ਅਵਨੀਤ ਕੌਰ
ਕਰੋਨਾ ਕਾਲ ਦੌਰਾਨ ਘਰ ਬਹਿ ਕਿਤਾਬਾਂ ਸੰਗ ਵਿਚਰਨਾ ਆਸਾਨ ਨਹੀਂ। ਸਾਰਾ ਦਿਨ ਇੱਕੋ ਕੰਮ ਮਨ ਦੀ ਇਕਾਗਰਤਾ ਨਹੀਂ ਰਹਿਣ ਦਿੰਦਾ। ਮੋਬਾਈਲ, ਟੈਲੀਵਿਜ਼ਨ ਤੇ ਇੰਟਰਨੈੱਟ ਦਿਨ ਭਰ ਸੁਖਾਵੇਂ ਨਹੀਂ ਲਗਦੇ। ਸਖੀਆਂ ਨਾਲ ਗੱਲਾਂ ਵੀ ਮੁੱਕ ਜਾਂਦੀਆਂ ਹਨ। ਫਿਰ ਅਖ਼ਬਾਰ, ਮੈਗਜ਼ੀਨ ਤੇ ਸਾਹਿਤ ਦੀਆਂ ਪੁਸਤਕਾਂ ਠੰਢੀ ਹਵਾ ਦਾ ਬੁੱਲਾ ਲਿਆਉਂਦੀਆਂ ਹਨ। ਸ਼ਬਦ ਮਨ ਤੇ ਦਸਤਕ ਦਿੰਦੇ ਨੇ। ਪੁਸਤਕਾਂ ਦੇ ਪਾਤਰ ਮਨ ਦਾ ਸਕੂਨ ਬਣਦੇ ਨੇ। ਇਹ ਸਾਥ ਅਹਿਸਾਸ ਜਗਾਉਂਦਾ ਹੈ। ਸਕੂਲ ਗੁਜ਼ਾਰੇ ਦਿਨ ਮਨ ਦੀ ਦਹਿਲੀਜ਼ ਤੇ ਦਸਤਕ ਦਿੰਦੇ ਹਨ।
ਸਕੂਲ ਗੁਜ਼ਾਰੇ ਉਹ ਬੇਸ਼ਕੀਮਤੀ ਯਾਦਾਂ ਵਿਚ ਮੋਤੀਆਂ ਵਾਂਗ ਬਿਖਰੇ ਹਨ। ਸਕੂਲ ਭਾਵੇਂ ਸਰਕਾਰੀ ਸੀ ਪਰ ਕਹਿੰਦੇ ਕਹਾਉਂਦੇ ਪ੍ਰਾਈਵੇਟ ਪਬਲਿਕ ਸਕੂਲਾਂ ਦਾ ਮੁਕਾਬਲਾ ਕਰਦਾ ਸੀ। ਸਕੂਲ ਦੇ ਪ੍ਰਿੰਸੀਪਲ ਨਿਮਰ, ਨੇਕ ਤੇ ਹਰ ਕਿਸੇ ਨੂੰ ਆਪਣਾ ਬਣਾ ਲੈਣ ਵਾਲੀ ਸ਼ਖਸੀਅਤ ਦੇ ਮਾਲਕ ਸਨ। ਵਿਦਵਾਨ, ਲੇਖਕ ਤੇ ਸਾਹਿਤ ਰਸੀਏ। ਮਿੱਠ ਬੋਲੜੇ ਤੇ ਵਕਤ ਦੇ ਪਾਬੰਦ। ਹਰ ਵਕਤ ਸਕੂਲ ਪੜ੍ਹਦੀਆਂ ਧੀਆਂ ਧਿਆਣੀਆਂ ਦਾ ਭਵਿੱਖ ਰੁਸ਼ਨਾਉਣ ਲਈ ਜੁਟੇ ਰਹਿੰਦੇ। ਵਿਦਿਆਰਥਣਾਂ ਦੇ ਨਾਲ ਨਾਲ ਫੁੱਲਾਂ ਤੇ ਪੰਛੀਆਂ ਨੂੰ ਖਿੜਦੇ, ਹਸਦੇ ਦੇਖ ਖ਼ੁਸ਼ ਹੁੰਦੇ। ਆਪਣੇ ਸਕੂਲ ਵਿਚ ਜਿਊਣ, ਸੋਚਣ ਤੇ ਭਵਿੱਖ ਦੇ ਨਕਸ਼ ਸੰਵਾਰਨ ਵਾਲ਼ਾ ਮਾਹੌਲ ਦਿੰਦੇ।
ਸਕੂਲ ਵਿਚ ਪੜ੍ਹਾਈ ਦੇ ਨਾਲ ਨਾਲ ਹਾਸਿਆਂ ਵੀ ਫੁਹਾਰੇ ਵੀ ਛੁੱਟਦੇ। ਵਿਦਿਆਰਥਣਾਂ ਪੜ੍ਹਾਈ ਡਰ ਤੇ ਦਬਾਅ ਕਰਕੇ ਨਹੀਂ ਸਗੋਂ ਸ਼ੌਕ ਨਾਲ ਪੜ੍ਹਦੀਆਂ। ਸਾਡਾ ਸਕੂਲ ਵਿਦਿਆ ਦਾ ਮੰਦਰ ਸੀ। ਡਰ, ਭੈਅ ਤੋਂ ਮੁਕਤ। ਪ੍ਰੇਰਨਾ, ਸਨੇਹ, ਸੂਝ ਤੇ ਗਿਆਨ ਵੰਡਦਾ ਘਰ ਜਿਸ ਦੀ ਗੋਦ ਵਿਚ ਬੈਠ ਅਸੀਂ ਘਰਾਂ ਨੂੰ ਭੁੱਲ ਜਾਂਦੀਆਂ। ਰੋਜ਼ ਸਵੇਰ ਦੀ ਸਭਾ ਵਿਚ ਪ੍ਰਿੰਸੀਪਲ ਦਾ ਭਾਸ਼ਣ ਮਨਾਂ ਨੂੰ ਟੁੰਬਦਾ। ਅਹਿਸਾਸ ਨੂੰ ਪ੍ਰੇਰਨਾ ਰੂਪੀ ਚਾਨਣ ਨਾਲ ਜਗਾਉਂਦਾ। ਅਸੀਂ ਉਨ੍ਹਾਂ ਦੀਆਂ ਦੱਸੀਆਂ ਬੇਸ਼ਕੀਮਤੀ ਗੱਲਾਂ ਅਸੀਂ ਆਪੋ-ਆਪਣੇ ਘਰਾਂ ਵਿਚ ਕਰਦੀਆਂ। ਮਾਂ ਬਾਪ ਸੁਣਦੇ, ਖ਼ੁਸ਼ ਹੁੰਦੇ; ਆਖਦੇ, ਭਾਗਾਂ ਵਾਲੀਆਂ ਓ। ਇੰਨਾ ਚੰਗਾ ਸਕੂਲ ਤੇ ਮਾਹੌਲ ਮਿਲਿਆ ਹੈ। ਸਾਡੀ ਪੜ੍ਹਾਈ ਦੇ ਉਹ ਤੀਆਂ ਵਰਗੇ ਦਿਨ ਸਨ। ਜਦ ਪੜ੍ਹਾਈ ਲਿਖਾਈ ਦੇ ਨਾਲ ਨਾਲ ਚਾਅ, ਮਲਾਰ ਵੀ ਸਾਡੇ ਮਨਾਂ ਵਿਚ ਖੁਸ਼ੀ ਦੀਆਂ ਤਰੰਗਾਂ ਛੇੜਦੇ।
ਅਸੀਂ ਸਕੂਲ ਦੇ ਪਾਸ਼ ਯਾਦਗਾਰੀ ਬਲਾਕ ’ਚ ਬਣੀ ਲਾਇਬਰੇਰੀ ’ਚ ਪੁਸਤਕਾਂ ਨਾਲ ਸੰਵਾਦ ਰਚਾਉਂਦੀਆਂ। ਪੁਸਤਕਾਂ ਸਾਡੇ ਸੁਪਨਿਆਂ ਨੂੰ ਪਰਵਾਜ਼ ਦਿੰਦੀਆਂ। ਸਕੂਲ ਦੇ ਸਾਲਾਨਾ ਸਮਾਗਮ ’ਚ ਕਵੀਆਂ, ਸਾਹਿਤਕਾਰਾਂ ਨੂੰ ਬੁਲਾਉਂਦੇ। ਮਾਣ ਸਨਮਾਨ ਦਿੰਦੇ। ਸਾਡੇ ਤੇ ਮਾਪਿਆਂ ਦੇ ਰੂ-ਬ-ਰੂ ਕਰਦੇ। ਪੰਜਾਬੀ ਸਾਹਿਤ ਦੇ ਬੁਲੰਦ ਸਿਤਾਰਿਆਂ ਨੂੰ ਸੁਣ ਸਾਨੂੰ ਜਿ਼ੰਦਗੀ ਦਾ ਸੁਨਿਹਰੀ ਰੰਗ ਨਜ਼ਰ ਆਉਂਦਾ। ਉਹ ਸਕੂਲ ਦੇ ਮੁਖੀ ਹੀ ਨਹੀਂ ਸਨ, ਸਾਡੇ ਮਾਂ-ਬਾਪ ਅਤੇ ਮਾਰਗ ਦਰਸ਼ਕ ਸਨ। ਉਨ੍ਹਾਂ ਦੇ ਸੋਚਾਂ, ਸੁਪਨਿਆਂ ਨਾਲ ਭਰੇ ਧੜਕਦੇ ਦਿਲ ਵਿਚ ਸੁਤੰਤਰਤਾ ਸੈਨਾਨੀ ਬਾਪ ਦੀ ਜਾਗ ਸੀ। ਇਸੇ ਲਈ ਸੱਚ ਕਹਿਣ ਤੋਂ ਗੁਰੇਜ਼ ਨਹੀਂ ਸਨ ਕਰਦੇ। ਵਿਰਸੇ ਵਿਚੋਂ ਮਿਲੀ ਕਲਮ ਤੇ ਸ਼ਬਦਾਂ ਦੀ ਦਾਤ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਨੂਠਾ ਗੁਣ ਸੀ।
ਆਪਣੇ ਘਰ ਵਰਗੇ ਸਕੂਲ ਦੀ ਸੁਖਦ ਘਟਨਾ ਮਨ ਦੇ ਅੰਬਰ ਤੇ ਉੱਕਰੀ ਹੈ। ਜਦ ਕਿਸੇ ਵਿਦਿਆਰਥਣ ਦਾ ਜਨਮ ਦਿਨ ਹੁੰਦਾ ਤਾਂ ਲੜਕੀਆਂ ਅਕਸਰ ਟਾਫੀਆਂ ਵਾਲਾ ਲਿਫ਼ਾਫ਼ਾ ਲੈ ਕੇ ਪਹਿਲਾਂ ਪ੍ਰਿੰਸੀਪਲ ਕੋਲ਼ ਜਾਂਦੀਆਂ। ਫਿਰ ਸਾਰੇ ਅਧਿਆਪਕਾਂ ਕੋਲ਼ ਤੇ ਆਖਿ਼ਰ ਆਪਣੀ ਸਾਰੀ ਕਲਾਸ ਵਿਚ ਟਾਫੀਆਂ ਵੰਡਦੀਆਂ। ਉਸ ਦਿਨ ਪ੍ਰਿੰਸੀਪਲ ਦਾ ਜਨਮ ਦਿਨ ਸੀ। ਉਨ੍ਹਾਂ ਸਵੇਰ ਦੀ ਸਭਾ ਵਿਚ ਦੱਸਿਆ। … ਖ਼ੁਸ਼ੀ ਮੂੰਹ ਮਿੱਠਾ ਕਰਨ ਤੱਕ ਸੀਮਤ ਨਹੀਂ ਹੁੰਦੀ, ਖੁਸ਼ੀ ਕਰਮ ਵਿਚ ਹੁੰਦੀ ਹੈ, ਅਮਲਾਂ ਵਿਚ ਝਲਕਦੀ ਹੈ। ਖ਼ੁਸ਼ੀ ਦਿਖਾਵੇ ਤੋਂ ਮੁਕਤ ਹੁੰਦੀ ਹੈ। ਜੇ ਅਸੀਂ ਇਹ ਖ਼ੁਸ਼ੀ ਆਪਣੇ ਕੰਮ ਵਿਚੋਂ ਲੱਭਣ ਦੀ ਜਾਚ ਸਿੱਖ ਜਾਈਏ ਤਾਂ ਜਿ਼ੰਦਗੀ ਸੰਵਰ ਸਕਦੀ ਹੈ। ਆਪਣੇ ਜਨਮ ਦਿਨ ਤੇ ਆਪਣੇ ਆਪ ਨਾਲ ਕੋਈ ਵਾਅਦਾ ਕਰਨਾ, ਬੁਰੀ ਆਦਤ ਦੀ ਥਾਂ ਚੰਗੀ ਆਦਤ ਅਪਣਾਉਣ ਦਾ ਫ਼ੈਸਲਾ ਕਰਨਾ, ਜਨਮ ਦਿਨ ਮਨਾਉਣ ਦਾ ਸੱਚਾ ਸੁੱਚਾ ਕਰਮ ਹੈ। ਤਾੜੀਆਂ ਦੀ ਗੂੰਜ ਉਨ੍ਹਾਂ ਦੇ ਬੋਲਾਂ ਤੇ ਚੜ੍ਹਾਏ ਫੁੱਲਾਂ ਸਮਾਨ ਸੀ। ਉਸ ਦਿਨ ਤੋਂ ਬਾਅਦ ਸਕੂਲ ਦੀਆਂ ਲੜਕੀਆਂ ਆਪਣੇ ਜਨਮ ਦਿਨ ਤੇ ਲਾਇਬਰੇਰੀ ਨੂੰ ਇੱਕ ਪੁਸਤਕ ਭੇਂਟ ਕਰਨ, ਲੋੜਵੰਦਾਂ ਦੀ ਮਦਦ ਕਰਨ ਤੇ ਚੰਗੀਆਂ ਆਦਤਾਂ ਅਪਣਾਉਣ ਦਾ ਰਾਹ ਫੜ ਲਿਆ।
ਸਵੇਰ ਦੀ ਸਭਾ ਵਿਚ ਬੋਲਣ ਦਾ ਮਾਣ ਹਰ ਵਿਦਿਆਰਥਣ ਨੂੰ ਹਾਸਲ ਹੁੰਦਾ। ਸਕੂਲ ਦੇ ਮੁਖੀ ਅਕਸਰ ਆਖਦੇ, ਸਿਆਣੀਓਂ! ਇਹ ਵਕਤ ਵਾਰ ਵਾਰ ਨਹੀਂ ਆਉਣਾ। ਇਸ ਨੂੰ ਪੜ੍ਹਾਈ, ਲਿਖਾਈ ਤੇ ਪੁਸਤਕਾਂ ਸੰਗ ਬਿਤਾਇਆ ਤਾਂ ਮੰਜਿ਼ਲ ਆਪ ਚੱਲ ਕੇ ਤੁਹਾਡੇ ਪਾਸ ਆਏਗੀ। ਪਤਾ ਹੀ ਨਹੀਂ ਲੱਗਾ, ਉਹ ਜਿਊਂਦੇ ਜਾਗਦੇ ਪਲ ਕਦ ਬਤੀਤ ਹੋ ਗਏ। ਵੱਡੇ ਕਾਲਜਾਂ ਦਾ ਰੁਖ਼ ਕੀਤਾ, ਹੋਸਟਲ ਵਿਚ ਰਹੇ ਪਰ ਪੇਂਡੂ ਸਕੂਲ ਵਾਲਾ ਮਾਹੌਲ, ਸਨੇਹ ਕਿਧਰੇ ਨਹੀਂ ਲੱਭਿਆ। ਉਸ ਚਾਨਣ ਦੇ ਦੂਤ ਸਕੂਲ ਮੁਖੀ ਦੀ ਜਿ਼ੰਦਗੀ ਦਾ ਨੂਰ ਮੇਰੇ ਲਈ ਰੌਸ਼ਨੀ ਦੀ ਕਿਰਨ ਹੈ ਜਿਹੜੀ ਸਹਿਯੋਗ, ਪ੍ਰੇਰਨਾ, ਪਰਵਾਜ਼ ਤੇ ਮੰਜਿ਼ਲ ਪਾਉਣ ਲਈ ਮਾਰਗ ਦਰਸ਼ਨ ਕਰਦਾ ਹੈ। ਅਕਸਰ ਸੋਚਦੀ ਹਾਂ, ਕਾਸ਼! ਇਹ ਨੂਰ ਹਰ ਜਿ਼ੰਦਗੀ ਤੇ ਸਮਾਜ ਵਿਚ ਵੱਸਿਆ ਨਜ਼ਰ ਆਵੇ। ਇਹ ਸੋਚਦਿਆਂ ਮਨ ਹੀ ਮਨ ਮੈਨੂੰ ਚੰਗੇਰੇ, ਸੁਖਦ, ਮਾਣ ਮੱਤੇ ਪਲਾਂ ਵਾਲੇ ਜੀਵਨ ਤੇ ਸਮਾਜ ਦੀ ਆਹਟ ਮਹਿਸੂਸ ਹੁੰਦੀ ਹੈ।
ਸੰਪਰਕ: salamzindgi88@gmail.com