ਡਾ. ਹਜ਼ਾਰਾ ਸਿੰਘ ਚੀਮਾ
ਕਰੋਨਾ ਕਾਲ ਵਾਲੇ ਕਹਿਰ ਸਮੇਂ ਦੀ ਗੱਲ ਹੈ। ਸਵੇਰ ਦੇ ਅੱਠ ਕੁ ਵਜੇ ਹਨ। ਕੰਮ ਵਾਲੀ ਔਰਤ ਆਮ ਦਿਨਾਂ ਤੋਂ ਅੱਧਾ ਘੰਟਾ ਪਹਿਲਾਂ ਹੀ ਆ ਪਹੁੰਚਦੀ ਹੈ ਤੇ ਆਉਂਦੇ ਸਾਰ ਹੀ ਕਹਿੰਦੀ ਹੈ, “ਅੰਕਲ, ਮੈਂ ਆਜ ਜਲਦੀ ਚਲੇ ਜਾਨਾ ਹੈ, ਮੁਝੇ ਕਾਮ ਹੈ।” ਮੈਂ ਉਸ ਦੀ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਮੈਨੂੰ ਅਖ਼ਬਾਰ ਪੜ੍ਹਦੇ ਨੂੰ ਦੇਖ ਉਹ ਸੁਆਲੀਆ ਨਜ਼ਰਾਂ ਨਾਲ ਇੱਕ ਹੋਰ ਹੁਕਮ ਸੁਣਾਉਂਦੀ ਹੈ, “ਅੰਕਲ, ਮੁਝੇ ਦਸ ਹਜ਼ਾਰ ਰੁਪਏ ਉਧਾਰ ਚਾਹੀਏ, ਕਿਸੀ ਕੋ ਦੇਨੇ ਹੈਂ। ਵੋ ਜਲਦੀ ਹੀ ਵਾਪਸ ਕਰ ਦੇਗੀ।”
ਉਸ ਦੀ ਗੱਲ ਸੁਣ ਕੇ ਮੈਂ ਸੋਚਾਂ ਵਿਚ ਪੈ ਜਾਂਦਾ ਹਾਂ। ਅਜੇ ਪਿਛਲੇ ਸਾਲ ਹੀ ਜਦੋਂ ਮੈਂ ਅੰਮ੍ਰਿਤਸਰ ਤੋਂ ਇੱਥੇ ਆਇਆ ਸੀ ਤਾਂ ਅਲਮਾਰੀ ਜੋ ਆਕਾਰ ਵਿਚ ਵੱਡੀ ਹੋਣ ਕਰਕੇ ਉਪਰਲੀ ਮੰਜ਼ਿਲ ’ਤੇ ਲਿਜਾਈ ਨਹੀਂ ਸੀ ਜਾ ਸਕੀ, ਉੱਪਰ ਇਸ ਦੀ ਨਿਗ੍ਹਾ ਪੈ ਗਈ। ਇਸ ਨੇ ਕਿਹਾ, “ਅੰਕਲ, ਯੇ ਅਲਮਾਰੀ ਮੁਝੇ ਦੇ ਦੋ। ਹਮਾਰੇ ਪਾਸ ਕੱਪੜੇ ਰਖਨੇ ਕੇ ਲੀਏ ਕੁਛ ਨਹੀਂ ਹੈ। ਮੈਂ ਪੈਸੇ ਕਟਵਾ ਦੂੰਗੀ।” ਉਸ ਸਮੇਂ ਇਹ ਅਲਮਾਰੀ ਇਸ ਨੂੰ ਦੇਣ ਦੀ ਬਜਾਇ 3000 ਰੁਪਏ ਨਕਦ ਮਿਲਣ ਦੇ ਲਾਲਚ ਵਿਚ ਮੈਂ ਕਿਸੇ ਹੋਰ ਨੂੰ ਵੇਚ ਦਿੱਤੀ ਸੀ। ਮੇਰੀ ਇਸ ਗੱਲ ਤੋਂ ਇਹ ਕਈ ਦਿਨ ਤੜਿੰਗ ਰਹੀ। ਬੱਸ ਚੁੱਪ-ਚੁਪੀਤੇ ਆਉਂਦੀ, ਝਾੜੂ-ਪੋਚਾ ਲਗਾ, ਸਫ਼ਾਈ ਆਦਿ ਕਰਨ ਮਗਰੋਂ ਤਿੰਨੋਂ ਡੰਗ ਦਾ ਖਾਣਾ ਬਣਾ ਕੇ ਵਾਪਸ ਚਲੀ ਜਾਂਦੀ।
ਸਾਡੇ ਦਰਮਿਆਨ ਪੈਦਾ ਹੋਇਆ ਇਹ ਡੈੱਡਲਾਕ ਆਖ਼ਿਰਕਾਰ ਮੈਨੂੰ ਹੀ ਤੋੜਨਾ ਪਿਆ। ਫਰਨੀਚਰ ਮਾਰਕੀਟ ’ਚੋਂ ਇਸ ਨੂੰ ਪੁਰਾਣੀ ਅਲਮਾਰੀ ਲੈ ਕੇ ਦਿੱਤੀ, ਫਿਰ ਪੁਰਾਣਾ ਬੈੱਡ ਆਦਿ ਵੀ ਲੈ ਦਿੱਤਾ। ਇਸੇ ਤਰ੍ਹਾਂ ਇਸ ਦੀਆਂ ਹੋਰ ਛੋਟੀਆਂ-ਮੋਟੀਆਂ ਲੋੜਾਂ ਵੀ ਪੂਰੀਆਂ ਕਰਦਾ ਰਿਹਾ। ਉਹ ਪੂਰੀ ਇਮਾਨਦਾਰੀ ਨਾਲ ਉਧਾਰ ਲਏ ਪੈਸੇ ਦੀ ਪਾਈ ਪਾਈ ਆਪਣੀ ਮਾਸਿਕ ਤਨਖ਼ਾਹ ਵਿਚੋਂ ਕਟਵਾਉਂਦੀ ਰਹੀ। ਕਰੋਨਾ ਕਾਲ ਸਮੇਂ ਜਦੋਂ ਤਕਰੀਬਨ ਸਮੂਹ ਕੋਠੀਆਂ ਵਾਲਿਆਂ ਨੇ ਡਰ ਕਾਰਨ ਆਪੋ-ਆਪਣੀਆਂ ਕੰਮ ਵਾਲੀਆਂ ਦੀ ਛੁੱਟੀ ਕਰ ਦਿੱਤੀ ਸੀ ਤਾਂ ਮੈਂ ਆਪਣੀ ਧੀ ਵੱਲੋਂ ਉਸ ਦੀ ਛੁੱਟੀ ਕਰਨ ਦੀ ਸਲਾਹ ਦੇ ਬਾਵਜੂਦ ਉਸ ਨੂੰ ਕੰਮ ਤੋਂ ਨਹੀਂ ਸੀ ਹਟਾਇਆ ਸਗੋਂ ਜਿੰਨੀ ਦੇਰ ਤੱਕ ਉਸ ਨੂੰ ਹੋਰ ਘਰਾਂ ਦਾ ਕੰਮ ਦੁਬਾਰਾ ਨਹੀਂ ਮਿਲਿਆ, ਮੈਂ ਉਸ ਨੂੰ ਲੋੜੀਂਦਾ ਰਾਸ਼ਨ ਵੀ ਲੈ ਕੇ ਦਿੰਦਾ ਰਿਹਾ।
ਇਨ੍ਹਾਂ ਸੋਚਾਂ ਵਿਚ ਡੁੱਬਿਆ ਮੈਂ ਆਪਣੇ-ਆਪ ਨੂੰ ਬਹੁਤ ਵੱਡਾ ਦਾਨੀ ਸਮਝ ਬੈਠਾ ਸਾਂ। ਇੰਨੇ ਨੂੰ ਉਹ ਆਪਣਾ ਕੰਮ ਨਬਿੇੜ ਕੇ ਚਲੀ ਗਈ। ਜਾਂਦੀ ਹੋਈ ਕਹਿ ਗਈ, “ਅੰਕਲ, ਮੈਨੇ ਦੁਪਹਿਰ ਕੇ ਤੀਨ ਔਰ ਸ਼ਾਮ ਕੇ ਤੀਨ ਫੁਲਕੇ ਬਨਾ ਕਰ ਰੱਖ ਦੀਏ ਹੈਂ। ਆਪ ਗਰਮ ਕਰਕੇ ਖਾ ਲੇਨਾ।” ਉਸ ਦੇ ਜਾਣ ਤੋਂ ਬਾਅਦ ਕੋਸ਼ਿਸ਼ ਕਰਨ ’ਤੇ ਵੀ ਉਹ ਮੇਰੀ ਸੋਚ ਵਿਚੋਂ ਬਾਹਰ ਨਹੀਂ ਨਿਕਲੀ। ਮੈਂ ਸੋਚਦਾ ਕਿ ਅਜੇ ਪਿਛਲੇ ਮਹੀਨੇ ਹੀ ਇਸ ਨੂੰ ਫਰਿੱਜ ਖਰੀਦਣ ਲਈ 10000 ਰੁਪਏ ਉਧਾਰ ਦਿੱਤੇ ਹਨ, ਇਸ ਦੇ ਲੜਕੇ ਨੂੰ ਸਕੂਲ ਜਾਣ ਲਈ ਧੀ ਵਾਲਾ ਸਪੋਰਟਸ ਸਾਈਕਲ ਵੀ ਮੁਫ਼ਤ ਵਿਚ ਦਿੱਤਾ ਹੈ, ਇਹ ਤਾਂ ਹਰ ਰੋਜ਼ ਕੋਈ ਨਾ ਕੋਈ ਬਹਾਨਾ ਲਗਾ ਕੇ ਪੈਸੇ ਮੰਗਦੀ ਰਹਿੰਦੀ ਹੈ। ਇਸ ਨੂੰ ਮੇਰੇ ਕੋਲੋਂ ਉਾਰ ਲੈ ਕੇ ਅੱਗੇ ਉਧਾਰ ਦੇਣ ਦੀ ਕੀ ਜ਼ਰੂਰਤ ਹੈ? ਮੇਰੀਆਂ ਆਂਢਣਾਂ-ਗੁਆਂਢਣਾਂ ਵੀ ਕਈ ਵਾਰ ਮੈਨੂੰ ਕਹਿ ਚੁੱਕੀਆਂ ਹਨ, “ਭਾਅ ਜੀ, ਤੁਸੀਂ ਕੰਮ ਵਾਲੀਆਂ ਨੂੰ ਕੁਝ ਜ਼ਿਆਦਾ ਹੀ ਸਿਰ ਚੜ੍ਹਾ ਰੱਖਿਐ। ਆਮ ਰੇਟ ਨਾਲੋਂ ਤੁਸੀਂ ਇਨ੍ਹਾਂ ਨੂੰ ਜ਼ਿਆਦਾ ਪੈਸੇ ਦੇ ਰਹੇ ਹੋ। ਤੁਹਾਡੀ ਉਦਾਹਰਨ ਦੇ ਕੇ ਉਹ ਸਾਨੂੰ ਵੀ ਪੈਸੇ ਵਧਾਉਣ ਲਈ ਕਹਿੰਦੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਇੰਜ ਲੱਗਣ ਲੱਗਦਾ ਹੈ ਕਿ ਮੈਂ ਕੰਮ ਵਾਲੀ ਉੱਪਰ ਲੋੜੋਂ ਵੱਧ ਅਹਿਸਾਨ ਕਰ ਰਿਹਾ ਹਾਂ।
ਅਗਲੇ ਦਿਨ ਉਹ ਸਵੇਰੇ ਸਾਝਰੇ ਹੀ ਆ ਜਾਂਦੀ ਹੈ। ਆਉਂਦਿਆਂ ਬੜੇ ਤਲਖ਼ ਲਹਿਜ਼ੇ ’ਚ ਆਖਦੀ ਹੈ, “ਅੰਕਲ, ਆਪ ਨੇ ਮੁਝੇ ਦਸ ਹਜ਼ਾਰ ਉਧਾਰ ਦੇਣੇ ਸੇ ਮਨ੍ਹਾ ਕਰ ਦੀਆ ਥਾ ਨਾ… ਮੈਨੇ ਅਪਨੀ ਸੋਨੇ ਕੀ ਬਾਲੀਆਂ ਗਿਰਵੀ ਰੱਖ ਕਰ ਕਿਸੀ ਸੇ ਲੇ ਲੀਏ ਔਰ ਅਪਨੀ ਸਹੇਲੀ ਕੋ ਦੇ ਦੀਏ। ਉਸ ਕੇ ਬੇਟੇ ਕਾ ਅਪਰੇਸ਼ਨ ਹੋਨਾ ਥਾ, ਉਸ ਕੋ ਪੈਸੋਂ ਕੀ ਬਹੁਤ ਜ਼ਰੂਰਤ ਥੀ। ਇਸ ਲੀਏ ਮੈਨੇ ਕਰਜ਼ ਲੇਕਰ ਉਸ ਕੋ ਦੇ ਦੀਏ। ਜਬ ਉਸ ਕੇ ਪਾਸ ਹੋਂਗੇ, ਵੋ ਮੁਝੇ ਵਾਪਸ ਕਰ ਦੇਗੀ।” ਉਸ ਦੀ ਗੱਲ ਤੋਂ ਹੈਰਾਨ ਹੋਇਆ ਮੈਂ ਉਸ ਨੂੰ ਪੁੱਛਣ ਹੀ ਵਾਲਾ ਸੀ ਕਿ ਉਸ ਨੂੰ ਵਿਆਜੂ ਪੈਸੇ ਲੈ ਕੇ ਅੱਗੇ ਉਧਾਰ ਕਿਉਂ ਦਿੱਤੇ, ਉਹ ਮੇਰੇ ਨਾਲੋਂ ਪਹਿਲਾਂ ਹੀ ਬੋਲ ਉੱਠੀ- “ਅੰਕਲ, ਆਪ ਸੋਚਤੇ ਹੋਂਗੇ ਕਿ ਮੈਨੇ ਕਰਜ਼ਾ ਉਠਾ ਕਰ ਅਪਨੀ ਸਹੇਲੀ ਕੋ ਆਗੇ ਉਧਾਰ ਕਿਉਂ ਦੀਏ। ਅੰਕਲ, ਬਾਤ ਯੇ ਹੈ ਕਿ ਮੇਰੇ ਛੋਟੂ ਕਾ ਭੀ ਪਹਿਲੇ ਐਕਸੀਡੈਂਟ ਹੋ ਗਯਾ ਥਾ। ਉਸ ਕਾ ਅਪਰੇਸ਼ਨ ਕਰਵਾਨੇ ਕੇ ਲੀਏ ਮੇਰੇ ਪਾਸ ਕੋਈ ਪੈਸਾ ਨਹੀਂ ਥਾ। ਤਬ ਇਸੀ ਸਹੇਲੀ ਨੇ ਕਿਸੀ ਸੇ ਕਰਜ਼ ਲੇਕਰ ਮੇਰੀ ਹੈਲਪ ਕੀ ਥੀ।… ਅਬ ਉਸ ਪਰ ਭੀੜ ਆਨ ਪੜੀ, ਉਸ ਕੋ ਪੈਸੋਂ ਕੀ ਜ਼ਰੂਰਤ ਥੀ, ਅਬ ਮੈਂ ਉਸ ਕੋ ਯੇ ਬੋਲਤੀ ਕਿ ਮੇਰੇ ਪਾਸ ਤੋ ਪੈਸੇ ਨਹੀਂ ਹੈਂ? ਅੰਕਲ! ਹਮ ਨੇਪਾਲੀ ਲੋਗ ਹੈਂ, ਹਮ ਐਸਾ ਕੈਸੇ ਕਰ ਸਕਤੇ ਹੈਂ?… ਅੰਕਲ, ਆਪ ਜੋ ਪੈਸੇ ਵਾਲੇ ਬੜੇ ਲੋਗ ਹੈਂ ਨਾ, ਆਪ ਕੇ ਪਾਸ ਦਿਲ ਨਹੀਂ ਹੋਤਾ। ਆਪ ਕਿਸੀ ਗਰੀਬ ਕੀ ਥੋੜ੍ਹੀ ਸੀ ਭੀ ਮਦਦ ਕਰ ਕਰ, ਉਸ ਪਰ ਬਹੁਤ ਬੜਾ ਅਹਿਸਾਨ ਕੀਆ ਸਮਝਤੇ ਹੋ। ਹਮ ਲੋਗ ਗਰੀਬ ਜ਼ਰੂਰ ਹੈਂ ਪਰ ਹਮਾਰਾ ਦਿਲ ਬੜਾ ਹੋਤਾ ਹੈ। ਹਮ ਮੁਸੀਬਤ ਮੇਂ ਏਕ ਦੂਸਰੇ ਕੇ ਕਾਮ ਆਨਾ ਅਪਨਾ ਧਰਮ ਸਮਝਤੇ ਹੈਂ…।’
ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਲੱਗਾ, ਜਿਵੇਂ ਉਸ ਨੇ ਮੂੰਹ ’ਤੇ ਚਪੇੜ ਜੜ ਦਿੱਤੀ ਹੋਵੇ।
ਸੰਪਰਕ: 98142-81938