ਬਾਸਮਤੀ ਦੀ ਕਾਸ਼ਤ ਅਤੇ ਪਾਣੀ ਦੀ ਬੱਚਤ : The Tribune India

ਬਾਸਮਤੀ ਦੀ ਕਾਸ਼ਤ ਅਤੇ ਪਾਣੀ ਦੀ ਬੱਚਤ

ਬਾਸਮਤੀ ਦੀ ਕਾਸ਼ਤ ਅਤੇ ਪਾਣੀ ਦੀ ਬੱਚਤ

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਪੰਜਾਬ ਵਿਚ ਝੋਨੇ ਹੇਠ ਰਕਬਾ ਘਟਣ ਦੀ ਥਾਂ ਵਧ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਜਾਣ ਕਾਰਨ ਝੋਨੇ ਹੇਠੋਂ ਕੁਝ ਰਕਬਾ ਕੱਢਣਾ ਜ਼ਰੂਰੀ ਹੈ। ਇਸ ਦਾ ਇੱਕ ਬਦਲ ਬਾਸਮਤੀ ਹੇਠ ਰਕਬੇ ਵਿਚ ਵਾਧਾ ਕਰਨਾ ਹੈ। ਪੰਜਾਬੀਆਂ ਦੀ ਦਾਅਵਤ ਚੌਲਾਂ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਚੌਲਾਂ ਨੂੰ ਦੁੱਧ ਵਿਚ ਰਿੰਨ੍ਹ ਕੇ ਖੀਰ ਬਣਾਉਣੀ ਇਨ੍ਹਾਂ ਦਾ ਸਭ ਤੋਂ ਮਨਭਾਉਂਦਾ ਪਕਵਾਨ ਹੈ।

ਜੇ ਚੌਲ ਉਬਾਲ ਕੇ ਵੀ ਖਾਣੇ ਪੈਣ ਤਾਂ ਇਨ੍ਹਾਂ ਨੂੰ ਸਬਜ਼ੀ ਦੀ ਥਾਂ ਸ਼ੱਕਰ ਜਾਂ ਖੰਡ ਬੂਰੇ ਨਾਲ ਦੇਸੀ ਘਿਓ ਪਾ ਕੇ ਖਾਇਆ ਜਾਂਦਾ ਹੈ। ਖੁਸ਼ਕ ਮੇਵੇ ਪਾ ਕੇ ਮਿੱਠੇ ਚੌਲ ਜ਼ਰਦੇ ਦੇ ਰੂਪ ਵਿਚ ਬਣਾਏ ਜਾਂਦੇ ਸਨ। ਇਨ੍ਹਾਂ ਪਕਵਾਨਾਂ ਲਈ ਪਰਮਲ ਚੌਲਾਂ ਦੀ ਥਾਂ ਬਾਸਮਤੀ ਚੌਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬਾਸਮਤੀ ਚੌਲ ਵਿਸ਼ੇਸ਼ ਗੁਣਾਂ ਵਾਲੇ ਹੁੰਦੇ ਹਨ, ਪੱਕਣ ਸਮੇਂ ਇਹ ਆਕਾਰ ਵਿਚ ਚੋਖੇ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਵਿਸ਼ੇਸ਼ ਮਹਿਕ ਆਉਂਦੀ ਹੈ। ਘਰ ਵਿਚ ਪੱਕ ਰਹੇ ਚੌਲਾਂ ਦੀ ਮਹਿਕ ਬਾਹਰ ਗਲੀ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਸੁਆਦ ਦੇ ਨਾਲ ਨਾਲ ਇਨ੍ਹਾਂ ਦਾ ਵੱਡਾ ਗੁਣ ਮੰਨਿਆ ਜਾਂਦਾ ਹੈ।

ਬਾਸਮਤੀ ਦੀ ਕਾਸ਼ਤ ਹਰ ਥਾਂ ਨਹੀਂ ਕੀਤੀ ਜਾ ਸਕਦੀ, ਇਸ ਲਈ ਵਿਸ਼ੇਸ਼ ਪੌਣ-ਪਾਣੀ ਦੀ ਲੋੜ ਪੈਂਦੀ ਹੈ। ਇਸ ਦੇ ਪੱਕਣ ਸਮੇਂ ਮੌਸਮ ਠੰਢਾ ਹੋਣਾ ਚਾਹੀਦਾ ਹੈ। ਪੁਰਾਣੇ ਪੰਜਾਬ ਜਿਸ ਵਿਚ ਜੰਮੂ ਵੀ ਸ਼ਾਮਿਲ ਹੈ, ਨੂੰ ਬਾਮਸਤੀ ਦਾ ਘਰ ਮੰਨਿਆ ਜਾਂਦਾ ਹੈ। ਹੁਣ ਵੀ ਸੰਸਾਰ ਵਿਚ ਭਾਰਤ ਅਤੇ ਪਾਕਿਸਤਾਨ ਹੀ ਮੁੱਖ ਬਾਸਮਤੀ ਉਤਪਾਦਕ ਦੇਸ਼ ਹਨ। ਦੋਵੇਂ ਪਾਸੇ ਇਸ ਦੀ ਬਹੁਤੀ ਕਾਸ਼ਤ ਪੰਜਾਬ ਵਿਚ ਹੀ ਹੁੰਦੀ ਹੈ। ਸਾਰੀ ਦੁਨੀਆ ਨੂੰ ਭਾਰਤ ਅਤੇ ਪਾਕਿਸਤਾਨ ਹੀ ਬਾਸਮਤੀ ਬਰਾਮਦ ਕਰਦੇ ਹਨ। ਪੰਜਾਬ ਦੇ ਕਿਸਾਨਾਂ ਨੂੰ ਇਸ ਦੀ ਕਾਸ਼ਤ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਜੇ ਪੰਜਾਬ ਵਿਚ ਪਰਮਲ ਚੌਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਾਸਮਤੀ ਹੇਠ ਲਿਆਂਦਾ ਜਾਵੇ ਤਾਂ ਪਾਣੀ ਦੀ ਸਮੱਸਿਆ ਵੀ ਘਟ ਸਕਦੀ ਹੈ, ਕਿਉਂਕਿ ਬਾਸਮਤੀ ਦੀ ਲੁਆਈ ਜੁਲਾਈ ਵਿਚ ਹੁੰਦੀ ਹੈ ਅਤੇ ਉਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ। ਇਸ ਕਰ ਕੇ ਝੋਨੇ ਦੇ ਮੁਕਾਬਲੇ ਬਹੁਤ ਘੱਟ ਸਿੰਜਾਈ ਦੀ ਲੋੜ ਪੈਂਦੀ ਹੈ। ਪੰਜਾਬੀ ਕਿਸਾਨ ਬਾਸਮਤੀ ਦੀ ਕਾਸ਼ਤ ਤੋਂ ਇਸ ਕਰ ਕੇ ਹੱਥ ਖਿੱਚ ਰਹੇ ਹਨ ਕਿ ਇਸ ਦੀ ਵਿਕਰੀ ਨਿਸ਼ਚਿਤ ਨਹੀਂ। ਸਰਕਾਰ ਵੱਲੋਂ ਘੱਟੋ-ਘੱਟ ਮਿੱਥੀ ਕੀਮਤ ’ਤੇ ਖ਼ਰੀਦ ਨਾ ਕਰਨ ਕਰ ਕੇ ਘਾਟਾ ਸਹਿਣਾ ਪੈਂਦਾ ਹੈ। ਵਪਾਰੀ ਘੱਟ ਮੁੱਲ ਉੱਤੇ ਖ਼ਰੀਦ ਕੇ ਇਸ ਦੀ ਬਰਾਮਦ ਨਾਲ ਚੋਖਾ ਮੁਨਾਫ਼ਾ ਕਮਾ ਲੈਂਦੇ ਹਨ। ਸਰਕਾਰ ਨੂੰ ਇਸ ਪਾਸੇ ਯਤਨ ਕਰਨੇ ਚਾਹੀਦੇ ਹਨ। ਪਿਛਲੇ ਸਾਲ ਚੰਗਾ ਭਾਅ ਰਹਿਣ ਕਰ ਕੇ ਇਸ ਸਾਲ ਪੰਜਾਬ ਵਿਚ ਬਾਸਮਤੀ ਹੇਠ ਰਕਬੇ ਵਿਚ ਵਾਧਾ ਹੋਣ ਦੀ ਉਮੀਦ ਹੈ।

ਦੂਜਾ ਕਾਰਨ ਇਹ ਸੀ ਕਿ ਬਾਸਮਤੀ ਦੀਆਂ ਰਵਾਇਤੀ ਕਿਸਮਾਂ ਦਾ ਝਾੜ ਬਹੁਤ ਘੱਟ ਸੀ। ਇਹ ਪੱਕਣ ਲਈ ਲੰਮਾ ਸਮਾਂ ਲੈਂਦੀਆਂ ਹਨ ਤੇ ਉਨ੍ਹਾਂ ਉੱਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਾਸਮਤੀ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕੀਤੀਆਂ ਹਨ ਜਿਨ੍ਹਾਂ ਦਾ ਝਾੜ ਵੱਧ ਹੈ। ਇਹ ਪੱਕਣ ਵਿਚ ਵੀ ਸਮਾਂ ਘੱਟ ਲੈਂਦੀਆਂ ਹਨ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਵੀ ਵਧੇਰੇ ਹੈ। ਪੰਜਾਬ ਵਿਚ ਕਾਸ਼ਤ ਲਈ ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ-7 ਅਤੇ ਸੀਐੱਸਆਰ 30 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਪੂਸਾ ਬਾਸਮਤੀ 1637 ਦਾ ਝਾੜ 18 ਕੁਇੰਟਲ ਤੱਕ ਪ੍ਰਾਪਤ ਹੋ ਜਾਂਦਾ ਹੈ। ਇਹ ਪੱਕਣ ਲਈ 108 ਦਿਨ ਲੈਂਦੀ ਹੈ। ਬਾਸਮਤੀ-7 ਤਿਆਰ ਹੋਣ ਵਿਚ 101 ਦਿਨ ਲੈਂਦੀ ਹੈ। ਇਸ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਹੈ।

ਜੂਨ ਦਾ ਮਹੀਨਾ ਬਾਸਮਤੀ ਦੀ ਪਨੀਰੀ ਬੀਜਣਾ ਦਾ ਸਮਾਂ ਹੈ। ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਤੇ ਦੂਜੀਆਂ ਕਿਸਮਾਂ ਦੀ ਪਨੀਰੀ ਦੂਜੇ ਪੰਦਰਵਾੜੇ ਕੀਤੀ ਜਾਵੇ। ਪਨੀਰੀ ਜਦੋਂ 25-30 ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਪੁੱਟ ਕੇ ਖੇਤ ਵਿਚ ਲਗਾ ਦੇਣਾ ਚਾਹੀਦਾ ਹੈ। ਪੰਜਾਬ ਬਾਸਮਤੀ 5, 7 ਅਤੇ ਪੂਸਾ ਬਾਸਮਤੀ 1121, 1718 ਤੇ 1637 ਦੀ ਪਨੀਰੀ ਪਹਿਲਾਂ ਬੀਜੋ। ਝੋਨੇ ਵਾਂਗ ਹੀ ਇਸ ਦੇ ਵੀ ਇੱਕ ਏਕੜ ਲਈ ਅੱਠ ਕਿਲੋ ਬੀਜ ਦੀ

ਸਿਫ਼ਾਰਸ਼ ਕੀਤੀ ਗਈ ਹੈ ਪਰ ਇਹ ਦੇਖਣ ਵਿਚ ਆਇਆ ਹੈ ਕਿ ਕਿਸਾਨ ਇਸ ਤੋਂ ਘੱਟ ਬੀਜ ਦੀ ਵਰਤੋਂ ਕਰਦੇ ਹਨ। ਬਿਜਾਈ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਪਨੀਰੀ ਪੁੱਟ ਕੇ ਲਗਾਉਣ ਤੋਂ ਪਹਿਲਾਂ ਪਾਣੀ ਲਗਾਓ ਅਤੇ ਪੁੱਟਣ ਪਿੱਛੋਂ ਇਸ ਦੀਆਂ ਜੜ੍ਹਾਂ ਨੂੰ ਧੋਵੋ। ਚੰਗੀ ਤਰ੍ਹਾਂ ਕੱਦੂ ਕੀਤੇ ਖੇਤ ਵਿਚ 20*15 ਸੈਂਟੀਮੀਟਰ ਦੀ ਵਿੱਥ ਉੱਤੇ ਬੂਟੇ ਲਗਾਓ। ਇੱਕ ਥਾਂ ਦੋ ਬੂਟੇ ਲਗਾਉਣੇ ਚਾਹੀਦੇ ਹਨ। ਇੱਕ ਵਰਗ ਮੀਟਰ ਥਾਂ ਵਿਚ ਘੱਟੋ-ਘੱਟ 33 ਬੂਟੇ

ਲੱਗਣੇ ਚਾਹੀਦੇ ਹਨ। ਜੇ ਲੁਆਈ ਪਿਛੇਤੀ ਹੋ ਜਾਵੇ

ਤਾਂ ਇਹ ਫ਼ਾਸਲਾ 15*15 ਸੈਂਟੀਮੀਟਰ ਕਰ ਦੇਣਾ

ਚਾਹੀਦਾ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰੋ। ਨਾਈਟ੍ਰੋਜਨ ਵਾਲੀ ਖਾਦ ਘੱਟ ਪਾਵੋ। ਕੇਵਲ ਲੋੜ ਪੈਣ ’ਤੇ ਇਸ ਦੀ ਵਰਤੋਂ ਕਰੋ। ਕੱਦੂ ਕਰਨ ਸਮੇਂ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਵੋ। ਜੇ ਪਹਿਲੀ ਫ਼ਸਲ ਕਣਕ ਨੂੰ ਸੁਪਰ ਫਾਸਫੇਟ ਪਾਈ ਹੈ ਤਾਂ ਹੁਣ ਪਾਉਣ ਦੀ ਲੋੜ ਨਹੀਂ ਹੈ।

ਪਨੀਰੀ ਖੇਤ ਵਿਚ ਲਗਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਟ੍ਰਾਈਕੋਡਰਮਾ ਹਰਜੀਐਨਮ 15 ਗ੍ਰਾਮ ਪ੍ਰਤੀ ਲਿਟਰ ਪਾਣੀ ਵਿਚ 6 ਘੰਟੇ ਲਈ ਡੋਬੋ। ਅਗੇਤੀ ਫ਼ਸਲ ਨਾ ਲਗਾਈ ਜਾਵੇ ਕਿਉਂਕਿ ਵਧੀਆ ਦਾਣਿਆਂ ਲਈ ਪੱਕਣ ਵੇਲੇ ਠੰਢ ਹੋਣੀ ਚਾਹੀਦੀ ਹੈ। ਖੇਤ ਵਿਚ ਪਨੀਰੀ ਲਗਾਉਣ ਤੋਂ ਦੋ ਹਫ਼ਤਿਆਂ ਤਕ ਖੇਤ ਵਿਚ ਪਾਣੀ ਖੜ੍ਹਾ ਰੱਖਿਆ ਜਾਵੇ। ਮੁੜ ਪਾਣੀ ਉਦੋਂ ਲਗਾਓ ਜਦੋਂ ਪਾਣੀ ਸੁੱਕੇ ਨੂੰ ਦੋ ਦਿਨ ਹੋ ਗਏ ਹੋਣ। ਫ਼ਸਲ ਦੇ ਪੱਕਣ ਤੋਂ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕੀਤਾ ਜਾਵੇ।

ਬਾਸਮਤੀ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੰਜਾਬ ਬਾਸਮਤੀ-7, 5 ਅਤੇ ਪੂਸਾ ਬਾਸਮਤੀ 1718 ਦੀ ਕਾਸ਼ਤ ਕਰੋ। ਇਹ ਝੁਲਸ ਰੋਗ ਦਾ ਟਾਕਰਾ ਕਰ ਸਕਦੀਆਂ ਹਨ। ਜੇ ਖੇਤ ਵਿਚ ਹਰੀ ਖਾਦ ਪਾਈ ਹੈ ਤਾਂ ਨਾਈਟ੍ਰੋਜਨ ਖਾਦ ਪਾਉਣ ਦੀ ਲੋੜ ਨਹੀਂ ਹੈ। ਮੁੱਢਾਂ ਦੇ ਗਾਲੇ ਦੀ

ਰੋਕਥਾਮ ਲਈ ਬੀਜ ਅਤੇ ਪਨੀਰੀ ਦੀ ਸੋਧ ਜ਼ਰੂਰ ਕਰੋ। ਜਦੋਂ ਵੀ ਕਿਸੇ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੀ ਸਲਾਹ ਨਾਲ ਜ਼ਹਿਰਾਂ ਦੀ ਵਰਤੋਂ ਕਰੋ। ਜੇ ਹਰੀ ਖਾਦ ਪਾਈ ਹੈ ਤਾਂ ਨਾਈਟ੍ਰੋਜਨ ਵਾਲੀ ਖਾਦ ਪਾਉਣ ਦੀ ਵੀ ਲੋੜ ਨਹੀਂ ਹੈ।

ਜਦੋਂ ਫ਼ਸਲ ਤਿਆਰ ਹੋ ਜਾਵੇ ਅਤੇ ਪਰਾਲੀ ਪੀਲੇ ਰੰਗ ਦੀ ਹੋ ਜਾਵੇ ਤਾਂ ਵਾਢੀ ਕਰ ਲੈਣੀ ਚਾਹੀਦੀ ਹੈ। ਵਾਢੀ ਅਤੇ ਝਾੜਨ ਵਿਚ ਦੇਰੀ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਦਾਣੇ ਝੜ ਜਾਂਦੇ ਹਨ। ਬਾਜ਼ਾਰੋਂ ਮੁੱਲ ਲੈ ਕੇ ਖਾਣ ਦੀ ਥਾਂ ਇਸ ਵਾਰ ਕੁਝ ਰਕਬੇ ਵਿਚ ਬਾਸਮਤੀ ਦੀ ਕਾਸ਼ਤ ਕਰੋ ਤੇ ਘਰ ਦੇ ਸਵਾਦ ਦਾ ਆਨੰਦ ਮਾਣੋ।

ਬਾਸਮਤੀ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਸਰਕਾਰ ਨੂੰ ਇਸ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਹੁਣ ਕਰ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਮਾਰਕਫੈੱਡ, ਪੰਜਾਬ ਐਗਰੋ ਜਾਂ ਕਿਸੇ ਹੋਰ ਅਦਾਰੇ ਵੱਲੋਂ ਫ਼ਸਲ ਦੀ ਖ਼ਰੀਦ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਇੰਝ ਝੋਨੇ ਹੇਠੋਂ ਕੁਝ ਰਕਬਾ ਬਾਸਮਤੀ ਹੇਠ ਚਲਾ ਜਾਵੇਗਾ, ਪਾਣੀ ਤੇ ਬਿਜਲੀ ਦੀ ਬਚਤ ਹੋਵੇਗੀ ਤੇ ਪੰਜਾਬੀ ਆਪਣੀ ਬਾਸਮਤੀ ਦਾ ਆਨੰਦ ਮਾਣ ਸਕਣਗੇ।

ਸੰਪਰਕ: 94170-87328

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All