ਅਕਤੂਬਰ 1980 ਦੀ ਗੱਲ ਹੈ। ਹੋਰ ਬੱਸ ਅੱਡਿਆਂ ਵਾਂਗ ਸਾਡੀ ਮੌੜ ਮੰਡੀ ਦੇ ਬੱਸ ਅੱਡੇ ਤੇ ਵੀ ਕਿਤਾਬਾਂ ਵੀ ਵੱਡੀ ਦੁਕਾਨ ਸੀ। ਲਾਲਾ ਸੱਭਰਵਾਲ ਰੈਕਾਂ ਵਿਚ ਚਿਣ ਕਿਤਾਬਾਂ ਦੇ ਕਵਰ ਸ਼ੀਸ਼ੇ ਵਾਂਗ ਚਮਕੇ ਰੱਖਦਾ। ਇਹ ਕਿਤਾਬਾਂ ਸਕੂਲੀ ਨਹੀਂ, ਸਹਿਤ ਦੀਆਂ ਹੁੰਦੀਆਂ। ਅੱਡੇ ਉੱਤੇ ਬੱਸ ਪੈਰ ਮਲ਼ਦੀ ਤਾਂ ਕੋਈ ਤੱਤਾ ਗਾਹਕ ਸੱਭਰਵਾਲ ਨੂੰ ਆਵਾਜ਼ ਮਾਰਦਾ, “ਚਾਚਾ ਸੱਭਰਵਾਲਾ, ਬੂਟਾ ਸਿੰਘ ਸ਼ਾਦ ਦਾ ਕੋਈ ਨਵਾਂ ਨਾਵਲ ਆਇਐ।” ਕੋਈ ਹੋਰ ਬੋਲਦਾ, “ਮੋਹਨ ਕਾਹਲੋਂ ਦਾ ਕੋਈ ਨਾਵਲ ਦੇ ਦੇ ਸੱਭਰਵਾਲਾ।” ਐਨਕਾਂ ਸੂਤ ਕਰਦਾ ਸੱਭਰਵਾਲ ਨਾਵਲ ਵੀ ਕੱਢੀ ਜਾਂਦਾ, ਨਾਲ ਲੇਖਕਾਂ ਬਾਰੇ ਚਟਖਾਰੇ ਲੈ ਲੈ ਗੱਲਾਂ ਵੀ ਸੁਣਾਈ ਜਾਂਦਾ। ਸੱਭਰਵਾਲ ਸ਼ਾਦ ਦਾ ਕੋਈ ਨਵਾਂ ਨਾਵਲ ਆਉਣ ਤੋਂ ਪਹਿਲਾਂ ਹੀ ਗੱਤੇ ਤੇ ਮੋਟੇ ਅੱਖਰਾਂ ਵਿਚ ਇਹ ਜ਼ਰੂਰ ਲਿਖਦਾ- ‘ਲੰਮੀ ਚੁੱਪ ਮਗਰੋਂ ਬੂਟਾ ਸਿੰਘ ਸ਼ਾਦ ਦਾ ਇਕ ਹੋਰ ਧਮਾਕਾ’।
ਮੈਂ ਪਾਸੇ ਖੜ੍ਹਾ ਸੱਭਰਵਾਲ ਦੀਆਂ ਗੱਲਾਂ ਦਿਲਚਸਪੀ ਨਾਲ ਸੁਣੀ ਜਾਂਦਾ। ਸੱਭਰਵਾਲ ਸਿਆਣੇ ਪਾਠਕਾਂ ਨੂੰ ਇਹ ਵੀ ਕਹਿੰਦਾ, “ਦੇਖੋ ਜੀ, ਇਕ ਵਾਰੀ ਪਾਠਕ ਪਲਪ ਸਾਹਿਤ ਨੂੰ ਮੂੰਹ ਮਾਰਦਾ, ਫਿਰ ਹੌਲੀ ਹੌਲੀ ਗੰਭੀਰ ਸਾਹਿਤ ਵੱਲ ਮੁੜ ਜਾਂਦਾ। ਇਸ ਤਰ੍ਹਾਂ ਦੇ ਬਹੁਤ ਪਾਠਕਾਂ ਨੂੰ ਮੈਂ ਜਾਣਦਾਂ ਹਾਂ।”
ਸੱਭਰਵਾਲ ਨਾਲ ਹੋਰ ਨੇੜਤਾ ਲਈ ਮੈਂ ਉਸ ਕੋਲੋਂ ਸਾਹਿਤ ਦੀਆਂ ਕਈ ਕਿਤਾਬਾਂ ਮੁੱਲ ਲਈਆਂ। ਜਦੋਂ ਉਹ ਮੇਰੇ ਚਿਹਰੇ ਦਾ ਸਿਆਣੂ ਹੋ ਗਿਆ ਤਾਂ ਮੈਂ ਝਿਜਕ ਲਾਹ ਸੱਭਰਵਾਲ ਨੂੰ ਦੱਸਿਆ, “ਚਾਚਾ, ਮੈਂ ਵੀ ਲੇਖਕ ਹਾਂ। ਮੇਰਾ ਨਾਵਲ ਵੀ ਦਿੱਲੀ ਦਾ ਪ੍ਰਕਾਸ਼ਕ ਛਾਪ ਰਿਹਾ।” ਸੱਭਰਵਾਲ ਮੇਰੇ ਵੱਲ ਫਟੀਆਂ ਫਟੀਆਂ ਅੱਖਾਂ ਨਾਲ ਦੇਖਣ ਲੱਗਾ। ਇੰਨੀ ਛੋਟੀ ਉਮਰ ਜਦੋਂ ਮੇਰੇ ਥੋੜ੍ਹੀ ਥੋੜ੍ਹੀ ਦਾੜ੍ਹੀ ਫੁੱਟ ਗਈ ਸੀ, ਵਿਚ ਨਾਵਲ ਲਿਖਣ ਵਾਲੀ ਗੱਲ ਸੱਭਰਵਾਲ ਨੂੰ ਅਚੰਭੇ ਵਾਲੀ ਲੱਗੀ। ਮੈਂ ਸੱਭਰਵਾਲ ਨੂੰ ਛਪ ਰਹੇ ਨਾਵਲ ਦਾ ਕਵਰ ਦਿਖਾਇਆ। ਕਵਰ ਦੇਖ ਸੱਭਰਵਾਲ ਨੇ ਗੱਤਾ ਚੁੱਕਿਆ ਤੇ ਹੋਰ ਲੇਖਕਾਂ ਨਾਲ ਮੇਰੇ ਨਾਂ ਵਾਲਾ ਗੱਤਾ ਵੀ ਸੁੰਦਰ ਲਿਖਾਈ ਵਿਚ ਲਿਖ ਕੇ ਚਿਪਕਾ ਦਿੱਤਾ।
ਕੁਝ ਦਿਨ ਮਗਰੋਂ ਮੇਰੇ ਨਾਵਲ ਦਾ ਦਿੱਲੀ ਵਾਲਾ ਪ੍ਰਕਾਸ਼ਕ ਮੇਰਾ ਨਵਾਂ ਛਪਿਆਂ ਨਾਵਲ ਲੈ ਕੇ ਆ ਗਿਆ। ਨਾਵਲ ਤੇ ਪ੍ਰਕਾਸ਼ਕ ਨੂੰ ਦੇਖ ਸੱਭਰਵਾਲ ਬੜਾ ਖੁਸ਼ ਹੋਇਆ। ਉਸ ਨਾਵਲ ਦੀ 400 ਕਾਪੀ ਲੈ ਲਈ। ਸੱਭਰਵਾਲ ਨੇ ਪ੍ਰਕਾਸ਼ਕ ਦੇ ਬੈਠਿਆਂ ਹੀ ਦਸ ਕਾਪੀਆਂ ਵੇਚ ਦਿੱਤੀਆਂ। ਇੰਜ ਨਾਵਲ ਵਿਕਦਾ ਦੇਖ ਪ੍ਰਕਾਸ਼ਕ ਨੂੰ ਵੀ ਮੇਰੇ ਵਿਚੋਂ ਭਵਿੱਖ ਦਾ ਕੋਈ ਵਧੀਆ ਨਾਵਲਕਾਰ ਦਿਸਣ ਲੱਗ ਪਿਆ। ਉਸ ਨੇ ਨੰਦ ਹਲਵਾਈ ਦੇ ਹੋਟਲ ਤੋਂ ਮੈਨੂੰ ਚਾਹ ਨਾਲ ਬਰਫੀ ਵੀ ਖੁਆਈ ਤੇ ਭਵਿੱਖ ਵਿਚ ਲਿਖਣ ਲਈ ਵਿਸ਼ੇ ਵੀ ਦੱਸੇ।
ਸੱਭਰਵਾਲ ਰੋਜ਼ ਹੀ ਸਵੇਰੇ ਮੈਨੂੰ ਕੁਰਸੀ ਤੇ ਬਹਾ ਲਿਆ ਕਰੇ। ਜਦੋਂ ਕੋਈ ਪਾਠਕ ਨਾਵਲ ਲੈਣ ਆਇਆ ਕਰੇ ਤਾਂ ਸੱਭਰਵਾਲ ਪੂਰੇ ਗੰਭੀਰ ਢੰਗ ਨਾਲ ਪਾਠਕ ਨਾਲ ਜਾਣ ਪਛਾਣ ਕਰਾਇਆ ਕਰੇ। ਮੇਰੀ ਊਠਕ ਬੈਠਕ ਸੱਭਰਵਾਲ ਕੋਲ ਜਾਰੀ ਰਹੀ। ਸੱਭਰਵਾਲ ਨੇ ਤਿੰਨ ਮਹੀਨਿਆਂ ਵਿਚ ਸਾਰੀ ਕਿਤਾਬ ਵੇਚ ਲਈ।
ਵਕਤ ਬਦਲਦਾ ਗਿਆ। ਸੱਭਰਵਾਲ ਦੁਕਾਨ ਤੇ ਜੰਮਿਆ ਰਿਹਾ। ਪਿਛੇ ਜਿਹੇ ਮੈਂ ਬਜ਼ੁਰਗ ਹੋ ਚੁੱਕੇ ਸੱਭਰਵਾਲ ਨੂੰ ਆਪਣਾ ਨਵਾਂ ਛਪਿਆ ਨਾਵਲ ‘ਟਿਕੀ ਹੋਈ ਰਾਤ’ ਦੁਕਾਨ ਵਿਚ ਰੱਖਣ ਲਈ ਦੇਣ ਗਿਆ। ਉਸ ਨਾਵਲ ਮੈਥੋਂ ਫੜ ਕੇ ਰੱਖ ਲਿਆ। ਸੱਭਰਵਾਲ ਦਾ ਚਿਹਰਾ ਝਮਿਆ ਹੋਇਆ ਸੀ। ਉਹ ਬੀਤੇ ਵਕਤ ਦੀਆਂ ਗੱਲਾਂ ਕਰਨ ਲੱਗਾ ਜਦੋਂ ਪਾਠਕ ਕਿਤਾਬ ਨੂੰ ਉਡੀਕਦਾ ਸੀ, ਹੁਣ ਕਿਤਾਬ ਪਾਠਕ ਨੂੰ ਉਕੀਡਣ ਲੱਗੀ ਹੈ। ਇਸ ਸਭ ਕਾਸੇ ਦਾ ਭਾਂਡਾ ਮੋਬਾਇਲ ਕਲਚਰ ਸਿਰ ਭੰਨਦਿਆਂ ਸੱਭਰਵਾਲ ਕਹਿੰਦਾ, “ਚਾਰ ਮਹੀਨਿਆਂ ਨੂੰ ਪਤਾ ਲਈਂ, ਜੇ ਚਾਰ ਕਿਤਾਬਾਂ ਵਿਕ ਗਈਆਂ ਤਾਂ ਚਾਰ ਪੈਸੇ ਤੈਨੂੰ ਵੀ ਦੇ ਦੇਵਾਂਗੇ। ਉਂਜ ਹਾਲਤ ਕਿਤਾਬ ਦੀ ਮਾੜੀ ਬਹੁਤ ਆ।”
ਕਈ ਮਹੀਨਿਆਂ ਬਾਅਦ ਮੈਂ ਅੱਡੇ ਤੇ ਗਿਆ ਤਾਂ ਉਥੇ ਸੱਭਰਵਾਲ ਦੀ ਦੁਕਾਨ ਹੀ ਨਹੀਂ ਸੀ। ਸੱਭਰਵਾਲ ਦੀ ਇਸ ਦੁਕਾਨ ਦੀ ਥਾਂ ਕਮੇਟੀ ਵਾਲਿਆਂ ਵੱਡਾ ਲਵਲੀ ਸਵੀਟ ਸਟੋਰ ਉਸਾਰ ਦਿੱਤਾ ਸੀ। ਜਦੋਂ ਮੈਂ ਸਟੋਰ ਦੇ ਮਾਲਕ ਨੂੰ ਸੱਭਰਵਾਲ ਦੀ ਹੋਣੀ ਬਾਰੇ ਪੁੱਛਿਆ ਤਾਂ ਉਹ ਕਹਿੰਦਾ, “ਚਾਚਾ, ਹੁਣ ਕਿਤਾਬਾਂ ਦੀਆਂ ਦੁਕਾਨਾਂ ਕਮੇਟੀ ਦੇ ਵਧੇ ਹੋਏ ਕਿਰਾਏ ਦਾ ਭਾਰ ਨਹੀਂ ਚੁੱਕ ਸਕਦੀਆਂ। ਬਠਿੰਡੇ ਅੱਡੇ ਵਾਲੇ ਵਰਮਾ ਵੀ ਅੱਡੇ ਦੀ ਮਗਰਲੀ ਗਲੀ ਵਿਚ ਚਲਾ ਗਿਆ। ਰਾਮਪੁਰੇ ਵਾਲਾ ਸ਼ਰਮਾ ਵੀ ਅੱਡੇ ਦੀ ਮਗਰਲੀ ਗਲੀ ਵਿਚ ਚਲਾ ਗਿਆ। ਇਹੀ ਹਾਲ ਆਪਣੇ ਸੱਭਰਵਾਲ ਦਾ ਹੋਇਆ। ਉਹ ਅੱਡੇ ਦੀ ਮਗਰਲੀ ਗਲੀ ਵਿਚ ਹੈ।”
ਲਵਲੀ ਦੀ ਦੁਕਾਨ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨਾਲ ਭਰੀ ਪਈ ਸੀ ਪਰ ਸੱਭਰਵਾਲ ਦੀ ਦੁਕਾਨ ਤੋਂ ਖਾਲੀ ਅੱਡਾ ਮੈਨੂੰ ਬਹੁਤ ਸੁੰਨੀ ਥਾਂ ਜਾਪ ਰਿਹਾ ਸੀ। ਹੁਣ ਵੀ ਮਨ ਲੋਚਦਾ ਹੈ ਕਿ ਉਹ ਦਿਨ ਪਰਤਣਗੇ ਜਦੋਂ ਨਵੀਂ ਪੀੜ੍ਹੀ ਦੇ ਮੋਢੇ ਤੇ ਤਬਦੀਲੀ ਦਾ ਝੰਡਾ ਅਤੇ ਹੱਥ ਵਿਚ ਕਿਤਾਬ ਤੇ ਲੋੜ ਲਈ ਮੋਬਾਇਲ ਜੇਬ ਵਿਚ ਹੋਵੇਗਾ।
ਸੰਪਰਕ: 94170-59142