ਜਤਿੰਦਰ ਸਿੰਘ
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 1604 ਨੂੰ ਗੁਰੂ ਅਰਜਨ ਦੇਵ ਜੀ ਨੇ ਕੀਤੀ। ਸੰਪਾਦਨਾ ਸਮੇਂ ਉਨ੍ਹਾਂ ਨੇ ਉਸ ਸਮੇਂ ਤੱਕ ਗੁਰਮਤਿ ਆਸ਼ੇ ਵਾਲੀ ਸੰਤਾਂ, ਭਗਤਾਂ ਦੀ ਰਚੀ ਬਾਣੀ ਦਰਜ ਕੀਤੀ। ਭਗਤ ਕਬੀਰ ਦੇ ਗੁਰੂ ਗ੍ਰੰਥ ਸਾਹਿਬ ਵਿਚ 224 ਸ਼ਬਦ ਅਤੇ 243 ਸ਼ਲੋਕ ਦਰਜ ਹਨ। ਭਗਤ ਕਬੀਰ ਦੀ ਸਮੁੱਚੀ ਬਾਣੀ ਦੀ ਤਤਕਾਲੀ ਤੇ ਸਮਕਾਲੀ ਪ੍ਰਸੰਗਿਕਤਾ ਨੂੰ ਸਮਾਜਿਕ ਤੇ ਸਿਆਸੀ ਸਰੋਕਾਰਾਂ ਰਾਹੀਂ ਸਮਝਿਆ ਜਾ ਸਕਦਾ ਹੈ। ਉਨ੍ਹਾਂ ਬ੍ਰਾਹਮਣਵਾਦੀ/ਮੁੱਲਾਵਾਦੀ ਸੋਚ ਕਾਰਨ ਸਮਾਜ ਵਿਚ ਫੈਲੇ ਜਾਤੀਵਾਦ, ਉਚ ਨੀਚ ਦੇ ਭੇਦਭਾਵ ਨੂੰ ਨਕਾਰਿਆ ਹੀ ਨਹੀਂ ਸਗੋਂ ਉਸ ਵਿਵਸਥਾ ਨੂੰ ਪ੍ਰਤੀਰੋਧ ਦੀ ਸੁਰ ਰਾਹੀਂ ਵੰਗਾਰਿਆ।
ਭਗਤ ਕਬੀਰ ਦੀ ਬਾਣੀ ਨੂੰ ਤਤਕਾਲੀ ਬ੍ਰਾਹਮਣਵਾਦੀ ਵਿਵਸਥਾ ਤੇ ਸਮਕਾਲ ’ਚ ਉਨ੍ਹਾਂ ਦੇ ਰਚੇ ਬੀਰ ਰਸੀ ‘ਸੂਰਾ ਸੋ ਪਹਿਚਾਨੀਐ’ ਰਾਹੀਂ ਸਮਝਿਆ ਜਾ ਸਕਦਾ ਹੈ। ਮੱਧਕਾਲੀ ਸਮਾਜਿਕ ਹਾਲਾਤ ’ਚ ਭੇਦਭਾਵ ਦਾ ਵਰਤਾਰਾ ਪ੍ਰਤੱਖ ਸੀ। ਸਮਕਾਲੀ ਹਾਲਾਤ ਵਿਚ ਕਦੇ ਇਹ ਪ੍ਰਤੱਖ ਤੇ ਕਦੇ ਪ੍ਰੋਖ ਰੂਪ ਵਿਚ ਸਾਮਹਣੇ ਆਉਂਦਾ ਹੈ ਪਰ ਅਜਿਹਾ ਪ੍ਰਗਟਾਓ ਨਿਸ਼ਚੈ ਤੌਰ ’ਤੇ ਤਤਕਾਲ ਤੇ ਸਮਕਾਲ ਜਾਤੀਵਾਦ ਵਿਚ ਗ੍ਰਸਤ ਲੋਕਾਂ ਦੇ ਅਵਚੇਤਨ ਪਿਆ ਨਜ਼ਰ ਆਉਂਦਾ ਹੈ:
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ॥
ਬਾਤਨ ਹੀ ਅਸਮਾਨੁ ਗਿਰਾਵਹਿ॥
ਐਸੇ ਲੋਗਨ ਸਿਉ ਕਿਆ ਕਹੀਐ॥
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ
ਡਰਾਨੇ ਰਹੀਐ॥1॥ਰਹਾਉ॥
ਆਪਿ ਨ ਦੇਹਿ ਚੁਰੂ ਭਰਿ ਪਾਨੀ॥
ਤਿਹ ਨਿੰਦਹਿ ਜਿਹ ਗੰਗਾ ਆਨੀ॥2॥
ਬੈਠਤ ਉਠਤ ਕੁਟਿਲਤਾ ਚਾਲਹਿ॥
ਆਪੁ ਗਏ ਅਉਰਨ ਹੂ ਘਾਲਹਿ॥3॥
ਛਾਡਿ ਕੁਚਰਚਾ ਆਨ ਨ ਜਾਨਹਿ॥
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ॥4॥
ਆਪੁ ਗਏ ਅਉਰਨ ਹੂ ਖੋਵਹਿ॥
ਆਗਿ ਲਗਾਇ ਮੰਦਰ ਮੈ ਸੋਵਹਿ॥5॥
ਅਵਰਨ ਹਸਤ ਆਪ ਹਹਿ ਕਾਂਨੇ॥
ਤਿਨ ਕਉ ਦੇਖਿ ਕਬੀਰ ਲਜਾਨੇ॥6॥
ਰਾਗ ਗਉੜੀ ਵਿਚ ਉਪਰੋਕਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 332 ’ਚ ਦਰਜ ਹੈ। ਇਹ ਸ਼ਬਦ ਬ੍ਰਾਹਮਣਵਾਦੀ ਸਮਾਜ ਦੇ ਦ੍ਰਿਸ਼ ਤੇ ਦਸ਼ਾ ਦਰਸਾਉਂਦਾ ਹੈ ਕਿ ਹਰਿ ਦੇ ਨਾਮ ’ਤੇ ਕਿਵੇਂ ਪਾਖੰਡਵਾਦ ਭਾਰੂ ਸੀ। ‘ਹਰਿ’ ਤਾਂ ਇਨ੍ਹਾਂ ਪਾਖੰਡੀ ਲੋਕਾਂ ਦੀ ਮੁੱਠੀ ’ਚ ਹੈ, ਤੇ ਭੋਲੇ ਲੋਕਾਂ ਨੂੰ ‘ਹਰਿ’ ਨਾਮ ’ਤੇ ਡਰਾ ਧਮਕਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ। ਇਸ ਕਰਕੇ ਭਗਤ ਕਬੀਰ ਬਾਣੀ ਵਿਚ ਇਸ ਤਰ੍ਹਾਂ ਦੀ ਵਿਵਸਥਾ ਬਾਰੇ ਕਰੜੇ ਸ਼ਬਦਾਂ ਰਾਹੀਂ ਪ੍ਰਤੀਰੋਧ ਦੇ ਸੁਰ ਵਿਚ ਨਿੰਦਾ ਕੀਤੀ ਗਈ ਹੈ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਅਜੋਕੇ ਸਮੇਂ ਵਿਚ ਭਗਤ ਕਬੀਰ ਜੀ ਦੀ ਬਾਣੀ ਨੂੰ ਵਿਸ਼ਾਲ ਕੈਨਵਸ ’ਤੇ ਉਲੀਕੇ ਵਿਚਾਰਧਾਰਕ ਕੈਨਵਸ ਨੂੰ ਲਗਾਤਾਰ ਧਾਰਮਿਕ ਜਾਤੀਵਾਦ ਦ੍ਰਿਸ਼ਾਂ ਵਿਚ ਵੰਡੇ ਸਮਾਜ ਨੂੰ ਇਕ ਸੁਰ ਬੰਨਣ ਦਾ ਤਸੱਵੁਰ ਕੀਤਾ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
ਵਿਅਕਤੀ ਦੀ ਸਮਾਜਿਕ ਪ੍ਰਸੰਗਿਕਤਾ ਉਸ ਦੀ ਸਮਾਜ ਪ੍ਰਤੀ ਨਿਭਾਏ ਜਾਣ ਵਾਲੇ ਫ਼ਰਜ਼ਾਂ ਨਾਲ ਹੈ। ਇਕਤੱਵ ਦੀ ਦ੍ਰਿਸ਼ਟੀ ਜਿਸ ਵਿਚ ਸਮੁੱਚਾ ਪ੍ਰਾਣਧਾਰੀ ਸੰਸਾਰ ਇਕ ਪ੍ਰਭੂ ਦੀ ਸੰਤਾਨ ਦੀ ਉਪਜ ਮੰਨਿਆ ਜਾਂਦਾ ਹੈ, ਭਗਤ ਕਬੀਰ ਬਾਣੀ ਵਿਚ ਦੇਖਿਆ ਜਾ ਸਕਦਾ ਹੈ। ਇਸ ਦ੍ਰਿਸ਼ਟੀ ਵਿਚ ਕਿਤੇ ਵੀ ਕਿਸੇ ਕਿਸਮ ਦਾ ਜਾਤੀ ਭੇਦਭਾਵ ਨਹੀਂ ਹੈ।
ਸਮਾਜਿਕ ਬਰਾਬਰੀ ਲਈ ਸੰਘਰਸ਼ ਭਗਤ ਕਬੀਰ ਦੇ ਸਮੇਂ ਵੀ ਸੀ ਅਤੇ ਉਸ ਤੋਂ ਅਗਲੇ ਸਮਿਆਂ ਵਿਚ ਜਾਤੀਵਾਦ ਤੇ ਧਾਰਮਿਕ ਅਸਹਿਣਸ਼ੀਲਤਾ ਲਈ ਸੰਘਰਸ਼ਾਂ ਵਾਲਾ ਦੌਰ ਹੈ। ਪੰਜਾਬ ਦਾ ਇਤਿਹਾਸਕ ਬਿਰਤਾਂਤ ਔਕੜਾਂ ਤੇ ਮੁਸੀਬਤਾਂ ਨਾਲ ਜੂਝਣ ਨਾਲ ਭਰਿਆ ਪਿਆ ਹੈ। ਭਗਤ ਕਬੀਰ ਦਾ ਬੀਰ ਰਸ ਵਿਚ ਰਚਿਆ ਸ਼ਬਦ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਉਸ ਹਰ ਹਾਲਤ ਵਿਚ ਵਿਅਕਤੀ/ਸਮੂਹ ਨੂੰ ਬਲ ਬਖਸ਼ਦਾ ਹੈ ਜੋ ਹਾਲਾਤ ਉਨ੍ਹਾਂ ਦੇ ਵਿਪਰੀਤ ਹੋਣ।
ਲੋਕ ਮਨ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਹੋਰ ਸੂਰਬੀਰ, ਯੋਧਿਆਂ, ਜਰਨੈਲਾਂ ਦੀ ਬੀਰਤਾ ਦਾ ਬਿੰਬ ਅਤੇ ਭਗਤ ਕਬੀਰ ਬਾਣੀ ਦਾ ਬੀਰ ਰਸੀ ਪ੍ਰਗਟਾਓ ਆਪਸ ਵਿਚ ਪੂਰਨ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ, ਬਾਬਾ ਦੀਪ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਯੁੱਧ ਚਿੱਤਰਾਂ ਅਤੇ ਭਗਤ ਕਬੀਰ ਦੀਆਂ ਇਨ੍ਹਾਂ ਤੁਕਾਂ ਨੂੰ ਸੰਸਾਰ ਰੂਪ ਵਿਚ ਪ੍ਰਗਟਾਇਆ/ਦਿਖਾਇਆ ਗਿਆ ਹੈ। ਜਿੱਥੇ ਇਹ ਚਿੱਤਰਾਂ ਹੇਠ ਤੁਕਾਂ ਗੁਰੂ ਪਰੰਪਰਾ ਦੇ ਦਰਸ਼ਨ ਸ਼ਾਸਤਰ ਵਿਚ ਉਘੜਵੀਂ ਭੂਮਿਕਾ ਨਿਭਾਉਂਦਾ ਹੈ, ਉਥੇ ਸਮਕਾਲੀ ਦ੍ਰਿਸ਼ਾਂ ਵਿਚ ਵੀ ਥਾਂ ਥਾਂ ਵਿਦਮਾਨ ਹੁੰਦਾ ਨਜ਼ਰ ਆਉਂਦਾ ਹੈ। ਸਮਾਜ ਵਿਚ ਪਸਰੇ ਰੁਦਨ ਅਤੇ ਰੋਹ ਦੀ ਭਾਵਨਾ ਵਿਚ ਸ਼ਬਦ ਦੇ ਅਰਥ ਵਧੇਰੇ ਭਾਵਪੂਰਕ ਹੋ ਜਾਂਦੇ ਹਨ। ਇਉਂ ਭਗਤ ਕਬੀਰ ਬਾਣੀ ਦੀ ਸਮਰੱਥਾ ਦੀ ਸ਼ਕਤੀ ਦਿਖਾਈ ਦਿੰਦੀ ਹੈ ਜੋ ਪੰਜਾਬ ਵਿਚ ਸਮਾਜਿਕ ਨਾ-ਬਾਰਬਰੀ ਅਤੇ ਬੀਰ ਪਰੰਪਰਾ ਨਾਲ ਸਬੰਧਤ ਮਹਾਂ ਦ੍ਰਿਸ਼ਾਂ ਨਾਲ ਦਾਰਸ਼ਨਿਕ ਤੌਰ ’ਤੇ ਅਭੇਦਤਾ ਰੱਖਦੀ ਹੈ, ਉਹਨਾਂ ਨੂੰ ਗਤੀ ਦਿੰਦੀ ਹੈ।
ਸੰਪਰਕ: 94174-78446