ਚੁੱਕ ਜਿੱਥੇ ਸਾਡੀ ਦਾਦੀ ਬੈਠੀ ਹੁੰਦੀ, ਉੱਥੇ ਡਾਹ ਦੇਣੀ, ਤੇ ਆਪ ਪਤੀਲਾ ਚੁੱਕ ਚਾਹ ਧਰਨ ਲੱਗ ਜਾਣਾ। ਬੜੀ ਹੈਰਾਨੀ ਹੋਣੀ ਕਿ ਅੰਮਾਂ ਦੀਆਂ ਅਸੀਸਾਂ ਸੁਣ ਕੇ ਮੇਰੀ ਬੇਬੇ ਦੇ ਮੂੰਹ ਤੇ ਸਕੂਨ ਭਰੀ ਚਮਕ ਆ ਜਾਣੀ ਜਿਵੇਂ ਉਸ ਨੂੰ ਪਤਾ ਨਹੀਂ ਕੀ ਕਾਰੂੰ ਦਾ ਖਜ਼ਾਨਾ ਮਿਲ ਗਿਆ ਹੋਵੇ!
ਸਾਡੇ ਨਾਲ ਦੇ ਪਿੰਡ ਜੋ ਚਾਰ ਕੁ ਕਿਲੋਮੀਟਰ ਦੂਰ ਸੀ, ਹਾਈ ਸਕੂਲ ਹੋਣ ਕਰਕੇ ਅਸੀਂ ਉੱਥੇ ਪੜ੍ਹਨ ਜਾਂਦੇ ਹੁੰਦੇ ਸੀ। ਉੱਥੇ ਪੜ੍ਹਨ ਜਾਣ ਵਾਲਿਆਂ ਨੂੰ ਅੰਮਾ ਸ਼ਾਮੋਂ ਭੋਰਾ ਵੀ ਚੰਗੀ ਨਹੀਂ ਲੱਗਦੀ ਸੀ। ਇੱਕ ਤਾਂ ਸਵੇਰੇ ਉੱਠਣ ਨੂੰ ਦਿਲ ਨਾ ਕਰਨਾ, ਮਾਵਾਂ ਨੇ ਆਵਾਜ਼ਾਂ ਮਾਰ ਮਾਰ ਉਠਾਉਣਾ, ਤੁਰ ਕੇ ਐਨੀ ਵਾਟ ਸਕੂਲ ਜਾਣਾ, ਲੇਟ ਹੋਣ ਦੇ ਡਰੋਂ ਪਹੀ ਪਹੀ ਜਾਣ ਦੀ ਥਾਂ ਖੇਤਾਂ ਵਿਚ ਬਣੀ ਡੰਡੀ ਉੱਤੇ ਹੋ ਤੁਰਨਾ; ਅੱਗਿਓਂ ਅੰਮਾ ਆਪਣੇ ਖੇਤ ਅੱਗੇ ਖੂੰਡੀ ਫੜੀ ਖੜ੍ਹੀ ਹੋਣੀ। ਸਾਨੂੰ ਦੇਖ ਕੇ ਹੀ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ, “ਪਹੀ ਮੁੜ, ਚੱਲ ਪਹੀ ਮੁੜ।” ਸਾਨੂੰ ਦੁਬਾਰਾ ਵਾਪਸ ਆ ਕੇ ਪਹੀ ਉੱਤੋਂ ਦੀ ਜਾਣਾ ਪੈਣਾ। ਉਸ ਵਕਤ ਅੰਮਾ ਤੇ ਬਹੁਤ ਗੁੱਸਾ ਆਉਣਾ। ਉਸ ਸਮੇਂ ਐਨੀ ਅਕਲ ਕਿੱਥੇ ਸੀ ਕਿ ਸਾਡੇ ਲੰਘਣ ਨਾਲ ਸਖ਼ਤ ਮਿਹਨਤ ਕਰ ਕੇ ਪੈਦਾ ਕੀਤੀ ਫਸਲ ਵੀ ਖ਼ਰਾਬ ਹੁੰਦੀ ਹੈ! ਸਾਨੂੰ ਤਾਂ ਲੇਟ ਹੋਣ ਤੇ ਮਿਲੀ ਸਜ਼ਾ ਦਾ ਕਾਰਨ ਅੰਮਾ ਹੀ ਲੱਗਦੀ ਸੀ।
ਆਪਣੀ ਬੇਬੇ ਦੇ ਅੰਮਾ ਦੇ ਕੀਤੇ ਆਦਰ ਮਾਣ ਤੇ ਖਿਝ ਆਉਣੀ ਤੇ ਬੇਬੇ ਨੂੰ ਕਹਿਣਾ, “ਤੂੰ ਐਵੇਂ ਈ ਅੰਮਾ ਦੀ ਸੇਵਾ ਕਰਦੀ ਰਹਿੰਦੀ ਐਂ। ਤੈਨੂੰ ਤੇ ਸਾਨੂੰ ਤਾਂ ਅੰਮਾ ਨੇ ਕੋਈ ਅਸੀਸ ਨਹੀਂ ਦਿੱਤੀ। ਬਾਪੂ ਜੀ, ਮਾਮਾ ਜੀ ਤੇ ਵੀਰ ਨੂੰ ਤਾਂ ਲੰਮੀ ਉਮਰ ਭੋਗਣ ਦੀਆਂ ਅਸੀਸਾਂ ਦੇ ਦਿੱਤੀਆਂ, ਜੇ ਉਹ ਤੂੰ ਜੀਵੇਂ, ਤੇਰੀਆਂ ਧੀਆਂ ਦੀ ਉਮਰ ਲੰਮੀ ਹੋਵੇ ਵੀ ਕਹਿ ਦਿੰਦੀ, ਫਿਰ ਕਿਹੜਾ ਉਹਨੂੰ ਕੋਈ ਤਕਲੀਫ ਹੁੰਦੀ ਸੀ।”
ਬੇਬੇ ਹਮੇਸ਼ਾ ਉਸ ਦਾ ਹੀ ਪੱਖ ਪੂਰਦੀ, ਮੈਨੂੰ ਸਮਝਾਉਂਦੀ, “ਕਮਲੀਏ ਧੀਏ ਵੱਡਿਆਂ ਦੀਆਂ ਅਸੀਸਾਂ ਤਾਂ ਅਮੁੱਲ ਹੁੰਦੀਆਂ। ਇਹ ਸਾਡੀਆਂ ਸੱਸਾਂ ਮਾਵਾਂ ਦਿਲ ਦੇ ਧੁਰ ਅੰਦਰੋਂ ਸਾਡੇ ਘਰਾਂ ਨੂੰ ਹੱਸਦੇ ਵੱਸਦੇ ਦੇਖਣ ਦੀ ਚਾਹਤ ਰੱਖਦੀਆਂ। ਸਾਰੀ ਉਮਰ ਇਨ੍ਹਾਂ ਨੇ ਪਰਿਵਾਰਕ ਜਿ਼ੰਮੇਵਾਰੀਆਂ ਨਿਭਾਉਂਦਿਆਂ ਆਪਣੇ ਆਪ ਨੂੰ ਫਰਜ਼ਾਂ ਦੀ ਭੱਠੀ ਵਿਚ ਝੋਕੀ ਰੱਖਿਆ ਹੈ। ਕਬੀਲਦਾਰੀ ਨਿਜੱਠਦਿਆਂ ਜੋ ਇਛਾਵਾਂ ਇਨ੍ਹਾਂ ਦੇ ਅੰਦਰ ਦੱਬੀਆਂ ਰਹਿ ਗਈਆਂ, ਉਹ ਵੀ ਸਾਡੇ ਪਰਿਵਾਰਾਂ ਰਾਹੀਂ ਪੂਰਾ ਹੋਣ ਦੀ ਆਸ ਪਾਲੀ ਰੱਖਦੀਆਂ। ਆਰਥਿਕ ਤੌਰ ਤੇ ਤਾਂ ਇਨ੍ਹਾਂ ਵਿਚਾਰੀਆਂ ਦੇ ਪੱਲੇ ਕੁਝ ਨਹੀਂ ਹੁੰਦਾ, ਅਸੀਸਾਂ ਰਾਹੀਂ ਆਪਣੇ ਮਨ ਨੂੰ ਸੰਤੁਸ਼ਟ ਕਰ ਲੈਂਦੀਆਂ।”
ਬੇਬੇ ਅਸੀਸਾਂ ਦੀ ਵਿਆਖਿਆ ਕਰਨ ਲੱਗ ਜਾਂਦੀ, “ਉਹਨੇ ਤੇਰੇ ਬਾਪੂ ਜੀ ਨੂੰ ਲੰਮੀ ਤੰਦਰੁਸਤ ਉਮਰ ਭੋਗਣ ਦੀ ਅਸੀਸ ਦਿੱਤੀ ਹੈ, ਉਹ ਠੀਕ ਹੋਣਗੇ ਤਾਂ ਕਮਾਈ ਕਰਨਗੇ। ਮੈਂ ਤਾਂ ਘਰ ਸਾਂਭਣ ਵਾਲੀ ਹਾਂ। ਤੁਹਾਡਾ ਸਹੀ ਪਾਲਣ-ਪੋਸ਼ਣ ਤਾਂ ਉਨ੍ਹਾਂ ਦੀ ਕਮਾਈ ਨਾਲ ਹੀ ਹੋਣਾ ਹੈ। ਔਰਤ ਆਪਣੇ ਘਰੇ ਜਿੰਨੀ ਮਰਜ਼ੀ ਸੌਖੀ ਹੋਵੇ, ਉਸ ਨੂੰ ਉਹ ਸੁੱਖ ਚੰਗਾ ਨਹੀਂ ਲੱਗਦਾ, ਜੇ ਉਹ ਪੇਕਿਆਂ ਵੱਲੋਂ ਔਖੀ ਹੋਵੇ। ਮੇਰੀ ਜਿ਼ੰਦਗੀ ਵਿਚ ਖ਼ੁਸ਼ੀਆਂ ਰਹਿਣ, ਇਸ ਲਈ ਉਸ ਨੇ ਮੇਰੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਰਹੀ ਦੁੱਧ ਪੁੱਤ ਦੇ ਵਾਧੇ ਦੀ ਗੱਲ, ਚੰਗੀ ਖੁਰਾਕ ਹੀ ਤੰਦਰੁਸਤੀ ਬਖ਼ਸ਼ਦੀ ਹੈ। ਹੋਰ ਚਹੁੰ ਦਿਨਾਂ ਨੂੰ ਤੁਸੀਂ ਸਹੁਰੇ ਘਰ ਤੁਰ ਜਾਵੋਗੀਆਂ, ਸਾਡਾ ਸਹਾਰਾ ਪੁੱਤ ਹੀ ਬਣੇਗਾ।”
ਉਸ ਸਮੇਂ ਤਾਂ ਸਮਝ ਨਹੀਂ ਸੀ ਪਰ ਹੁਣ ਸਮਝ ਆਈ ਹੈ ਕਿ ਉਹ ਸਮੇਂ ਕਦੋਂ ਦੇ ਵਿਹਾ ਚੁੱਕੇ ਜਦੋਂ ਕਬੀਲੇ ਦੀ ਮੁਖੀ ਔਰਤ ਹੁੰਦੀ ਸੀ। ਜਿਉਂ ਜਿਉਂ ਸਮਾਜ ਮਰਦ ਪ੍ਰਧਾਨ ਬਣਦਾ ਗਿਆ, ਔਰਤ ਘਰ ਦੀ ਚਾਰਦੀਵਾਰੀ ਵਿਚ ਕੈਦ ਹੁੰਦੀ ਗਈ। ਉਹ ਆਪਣੀ ਹਰ ਲੋੜ ਲਈ ਮਰਦ ਤੇ ਨਿਰਭਰ ਹੁੰਦੀ ਗਈ। ਘਰ ਵਿਚ ਉਹ ਭਾਵੇਂ ਸਵੇਰੇ ਪਰਿਵਾਰ ਵਿਚੋਂ ਸਭ ਤੋਂ ਪਹਿਲਾਂ ਉੱਠ ਕੇ ਸਭ ਤੋਂ ਮਗਰੋਂ ਸੌਂਦੀ; ਸਾਰਾ ਦਿਨ ਘਰ ਦੇ ਕੰਮ, ਪਸ਼ੂ ਸਾਂਭਣ, ਗੋਹਾ ਕੂੜਾ ਕਰਨ, ਧਾਰਾਂ ਚੋਣ, ਖੇਤੀਂ ਭੱਤਾ ਲਿਜਾਣ, ਬੱਚਿਆਂ ਤੇ ਬਜ਼ੁਰਗਾਂ ਦੀ ਸਾਂਭ-ਸੰਭਾਲ ਦੇ ਨਾਲ ਨਾਲ ਹੋਰ ਘਰੇਲੂ ਕੰਮ ਕਰਦੀ ਸਾਰਾ ਦਿਨ ਊਰੀ ਵਾਂਗ ਘੁੰਮਦੀ ਰਹਿੰਦੀ, ਫਿਰ ਵੀ ਉਸ ਨੂੰ ਵਿਹਲੀ ਹੀ ਸਮਝਿਆ ਜਾਂਦਾ। ਉਸ ਦੇ ਕੰਮਾਂ ਤੋਂ ਕੋਈ ਸਿੱਧੀ ਆਮਦਨ ਨਾ ਹੋਣ ਕਰ ਕੇ ਉਨ੍ਹਾਂ ਨੂੰ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ। ਉਹ ਆਰਥਿਕ ਪੱਖੋਂ ਮਰਦ ਤੇ ਨਿਰਭਰ ਸੀ। ਸੱਭਿਆਚਾਰ ਅਤੇ ਸਮਾਜ ਦੇ ਨੇਮ, ਕਦਰਾਂ-ਕੀਮਤਾਂ ਅਜਿਹੀਆਂ ਬਣਾਈਆਂ ਜੋ ਔਰਤਾਂ ਨੂੰ ਹਰ ਵਿਤਕਰਾ ਚੁੱਪਚਾਪ ਬਰਦਾਸ਼ਤ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਕਰਦੇ ਸਨ।
ਖੇਤੀ ਕਰਨ, ਘਰੋਂ ਬਾਹਰ ਰੁਜ਼ਗਾਰ ਲਈ ਕੀਤੇ ਕੰਮਾਂ ਅਤੇ ਸੁਰੱਖਿਆ ਦੀ ਜਿ਼ੰਮੇਵਾਰੀ ਵੀ ਮਰਦਾਂ ਦੇ ਹਿੱਸੇ ਹੋਣ ਕਰ ਕੇ ਅਸੀਸਾਂ ਵੀ ਉਹੋ ਜਿਹੀਆਂ ਹੀ ਬਣ ਗਈਆਂ ਜਿਨ੍ਹਾਂ ਵਿਚੋਂ ਔਰਤ ਨੂੰ ਮਨਫੀ ਕਰ ਦਿੱਤਾ ਗਿਆ। ਮੁਲਕ ਜਾਂ ਖਿੱਤੇ ਦੀ ਸੁਰੱਖਿਆ ਲਈ ਹੁੰਦੀਆਂ ਜੰਗਾਂ ਵਿਚ ਉਸ ਸਮੇਂ ਤਾਕਤ ਦੀ ਲੋੜ ਹੁੰਦੀ ਸੀ। ਤਾਕਤ ਲਈ ਖੁਰਾਕ ਵਿਚ ਉਸ ਸਮੇਂ ਦੁੱਧ, ਘਿਉ ਅਤੇ ਦਹੀਂ ਦੀ ਵਰਤੋਂ ਤੇ ਜ਼ੋਰ ਦਿੱਤਾ ਜਾਂਦਾ ਸੀ। ਇਸ ਲਈ ਪੁੱਤ ਨਾਲ ਦੁੱਧ ਦੀ ਅਸੀਸ ਵੀ ਜੁੜ ਗਈ।
ਲੰਘਦੇ ਸਮੇਂ ਨਾਲ ਬੜਾ ਕੁਝ ਬਦਲ ਗਿਆ ਹੈ। ਬਜ਼ੁਰਗਾਂ ਦੀਆਂ ਅਸੀਸਾਂ ਦੀ ਹੁਣ ਸ਼ਾਇਦ ਉਹ ਵੁਕਅਤ ਨਹੀਂ ਰਹੀ। ਸਾਡੀਆਂ ਦਾਦੀਆਂ ਮਾਵਾਂ ਦੁੱਖ ਸੁੱਖ ਕਰਨ ਇੱਕ ਦੂਜੇ ਦੇ ਘਰ ਗੇੜਾ ਮਾਰਨ ਜਾਂਦੀਆਂ ਸਨ, ਉੱਥੇ ਉਨ੍ਹਾਂ ਨੂੰ ਸਤਿਕਾਰ ਦਿੱਤਾ ਜਾਂਦਾ ਸੀ, ਹੁਣ ਅਜਿਹਾ ਮਾਹੌਲ ਹੀ ਨਹੀਂ ਰਿਹਾ। ਬਿਨਾਂ ਕੰਮ ਤੋਂ ਕੋਈ ਕਿਸੇ ਦੇ ਘਰ ਨਹੀਂ ਜਾਂਦਾ।
ਔਰਤਾਂ ਦੇ ਹਾਲਾਤ ਵਿਚ ਵੀ ਬਦਲਾਓ ਆਇਆ ਹੈ। ਇਸ ਨੇ ਹਰ ਖੇਤਰ ਵਿਚ ਆਪਣੀ ਹੋਂਦ ਦਰਸਾਈ ਹੈ। ਔਰਤਾਂ ਸਮਾਜ ਵਿਚ ਆਪਣਾ ਮਾਣ ਸਨਮਾਨ ਕਾਇਮ ਰੱਖਣ ਲਈ ਜਦੋ-ਜਹਿਦ ਕਰ ਰਹੀਆਂ ਹਨ ਪਰ ਮਜ਼ਦੂਰ ਔਰਤਾਂ ਦੀ ਜਿ਼ੰਦਗੀ ਵਿਚ ਫਰਕ ਨਹੀਂ ਪਿਆ, ਉਸ ਨਾਲ ਵਿਤਕਰਾ ਜਿਉਂ ਦਾ ਤਿਉਂ ਹੈ। ਅਜਿਹੇ ਵਿਤਕਰੇ ਲਈ ਜਿੱਥੇ ਸੰਘਰਸ਼ ਜ਼ਰੂਰੀ ਹੈ, ਉੱਥੇ ਬਜ਼ੁਰਗਾਂ ਦੇ ਮਾਣ-ਸਤਿਕਾਰ ਵਰਗੇ ਵਿਰਸੇ ਨੂੰ ਸਾਂਭਣਾ ਵੀ ਸਾਡਾ ਫਰਜ਼ ਹੈ।
ਸੰਪਰਕ: 76260-63596