ਸ਼ਵਿੰਦਰ ਕੌਰ
ਫੋਨ ਦੀ ਘੰਟੀ ਲਗਾਤਾਰ ਵੱਜ ਰਹੀ ਸੀ। ਕੰਮ ਵਿਚਾਲੇ ਛੱਡ ਕੇ ਅਣਮੰਨੇ ਜਿਹੇ ਮਨ ਨਾਲ ਰਿਸੀਵਰ ਚੁੱਕ ਕੇ ‘ਹੈਲੋ’ ਕਿਹਾ ਤਾਂ ਅੱਗਿਓਂ ਆਈ ਆਵਾਜ਼ ਨੇ ਮਨ ਨੂੰ ਸਕੂਨ ਜਿਹਾ ਦਿੱਤਾ। ਫੋਨ ਇੰਗਲੈਂਡ ਤੋਂ ਸੀ, ਚਾਚਾ ਜੀ ਕਹਿ ਰਹੇ ਸਨ, “ਖਬਰਾਂ ਚ ਇੰਡੀਆ ਵਿਚ ਵਧ ਰਹੇ ਕਰੋਨਾ ਕੇਸਾਂ ਬਾਰੇ ਸੁਣ ਕੇ ਮੈਨੂੰ ਫਿ਼ਕਰ ਹੋ ਗਿਆ। ਮੈਂ ਸੋਚਿਆ, ਕੁੜੀ ਨੂੰ ਫੋਨ ਕਰ ਕੇ ਪਰਿਵਾਰ ਦੀ ਸੁੱਖ-ਸਾਂਦ ਬਾਰੇ ਹੀ ਪੁੱਛ ਲਵਾਂ।” ਅਸੀਂ ਕੁਝ ਦੇਰ ਗੱਲਾਂ ਕਰਦੇ ਰਹੇ। ਮੈਨੂੰ ਉਸ ਦਾ ਮੇਰੇ ਪਰਿਵਾਰ ਬਾਰੇ ਫਿ਼ਕਰ ਜ਼ਾਹਿਰ ਕਰਨਾ ਚੰਗਾ ਲੱਗਿਆ। ਉਂਝ ਭਾਵੇਂ ਉਹ ਮੇਰਾ ਸਕਾ ਚਾਚਾ ਨਹੀਂ, ਘਰਾਂ ਵਿਚੋਂ ਚਾਚਾ ਲੱਗਦਾ ਹੈ ਪਰ ਰਿਸ਼ਤੇ ਤਾਂ ਵਰਤਣ ਨਾਲ ਹੀ ਬਣੇ ਰਹਿੰਦੇ ਹਨ।
ਕੰਮ ਕਰਨ ਨੂੰ ਮੇਰਾ ਦਿਲ ਨਾ ਕੀਤਾ, ਮੈਂ ਉੱਥੇ ਹੀ ਸੋਫੇ ਤੇ ਬੈਠ ਗਈ। ਚਾਚੇ ਦੀ ਮਾਂ ਵੱਲੋਂ ਉਨ੍ਹਾਂ ਨੂੰ ਪਾਲਣ ਲਈ ਕੀਤੀ ਘਾਲਣਾ ਕੁਝ ਤਾਂ ਮੈਂ ਬਚਪਨ ਤੋਂ ਦੇਖਦੀ ਆਈ ਸੀ, ਕੁਝ ਆਪਣੀ ਮਾਂ ਕੋਲੋਂ ਸੁਣੀ ਸੀ; ਬੱਸ ਮਨ ਵਿਚ ਉਨ੍ਹਾਂ ਯਾਦਾਂ ਦੀ ਕਿਣਮਿਣ ਹੋਣ ਲੱਗਦੀ ਹੈ।… ਮੇਰੇ ਸਾਹਮਣੇ ਦਾਦੀ ਬਸੰਤ ਕੌਰ ਦੀ ਜਿ਼ੰਦਗੀ ਦੀ ਰੀਲ ਘੁੰਮਣ ਲੱਗਦੀ ਹੈ।…
ਬਸੰਤ ਕੌਰ ਸਕੇ ਸ਼ਰੀਕੇ ਵਿਚੋਂ ਮੇਰੇ ਦਾਦੀਆਂ ਦੀ ਥਾਂ ਸੀ। ਮੇਰੇ ਬਚਪਨ ਵਿਚ ਉਹ ਚਾਲੀ ਬਿਆਲੀ ਸਾਲ ਦੀ ਹੋਵੇਗੀ। ਉਸ ਸਮੇਂ ਵੀ ਉਹ ਸਾਊ, ਸੋਹਣੀ, ਸਰੂ ਵਰਗਾ ਕੱਦ, ਚਿਹਰੇ ਤੇ ਸੰਜੀਦਗੀ ਅਤੇ ਬੋਲ-ਚਾਲ ਵਿਚ ਹਲੀਮੀ ਰੱਖਣ ਵਾਲੀ ਸੀ। ਦੇਖਣ ਵਾਲੇ ਦਾ ਧਿਆਨ ਮੱਲੋਮੱਲੀ ਖਿੱਚਿਆ ਜਾਂਦਾ ਪਰ ਅੱਖਾਂ ਵਿਚ ਤੈਰਦੀ ਘੋਰ ਉਦਾਸੀ ਤੋਂ ਉਸ ਦੇ ਦੁਖੀ ਮਨ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਸੀ।
ਉਮਰ ਬੀਤਣ ਨਾਲ ਜਦੋਂ ਮੈਂ ਕੁਝ ਸਿਆਣੀ ਹੋਈ ਤਾਂ ਇੱਕ ਦਿਨ ਆਪਣੀ ਮਾਂ ਤੋਂ ਪੁੱਛ ਬੈਠੀ, “ਮਾਂ, ਦਾਦੀ ਬਸੰਤ ਕੌਰ ਸਾਰਾ ਦਿਨ ਸਿਲਾਈ ਮਸ਼ੀਨ ਤੇ ਕੱਪੜੇ ਹੀ ਕਿਉਂ ਸਿਉਂਦੀ ਰਹਿੰਦੀ ਹੈ।” ਮੇਰੀ ਮਾਂ ਦੇ ਭਾਵੇਂ ਉਹ ਸੱਸਾਂ ਦੀ ਥਾਂ ਲੱਗਦੀ ਸੀ ਪਰ ਉਨ੍ਹਾਂ ਦੀ ਉਮਰ ਵਿਚ ਮਸਾਂ ਦਸ ਬਾਰਾਂ ਸਾਲ ਦਾ ਫਰਕ ਸੀ। ਬਾਕੀ ਉਨ੍ਹਾਂ ਦੀ ਆਪਸ ਵਿਚ ਬਹੁਤ ਬਣਦੀ ਸੀ। ਮੇਰੀ ਮਾਂ ਨੇ ਅਣਸੁਣਿਆ ਜਿਹਾ ਹਉਕਾ ਲੈਂਦਿਆਂ ਕਿਹਾ, “ਧੀਏ, ਇਹ ਸਲਾਈ ਮਸ਼ੀਨ ਸੀ ਜਿਸ ਨੇ ਉਸ ਨੂੰ ਆਪਣੇ ਘਰ ਵਸਦੀ ਰੱਖ ਦਿੱਤਾ।”
ਗੱਲ ਮੇਰੀ ਸਮਝ ਵਿਚ ਨਾ ਪਈ ਤਾਂ ਮਾਂ ਨੇ ਖੋਲ੍ਹ ਕੇ ਖੁਲਾਸਾ ਕਰ ਦਿੱਤਾ: ਤੇਰੀ ਇਹ ਦਾਦੀ ਸੂਰਤ ਅਤੇ ਸੀਰਤ ਪੱਖੋਂ ਕਮਾਲ ਸੀ। ਮਲਾਇਆ ਦੀ ਪੁਲੀਸ ਵਿਚ ਠਾਣੇਦਾਰ ਤੁਹਾਡਾ ਆਬਨੂਸੀ ਰੰਗ ਦਾ ਬੱਤੀ ਤੇਤੀ ਸਾਲ ਦਾ ਬਾਬਾ ਆਪਣੇ ਰੁਤਬੇ ਦੇ ਸਿਰ ਤੇ ਇਸ ਲਗਰ ਵਰਗੀ ਮਲੂਕ ਜਿਹੀ ਨੂੰ ਵਿਆਹ ਕੇ ਲੈ ਗਿਆ ਸੀ। ਕਹਿੰਦੇ, ਉਹ ਸੁਭਾਅ ਦਾ ਬੜਾ ਹੈਂਕੜ ਵਾਲਾ ਸੀ ਪਰ ਬਸੰਤ ਕੌਰ ਨੂੰ ਤਾਂ ਉਹ ਬਹੁਤ ਮੋਹ ਕਰਦਾ ਸੀ। ਘਰ ਦੇ ਕੰਮ ਕਰਨ ਨੂੰ ਵੀ ਨੌਕਰ ਸਨ। ਸਾਨੂੰ ਦੱਸਦੀ ਹੁੰਦੀ ਹੈ ਕਿ ਉਸ ਸਮੇਂ ਆਪਣਾ ਮੁਲਕ ਆਜ਼ਾਦ ਹੋ ਚੁੱਕਿਆ ਸੀ ਪਰ ਮਲਾਇਆ ਵਿਚ ਅੰਗਰੇਜ਼ਾਂ ਦਾ ਰਾਜ ਸੀ, ਸਥਾਨਕ ਵਾਸੀ ਆਜ਼ਾਦੀ ਲਈ ਲੜਾਈ ਲੜ ਰਹੇ ਸਨ। ਜਦੋਂ ਉਨ੍ਹਾਂ ਵਿਚੋਂ ਕੋਈ ਫੜਿਆ ਜਾਂਦਾ ਤਾਂ ਉਹ ਉਨ੍ਹਾਂ ਤੇ ਬਹੁਤ ਤਸ਼ੱਸਦ ਕਰਦਾ ਸੀ। ਇਹ ਬੇਸ਼ੱਕ ਬਹੁਤ ਵਰਜਦੀ ਅਤੇ ਉਸ ਨੂੰ ਇਨਸਾਨੀਅਤ ਦਾ ਵਾਸਤਾ ਵੀ ਪਾਉਂਦੀ ਸੀ ਪਰ ਉਸ ਉੱਤੇ ਤਾਕਤ ਦਾ ਭੂਤ ਸਵਾਰ ਸੀ। ਇੱਕ ਦਿਨ ਦਾਅ ਲੱਗਣ ਤੇ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ।
ਬਸੰਤ ਕੌਰ ਦੇ ਉਸ ਸਮੇਂ ਤੱਕ ਬੱਚੇ ਹੋ ਚੁੱਕੇ ਸਨ। ਬੇਗਾਨੀ ਧਰਤੀ ਤੇ ਇਕੱਲੀ, ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਬੱਚਿਆਂ ਨੂੰ ਪਾਲਣ ਦਾ ਸੰਸਾ ਅੱਖਰਾਂ ਤੋਂ ਕੋਰੀ ਬਸੰਤ ਕੌਰ ਦੇ ਸਾਹਮਣੇ ਸਵਾਲ ਬਣਿਆ ਖੜ੍ਹਾ ਸੀ। ਜਵਾਨੀ ਪਹਿਰੇ ਵਿਧਵਾ ਹੋਈ ਨੂੰ ਭਵਿੱਖ ਵਿਚ ਕਾਲੇ ਬੱਦਲਾਂ ਤੋਂ ਬਿਨਾਂ ਹੋਰ ਕੁਝ ਦਿਸਦਾ ਨਹੀਂ ਸੀ। ਉਸ ਨੇ ਦੁੱਖਾਂ ਸਾਹਵੇਂ ਝੁਕਣ ਦੀ ਥਾਂ ਹੌਸਲੇ ਨਾਲ ਦੁੱਖਾਂ ਦੇ ਪਹਾੜ ਨਾਲ ਮੱਥਾ ਲਾਉਣ ਦਾ ਫੈਸਲਾ ਕਰ ਲਿਆ।… ਦਿਲ ਅੰਦਰ ਸਾਰੇ ਦਰਦ ਛੁਪਾ ਕੇ ਇੱਕ ਦਿਨ ਉਹ ਭਾਰਤ ਆਉਣ ਵਾਲੇ ਜਹਾਜ਼ ਵਿਚ ਬੱਚਿਆਂ ਨਾਲ ਬੈਠ ਗਈ। ਸਲਾਈ ਮਸ਼ੀਨ, ਕੁਝ ਕੁ ਜਮ੍ਹਾਂ ਕੀਤੇ ਸਿੱਕੇ ਅਤੇ ਬੱਚੇ, ਇਹੀ ਉਸ ਦੀ ਪੂੰਜੀ ਸੀ। ਸਾਰੇ ਰਾਹ ਇਹ ਸੋਚਦਿਆਂ ਉਸ ਦੀਆਂ ਅੱਖਾਂ ਵਿਚ ਸਾਵਣ ਭਾਦੋਂ ਦੀ ਝੜੀ ਲੱਗੀ ਰਹੀ ਕਿ ਜਿਸ ਧਰਤੀ ਤੋਂ ਸੋਹਣੀ ਜਿ਼ੰਦਗੀ ਜਿਊਣ ਦੇ ਸੁਪਨੇ ਲੈ ਕੇ ਉਹ ਆਪਣੇ ਹਮਸਫ਼ਰ ਨਾਲ ਆਈ ਸੀ, ਅੱਜ ਹੋਣੀ ਮੁੜ ਉਸ ਨੂੰ ਉਸੇ ਧਰਤੀ ਤੇ ਪਟਕ ਰਹੀ ਹੈ।
ਪਿੰਡ ਪਹੁੰਚ ਕੇ ਉਸ ਨੂੰ ਉਮੀਦ ਸੀ ਕਿ ਸਹੁਰੇ ਪਰਿਵਾਰ ਵਾਲੇ ਬੱਚਿਆਂ ਨੂੰ ਗਲੇ ਲਾ ਲੈਣਗੇ ਪਰ ਸਿਆਣੇ ਆਖਦੇ ਹਨ, ਜੇ ਹਾਲਾਤ ਮਾੜੇ ਹੋਣ ਤਾਂ ਆਪਣੇ ਵੀ ਬੇਗਾਨੇ ਬਣ ਜਾਂਦੇ ਹਨ। ਮਹੀਨਾ ਕੁ ਤਾਂ ਦੱਬੀ ਘੁੱਟੀ ਦਿਆਂ ਦਾ ਨਿਕਲ ਗਿਆ, ਫਿਰ ਘਰ ਵਿਚ ਕਲੇਸ਼ ਖੜ੍ਹਾ ਹੋ ਗਿਆ। ਅਖੀਰ ਹਾਲਤ ਵਿਗੜ ਗਏ। ਸਹੁਰੇ ਪਰਿਵਾਰ ਵਿਚ ਉਸ ਦੇ ਜੇਠ, ਜਠਾਣੀ ਅਤੇ ਉਨ੍ਹਾਂ ਦੇ ਸੱਤ ਬੱਚੇ ਸਨ। ਇਂਕ ਦਿਨ ਉਹ ਸਮਾਨ ਚੁੱਕ ਕੇ ਬਾਹਰਲੇ ਘਰ ਤੁਰ ਗਏ। ਇਸ ਪੁਰਾਣੇ ਕੱਚੇ ਘਰ ਵਿਚ ਇਸ ਨੂੰ ਆਪਣੀ ਹੋਣੀ ਨਾਲ ਨਜਿੱਠਣ ਲਈ ਛੱਡ ਗਏ। ਜ਼ਮੀਨ ਪਹਿਲਾਂ ਹੀ ਬਹੁਤੀ ਨਹੀਂ ਸੀ ਜਿਸ ਉੱਤੇ ਉਨ੍ਹਾਂ ਦਾ ਕਬਜ਼ਾ ਸੀ ਪਰ ਸ਼ਰੀਕੇ ਕਬੀਲੇ ਨੇ ਕਹਿ ਕਹਾ ਕੇ ਦੋ ਕਿਲੇ ਜ਼ਮੀਨ ਅਤੇ ਗਾਂ ਦਿਵਾ ਦਿੱਤੀ।
ਖੁਦਗਰਜ਼ ਰਿਸ਼ਤਿਆਂ ਦੀ ਬੇਰੁਖ਼ੀ ਨੇ ਉਸ ਨੂੰ ਧੁਰ ਅੰਦਰ ਤੱਕ ਵਲੂੰਧਰ ਦਿੱਤਾ ਸੀ, ਰੂਹ ਵਿਲਕ ਰਹੀ ਸੀ ਪਰ ਧੰਨ ਦੀ ਉਹ ਔਰਤ… ਨਾ ਤਾਂ ਉਹ ਸ਼ਰੀਕਾਂ ਅੱਗੇ ਝੁਕੀ, ਨਾ ਬੱਚਿਆਂ ਦਾ ਵਾਸਤਾ ਪਾ ਕੇ ਕੋਈ ਖੈਰਾਤ ਮੰਗੀ। ਬੱਚਿਆਂ ਸਾਹਮਣੇ ਕਦੇ ਆਪਣੀ ਪੀੜ ਪ੍ਰਗਟ ਨਾ ਹੋਣ ਦਿੱਤੀ। ਜਿ਼ੰਦਗੀ ਵਿਚ ਮਿਲੀਆਂ ਕੁੜੱਤਣਾਂ, ਵੀਰਾਨੀਆਂ ਅਤੇ ਥੁੜ੍ਹਾਂ ਦੇ ਰੋਣੇ ਰੋਣ ਨਾਲੋਂ ਉਸ ਨੇ ਅਣਖ ਨਾਲ ਜਿਊਣ ਦਾ ਫ਼ੈਸਲਾ ਕੀਤਾ। ਸਾਰਾ ਸਾਰਾ ਦਿਨ ਸਿਲਾਈ ਮਸ਼ੀਨ ਗੇੜੀ। ਸਿਰ ਤੇ ਚਰੀ, ਬਰਸੀਮ ਢੋਹਿਆ। ਲੋੜ ਪਈ ਤਾਂ ਹੋਰ ਪਾਪੜ ਵੀ ਵੇਲੇ- ਕਿਸੇ ਦੀਆਂ ਦਰੀਆਂ ਬੁਣ ਦੇਣੀਆਂ, ਰਾਤ ਨੂੰ ਆਂਢ ਗੁਆਂਢ ਦੀਆਂ ਕੁੜੀਆਂ ਨੂੰ ਘਰੇ ਸੱਦ ਕੇ ਛੋਪ ਪਾ ਲੈਣਾ, ਕਿਸੇ ਦਾ ਸੂਤ ਕੱਤ ਕੇ ਚਾਰ ਪੈਸੇ ਕਮਾ ਲੈਣੇ। ਕਿਸੇ ਦੀ ਫੋਕੀ ਹਮਦਰਦੀ ਬਟੋਰਨ ਦੀ ਥਾਂ ਕਿਰਤ ਦਾ ਪੱਲਾ ਘੁੱਟ ਕੇ ਫੜੀ ਉਹ ਆਪਣੇ ਬੋਟਾਂ ਨੂੰ ਚੋਗਾ ਦਿੰਦੀ ਰਹੀ।
ਬਸੰਤ ਕੌਰ ਜਿਸ ਦੇ ਜੀਵਨ ਵਿਚ ਭਰ ਜਵਾਨੀ ਸਮੇਂ ਹੀ ਬਸੰਤ ਰੁੱਤ ਹੰਢਾਉਂਦਿਆਂ ਆਈ ਪਤਝੜ ਨੇ ਉਸ ਦੀ ਜਿ਼ੰਦਗੀ ਵਿਚੋਂ ਬਾਕੀ ਰੁੱਤਾਂ ਮਨਫੀ ਕਰ ਦਿੱਤੀਆਂ ਸਨ ਪਰ ਉਸ ਨੇ ਆਪਣੇ ਸਿਰੜ ਨਾਲ ਬੱਚਿਆਂ ਦੀ ਜਿ਼ੰਦਗੀ ਵਿਚੋਂ ਜ਼ਰੂਰ ਇਸ ਨੂੰ ਮਨਫੀ ਕਰ ਦਿੱਤਾ ਸੀ।
ਮਾਂ ਬਸੰਤ ਕੌਰ ਇਸ ਦੁਨੀਆ ਤੋਂ ਜਾ ਚੁੱਕੀ ਹੈ। ਹੁਣ ਉਸ ਦੇ ਪੁੱਤ ਧੀ ਇੰਗਲੈਂਡ ਵਿਚ ਆਪੋ-ਆਪਣੇ ਪਰਿਵਾਰਾਂ ਨਾਲ ਖੁਸ਼ਹਾਲ ਜਿ਼ੰਦਗੀ ਜੀ ਰਹੇ ਹਨ। ਕਦੇ ਕਦੇ ਪਿੰਡ ਉਸ ਘਰ ਨੂੰ ਸਿਜਦਾ ਕਰਨ ਲਈ ਜ਼ਰੂਰ ਆ ਜਾਂਦੇ ਹਨ ਜਿਸ ਵਿਚ ਰਹਿ ਕੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਅਜਿਹੀ ਸੋਹਣੀ ਜਿ਼ੰਦਗੀ ਦੇਣ ਲਈ ਸੰਘਰਸ਼ ਕੀਤਾ ਸੀ। ਸੰਘਰਸ਼ ਭਾਵੇਂ ਪਰਿਵਾਰ ਲਈ ਕੀਤਾ ਜਾਵੇ ਜਾਂ ਸਮੂਹ ਵਲੋਂ ਰਲ਼ ਕੇ ਲੁਕਾਈ ਲਈ ਕੀਤਾ ਜਾਵੇ, ਦ੍ਰਿੜ ਨਿਸ਼ਚੇ ਨਾਲ ਕੀਤਾ ਗਿਆ ਸੰਘਰਸ਼ ਜੀਵਨ ਦੀਆਂ ਰੇਖਾਵਾਂ ਬਦਲਣ ਦੀ ਸਮਰੱਥਾ ਰੱਖਦਾ ਹੈ। ਪਿੰਡ ਦੇ ਬਜ਼ੁਰਗ ਕਿਸੇ ਤੇ ਅਚਨਚੇਤ ਪਏ ਦੁੱਖ ਸਮੇਂ ਦਾਦੀ ਬਸੰਤ ਕੌਰ ਦੀ ਮਿਸਾਲ ਦੇ ਕੇ ਅਗਲੇ ਦਾ ਹੌਸਲਾ ਵਧਾਉਂਦੇ ਹਨ।
ਸੰਪਰਕ: 76260-63596