ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ

ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ

ਭਾਈ ਅਸ਼ੋਕ ਸਿੰਘ ਬਾਗਡ਼ੀਆਂ

ਭਾਈ ਅਸ਼ੋਕ ਸਿੰਘ ਬਾਗੜੀਆਂ

ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਪਰਿਵਾਰ ਵਿਛੋੜਾ ਸਿਆਸੀ ਹੈ ਜਾਂ ਢਿੱਡੋਂ, ਇਹ ਅਜੇ ਵੀ ਵੱਡਾ ਸਵਾਲ ਬਣਿਆ ਹੋਇਆ ਹੈ। ਦੋਵੇਂ ਸਿਆਸੀ ਪਾਰਟੀਆਂ ਧਰਮ ਆਧਾਰਿਤ ਹਨ। ਅਕਾਲੀ ਦਲ ਜਿ਼ਆਦਾਤਰ ਪੰਜਾਬ ਦੇ ਜਿ਼ਮੀਂਦਾਰ ਤਬਕੇ ਨਾਲ ਸਬੰਧਿਤ ਹੈ ਅਤੇ ਬੀਜੇਪੀ ਦੇਸ਼ ਦੇ ਵਪਾਰੀ ਵਰਗ ਨਾਲ ਵਾਬਸਤਾ ਹੈ। ਦੋਨਾਂ ਦਾ ਮੇਲ ਸਿਧਾਂਤਕ ਤੌਰ ’ਤੇ ਸਮਝ ਤੋਂ ਬਾਹਰ ਹੈ। ਅਕਾਲੀ ਦਲ ਧਰਮ ਨੂੰ ਵਰਤ ਕੇ ਪੰਜਾਬ ਦੀ ਰਾਜਸੱਤਾ ਪ੍ਰਾਪਤ ਕਰਨ ਦੀ ਦੌੜ ਵਿਚ ਲੱਗਾ ਹੋਇਆ ਹੈ ਜਦਕਿ ਬੀਜੇਪੀ ਰਾਜਸੱਤਾ ਨੂੰ ਵਰਤ ਕੇ ਧਰਮ ਪ੍ਰਚਾਰ ਦੀ ਕਸਰ ਕੱਢ ਰਹੀ ਹੈ। ਪਿਛਲੇ ਕਈ ਵਰ੍ਹਿਆਂ ਤੋਂ ਅਕਾਲੀ ਦਲ ਨੇ ਪੰਥਕ ਏਜੰਡੇ ਨੂੰ ਤਿਲਾਂਜਲੀ ਦਿੱਤੀ ਹੋਈ ਹੈ ਲੇਕਿਨ ਬੀਜੇਪੀ ਨੇ ਆਪਣਾ ਧਰਮ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਅਕਾਲੀ ਦਲ ਦੀ ਸਿਆਸੀ ਲਾਲਸਾ ਨੇ ਸਿੱਖਾਂ ਦੇ ਧਰਮ ਅਤੇ ਕਿੱਤੇ, ਭਾਵ ਕਿਸਾਨੀ ਨੂੰ ਕਾਫ਼ੀ ਢਾਹ ਲਾਈ ਹੈ। ਸੱਤਾ ਦੀ ਲਾਲਸਾ ਵਿਚ ਰਹਿਣ ਲਈ ਪਾਰਟੀਆਂ ਨੇ ਆਪਣੇ ਮੁਢਲੇ ਅਸੂਲਾਂ ਨੂੰ ਵਿਸਾਰ ਦਿੱਤਾ।

1978 ਵਿਚ ਅੰਮ੍ਰਿਤਸਰ ਵਿਚ ਨਿਰੰਕਾਰੀ ਕਾਂਡ ਹੋਇਆ ਜਿਸ ਵਿਚ ਡੇਢ ਦਰਜਨ ਨਿਹੱਥੇ ਸਿੱਖ ਮਾਰੇ ਗਏ ਸਨ ਪਰ ਦੋਸ਼ੀਆਂ ਨੂੰ ਪੰਜਾਬ ਵਿਚੋਂ ਭੱਜਣ ਦਿੱਤਾ ਗਿਆ। ਇਸ ਘਟਨਾ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਸੰਨ 2000 ਵਿਚ ਛੱਤੀਸਿੰਘਪੁਰਾ (ਜੰਮੂ ਕਸ਼ਮੀਰ) ਵਿਚ 3 ਦਰਜਨ ਤੋਂ ਵੱਧ ਸਿੱਖ ਅਤਿਵਾਦ ਦੇ ਨਾਮ ਉੱਤੇ ਘਰੋਂ ਕੱਢ ਕੇ ਮਾਰੇ ਗਏ, ਉਸ ਵੇਲੇ ਵੀ ਅਕਾਲੀ ਦਲ ਕੇਂਦਰ ਵਿਚ ਆਪਣੀ ਭਾਈਵਾਲ ਬੀਜੇਪੀ ਨਾਲ ਸਰਕਾਰ ਬਣਾਈ ਹੋਣ ਦੇ ਬਾਵਜੂਦ ਵੀ ਸਬੰਧਿਤ ਪਰਿਵਾਰਾਂ ਨੂੰ ਇਨਸਾਫ਼ ਨਾ ਦਿਵਾ ਸਕੀ। 2016 ਵਿਚ ਵੋਟਾਂ ਦਾ ਫ਼ਾਇਦਾ ਲੈਣ ਲਈ ਸੱਚਾ ਸੌਦਾ ਵਾਲੇ ਨੂੰ ਮੁਆਫ਼ੀਨਾਮਾ ਦਿਵਾਇਆ ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਸ਼ਾਂਤੀਪੂਰਵਕ ਪ੍ਰਦਰਸ਼ਨ ਕਰਦਿਆਂ ਸਿੱਖ ਸੰਗਤਾਂ ਉਤੇ ਗੋਲੀਆਂ ਚਲਾਈਆਂ ਗਈਆਂ।

ਕਦੇ ਕਿਸੇ ਨੇ ਸੋਚਿਆ ਹੈ ਕਿ ਪੰਥ ਵਿਰੋਧੀਆਂ ਨੇ ਬੇਅਦਬੀ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਿਖਰਾਏ, ਪੁਲੀਸ ਵਾਲੇ ਕੇਸ ਮਜ਼ਬੂਤ ਕਰਨ ਲਈ ਉਹ ਅੰਗ ਇਕੱਠੇ ਕਰ ਕੇ ‘ਕੇਸ ਪ੍ਰਾਪਰਟੀ’ ਬਣਾ ਕੇ (ਅਖ਼ਬਾਰ ਦੀ ਖ਼ਬਰ ਮੁਤਾਬਿਕ) ਐਂਬੂਲੈਂਸ ਵਿਚ ਪਾ ਕੇ ਥਾਣੇ ਵਿਚ ਲੈ ਗਏ। ਜਦੋਂ ਤਕ ਇਹ ਕੇਸ ਖ਼ਤਮ ਨਹੀਂ ਹੁੰਦਾ, ਉਹ ਸਰਕਾਰੀ ਰਿਕਾਰਡ ਰਹੇਗਾ ਅਤੇ ਪੁਲੀਸ ਦੇ ਕਬਜ਼ੇ ਵਿਚ ਥਾਣੇ ਵਿਚ ਰਹਿਣਗੇ।

ਅਕਾਲੀ ਦਲ ਦੀ ਭਾਈਵਾਲੀ ਨੇ ਬੀਜੇਪੀ ਨੂੰ ਪੂਰੀ ਖੁੱਲ੍ਹ ਦਿੱਤੀ ਜਿਸ ਨਾਲ ਉਨ੍ਹਾਂ ਨੇ ਐੱਸਜੀਪੀਸੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਵਿਚ ਆਪਣੇ ਪੈਰ ਪਸਾਰ ਲਏ। ਇਸ ਦਾ ਸੰਕੇਤ 2014 ਦੀ ਚੋਣ ਤੋਂ ਜ਼ਾਹਿਰ ਹੁੰਦਾ ਹੈ ਜਿਸ ਵੇਲੇ ਇਹ ਸਵਾਲ ਆਇਆ ਕਿ ਐੱਸਜੀਪੀਸੀ ਅੰਮ੍ਰਿਤਸਰ ਤੋਂ ਐੱਮਪੀ ਦੀ ਉਮੀਦਵਾਰੀ ਲਈ ਖੜ੍ਹੇ ਸਿੱਖ ਉਮੀਦਵਾਰ ਨੂੰ ਵੋਟ ਪਵਾਏਗੀ ਜਾਂ ਨਹੀਂ।

2014 ਤੋਂ ਅਕਾਲੀ ਦਲ ਕੇਂਦਰ ’ਚ ਆਪਣੀ ਭਾਈਵਾਲ ਪਾਰਟੀ ਦੀ ਸਰਕਾਰ ਵੱਲੋਂ ਇਕ ਤੋਂ ਬਾਅਦ ਇਕ ਸੰਵਿਧਾਨ ਦੀ ਆਤਮਾ ਦੇ ਵਿਰੁੱਧ ਬਣਾਏ ਕਮੀਆਂ ਭਰੇ ਕਈ ਕਾਨੂੰਨਾਂ ਦੀ ਹਮਾਇਤ ਵਿਚ ਖੜ੍ਹਾ ਰਿਹਾ। 2019 ਵਿਚ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਈ ਗਈ ਅਤੇ ਇਸ ਦੇ ਨਾਲ ਹੀ ਉੱਥੇ ਪੰਜਾਬੀ ਦਾ ਸਰਕਾਰੀ ਜ਼ਬਾਨ ਦਾ ਰੁਤਬਾ ਖਾਰਿਜ ਕੀਤਾ ਗਿਆ ਪਰ ਅਕਾਲੀ ਦਲ ਨੇ ਆਪਣਾ ਕੋਈ ਵਿਰੋਧ ਨਾ ਜਤਾਇਆ; ਇੱਥੋਂ ਤਕ ਕਿ ਖੇਤੀਬਾੜੀ ਸਬੰਧੀ ਬਣਾਏ ਤਿੰਨ ਕਾਨੂੰਨ ਪਾਸ ਕਰਵਾਉਣ ਲਈ ਵੀ ਹਾਮੀ ਭਰੀ ਅਤੇ ਪੰਜਾਬ ਵਿਚ ਇਨ੍ਹਾਂ ਕਾਨੂੰਨਾਂ ਖਿ਼ਲਾਫ਼ ਰੋਹ ਭੜਕਦਾ ਦੇਖ ਕੇ ਮਜਬੂਰੀ ਵੱਸ ਬੀਜੇਪੀ ਨਾਲ ਭਾਈਵਾਲੀ ਤੋੜੀ। ਇਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਤੋੜ ਵਿਛੋੜਾ ਸਿਆਸੀ ਖੇਡ ਤੋਂ ਵੱਧ ਹੋਰ ਕੁਝ ਵੀ ਨਹੀਂ।
ਸੰਪਰਕ: 98140-95308

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All