ਪਾਲੀ ਰਾਮ ਬਾਂਸਲ
ਤੀਹ ਸਾਲ ਪੁਰਾਣੀ ਗੱਲ ਹੈ। 25 ਸਾਲ ਦੀ ਉਮਰ ਵਿਚ ਮਾਲਵਾ ਗ੍ਰਾਮੀਣ ਬੈਂਕ ਖਨਾਲ ਕਲਾਂ ਦੀ ਨਵੀਂ ਖੁੱਲ੍ਹੀ ਬ੍ਰਾਂਚ ਵਿਚ ਬਤੌਰ ਮੈਨੇਜਰ ਕਾਰਜ ਸੰਭਾਲਿਆ। ਉਸ ਸਮੇਂ ਜ਼ਿਆਦਾਤਰ ਬੈਂਕ ਮੈਨੇਜਰ 35-40 ਸਾਲ ਦੀ ਉਮਰ ਤੋਂ ਘੱਟ ਨਹੀ ਸੀ ਲਗਦੇ, ਕੋਈ ਵਿਰਲਾ ਹੀ ਜਵਾਨ ਉਮਰ ਵਿਚ ਮੈਨੇਜਰ ਲਗਦਾ ਸੀ। ਸਾਡਾ ਬੈਂਕ ਨਵਾਂ ਹੋਣ ਕਰ ਕੇ ਬੈਂਕ ਨੂੰ ਮਜਬੂਰੀ ਵੱਸ ਸਿੱਧੇ ਭਰਤੀ ਹੋਏ ਨੌਜਵਾਨ ਅਫਸਰਾਂ ਨੂੰ ਮੈਨੇਜਰ ਲਾਉਣਾ ਪਿਆ। ਖੁਸ਼ਕਿਸਮਤੀ ਨਾਲ ਮਾਲਵਾ ਗ੍ਰਾਮੀਣ ਬੈਂਕ ਵਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ ਅਫਸਰਾਂ ਵਿਚੋਂ ਮੈਂ ਪਹਿਲਾ ਅਫਸਰ ਸੀ ਜਿਸ ਨੂੰ ਬਰਾਂਚ ਮੈਨੇਜਰ ਲਾਇਆ ਗਿਆ।
ਭਰਵੀਂ ਦਾੜ੍ਹੀ, ਲੰਮੀਆਂ ਮੁੱਛਾਂ ਦਾ ਸ਼ੌਂਕ, ਪੱਕਾ ਰੰਗ, ਲੰਮਾ ਕੱਦ ਤੇ ਤਕੜੇ ਜੁੱਸੇ ਦੀ ਬਦੌਲਤ ਮੈਂ ਅਪਣੀ ਉਮਰ ਤੋਂ ਵੱਡਾ ਲਗਦਾ ਸੀ। ਤਿੰਨ ਵੱਡੀਆਂ ਭੈਣਾਂ ਅਤੇ ਇੱਕ ਵੱਡਾ ਭਰਾ ਹੋਣ ਕਾਰਨ ਵਿਆਹ ਕਰਾਉਣ ਨੂੰ ਵੀ ਲੇਟ ਹੋ ਗਿਆ। 7 ਦਸੰਬਰ 1992 ਵਿਚ ਜਦੋਂ ਮੇਰੀ ਉਮਰ 29-30 ਦੇ ਦਰਮਿਆਨ ਸੀ, ਮੇਰਾ ਵਿਆਹ ਹੋਇਆ। ਪੰਜਾਬ ਵਿਚ ਬੇਸ਼ੱਕ ਹਾਲਾਤ ਕੁਝ ਸੁਧਰ ਗਏ ਸੀ ਪਰ ਸਹਿਮ ਅਜੇ ਵੀ ਖਤਮ ਨਹੀਂ ਸੀ ਹੋਇਆ। ਰਾਤ ਦੇ ਵਿਆਹ ਤੇ ਬਾਰਾਤ ਵਿਚ ਵੱਡੀ ਗਿਣਤੀ ਵਿਚ ਬਾਰਾਤੀ ਲੈ ਕੇ ਜਾਣ ਤੋਂ ਲੋਕ ਅਜੇ ਵੀ ਝਿਜਕਦੇ ਸੀ। 7 ਦਸੰਬਰ ਨੂੰ ਬਹੁਤ ਥੋੜ੍ਹੀ ਗਿਣਤੀ ਦੇ ਰਿਸ਼ਤੇਦਾਰਾਂ, ਮਿੱਤਰਾਂ, ਸਨੇਹੀਆਂ ਨੂੰ ਨਾਲ ਲੈ ਕੇ ਬਾਜਾਖਾਨਾ ਵਿਆਹ ਦੀਆਂ ਰਸਮਾਂ ਅਦਾ ਕਰ ਕੇ ਸੰਗਰੂਰ ਘਰ ਵਾਪਸ ਆ ਗਏ।
ਸਮਾਜ ਵਿਚ ਵੱਡੀ ਪੱਧਰ ਤੇ ਵਿਚਰਨ ਕਾਰਨ ਜਾਣ-ਪਛਾਣ ਕਾਫੀ ਹੋ ਗਈ ਸੀ। ਜਿਨ੍ਹਾਂ ਨਜ਼ਦੀਕੀਆਂ ਨੂੰ ਬਾਰਾਤ ਨਹੀਂ ਲਿਜਾ ਸਕੇ, ਉਨ੍ਹਾਂ ਲਈ ਅਗਲੇ ਦਿਨ ਸੰਗਰੂਰ ਘਰ ਵਿਚ ਹੀ ਸ਼ਾਮ ਨੂੰ ਚਾਹ-ਪਾਰਟੀ ਰੱਖੀ। ਬਤੌਰ ਮੈਨੇਜਰ ਖਨਾਲ ਕਲਾਂ ਵਿਚ ਚਾਰ ਸਾਲ ਦੇ ਕਰੀਬ ਹੋਣ ਕਾਰਨ ਇਲਾਕੇ ਵਿਚ ਬੈਂਕ ਦੇ ਕੁਝ ਗਾਹਕਾਂ ਨਾਲ ਜ਼ਾਤੀ ਅਤੇ ਪਰਿਵਾਰਕ ਸਬੰਧ ਵੀ ਬਣ ਗਏ ਸਨ। ਇਨ੍ਹਾਂ ਵਿਚੋਂ ਇੱਕ ਨੇੜਲੇ ਪਿੰਡ ਦਿਆਲਗੜ੍ਹ ਜੇਜੀਆ ਦਾ ਚੰਗਾ ਜ਼ਿਮੀਂਦਾਰ ਗੋਬਿੰਦਰ ਸਿੰਘ ਵੀ ਸੀ ਜਿਸ ਨੂੰ ਚਾਹ-ਪਾਰਟੀ ਦਾ ਸੱਦਾ ਦਿੱਤਾ ਸੀ। ਪਾਰਟੀ ਵਾਲੇ ਦਿਨ ਸਵੇਰੇ ਹੀ ਮੈਂ ਤੇ ਮੇਰੀ ਘਰਵਾਲੀ ਕੁਝ ਪਰਿਵਾਰਕ ਮੈਂਬਰਾਂ ਨਾਲ ਸੰਗਰੂਰ ਤੋਂ 5 ਕਿਲੋਮੀਟਰ ਦ ਦੂਰ ਮੇਰੇ ਜੱਦੀ ਪਿੰਡ ਈਲਵਾਲ ‘ਛਿਟੀਆਂ ਖੇਡਣ’ ਦੀ ਰਸਮ ਅਦਾ ਕਰਨ ਚਲੇ ਗਏ। ਚਾਹ-ਪਾਰਟੀ ਵਾਲੇ ਦਿਨ ਸ਼ਾਮ ਨੂੰ ਗੋਬਿੰਦਰ ਸਿੰਘ ਨੂੰ ਕੋਈ ਕੰਮ ਸੀ ਤੇ ਇਹ ਸੋਚ ਕੇ ਕਿ ਪਾਰਟੀ ਵਿਚ ਸ਼ਮੂਲੀਅਤ ਨਹੀਂ ਕਰ ਸਕੇਗਾ, ਸਵੇਰੇ ਹੀ ਮੇਰੇ ਘਰ ਸ਼ਗਨ ਦੇਣ ਆ ਗਿਆ। ਉਸ ਸਮੇਂ ਅਸੀਂ ਪਿੰਡ ਗਏ ਹੋਏ ਸੀ।
“ਮੈਨੇਜਰ ਸਾਹਿਬ ਕਿੱਥੇ ਨੇ ਜੀ?” ਗੋਬਿੰਦਰ ਸਿੰਘ ਨੇ ਮੇਰੀ ਭੈਣ ਬਬੀਤਾ ਨੂੰ ਪੁੱਛਿਆ।
“ਉਹ ਤਾਂ ਪਿੰਡ ਛਿਟੀਆਂ ਖੇਡਣ ਗਏ ਨੇ ਜੀ।” ਭੈਣ ਨੇ ਜਵਾਬ ਦਿੱਤਾ।
“ਮੁੰਡਾ ਕਿੱਥੇ ਐ ਜੀ?” ਗੋਬਿੰਦਰ ਸਿੰਘ ਨੇ ਫਿਰ ਪੁੱਛਿਆ।
“ਕਿਹੜਾ ਮੁੰਡਾ ਜੀ?” ਭੈਣ ਨੇ ਉਤਸੁਕਤਾ ਨਾਲ ਪੁੱਛਿਆ
“ਜੀਹਦਾ ਵਿਆਹ ਐ ਬੀਬਾ ਜੀ।”
“ਵਿਆਹ ਤਾਂ ਮੈਨੇਜਰ ਸਾਹਿਬ ਦਾ ਹੀ ਐ ਜੀ।” ਭੈਣ ਨੇ ਅਸਲੀਅਤ ਦੱਸੀ।
“ਮੈਨੇਜਰ ਸਾਹਿਬ ਅਜੇ ਵਿਆਹੇ ਨਹੀਂ ਸੀ। ਮੈਂ ਤਾਂ ਸਮਝਿਆ ਕਿਤੇ ਉਨ੍ਹਾਂ ਦੇ ਮੁੰਡੇ ਦਾ ਵਿਆਹ ਐ!” ਗੋਬਿੰਦਰ ਸਿੰਘ ਨੇ ਹੈਰਾਨੀ ਜ਼ਾਹਿਰ ਕੀਤੀ।
“ਤੁਸੀ ਬੈਠੋ, ਚਾਹ-ਪਾਣੀ ਪੀਓ, ਆ ਜਾਂਦੇ ਨੇ ਮੈਨੇਜਰ ਸਾਹਿਬ ਜਲਦੀ ਹੀ।” ਭੈਣ ਨੇ ਕੁਰਸੀਆਂ ਵੱਲ ਇਸ਼ਾਰਾ ਕੀਤਾ।
“ਨਹੀਂ ਬੀਬਾ ਜੀ, ਮੈਂ ਜਲਦੀ ਵਾਪਸ ਜਾਣੈਂ। ਤੁਸੀਂ ਆਹ ਸ਼ਗਨ ਰੱਖ ਲਓ ਤੇ ਮੈਨੇਜਰ ਸਾਹਿਬ ਨੂੰ ਕਹਿਣਾ ਕਿ ਦਿਆਲਗੜ੍ਹ ਤੋਂ ਗੋਬਿੰਦਰ ਸਿੰਘ ਆਏ ਸੀ।”
ਭੈਣ ਨੇ ਸ਼ਗਨ ਫੜਿਆ ਤੇ ਚਾਹ-ਪਾਣੀ ਪੀਣ ਤੋਂ ਬਾਅਦ ਗੋਬਿੰਦਰ ਸਿੰਘ ਵਾਪਿਸ ਚਲਾ ਗਿਆ। ਛਿਟੀਆਂ ਦੀ ਰਸਮ ਤੋਂ ਬਾਅਦ ਜਦੋਂ ਅਸੀਂ ਪਿੰਡ ਤੋਂ ਸੰਗਰੂਰ ਘਰ ਵਾਪਿਸ ਆਏ ਤਾਂ ਭੈਣ ਨੇ ਸਾਰੀ ਗੱਲ ਦੱਸੀ ਤਾਂ ਮੌਕੇ ਤੇ ਹਾਜ਼ਰ ਸਾਰੇ ਪਰਿਵਾਰਕ ਜੀਅ ਅਤੇ ਰਿਸ਼ਤੇਦਾਰ ਹੱਸ ਹੱਸ ਲੋਟ-ਪੋਟ ਹੋ ਗਏ।
ਕੁਝ ਦਿਨ ਬਾਅਦ ਮੈਂ ਡਿਊਟੀ ਤੇ ਚਲਿਆ ਗਿਆ ਤਾਂ ਇੱਕ ਦਿਨ ਗੋਬਿੰਦਰ ਸਿੰਘ ਬੈਂਕ ਵਿਚ ਆਏ ਅਤੇ ਇੱਕ-ਦੂਜੇ ਨੂੰ ਦੇਖ ਕੇ ਬਗੈਰ ਕੁਝ ਬੋਲੇ ਅਸੀਂ ਖੂਬ ਹੱਸੇ।
“ਗੋਬਿੰਦਰ ਸਿੰਘ ਜੀ, ਇਹ ਭੁਲੇਖਾ ਤੁਹਾਨੂੰ ਕਿਵੇਂ ਲੱਗ ਗਿਆ?” ਆਪਣੇ ਹਾਸੇ ਤੇ ਕਾਬੂ ਪਾਉਂਦੇ ਹੋਏ ਮੈਂ ਪੁੱਛਿਆ।
“ਮੈਨੇਜਰ ਸਾਹਿਬ, ਪਹਿਲਾਂ ਤਾਂ ਕੋਈ ਇਹ ਸੋਚ ਹੀ ਨਹੀਂ ਸਕਦਾ ਕਿ ਕੋਈ ਮੈਨੇਜਰ ਕੁਆਰਾ ਹੋ ਸਕਦੈ; ਦੂਸਰੀ ਗੱਲ ਇਹ ਹੈ ਕਿ ਮੇਰਾ ਲੜਕਾ 40 ਕੁ ਸਾਲ ਦਾ ਹੈ, ਤੇ ਉਹ ਵੀ ਪੋਤੇ ਵਾਲਾ ਐ। ਮੈਂ ਸੋਚਿਆ, ਤੁਸੀਂ ਵੀ 40-45 ਸਾਲ ਦੇ ਤਾਂ ਹੋਵੋਂਗੇ, ਤੇ ਵਿਆਹ ਤੁਹਾਡੇ ਮੁੰਡੇ ਦਾ ਹੀ ਹੋਵੇਗਾ।” ਗੋਬਿੰਦਰ ਸਿੰਘ ਨੇ ਸਫਾਈ ਜਿਹੀ ਦੇਣੀ ਚਾਹੀ ਤਾਂ ਇੱਕ ਵਾਰ ਫਿਰ ਅਸੀਂ ਠਹਾਕਾ ਮਾਰ ਕੇ ਹੱਸ ਪਏ।
ਇਸ ਘਟਨਾ ਨੂੰ ਬੇਸ਼ੱਕ ਤਿੰਨ ਦਹਾਕੇ ਬੀਤ ਗਏ ਹਨ, ਹੁਣ ਤਾਂ ਬੱਚੇ ਵੀ ਵਿਆਹੁਣ ਵਾਲੇ ਹੋ ਗਏ ਨੇ ਪਰ ਅੱਜ ਵੀ ਉਹ ਘਟਨਾ ਯਾਦ ਕਰ ਕੇ ਹਾਸਾ ਆ ਜਾਂਦਾ ਹੈ।
ਸੰਪਰਕ: 81465-80919