ਜੋਧ ਸਿੰਘ ਮੋਗਾ
ਜਨਵਰੀ ਦਾ ‘ਰੀਡਰਜ਼ ਡਾਈਜੈਸਟ’ ਬੜਾ ਲੇਟ ਮਿਲਿਆ। ਇਸ ਦੇ ਕਵਰ ਤੇ ਪੰਜ-ਛੇ ਗੰਭੀਰ ਪਰ ਪ੍ਰਸੰਨਚਿੱਤ ਕੁੜੀਆਂ ਦੀ ਫੋਟੋ ਹੈ। ਅੰਦਰ ਦੋ-ਤਿੰਨ ਪੂਰਨ ਵੇਰਵੇ ਵੀ ਹਨ ਜੋ ਲੋੜਵੰਦਾਂ ਨਾਲ ਹਮਦਰਦੀ ਅਤੇ ਸਹਾਇਤਾ ਦੇ ਬੇਮਿਸਾਲ ਨਮੂਨੇ ਹਨ। ਪੜ੍ਹ ਕੇ 30 ਸਾਲ ਪਹਿਲਾਂ ਦਾ ਆਪਣਾ ਅਧਿਆਪਨ ਦਾ ਸਮਾਂ ਚੇਤੇ ਆ ਗਿਆ ਜੋ ਰਿਟਾਇਰਮੈਂਟ ਤੋਂਂ ਮਗਰੋਂ ਇਕ ਵਧੀਆ ਸਕੂਲ ਦਾ ਸੀ। ਇਕ ਕਵਿਤਾ ‘ਸਿੰਪਥੀ’ (Sympathy) ਹੁੰਦੀ ਸੀ ਜਿਸ ਦਾ ਨਚੋੜ ਸੀ ਕਿ ਸੋਨੇ ਨਾਲੋਂ ਹਮਦਰਦੀ ਬਹੁਤੀ ਕੀਮਤੀ ਹੁੰਦੀ ਹੈ। +2 ਦੀ ਪੁਸਤਕ ਵਿਚ ਲੇਖ ਸੀ ‘School for Sympathy’ ਜੋ ਬਜ਼ੁਰਗ ਅਧਿਆਪਕਾਂ ਨੇ ਖੋਲ੍ਹਿਆ ਹੋਇਆ ਸੀ।
ਇਹ ਐਸਾ ਸਕੂਲ ਸੀ ਜਿਸ ਵਿਚ ਲਿਖਣ-ਪੜ੍ਹਨ ਵਾਲੀ ਪੜ੍ਹਾਈ ਤਾਂ ਹੁੰਦੀ ਹੀ ਸੀ, ਨਾਲ ਨਾਲ ਵਿਦਿਆਰਥੀਆਂ ਨੂੰ ਪੀੜਤਾਂ, ਲੋੜਵੰਦਾਂ ਅਤੇ ਅੰਗਹੀਣਾਂ ਵਾਸਤੇ ਹਮਦਰਦ ਬਣਾਉਣ ਦੇ ਯਤਨ ਵੀ ਕੀਤੇ ਜਾਂਦੇ ਸਨ। ਢੰਗ ਵੀ ਬੜਾ ਅਨੋਖਾ ਸੀ। ਬੱਚਿਆਂ ਨੂੰ ਅੰਗਹੀਣਾਂ ਦੀਆਂ ਮੁਸ਼ਕਿਲਾਂ ਵਿਚੋਂ ਲੰਘਾਇਆ ਜਾਂਦਾ ਸੀ ਤਾਂ ਜੋ ਉਹ ਆਪ ਉਨ੍ਹਾਂ ਦੀਆਂ ਔਕੜਾਂ ਨੂੰ ਸਮਝ ਸਕਣ ਅਤੇ ਉਨ੍ਹਾਂ ਦੀ ਤਕਲੀਫ਼ ਦਾ ਅਹਿਸਾਸ ਕਰ ਸਕਣ। ਹਰ ਬੱਚੇ ਦਾ ਮਹੀਨੇ ਵਿਚ ਇਕ Blind Day (ਅੰਨ੍ਹਾ ਦਿਨ) ਹੁੰਦਾ ਸੀ। ਸਾਰਾ ਦਿਨ ਅੱਖਾਂ ਤੇ ਪੱਟੀ ਬੱਝੀ ਰਹਿੰਦੀ ਸੀ ਅਤੇ ਉਹ ਅੰਨ੍ਹਾ ਬਣ ਕੇ ਬਾਕੀ ਬੱਚਿਆਂ ਵਿਚ ਵਿਚਰਦਾ ਸੀ ਅਤੇ ਉਸ ਨੂੰ ਅੰਨ੍ਹੇ ਵਿਅਕਤੀ ਦੀਆਂ ਮੁਸ਼ਕਿਲਾਂ ਦਾ ਅਨੁਭਵ ਹੁੰਦਾ ਸੀ। ਉਸ ਦੇ ਅੰਦਰ ਅੰਨ੍ਹਿਆਂ ਵਾਸਤੇ ਫਰਜ਼ ਅਤੇ ਹਮਦਰਦੀ ਦੀ ਭਾਵਨਾ ਪੈਦਾ ਕੀਤੀ ਜਾਂਦੀ ਸੀ। ਇਸ ਤਰ੍ਹਾਂ Dumb Day (ਗੁੰਗਾ ਦਿਨ), Lame Day (ਲੰਗੜਾ/ਲੂਲਾ ਦਿਨ) ਆਦਿ ਹੁੰਦੇ ਸਨ; ਬੱਚਿਆਂ ਵਿਚ ਹਮਦਰਦੀ ਦੇ ਬੀਜ ਬੀਜੇ ਜਾਂਦੇ ਸਨ ਜੋ ਅੱਗੇ ਜਾ ਕੇ ਬੱਚੇ ਦੇ ਗੁਣਾਂ ਦਾ ਹਿੱਸਾ ਬਣਦੇ ਸਨ।
ਅੱਜ ਦੇ ਯੁੱਗ ਨੂੰ ਮੈਂ ਸਿਫਾਰਸ਼ ਯੁੱਗ, ਮੋਬਾਈਲ ਯੁੱਗ ਅਤੇ ਪਲਾਸਟਿਕ ਯੁੱਗ ਆਖ ਦਿੰਦਾ ਹਾਂ। ਬੱਚਿਆਂ ਦੇ ਅਜੋਕੇ ਸੁਭਾਅ, ਵਰਤਾਰੇ, ਬਜ਼ੁਰਗਾਂ ਨਾਲ ਵਰਤਾਓ, ਸਾਥੀਆਂ ਨਾਲ ਵਿਹਾਰ ਅਤੇ ਲੋੜਵੰਦਾਂ ਦੀ ਸਹਾਇਤਾ ਤੇ ਨਜ਼ਰ ਪੈਂਦੀ ਹੈ ਤਾਂ ਮਨ ਕੁਝ ਦੁਖੀ ਹੁੰਦਾ ਹੈ ਅਤੇ ਹਮਦਰਦੀ ਦੀ ਘਾਟ ਤਾਂ ਸਪਸ਼ਟ ਹੀ ਦਿਸਦੀ ਹੈ ਜੋ ਬੱਚੇ ਦੀ ਨਰੋਈ ਸ਼ਖਸੀਅਤ ਵਾਸਤੇ ਜ਼ਰੂਰੀ ਹੈ। ਸ਼ਾਇਦ ਕੁਝ ਸਕੂਲਾਂ ਅਤੇ ਪਰਿਵਾਰਾਂ ਵਿਚ ਇਸ ਪਾਸੇ ਧਿਆਨ ਦਿੱਤਾ ਵੀ ਜਾਂਦਾ ਹੈ ਪਰ ਬਹੁਤ ਘੱਟ। 80 ਸਾਲ ਪਹਿਲਾਂ (1935 ਤੋਂ 1945) ਤਕ ਮੈਂ ਆਰੀਆ ਸਕੂਲ ਮੋਗੇ ਦਾ ਵਿਦਿਆਰਥੀ ਸਾਂ, ਯਾਦ ਹੈ ਕਿ ਪ੍ਰਾਰਥਨਾ ਤੋਂ ਮਗਰੋਂ ਪਹਿਲੀ ਘੰਟੀ ‘ਧਰਮ ਸ਼ਿਕਸ਼ਾ’ ਦੀ ਹੁੰਦੀ ਸੀ ਜਿਸ ਵਿਚ ਕਿਸੇ ਖਾਸ ਧਰਮ ਦੀ ਗੱਲ ਦੇ ਥਾਂ ਚੰਗੇ ਵਿਚਾਰ ਅਤੇ ਸੁਚੱਜੇ ਵਿਹਾਰ ਦੀ ਗੱਲ ਹੀ ਹੁੰਦੀ ਸੀ।
ਅੱਜ ਸਮਾਂ ਬਦਲ ਗਿਆ ਹੈ ਅਤੇ ਅਜੋਕੇ ਸਮੇਂ ਨੂੰ ਲੋੜ ਅਨੁਸਾਰ ਸਾਇੰਸ ਅਤੇ ਟੈਕਨਾਲੋਜੀ ਦੀ ਬਹੁਤੀ ਲੋੜ ਹੈ। ਆਪਾਂ ਪਿੱਛੇ ਤਾਂ ਨਹੀਂ ਜਾ ਸਕਦੇ ਅਤੇ ਨਾ ਹੀ ‘School for Sympathy’ ਵਰਗੇ ਸਕੂਲ ਖੁੱਲ੍ਹ ਸਕਦੇ ਹਨ ਪਰ ਹਮਦਰਦੀ ਅਤੇ ਸਹਾਇਤਾ ਵਰਗੇ ਚੰਗੇ ਗੁਣਾਂ ਨੂੰ ਅੱਜ ਦੇ ਸਮੇਂ ਅਨੁਸਾਰ ਬੱਚਿਆਂ ਵਾਸਤੇ ਕਿਸੇ ਤਰ੍ਹਾਂ ਢਾਲ ਜ਼ਰੂਰ ਸਕਦੇ ਹਾਂ। ਇਸ ਵਿਚ ਅਧਿਆਪਕਾਂ ਅਤੇ ਪਰਿਵਾਰ ਦਾ ਯੋਗਦਾਨ ਹੀ ਸਭ ਤੋਂ ਜ਼ਰੂਰੀ ਹੈ। ਉਹ ਬੱਚਿਆਂ ਵਿਚ ਆਪਣਾ ਗੁਣਾਂ ਭਰਿਆ ਨਮੂਨਾ ਪੇਸ਼ ਕਰਕੇ ਚੰਗੇ ਵਿਹਾਰ ਅਤੇ ਹਮਦਰਦੀ ਦੀ ਜਾਗ ਲਾ ਸਕਦੇ ਹਨ।
ਸੰਪਰਕ: 62802-58057