ਰੌਣਕੀ ਰਾਮ
ਡਾ. ਬੀਆਰ ਅੰਬੇਡਕਰ ਅਜਿਹੇ ਬੁੱਤਸ਼ਿਕਨ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ ਵਿਚ ਹੀ ਮਹਿਸੂਸ ਕਰ ਲਿਆ ਸੀ ਕਿ ਦਲਿਤ ਹੋਣ ਦਾ ਅਰਥ ਕੀ ਹੁੰਦਾ ਹੈ ਅਤੇ ਛੂਆਛਾਤ ਖਿ਼ਲਾਫ਼ ਜੱਦੋਜਹਿਦ ਕਿਵੇਂ ਲੜੀ ਜਾ ਸਕਦੀ ਹੈ। ਤਥਾਕਥਿਤ ਉੱਚੀਆਂ ਜਾਤੀਆਂ ਵਾਲੇ ਹਿੰਦੂਆਂ ਦੇ ਸਮਾਜ ਸੁਧਾਰ ਅੰਦੋਲਨ ਉਨ੍ਹਾਂ ’ਤੇ ਕੋਈ ਖਾਸ ਪ੍ਰਭਾਵ ਨਾ ਪਾ ਸਕੇ ਕਿਉਂਕਿ ਉਹ ਛੂਆਛਾਤ ਦੀ ਭਿਅੰਕਰਤਾ ਤੋਂ ਭਲੀਭਾਂਤ ਜਾਣੂ ਸਨ। ਸਮਾਜ ਸੁਧਾਰਕਾਂ ਲਈ ਛੂਆਛਾਤ ਦੂਸਰੇ ਲੋਕਾਂ ਦੀ ਸਮੱਸਿਆ ਸੀ। ਇਕ ਲੇਖੇ ਇਹ ਉਨ੍ਹਾਂ ਦੀ ਸਮੱਸਿਆ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਛੂਆਛਾਤ ਦੇ ਥਪੇੜੇ ਕਦੇ ਆਪ ਨਹੀਂ ਖਾਣੇ ਪਏ ਸਨ। ਉਹ ਨੀਵੀਆਂ ਜਾਤੀਆਂ ਦੇ ਕਾਜ ਨਾਲ ਹਮਦਰਦੀ ਰੱਖਦੇ ਸਨ ਪਰ ਉਹ ਸਮਾਜਿਕ ਭੇਦਭਾਵ ਦੀ ਇਸ ਅਮਾਨਵੀ ਪ੍ਰਣਾਲੀ ਲਾਗੂ ਕਰਨ ਵਾਲੇ ਵਰਗਾਂ ਤੋਂ ਆਉਂਦੇ ਸਨ।
ਛੂਆਛਾਤ ਦੇ ਉਥਾਨ ਬਾਰੇ ਡਾ. ਅੰਬੇਡਕਰ ਦਾ ਵਿਸ਼ਲੇਸ਼ਣ ਅਤੇ ਇਸ ਦੇ ਖਾਤਮੇ ਲਈ ਉਨ੍ਹਾਂ ਦੀ ਕਾਰਜ ਯੋਜਨਾ ਉਚ ਜਾਤੀ ਸਮਾਜ ਸੁਧਾਰਕਾਂ ਦੀ ਪਹੁੰਚ ਅਤੇ ਅਮਲ ਤੋਂ ਵੱਖਰੀ ਸੀ। ਜਿਹੜੀ ਗੱਲ ਉਨ੍ਹਾਂ ਨੂੰ ਹੋਰ ਸਮਾਜ ਸੁਧਾਰਕਾਂ ਤੋਂ ਵੱਖਰਾ ਕਰਦੀ ਸੀ, ਉਹ ਇਹ ਸੀ ਕਿ ਉਹ ਛੂਆਛਾਤ ਨੂੰ ਹੇਠਲੇ ਭਾਵ ਸਮਾਜਿਕ ਪੱਖੋਂ ਨਪੀੜੇ ਲੋਕਾਂ ਤੇ ਦਲਿਤਾਂ ਦੇ ਜ਼ਾਵੀਏ ਤੋਂ ਦੇਖਦੇ ਸਨ। ਇਹ ਨਜ਼ਰੀਆ ਹੀ ਉਨ੍ਹਾਂ ਨੂੰ ਆਪਣੇ ਸਮੇਂ ਦੀ ਭਾਰੂ ਸਮਾਜਿਕ ਤੇ ਸਿਆਸੀ ਸੋਚ ਪ੍ਰਵਾਹ ਤੋਂ ਵੱਖਰੀ ਸੋਚ ਲਈ ਪ੍ਰੇਰਦਾ ਸੀ। ਉਨ੍ਹਾਂ ਦੀਆਂ ਮੁੱਖ ਕਿਰਤਾਂ (ਕਾਸਟਜ਼ ਇਨ ਇੰਡੀਆ: ਦਿਅਰ ਮਕੈਨਿਜ਼ਮ, ਜੈਨੇਸਿਸ ਐਂਡ ਡਿਵੈਲਪਮੈਂਟ; ਅਨਾਹਿਲੇਸ਼ਨ ਆਫ ਕਾਸਟ; ਦਿ ਅਨਟੱਚੇਬਲਜ਼: ਹੂ ਵਰ ਦੇਅ ਐਂਡ ਵਾਇ ਦੇਅ ਬੀਕੇਮ ਅਨਟੱਚਬੇਲਜ਼; ਹੂ ਵਰ ਦਿ ਸ਼ੂਦਰਾਜ਼) ਇਸ ਪ੍ਰਸੰਗ ਅਤੇ ਉਨ੍ਹਾਂ ਦੀ ਆਜ਼ਾਦ, ਮੌਲਿਕ ਤੇ ਤਰਕਪੂਰਨ ਸੋਚ ਦੀ ਸ਼ਾਹਦੀ ਭਰਦੀਆਂ ਹਨ। ਉਨ੍ਹਾਂ ਛੂਆਛਾਤ ਦੇ ਮਿਥਹਾਸਕ ਆਧਾਰ ਨੂੰ ਤੋੜਿਆ ਅਤੇ ਇਸ ਦੀਆਂ ਸਮਾਜਿਕ ਤੇ ਆਰਥਿਕ ਜੜ੍ਹਾਂ ਨੰਗੀਆਂ ਕਰ ਦਿੱਤੀਆਂ।
ਉਨ੍ਹਾਂ ਜਨਮ ਦੇ ਆਧਾਰ ’ਤੇ ਛੂਆਛਾਤ ਦੀ ਧਾਰਨਾ ਖਿਲਾਫ਼ ਮਜ਼ਬੂਤ ਕੇਸ ਖੜ੍ਹਾ ਕੀਤਾ ਜੋ ਇਸ ਜਾਤੀ ਪ੍ਰਥਾ ਤੋਂ ਬਾਹਰ ਰੱਖੇ ਗਏ ਲੋਕਾਂ ’ਤੇ ਠੋਸੀ ਗਈ ਸੀ ਤੇ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਉਨ੍ਹਾਂ ਇਸ ਵਿਵਸਥਾ ਦੇ ਪੀੜਤਾਂ ਨੂੰ ਇਸ ਦੇ ਖਿਲਾਫ਼ ਪੂਰੀ ਸ਼ਕਤੀ ਨਾਲ ਲੜਨ ਦਾ ਹੋਕਾ ਦਿੱਤਾ। ਉਨ੍ਹਾਂ ਆਖਿਆ, “ਆਤਮ ਸਨਮਾਨ ਦੀ ਕੀਮਤ ’ਤੇ ਜ਼ਿੰਦਾ ਰਹਿਣਾ ਸ਼ਰਮਨਾਕ ਹੈ। ਆਤਮ ਸਨਮਾਨ ਹੀ ਜ਼ਿੰਦਗੀ ਦਾ ਸਭ ਤੋਂ ਮਹੱਤਵਸ਼ਾਲੀ ਕਾਰਕ ਹੈ। ਇਸ ਤੋਂ ਬਿਨਾਂ ਮਨੁੱਖ ਮਹਿਜ਼ ਸਿਫ਼ਰ ਹੈ। ਆਤਮ ਸਨਮਾਨ ਨਾਲ ਜ਼ਿੰਦਗੀ ਜਿਊਣ ਲਈ ਇਨਸਾਨ ਨੂੰ ਔਕੜਾਂ ’ਤੇ ਕਾਬੂ ਪਾਉਣਾ ਪੈਂਦਾ ਹੈ। ਸਿਰਫ਼ ਸਖ਼ਤ ਤੇ ਨਿਰੰਤਰ ਜੱਦੋਜਹਿਦ ਰਾਹੀਂ ਹੀ ਕਿਸੇ ਨੂੰ ਸ਼ਕਤੀ, ਆਤਮ ਬਲ ਅਤੇ ਮਾਨਤਾ ਪ੍ਰਾਪਤ ਹੁੰਦੀ ਹੈ।” ਉਨ੍ਹਾਂ ਮਹਿਜ਼ ਜ਼ਿੰਦਾ ਹੋਣ ਅਤੇ ਮੁੱਲਵਾਨ ਢੰਗ ਨਾਲ ਜਿਊਣ ਵਿਚਕਾਰ ਫ਼ਰਕ ਕੀਤਾ। ਅੰਬੇਡਕਰ ਨੇ ਆਖਿਆ ਸੀ ਕਿ ਮੁੱਲਵਾਨ ਜ਼ਿੰਦਗੀ ਜਿਊਣ ਲਈ ਸਮਾਜ ਦੀ ਉਸਾਰੀ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਆਧਾਰ ’ਤੇ ਹੋਣੀ ਜ਼ਰੂਰੀ ਹੈ। ਉਨ੍ਹਾਂ ਲਈ ਸਿਆਸੀ ਦਮਨ ਨਾਲੋਂ ਸਮਾਜਿਕ ਦਮਨ ਜ਼ਿਆਦਾ ਘਾਤਕ ਹੁੰਦਾ ਹੈ ਅਤੇ “ਸਮਾਜ ਨੂੰ ਵੰਗਾਰਨ ਵਾਲਾ ਸੁਧਾਰਕ ਕਿਸੇ ਸਰਕਾਰ ਨਾਲ ਟੱਕਰ ਲੈਣ ਵਾਲੇ ਸਿਆਸਤਦਾਨ ਨਾਲੋਂ ਜ਼ਿਆਦਾ ਦਲੇਰ ਹੁੰਦਾ ਹੈ।”
ਅੰਬੇਡਕਰ ਅਜਿਹੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਵਰਗਾਂ ਵਿਚ ਵੰਡੇ ਸਮਾਜ ਦੀ ਦਮਨਕਾਰੀ ਵਿਵਸਥਾ ਨੂੰ ਚੁਣੌਤੀ ਦਿੱਤੀ ਸੀ। ਸਮਾਜ ਸੁਧਾਰ ਦੀ ਉਨ੍ਹਾਂ ਦੀ ਜੱਦੋਜਹਿਦ ਦੀ ਸ਼ੁਰੂਆਤ ਵਿਚ ਉਨ੍ਹਾਂ ਭਾਰਤੀ ਸਮਾਜ ਦੀ ਦਰਜਾਬੰਦ ਬਣਤਰ ਨੂੰ ਬਦਲਣ ਵਾਸਤੇ ਸਮਾਜ ਦੇ ਅੰਦਰੋਂ ਅਲੋਚਨਾ ਵਿੱਢ ਕੇ ਨਿਤਾਣੇ ਵਰਗਾਂ ਨੂੰ ਬਰਾਬਰ ਦੇ ਹੱਕ ਤੇ ਇਨਸਾਫ਼ ਦਿਵਾਉਣ ਦੇ ਬਹੁਤ ਯਤਨ ਕੀਤੇ ਸਨ। ਛੂਆਛਾਤ ਦੀ ਸਮੱਸਿਆ ਮੁਤੱਲਕ ਉਨ੍ਹਾਂ ਦੀ ਕੋਸ਼ਿਸ਼ ਅਮਲੀ ਪਹੁੰਚ ਵਾਲੀ ਸੀ। ਉਨ੍ਹਾਂ ਤਹੱਈਆ ਕੀਤਾ ਸੀ ਕਿ ਭਾਰਤੀ ਸਮਾਜ ਦੀ ਇਸ ਦੀਰਘਕਾਲੀ ਸਮੱਸਿਆ ਦੇ ਨਿਵਾਰਨ ਲਈ ਇਸ ਪ੍ਰਥਾ ਨੂੰ ਤਨੋ ਮਨੋ ਪ੍ਰਣਾਏ ਲੋਕਾਂ ਦੀ ਜ਼ਮੀਰ ਜਗਾਉਣ ਦੀਆਂ ਅਪੀਲਾਂ ਜਾਂ ਉਨ੍ਹਾਂ ਨੂੰ ਆਪਣੀ ਸੋਚ ਤਿਆਗਣ ਦੀਆਂ ਫਰਿਆਦਾਂ ਨਹੀਂ ਕੀਤੀਆਂ ਜਾਣਗੀਆਂ ਸਗੋਂ ਸਮਾਜਿਕ ਧਾਰਮਿਕ ਤੇ ਸਿਆਸੀ-ਆਰਥਿਕ ਵਿਵਸਥਾ ਖਿਲਾਫ਼ ਨਿਰੰਤਰ ਸੰਘਰਸ਼ ਵਿੱਢਿਆ ਜਾਵੇਗਾ ਜਿੱਥੇ ਉਨ੍ਹਾਂ ਦੀ ਸਮਝ ਮੁਤਾਬਕ ਛੂਆਛਾਤ ਦੀਆਂ ਜੜ੍ਹਾਂ ਪਲਰਦੀਆਂ ਹਨ। ਬਹਰਹਾਲ, ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਇਸ ਸਮਾਜਿਕ ਤੇ ਧਾਰਮਿਕ ਪ੍ਰਣਾਲੀ ਦੇ ਅੰਦਰ ਤਥਾਕਥਿਤ ਨੀਵੀਆਂ ਜਾਤੀਆਂ ਦੀ ਮੁਕਤੀ ਸੰਭਵ ਨਹੀਂ ਹੈ ਤਾਂ ਉਨ੍ਹਾਂ ਆਪਣੀ ਧਰਮ ਪਰਿਵਰਤਨ ਮੁਹਿੰਮ ਵਿੱਢ ਦਿੱਤੀ। ਅਖੀਰੀ, ਉਹ ਇਸ ਗੱਲ ਦੇ ਕਾਇਲ ਹੋ ਗਏ ਕਿ ਤਥਾਕਥਿਤ ਨੀਵੀਆਂ ਜਾਤੀਆਂ ਕੋਈ ਸਮਤਾਵਾਦੀ ਧਰਮ ਅਪਣਾ ਕੇ ਹੀ ਸ਼ਕਤੀਸ਼ਾਲੀ ਹੋ ਸਕਦੇ ਹਨ। ਲਿਹਾਜ਼ਾ, ਉਨ੍ਹਾਂ ਬੁੱਧ ਧਰਮ ਗ੍ਰਹਿਣ ਕਰ ਲਿਆ। ਅੰਬੇਡਕਰ ਲਈ ਨੀਵੀਆਂ ਜਾਤੀਆਂ ਦੀ ਮੁਕਤੀ ਹੀ ਮੁੱਖ ਮੁੱਦਾ ਸੀ ਅਤੇ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਥਾਕਥਿਤ ਨੀਵੀਆਂ ਜਾਤੀਆਂ ਨੂੰ ਖੁਦ ਇਸ ਗੱਲ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਇਸ ਕਰ ਕੇ ਅੰਬੇਡਕਰ ਨੇ ਜਾਤੀ ਪ੍ਰਥਾ ਨਾਲ ਗ੍ਰਸੇ ਭਾਰਤੀ ਸਮਾਜ ਦੇ ਖਾਸੇ ਨੂੰ ਚਾਕ ਕਰਨ ਅਤੇ ਤਥਾਕਥਿਤ ਨੀਵੀਆਂ ਜਾਤੀਆਂ ਦੇ ਹਿਤਾਂ ਦੀ ਰਾਖੀ ਦੇ ਢੰਗਾਂ ਲਈ ਦਲਿਤ ਪ੍ਰਸੰਗ ਮੁਹੱਈਆ ਕਰਵਾਇਆ।
ਇਸ ਪ੍ਰਸੰਗ ਵਿਚ ਭਾਰਤੀ ਰਾਸ਼ਟਰਵਾਦ ਬਾਰੇ ਡਾ. ਅੰਬੇਡਕਰ ਵਿਚਾਰਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਭਾਰਤੀ ਰਾਸ਼ਟਰਵਾਦ ਬਾਰੇ ਉਨ੍ਹਾਂ ਦੇ ਵਿਚਾਰ ਮਹਾਤਮਾ ਗਾਂਧੀ ਅਤੇ ਜਵਾਹਰਲਾਲ ਨਹਿਰੂ ਦੀ ਅਗਵਾਈ ਹੇਠਲੇ ਭਾਰੂ ਪ੍ਰਵਚਨ ਨਾਲੋਂ ਬਿਲਕੁਲ ਜ਼ੁਦਾ ਸਨ; ਰਾਜਾ ਰਾਮਮੋਹਨ ਰਾਏ, ਬੀਜੀ ਤਿਲਕ, ਐਮਐਸ ਗੋਲਵਲਕਰ ਤੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਹਿੰਦੂ ਰਾਸ਼ਟਰਵਾਦ ਦੀ ਨੁਮਾਇੰਦਗੀ ਕਰਦੇ ਸਨ ਅਤੇ ਐੱਮਐੱਨ ਰਾਏ, ਆਰਪੀ ਦੱਤ, ਟੀ ਨਾਗੀ ਰੈਡੀ ਤੇ ਈਐੱਮਐੱਸ ਨੰਬੂਦਰੀਪਾਦ ਵਲੋਂ ਕਮਿਊਨਿਸਟ-ਧਰਮ ਨਿਰਲੇਪ-ਸਮਾਜਵਾਦੀ ਰਾਸ਼ਟਰਵਾਦ ਦੀ ਤਰਜਮਾਨੀ ਕੀਤੀ ਜਾਂਦੀ ਸੀ। ਭਾਰਤੀ ਰਾਸ਼ਟਰਵਾਦ ਬਾਰੇ ਉਨ੍ਹਾਂ ਦੇ ਵਿਚਾਰ ਹੋਰਨਾਂ ਤੋਂ ਵੱਖਰੇ ਹੀ ਨਹੀਂ ਸਨ ਸਗੋਂ ਮੌਲਿਕ ਵੀ ਸਨ।
ਰਾਸ਼ਟਰਵਾਦ ਬਾਰੇ ਡਾ. ਅੰਬੇਡਕਰ ਦਾ ਸੰਕਲਪ ਕੌਮੀ ਧਾਰਨਾਵਾਂ ਅਤੇ ਦਲਿਤਾਂ ਤੇ ਦਮਿਤਾਂ ਦੀਆਂ ਉਮੰਗਾਂ ਨੂੰ ਸਮੋਂਦਾ ਤੇ ਸਹੇਜਦਾ ਹੈ। ਇਹ ਭਾਰਤੀ ਰਾਸ਼ਟਰਵਾਦ ਦਾ ਦਲਿਤ ਪ੍ਰਵਚਨ ਉਸਾਰਦਾ ਹੈ ਜੋ ਹੇਠਾਂ ਤੋਂ ਚਲਦਾ ਹੈ। ਇਹ ਜਾਤ ਤੇ ਜਮਾਤ ਰਹਿਤ ਸਮਾਜ ਕਾਇਮ ਕਰਨ ਦਾ ਉਦੇਸ਼ ਮਿੱਥਦਾ ਹੈ ਜਿੱਥੇ ਜਨਮ ਤੇ ਕਿੱਤੇ ਦੇ ਆਧਾਰ ’ਤੇ ਕਿਸੇ ਨਾਲ ਕੋਈ ਵਿਤਕਰਾ ਨਾ ਹੁੰਦਾ ਹੋਵੇ। ਤਥਾਕਥਿਤ ਨੀਵੀਆਂ ਜਾਤੀਆਂ ਭਾਵ ਬਹੁਜਨਾਂ ਦੇ ਭਾਰਤੀ ਰਾਸ਼ਟਰਵਾਦ ਦੇ ਸਾਂਚੇ ਅੰਦਰ ਅੰਬੇਡਕਰ ਪੂਰਵ ਬਸਤੀਵਾਦੀ ਉਚ ਜਾਤੀ ਦਾਬੇ ਅਤੇ ਦਰਜਾਬੰਦ ਜਾਤੀ ਗ਼ੈਰ-ਬਰਾਬਰੀ ਵਾਲੇ ਅਸਾਵੇਂ ਸਮਾਜਿਕ ਢਾਂਚੇ ਦੀ ਆਲੋਚਨਾ ਉਸਾਰਦੇ ਹਨ।
ਰਾਸ਼ਟਰ ਦੀ ਪਛਾਣ ਅਤੇ ਹੋਂਦ ਦੇ ਸਵਾਲ ਬਾਰੇ ਅੰਬੇਡਕਰ ਦੀ ਸਮਝ ਜਾਤੀ ਪ੍ਰਥਾ ਆਧਾਰਿਤ ਸਮਾਜ ਦਾ ਮੁੱਢ ਬੱਝਣ ਵਾਲੇ ਮੁੱਖਧਾਰਾ ਦੇ ਧਰਮ ਦੇ ਦਮਨਕਾਰੀ ਖਾਸੇ ਦੇ ਉਨ੍ਹਾਂ ਦੇ ਬੇਕਿਰਕ ਵਿਸ਼ਲੇਸ਼ਣ ’ਤੇ ਆਧਾਰਿਤ ਹੈ। ਭਾਰਤੀ ਰਾਸ਼ਟਰਵਾਦ ਬਾਰੇ ਭਾਰੂ ਬਹੁਗਿਣਤੀਵਾਦ ਵਾਲਾ ਬਿਰਤਾਂਤ ਜਾਤੀ ਵਿਵਸਥਾ ਨੂੰ ਖਤਮ ਕਰਨ ’ਚ ਕੋਈ ਰੁਚੀ ਨਹੀਂ ਲੈਂਦਾ ਸੀ ਅਤੇ ਕਮਿਊਨਿਸਟ-ਧਰਮ ਨਿਰਲੇਪ-ਸਮਾਜਵਾਦੀ ਸਕੂਲ ਦੇ ਆਰਥਿਕ ਵਿਸ਼ਲੇਸ਼ਣ ਵੀ ਆਪਣੇ ਜਮਾਤੀ ਨਜ਼ਰੀਏ ਵਿਚ ਇਸ ਮੁੱਦੇ ਨੂੰ ਬਿਠਾਉਣ ਵਿਚ ਨਾਕਾਮ ਰਹਿਣ ਕਰ ਕੇ ਅੰਬੰਡੇਕਰ ਜੋ ਖ਼ੁਦ ਵੀ ਦਲਿਤ ਗਿਣੇ ਜਾਂਦੇ ਸੀ ਤੇ ਜਾਤੀ ਪ੍ਰਥਾ ਦੇ ਪੀੜਤ ਸਨ, ਨੇ ਜਾਤੀ ਪ੍ਰਥਾ ਅਤੇ ਛੂਆਛਾਤ ਦੀ ਸਮਝ ਬਾਰੇ ਦਲਿਤਾਂ ਦੇ ਦ੍ਰਿਸ਼ਟੀਕੋਣ ਤੋਂ ਆਪਣਾ ਵਿਚਾਰਕ ਢਾਂਚਾ ਘੜਿਆ। ਅੰਬੇਡਕਰ ਦੇ ਉਸਾਰੇ ਇਸ ਢਾਂਚੇ ਉਪਰ ਹੀ ਨੀਵੀਆਂ ਜਾਤੀਆਂ ਦੇ ਇਸ ਬਹੁਜਨ ਰਾਸ਼ਟਰਵਾਦ ਦੀਆਂ ਨੀਂਹਾਂ ਟਿਕੀਆਂ ਹਨ। ਇਸ ਦਾ ਉਦੇਸ਼ ਭਾਰਤੀ ਸਮਾਜ ਦਾ ਮੁੜ ਗਠਨ ਕਰ ਕੇ ਇਸ ਨੂੰ ਜਾਤ ਅਤੇ ਜਮਾਤ ਰਹਿਤ ਸਮਾਜ, ਭਾਵ ‘ਸਮਤਾਪੂਰਨ ਸੰਘ’ ਦਾ ਨਿਰਮਾਣ ਕਰਨਾ ਸੀ। ਜਾਤੀ ਦਾ ਵਿਨਾਸ਼ ਇਸ ਦਾ ਕੇਂਦਰੀ ਵਿਸ਼ਾ ਹੈ। ਅੰਬੇਡਕਰ ਨੇ ਮਹਿਸੂਸ ਕੀਤਾ ਕਿ ਰਾਸ਼ਟਰਵਾਦ ਦਾ ਬਿਰਤਾਂਤ ਜਾਤੀ ਦੇ ਵਿਨਾਸ਼ ਤੋਂ ਵਿਰਵਾ ਹੈ ਜਿਸ ਕਰ ਕੇ ਇਹ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੋ ਸਕਦਾ। ਜਾਤੀ ਦਾ ਵਿਨਾਸ਼ ਉਨ੍ਹਾਂ ਲਈ ਇੰਨਾ ਅਹਿਮ ਸੀ ਕਿ ਇਹ ਬਸਤੀਵਾਦੀ ਸ਼ਾਸਨ ਖਿਲਾਫ਼ ਉਨ੍ਹਾਂ ਦੇ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਿਆ।
ਅੰਬੇਡਕਰ ਲਈ ਅਜਿਹੇ ਸਵਰਾਜ ਦਾ ਕੋਈ ਮਾਇਨਾ ਨਹੀਂ ਸੀ ਜਿਸ ਵਿਚ ਜਾਤੀ ਦਾ ਖਾਤਮਾ ਨਹੀਂ ਹੁੰਦਾ। ਲਾਹੌਰ ਵਿਚ ‘ਜਾਤ ਪਾਤ ਤੋੜਕ ਮੰਡਲ’ ਲਈ ਉਨ੍ਹਾਂ ਉਨ੍ਹਾਂ ਦੀ ਤਕਰੀਰ ਜੋ ਨਸ਼ਰ ਨਹੀਂ ਹੋ ਸਕੀ ਸੀ, ਵਿਚ ਉਹ ਆਖਦੇ ਹਨ, “ਸਵਰਾਜ ਦੀ ਲੜਾਈ ਵਿਚ ਤੁਸੀਂ ਸਮੁੱਚੀ ਕੌਮ ਨੂੰ ਆਪਣੇ ਨਾਲ ਖੜ੍ਹੀ ਪਾਉਂਦੇ ਹੋ। ਇਸ (ਲੜਾਈ) ਵਿਚ ਤੁਹਾਨੂੰ ਸਮੁੱਚੀ ਕੌਮ ਖਿਲਾਫ਼ ਲੜਨਾ ਪਵੇਗਾ, ਉਹ ਵੀ ਆਪਣੇ ਬਲਬੁਤੇ ਪਰ ਇਹ ਸਵਰਾਜ ਨਾਲੋਂ ਜ਼ਿਆਦਾ ਮਹੱਤਵਸ਼ਾਲੀ ਹੈ।” ਇੰਝ, ਇਹ ਅੰਬੇਡਕਰ ਦਾ ਦਲਿਤ ਦ੍ਰਿਸ਼ਟੀਕੋਣ ਹੀ ਸੀ ਜਿਸ ਨੇ ਸਵਰਾਜ ਅਤੇ ਰਾਸ਼ਟਰਵਾਦ ਬਾਰੇ ਉਨ੍ਹਾਂ ਦੇ ਸੰਕਲਪ ਨੂੰ ਕੌਮੀ ਆਜ਼ਾਦੀ ਅੰਦੋਲਨ ਦੀਆਂ ਵੱਖ ਵੱਖ ਧਾਰਾਵਾਂ ਦੇ ਮੋਹਰੀਆਂ ਦੀਆਂ ਧਾਰਨਾਵਾਂ ਨਾਲੋਂ ਵੱਖਰਾ ਕੀਤਾ ਸੀ।
ਸੰਪਰਕ: 97791-42308