ਗੁਰਮਲਕੀਅਤ ਸਿੰਘ ਕਾਹਲੋਂ
ਦਸ ਸਾਲ ਪਹਿਲਾਂ ਕੈਨੇਡਾ ਆਉਣ ਤੋਂ ਬਾਅਦ ਜਲੰਧਰ ਵਾਲੇ ਘਰ ਵਿਚ ਸਾਡੀ ਧੀ ਪਰਿਵਾਰ ਸਮੇਤ ਰਹਿਣ ਲਗੀ। ਦੋ ਕੁ ਸਾਲ ਉਹ ਦੁੱਧ ਪੱਖੋਂ ਬੜੇ ਪ੍ਰੇਸ਼ਾਨ ਰਹੇ। ਬੱਚੇ ਛੋਟੇ ਹੋਣ ਕਰਕੇ ਉਹ ਖਾਸ ਖਿਆਲ ਰੱਖਦੇ ਕਿ ਦੁੱਧ ਮਾੜਾ ਨਾ ਹੋਵੇ ਪਰ ਭਰੋਸੇਯੋਗ ਉਨ੍ਹਾਂ ਨੂੰ ਕਿਤੋਂ ਨਾ ਮਿਲਦਾ। ਇਕ ਦਿਨ ਸਾਡਾ ਜਵਾਈ ਬੰਦ ਰੇਲਵੇ ਫਾਟਕ ’ਤੇ ਖੜ੍ਹਾ ਸੀ, ਉਹਦੇ ਕੋਲ ਆ ਕੇ ਕੋਈ ਦੋਧੀ ਰੁਕਿਆ। ਦੁੱਧ ਵਾਲੇ ਢੋਲ ਦੇਖ ਕੇ ਗੱਲਬਾਤ ਚੱਲ ਪਈ। ਦੋਧੀ ਦੇ ਬੋਲਬਾਣੀ ਚੰਗੀ ਲੱਗੀ ਤਾਂ ਘਰ ਦਾ ਸਿਰਨਾਵਾਂ ਦੱਸ ਕੇ ਦੁੱਧ ਲਈ ਕਹਿ ਦਿੱਤਾ। ਥੋੜ੍ਹੇ ਮਹੀਨਿਆਂ ਬਾਅਦ ਅਸੀਂ ਵਤਨ ਗਏ ਤਾਂ ਪਤਨੀ ਨੇ ਸਹਬਿਨ ਹੀ ਦੁੱਧ ਬਾਰੇ ਪੁੱਛ ਲਿਆ। ਧੀ ਕਹਿੰਦੀ, “ਪਹਿਲਾਂ ਤਿੰਨ ਲਿਟਰ ਲਈਦਾ ਸੀ, ਥੁੜ੍ਹ ਜਾਂਦਾ ਸੀ, ਹੁਣ ਵਾਲੇ ਦੁੱਧ ਐਸੀ ਬਰਕਤ ਹੈ ਪਈ ਦੋ ਲਿਟਰ ਲੈ ਕੇ ਵਰਤੀਦਾ ਵੀ ਖੁੱਲ੍ਹਾ, ਤੇ ਬੱਚੇ ਵੀ ਖੁਸ਼ ਹੋ ਕੇ ਪੀਂਦੇ, ਕਦੇ ਥੁੜ੍ਹਿਆ ਵੀ ਨਹੀਂ।” ਉਸ ਤੋਂ ਅਗਲੇ ਸਾਲ ਧੀ ਪਰਿਵਾਰ ਸਮੇਤ ਕੈਨੇਡਾ ਪਹੁੰਚ ਗਈ। ਸਾਲ ਕੁ ਬਾਅਦ ਅਸੀਂ ਪਤੀ-ਪਤਨੀ ਵਾਪਸ ਗਏ ਤਾਂ ਉਸੇ ਦੋਧੀ ਤੋਂ ਦੁੱਧ ਲੈਣ ਲਗੇ। ਤਿੰਨ ਚਾਰ ਦਿਨ ਬਾਅਦ ਦੋਹਾਂ ਦੇ ਪੇਟ ਵਿਚ ਗੜਬੜ ਹੋ ਗਈ। ਡਾਕਟਰ ਕਹਿੰਦਾ- ਖਾਣ ਪੀਣ ਚੈਕ ਕਰੋ। ਚਾਹ ਬਣਾਉਣ ਲਈ ਫਰਿੱਜ ’ਚੋਂ ਪਤੀਲਾ ਕੱਢ ਕੇ ਪਤਨੀ ਨੂੰ ਫੜਾਇਆ ਤਾਂ ਨੋਟ ਕੀਤਾ, ਉਪਰ ਮਲਾਈ ਬਹੁਤ ਮੋਟੀ ਹੈ। ਸ਼ੱਕ ਹੋ ਗਿਆ, ਦੁੱਧ ਵਿਚ ਗੜਬੜ ਹੈ।
ਅਗਲੇ ਦਿਨ ਦੁੱਧ ਪਵਾਉਂਦਿਆਂ ਮੈਂ ਉਸ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ। ਵੇਰਕਾ ਮਿਲਕ ਪਲਾਂਟ ਸਾਡੇ ਘਰੋਂ ਥੋੜ੍ਹੀ ਦੂਰ ਹੈ। ਦੁੱਧ ’ਚੋਂ ਪਾਈਆ ਕੁ ਬੋਤਲ ਵਿਚ ਪਾ ਕੇ ਪਲਾਂਟ ਦੀ ਲੈਬ ਵਿਚ ਚੈੱਕ ਕਰਾਉਣ ਚਲੇ ਗਿਆ। ਟੈਸਟ ਹੋ ਗਿਆ। ਰਿਪੋਰਟਾਂ ਪੜ੍ਹਦਾ ਇੰਚਾਰਜ ਕਹਿੰਦਾ, “ਇੰਨਾ ਸ਼ੁੱਧ, ਬਿਨਾ ਟੀਕੇ ਤੇ ਗਾੜ੍ਹਾ ਦੁੱਧ ਤੁਹਾਨੂੰ ਕੌਣ ਦਿੰਦਾ।” ਮੈਂ ਦੱਸਿਆ ਤਾਂ ਉਹ ਹੈਰਾਨੀ ਨਾਲ ਮੇਰੇ ਮੂੰਹ ਵੱਲ ਦੇਖੀ ਜਾਏ।
ਘਰੇ ਪਰਤ ਕੇ ਮੈਂ ਉਹੀ ਗੱਲ ਪਤਨੀ ਨੂੰ ਸੁਣਾਈ। ਉਸ ਨੂੰ ਧੀ ਦਾ ਕਿਹਾ ਝੱਟ ਯਾਦ ਆ ਗਿਆ ਕਿ ਇਸ ਦੇ ਦੁੱਧ ਵਿਚ ਬੜੀ ਬਰਕਤ ਹੈ। ਅਗਲੇ ਦਿਨ ਦੋਧੀ ਆਇਆ ਤਾਂ ਦੁੱਧ ਚੈੱਕ ਕਰਾਉਣ ਵਾਲੀ ਉਹਨੂੰ ਗੱਲ ਦੱਸੀ ਪਰ ਉਹ ਹੈਰਾਨ ਨਹੀਂ ਹੋਇਆ। ਉਹਦੇ ਸਹਿਜ ਨੇ ਹੈਰਾਨੀ ਵਧਾ ਦਿੱਤੀ, “ਆਮ ਰੇਟ ’ਤੇ ਸ਼ੁੱਧਤਾ ਵਾਰਾ ਖਾ ਜਾਂਦੀ?” ਕਹਿੰਦਾ, “ਮੇਰੇ ਤਾਂ ਵਾਰੇ ਨਿਆਰੇ ਹੋ ਗਏ। ਪੁੱਛਣ ਤੋਂ ਪਹਿਲਾਂ ਹੀ ਬੋਲ ਪਿਆ, “ਅਸੀਂ ਤਿੰਨ ਭਰਾ ਆਂ। ਤਿੰਨਾਂ ਦੇ ਹਿੱਸੇ ਡੇਢ ਡੇਢ ਕਿੱਲਾ ਆਇਆ। ਦੋ ਤਿੰਨ ਸਾਲ ਖੇਤੀ ਕੀਤੀ ਪਰ ਖਰਚੇ ਪੂਰੇ ਨਾ ਹੋਣ। ਪਤਨੀ ਦੇ ਕਹਿਣ ’ਤੇ ਦੋ ਮੱਝਾਂ ਲਈਆਂ। ਦੁੱਧ ਘਰੋਂ ਈ ਵਿਕਣ ਲਗ ਪਿਆ, ਖਰਚੇ ਚਲ ਪਏ। ਸਾਲ ਵਿਚ ਚਾਰ ਮੱਝਾਂ ਕਰ ਲਈਆਂ। ਡੇਢ ਕਿੱਲਾ ਪੱਠਿਆਂ ਲਈ ਥੋੜ੍ਹਾ ਪੈ ਗਿਆ। ਦੋ ਕਿੱਲੇ ਠੇਕੇ ’ਤੇ ਲੈ ਲਏ। ਦੋ ਸਾਲਾਂ ਬਾਅਦ ਉਹੀ ਦੋ ਕਿੱਲੇ ਖਰੀਦ ਲਏ। ਹੁਣ 30-35 ਮੱਝਾਂ ਨੇ। ਅੱਧਿਓਂ ਬਹੁਤਾ ਦੁੱਧ ਘਰੋਂ ਹੀ ਵਿਕ ਜਾਂਦਾ। ਬਾਕੀ ਆਹ ਤਿੰਨਾਂ ਡੋਹਣਿਆਂ ’ਚ ਪੈ ਜਾਂਦਾ। ਗਰਮੀ ਬਹੁਤੀ ਹੋਵੇ ਤਾਂ ਢੇਲਾ ਬਰਫ ਦਾ ਚਾਹੇ ਸੁੱਟ ਲਵਾਂ, ਹੋਰ ਕੁਝ ਕਰਨ ਦਾ ਖਿਆਲ ਵੀ ਮਨ ਵਿਚ ਨਹੀਂ ਆਇਆ। ਡਰ ਰਹਿੰਦਾ, ਦਾਤੇ ਦੀ ਸਵੱਲੀ ਨਜ਼ਰ ਨੂੰ ਨਜ਼ਰ ਨਾ ਲੱਗਜੇ। ਬੇਈਮਾਨ ਗਾਹਕਾਂ ਦੀ ਅੱਖ ਪਛਾਣ ਕੇ ਨਾਂਹ ਕਰ ਦੇਈਦੀ, ਤੁਹਾਡੇ ਵਰਗੇ ਸੂਝਵਾਨ ਹੋਰ ਟੱਕਰ ਜਾਂਦੇ ਨੇ।”
ਦੋਧੀ ਚਲੇ ਗਿਆ ਪਰ ਸੋਚੀਂ ਪਾ ਗਿਆ।… ਹੁਣ ਜਦੋਂ ਉਸ ਨੂੰ ਆਪਣੇ ਆਉਣ ਬਾਰੇ ਫੋਨ ਕੀਤਾ ਤਾਂ ਅੱਗਿਓਂ ਕਹਿੰਦਾ, “ਆਓਗੇ ਤਾਂ ਲੱਡੂ ਖਵਾਊਂ!” ਪੁੱਛਿਆ- “ਕਾਹਦੇ?” ਕਹਿੰਦਾ, “ਦੋਧੀ ਦੇ ਖੇਤਾਂ ਦੀ ਗਿਣਤੀ ਦੋ ਹਿੰਦਸਿਆਂ ’ਚ ਹੋਗੀ।”
ਸੰਪਰਕ: +1-604-442-7676