ਤਪੱਸਿਆ

ਤਪੱਸਿਆ

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

ਥੇਬੰਦੀ ਦੀ ਸੇਵਕੀ ਕਰਦਿਆਂ ਪੰਜਾਬ ਭਰ ਦੇ ਆਗੂਆਂ ਨੂੰ ਮਿਲਣ ਦਾ ਸਬਬ ਬਣਿਆ ਰਹਿੰਦਾ ਸੀ। ਫੁਰਸਤ ਦੇ ਪਲਾਂ ਦੌਰਾਨ ਕਦੇ ਕੋਈ ਪੁੱਛਦਾ- “ਆਰਮੀ ਵਿਚੋਂ ਹੋ ਕੇ ਸਿੱਖਿਆ ਵਿਭਾਗ ਵਿਚ ਆਏ?” ਕਿਸੇ ਹੋਰ ਸਮੇਂ ਕੋਈ ਕਹਿੰਦਾ- “ਸਾਇੰਸ ਪੜ੍ਹਾਉਂਦੇ ਹੋ?” ਹੁਣ 74ਵੇਂ ਵਰ੍ਹੇ ਵਿਚ ਨਵੇਂ ਵਾਕਿਫਾਂ ਵਿਚੋਂ ਕਈ ਪੁੱਛਦੇ ਹਨ- “ਹਾਕੀ ਖੇਡਦੇ ਰਹੇ ਹੋ?” ਤਿੰਨਾਂ ਵਿਚੋਂ ਮੈਂ ਇਕ ਵੀ ਨਹੀਂ ਰਿਹਾ ਪਰ ਤੀਜੇ ਪ੍ਰਸ਼ਨ ਦੀ ਜਾਣਕਾਰੀ ਦਾ ਉੱਤਰ ਨਾਂਹ ਵਿਚ ਦਿੰਦਿਆਂ ਚੀਸ ਜਿਹੀ ਉੱਠਦੀ ਸੀ।

ਪ੍ਰਾਇਮਰੀ ਲਾਗਲੇ ਪਿੰਡ ਤੋਂ ਕੀਤੀ, ਅਗਲੀ ਪੜ੍ਹਾਈ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਸਕੂਲ ਵਿਚ ਦਾਖਲਾ ਹੋਇਆ। 7 ਕਿਲੋਮੀਟਰ ਪੈਦਲ ਜਾਂਦਾ। ਇਸ ਸਕੂਲ ਦੇ ਗਰਾਊਂਡ ਵਿਚ ਮੁੰਡੇ ਸੱਚੀ ਦੀਆਂ ਹਾਕੀਆਂ ਨਾਲ ਖੇਡਦੇ। ਅਸੀਂ ਪਿੰਡ ਵਿਚ ਕਿੱਕਰ ਦੀ ਟਾਹਣੀਆਂ ਵੱਢ ਕੇ ਹਾਕੀ ਨੁਮਾ ਬਣਾ ਕੇ ਖੇਡਦੇ ਸੀ। ਛੁੱਟੀ ਵਾਲੇ ਦਿਨ ਪਿੰਡ ਦੀ ਚਰਾਂਦ ਵਿਚ ਇਨ੍ਹਾਂ ਹੀ ਹਾਕੀਆਂ ਨਾਲ ਮੈਚ ਹੁੰਦੇ। ਸਕੂਲ ਵਿਚ ਸਕੂਲ ਲਗਣ ਤੋਂ ਪਹਿਲਾਂ ਅਤੇ ਸ਼ਾਮ ਨੂੰ ਨਿਯਮਤ ਹਾਕੀ ਖੇਡੀ ਜਾਂਦੀ ਸੀ। ਸ਼ਾਮ ਦੀ ਖੇਡ ਦੇਖਦਿਆਂ ਅਕਸਰ ਤਾਰਿਆਂ ਦੀ ਛਾਵੇਂ ਪਿੰਡ ਪਹੁੰਚਦੇ। ਹਾਕੀ ਦੀ ਖੇਡ ਦੇਖਦਿਆਂ ਲੰਮਾ ਰਸਤਾ, ਰਾਤ ਦਾ ਹਨੇਰਾ ਅਤੇ ਘਰਦਿਆਂ ਦੀਆਂ ਝਿੜਕਾਂ ਸਭ ਭੁੱਲ ਜਾਂਦਾ।

ਸਕੂਲ ਵਿਚ ਪੀਟੀਆਈ ਗੁਰਦਿਆਲ ਸਿੰਘ ਸੀ। ਉਹ ਸੇਵਾ ਮੁਕਤ ਫੌਜੀ ਅਤੇ ਹਾਕੀ ਦੇ ਵਧੀਆ ਖਿਡਾਰੀ ਸਨ। ਹਾਕੀ ਕਰਕੇ ਹੀ ਉਨ੍ਹਾਂ ਨੂੰ ਰੱਖਿਆ ਸੀ। ਉਦੋਂ ਸਾਡਾ ਜਿ਼ਲ੍ਹਾ ਹੁਸਿ਼ਆਰਪੁਰ ਸੀ। ਅਧਿਆਪਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ, ਨੰਗਲ ਟਾਊਨਸਿ਼ਪ ਦੇ ਸਰਕਾਰੀ ਹਾਈ ਸਕੂਲ ਨੂੰ ਜਿੱਤ ਕੇ ਹੀ ਜਿ਼ਲ੍ਹੇ ਵਿਚ ਪਹੁੰਚਿਆ ਜਾਏਗਾ। ਦੂਜੇ ਦਿਨ 15 ਕਿਲੋਮੀਟਰ ਪੈਦਲ ਜਾ ਕੇ ਮੈਚ ਦੇਖਿਆ। ਮੈਚ ਦੇ ਪਹਿਲੇ ਅਤੇ ਦੂਜੇ ਅੱਧ ਵਿਚ ਨੰਗਲ ਦੀ ਟੀਮ ਭਾਰੂ ਰਹੀ। ਡੀ ਵਿਚੋਂ ਗੇਂਦ ਮਸਾਂ ਕੱਢਦੇ, ਅਗਲੇ ਪਲ ਫਿਰ ਸਾਡੀ ਟੀਮ ਉਤੇ ਹਮਲਾ। ਗਰਾਊਂਡ ਉਨ੍ਹਾਂ ਦੀ, ਦਰਸ਼ਕ ਸਾਡੇ ਨਾਲ। ਪੈਨਲਟੀ ਕਾਰਨਰ ਇੱਕ ਤੋਂ ਬਾਅਦ ਇੱਕ ਪਤਾ ਨਹੀਂ, ਕਿੰਨੇ ਮਿਲੇ। ਧਰਮ ਸਿੰਘ (ਹੁਣ ਮਰਹੂਮ) ਗੋਲਕੀਪਰ ਅਤੇ ਡਿਫੈਂਡਰ ਆਪ ਦੀਵਾਰ ਸਨ। ਬਾਕੀ ਟੀਮ ਜਿਵੇਂ ਮਨ ਚੁੱਕੀ ਸੀ ਕਿ ਉਹ ਗੋਲ ਨਹੀਂ ਕਰੇਗੀ, ਕੇਵਲ ਬਚਾਅ ਹੀ ਕਰੇਗੀ, ਇਸ ਲਈ ਸਾਰੀ ਟੀਮ ਰੱਖਿਆ ਉਤੇ ਡਟ ਗਈ। ਪਤਾ ਨਹੀਂ ਕਿਵੇਂ ਪੈਨਲਟੀ ਕਾਰਨਰ ਦੇ ਰੀਬਾਊਂਡ ਤੋਂ ਗੇਂਦ ਡੀ ਉਤੇ ਖੜ੍ਹੇ ਸੰਤੋਖ ਕੋਲ ਪੁੱਜੀ। ਰਾਇਟ ਆਊਟ ਵਾਲਾ ਲੰਬੂ ਸੰਤੋਖ ਬਰਾਬਰ ਹੋ ਗਿਆ। ਦੋਵੇਂ ਗੇਂਦ ਨਾਲ ਅਹੁ ਗਏ, ਅਹੁ ਗਏ। ਵਿਰੋਧੀ ਟੀਮ ਦੇ ਡਿਫੈਂਡਰ ਬਚਾਅ ਲਈ ਦੌੜੇ ਪਰ ਗੋਲਕੀਪਰ ਦੀ ਮਦਦ ਕਰਨੋਂ ਖੁੰਝ ਗਏ। ਗੋਲਪੋਸਟ ਦਾ ਫਟਾ ਖੜਕਿਆ, ਇਹ ਗੋਲ ਸੀ। ਦਰਸ਼ਕਾਂ ਦੀ ਭੀੜ ਖੁਸ਼ੀ ਵਿਚ ਗਰਾਊਂਡ ਵਿਚ ਆ ਗਈ ਪਰ ਤੁਰੰਤ ਵਾਪਸ ਹੋ ਗਈ। ਖਤਰਾ ਘਟਿਆ ਸੀ, ਮਿਟਿਆ ਨਹੀਂ ਸੀ। ਪੰਜ ਮਿੰਟ ਬਾਕੀ ਸਨ, ਹੁਣ ਹਿੰਮਤ ਨੂੰ ਵਿਸ਼ਵਾਸ ਅਤੇ ਉਤਸ਼ਾਹ ਜਾ ਮਿਲੇ ਸਨ। ਸਾਡੀ ਟੀਮ ਜਿੱਤ ਗਈ। ਦੂਜੇ ਦਿਨ ਸਵੇਰੇ ਸ਼ਬਦ ਗਾਉਣ ਮਗਰੋਂ ਜਿ਼ਲ੍ਹਾ ਜਿੱਤਣ ਲਈ ਅਰਦਾਸ ਕੀਤੀ। ਅਗਲੇ ਹਫਤੇ ਜਿ਼ਲ੍ਹਾ ਜਿੱਤਿਆ ਗਿਆ। ਸਕੂਲ ਵਿਚ ਹਾਕੀ ਗਰਾਊਂਡ ਤੋਂ ਬਾਹਰ ਅਕੜੇ ਅਤੇ ਕਿੱਕਰ ਦੀਆਂ ਟਾਹਣੀਆਂ ਤੋਂ ਬਣਾਈਆਂ ਹਾਕੀਆਂ ਨਾਲ ਅੱਧੀ ਛੁੱਟੀ ਸਮੇਂ ਮੇਰੇ ਵਰਗੇ ਵੀ ਖੇਡਣ ਲੱਗੇ। ਪਹਿਲਾਂ ਇਹ ਆਗਿਆ ਨਹੀਂ ਸੀ। ਅਸੀਂ ਪਿੰਡ ਵਿਚ ਤਾਂ ਖੇਡਦੇ ਹੀ ਸੀ, ਹੁਣ ਸਕੂਲ ਵਿਚ ਵੀ ਦਾਅ ਲੱਗ ਜਾਂਦਾ।

ਸਕੂਲ ਦੇ ਪੀਟੀਆਈ ਗੁਰਦਿਆਲ ਸਿੰਘ ਜੀ ਮੀਂਹ ਕਣੀ ਵਿਚ ਹੀ ਸਕੂਲ ਅੰਦਰ ਜਾਂਦੇ ਸਨ, ਵਰਨਾ ਉਹ ਬਾਹਰ ਹੀ ਗਰਾਊਂਡ ਵਿਚ ਘੁੰਮਦੇ ਫਿਰਦੇ ਰਹਿੰਦੇ ਸਨ। ਇਕ ਦਿਨ ਵੱਡੀ ਜਮਾਤ ਦਾ ਮੁੰਡਾ ਸਾਡੇ ਖੇਡਦਿਆਂ ਵਿਚ ਆਇਆ- “ਓਏ, ਤੈਨੂੰ ਪੀਟੀ ਜੀ ਬੁਲਾਉਂਦੇ।” ਮੇਰਾ ਨਾਂ ਉਹ ਜਾਣਦਾ ਨਹੀਂ ਸੀ। ਮੈਂ ਸਹਿਮਿਆ, ਕਿੱਕਰ ਦੀ ਹਾਕੀ ਉਥੇ ਹੀ ਸੁੱਟ ਉਨ੍ਹਾਂ ਵੱਲ ਤੁਰਨ ਲੱਗਾ ਤਾਂ ਆਵਾਜ਼ ਆਈ, “ਇਹਨੂੰ (ਮੇਰੀ ਹਾਕੀ) ਨਾਲ ਹੀ ਲੈ ਆ।” ਉਨ੍ਹਾਂ ਮੇਰੀ ਹਾਕੀ ਦੇਖੀ। ਡੰਡੇ ਉਤੇ ਰੰਗ-ਬਰੰਗੀਆਂ ਲੀਰਾਂ ਹਾਕੀ ਵਾਂਗ ਵਲੇਟੀਆਂ ਹੋਈਆਂ ਸਨ। ਮੇਰੀ ਹਾਕੀ ਆਪਣੇ ਹੱਥ ਫੜ ਕੇ ਉਸ ਵੱਲ ਨੀਝ ਨਾਲ ਦੇਖਿਆ, ਫਿਰ ਕਹਿੰਦੇ, “ਛੁੱਟੀ ਵੇਲੇ ਘਰ ਨਹੀਂ ਜਾਣਾ, ਇਥੇ ਖੇਡਣਾ ਹੈ।” ਅੱਧੀ ਛੁੱਟੀ ਬੰਦ ਦੀ ਘੰਟੀ ਵੱਜ ਗਈ, ਕਮਰਿਆਂ ਵੱਲ ਦੌੜੇ ਜਾਂਦੇ ਮੁੰਡੇ ਪੁੱਛ ਰਹੇ ਸਨ, “ਓਏ ਕਿਆ ਕਿਹਾ?” ਮੈਂ ਕਿਸੇ ਦਾ ਹੀ ਉੱਤਰ ਦਿੱਤਾ ਹੋਵੇਗਾ। ਛੇਵਾਂ, ਸੱਤਵਾਂ, ਅੱਠਵਾਂ ਪੀਰੀਅਡ ਮੁੱਕਣ ਵਿਚ ਹੀ ਨਾ ਆਉਣ! ਛੁੱਟੀ ਹੋਈ, ਹਾਕੀ ਖਿਡਾਰੀ ਕੱਪੜੇ ਉਤਾਰ ਰਹੇ ਸਨ। ਮੇਰੇ ਪਾਸ ਨਿੱਕਰ ਬਨੈਣ ਨਹੀਂ ਸੀ। ਪੀਟੀ ਜੀ ਨੇ ਹਾਕੀ ਦਿੰਦਿਆਂ ਕਿਹਾ, “ਹੁਣ ਇਹ ਤੇਰੀ ਹੈ।”

ਮੇਰੀ ਹਾਕੀ ਹਲਕੀ, ਲੰਬਾਈ ਵਿਚ ਛੋਟੀ। ਅਸਲੀ ਹਾਕੀ ਉਸ ਤੋਂ ਭਾਰੀ ਅਤੇ ਲੰਬੀ। ਮੇਰੀ ਕਿੱਕਰ ਦੀ ਹਾਕੀ ਦੇ ਬਲੇਡ ਤੋਂ ਅਸਲੀ ਹਾਕੀ ਦਾ ਬਲੇਡ ਚੌੜਾ ਸੀ। ਮੈਨੂੰ ਲੈਫਟ ਆਊਟ ’ਤੇ ਰੱਖ ਪੀਟੀ ਜੀ ਲੈਫਟ ਇੰਨ ਆਪ ਖੇਡਣ ਲੱਗ ਪਏ। ਜਦੋਂ ਗੇਂਦ ਉਨ੍ਹਾਂ ਨੂੰ ਮਿਲਦੀ, ਉਹ ਮੇਰੇ ਵੱਲ ਸਰਕਾ ਦਿੰਦੇ। ਪਹਿਲੇ ਦਿਨ ਅੱਧੀਆਂ ਗੇਂਦਾਂ ਹੀ ਸੰਭਾਲ ਸਕਿਆ। ਜਲਦੀ ਹੀ ਹਾਕੀ ਸਾਥ ਦੇਣ ਲੱਗ ਪਈ। ਕਿਹੜੀ ਗੇਂਦ ਹਰ ਹਾਲ ਰੋਕਣੀ, ਕਿਹੜੀ ਸਾਇਡ ਲਾਈਨ ਤੋਂ ਬਾਹਰ ਕਦੋਂ ਜਾਣ ਦੇਣੀ, ਕਿੰਨੀ ਦੇਰ ਡ੍ਰਿਬਲ ਕਰਨੀ, ਕਦੋਂ ਅੰਦਰ ਭੇਜਣੀ ਆਦਿ ਮੇਰੇ ਫ਼ੈਸਲੇ ਅਕਸਰ ਸਹੀ ਹੁੰਦੇ। ਪੀਟੀ ਜੀ ਨੇ ਚਾਰ ਕੁ ਦਿਨ ਬਾਅਦ ਕੋਲ ਬੁਲਾ ਕੇ ਕਿਹਾ, “ਇਸ ਸਾਲ ਨਹੀਂ, ਅਗਲੇ ਸਾਲ ਟੀਮ ਵਿਚ ਪਾਊਂਗਾ।” ਮੇਰੀਆਂ ਕਲਪਨਾਵਾਂ ਲਈ ਹੁਣ ਅੰਬਰ ਛੋਟਾ ਸੀ। ਘਰ ਲਈ 7 ਕਿਲੋਮੀਟਰ ਦਾ ਰਸਤਾ ਪਤਾ ਹੀ ਨਾ ਲੱਗਦਾ, ਕਦੋਂ ਮੁੱਕ ਜਾਂਦਾ। ਇਹ ਸਿਲਸਿਲਾ ਅਪਰੈਲ ਅਤੇ ਮਈ ਵਿਚ ਚਲਿਆ।

ਜੂਨ ਦੇ ਅੱਧ ਵਿਚ ਬਰਸਾਤ ਸ਼ੁਰੂ ਹੋ ਗਈ। ਪਿਤਾ ਦਾ ਦੇਹਾਂਤ ਹੋ ਚੁੱਕਾ ਸੀ। ਤਾਇਆ ਜੋ ਮਾਸੜ ਵੀ ਸੀ, ਸਾਡੀ ਜ਼ਮੀਨ ਸਾਡੇ ਲਈ ਵਾਹ-ਬੀਜ ਦਿੰਦੇ। ਸੰਭਾਲ ਅਸੀਂ ਕਰਨੀ ਹੁੰਦੀ ਸੀ। ਖੇਤ ਵਿਚ ਮੱਕੀ ਬੀਜਣ ਤੋਂ ਪਹਿਲਾਂ ਰੂੜੀ ਖਿਲਾਰਨੀ, ਖੇਤ ਰੋਟੀ-ਪਾਣੀ ਪਹੁੰਚਾਉਣਾ, ਕਦੇ ਕਦੇ ਦੂਜੇ ਖੇਤ ਤੋਂ ਹਲ ਮੋਢੇ ਚੁੱਕ ਕੇ ਵਾਹੁਣ-ਬੀਜਣ ਵਾਲੇ ਖੇਤ ਤਕ ਪੁੱਜਦਾ ਕਰਨਾ, ਕਿੰਨੇ ਹੀ ਕੰਮ ਛਿੜ ਜਾਂਦੇ ਹਨ, ਤੇ ਮੈਂ ਹਫਤਾ ਸਕੂਲ ਨਾ ਗਿਆ। ਪੀਟੀ ਜੀ ਨੂੰ ਮੈਥੋਂ ਹੀ ਬਾਪ ਬਾਰੇ ਪਤਾ ਲੱਗਾ। ਉਹ ਸੋਚੀਂ ਪੈ ਗਏ ਪਰ ਗਰਾਊਂਡ ਵਿਚ ਲੈ ਲਿਆ। ਮੈਨੂੰ ਲੱਗਿਆ, ਉਨ੍ਹਾਂ ਦੇ ਗੇਂਦ ਪਾਸ ਵਿਚ ਪਹਿਲਾਂ ਵਾਲਾ ਸੁਨੇਹਾ ਗਾਇਬ ਸੀ। ਚਾਰ ਪੰਜ ਦਿਨ ਬਾਅਦ ਫਿਰ ਚਾਰ ਪੰਜ ਦਿਨ ਦਾ ਨਾਗਾ ਹੋ ਗਿਆ, ਮੱਕੀ ਦੀ ਗੋਡੀ ਕਰਨੀ ਸੀ। ਪੰਜ ਦਿਨ ਬਾਅਦ ਜਦੋਂ ਸਕੂਲ ਗਿਆ ਤਾਂ ਪ੍ਰਾਰਥਨਾ ਤੋਂ ਪਹਿਲਾਂ ਹੀ ਪੀਟੀ ਜੀ ਨੇ ਦੂਜੇ ਪਾਸੇ ਮੂੰਹ ਕਰਕੇ ਕਹਿ ਦਿੱਤਾ, “ਪੁੱਤਰ, ਹੁਣ ਤੂੰ ਨਾ ਆਵੀਂ।” ਮੈਂ ਸਕੂਲ ਪਿਛੇ ਝਾੜੀਆਂ ਦੀ ਸੰਘਣੀ ਵਾੜ ਪਿੱਛੇ ਰੱਜ ਕੇ ਰੋਇਆ। ਪ੍ਰਾਰਥਨਾ ਬਾਅਦ ਮੈਂ ਪਿਛਲੇ ਦਰਵਾਜ਼ੇ ਆਪਣੀ ਜਮਾਤ (ਅੱਠਵੀਂ ਏ) ਵਿਚ ਮੁੜ ਜਾ ਬੈਠਾ। ਸੁਫ਼ਨਿਆਂ ਦਾ ਮਹਿਲ ਢਹਿ ਚੁੱਕਾ ਸੀ। ਪੜ੍ਹਾਈ ਵਾਲੇ ਸੁਫ਼ਨਿਆਂ ਦਾ ਅਜੇ ਕੋਈ ਮੂੰਹ ਮੱਥਾ ਨਹੀਂ ਸੀ।

ਅਜ ਜਦੋਂ ਹਾਕੀ ਦੀਆਂ ਉਲੰਪਿਕ ਮੁੰਡੇ-ਕੁੜੀਆਂ ਦੀ ਤਪੱਸਿਆ ਵਾਲੀਆਂ ਕਹਾਣੀਆਂ ਟੀਵੀ ਉੱਤੇ ਸੌਰਭ ਦਿਵੇਦੀ ਦੇ ਸ਼ੋਅ ਉੱਤੇ ਸੁਣੀਆਂ ਤਾਂ ਸਮਝ ਆ ਗਈ: ਮੇਰੇ ਸ਼ੌਕ ਨੂੰ ਤਪੱਸਿਆ ਦੀ ਲੋੜ ਸੀ! ਮੈਚ ਦੀ ਜਸਦੇਵ ਸਿੰਘ ਦੀ ਕੁਮੈਂਟਰੀ ਦੇ ਸਟਾਇਲ ਵਿਚ ਸੌਰਵ ਦੀ ਹਾਕੀ ਖਿਡਾਰੀਆਂ ਦੇ ਤਪੱਸਵੀ ਕਰੀਅਰ ਬਾਰੇ ਭਾਵੁਕ ਜਾਣਕਾਰੀ ਨੇ ਹਾਕੀ ਖਿਡਾਰੀ ਬਣਨ ਦੀ ਉਹ ਸਾਰੀ ਕਸਕ ਧੋ ਸੁਟੀ ਜੋ ਹੁਣ ਤਕ ਹੰਢਾਅ ਰਿਹਾ ਸੀ।

ਸੰਪਰਕ: 94176-52947

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All