ਪ੍ਰਿੰਸੀਪਲ ਵਿਜੈ ਕੁਮਾਰ
ਮੇਰੇ ਘਰ ਦੇ ਦਰਵਾਜ਼ੇ ਦੇ ਬਾਹਰ ਲੱਗੀ ਘੰਟੀ ਖੜਕੀ। ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ। ਘੰਟੀ ਮਾਰਨ ਵਾਲੀ ਸਾਡੇ ਘਰ ਤੋਂ ਚਾਰ ਘਰ ਛੱਡ ਕੇ ਸਾਡੇ ਮੁਹੱਲੇ ਦੀ ਹੀ ਇੱਕ ਔਰਤ ਸੀ। ਉਸ ਦਾ ਚਿਹਰਾ ਇਸ ਤਰ੍ਹਾਂ ਖਿੜਿਆ ਹੋਇਆ ਸੀ ਜਿਵੇਂ ਉਸ ਦਾ ਬੱਚਾ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚੋਂ ਮੈਰਿਟ ਸੂਚੀ ਵਿੱਚ ਆਇਆ ਹੋਵੇ। ਮੇਰੀ ਪਤਨੀ ਨੇ ਉਸ ਨੂੰ ਪ੍ਰਾਹੁਣਚਾਰੀ ਵਾਲੇ ਕਮਰੇ ਵਿੱਚ ਬਿਠਾ ਕੇ ਮੈਨੂੰ ਆਵਾਜ਼ ਮਾਰ ਕੇ ਕਿਹਾ, ‘‘ਆਇਓ ਜ਼ਰਾ, ਮਿਸਿਜ਼ ਵਾਲੀਆ ਆਏ ਨੇ।’’ ਪਤਨੀ ਦੇ ਆਵਾਜ਼ ਮਾਰਨ ਦੇ ਢੰਗ ਨੂੰ ਸੁਣ ਕੇ ਮੈਂ ਅੰਦਾਜ਼ਾ ਲਗਾ ਲਿਆ ਕਿ ਕੋਈ ਖ਼ਾਸ ਗੱਲ ਹੀ ਹੈ ਜਿਹੜਾ ਮੈਨੂੰ ਮਿਸਿਜ਼ ਵਾਲੀਆ ਨੂੰ ਮਿਲਾਉਣ ਲਈ ਬੁਲਾਇਆ ਜਾ ਰਿਹਾ ਹੈ। ਮੈਂ ਬਹੁਤ ਜਰੂਰੀ ਕੰਮ ਛੱਡ ਕੇ ਪ੍ਰਾਹੁਣਚਾਰੀ ਵਾਲੇ ਕਮਰੇ ਵਿੱਚ ਪਹੁੰਚ ਗਿਆ। ਮੈਂ ਅਜੇ ਸੋਫ਼ੇ ਉੱਤੇ ਬੈਠਾ ਵੀ ਨਹੀਂ ਸੀ ਕਿ ਸ੍ਰੀਮਤੀ ਵਾਲੀਆ ਨੇ ਬਰਫ਼ੀ ਨਾਲ ਭਰੀ ਕੌਲੀ ਮੇਰੇ ਅੱਗੇ ਕਰਦਿਆਂ ਕਿਹਾ, ‘‘ਭਰਾ ਜੀ ਮੂੰਹ ਮਿੱਠਾ ਕਰੋ।’’ ਉਹ ਖੁਸ਼ੀ ਨਾਲ ਐਨੀ ਫਾਵੀ ਹੋ ਰਹੀ ਸੀ ਕਿ ਉਸ ਦਾ ਵਸ ਚੱਲਦਾ ਤਾਂ ਉਹ ਸਾਡੇ ਮੂੰਹ ਵਿੱਚ ਹੀ ਬਰਫ਼ੀ ਪਾ ਦਿੰਦੀ। ਮੇਰੀ ਪਤਨੀ ਨੇ ਬਰਫ਼ੀ ਦਾ ਪੀਸ ਚੁੱਕਦਿਆਂ ਆਖਿਆ, ‘‘ਭੈਣ ਜੀ, ਲੱਗਦਾ ਹੈ ਕਿ ਦਿਉਰ ਦਾ ਰਿਸ਼ਤਾ ਕਰ ਲਿਆ ਹੈ, ਵਿਆਹ ਵੀ ਛੇਤੀ ਹੀ ਕਰ ਲਵੋਗੇ?’’ ਦਿਉਰ ਦੇ ਰਿਸ਼ਤੇ ਦੀ ਗੱਲ ਸੁਣ ਕੇ ਉਹ ਡੌਰ ਭੌਰ ਹੋ ਗਈ। ਸਾਨੂੰ ਇਉਂ ਲੱਗਾ ਕਿ ਜਿਵੇਂ ਸਾਡੇ ਕੋਲੋਂ ਕੁਝ ਗ਼ਲਤ ਬੋਲਿਆ ਗਿਆ ਹੋਵੇ। ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਆਖਿਆ, ‘‘ਭਰਾ ਜੀ, ਮੇਰੇ ਬੇਟੇ ਨੂੰ ਸਾਡੇ ਮਨਪਸੰਦ ਸਕੂਲ ਵਿੱਚ ਦਾਖਲਾ ਮਿਲ ਗਿਆ ਹੈ। ਉਸ ਸਕੂਲ ਵਿੱਚ ਮੰਤਰੀਆਂ ਦੀਆਂ ਸਿਫ਼ਾਰਸ਼ਾਂ ਨਾਲ ਵੀ ਦਾਖਲਾ ਨਹੀਂ ਮਿਲਦਾ।’’
ਮੈਂ ਉਸ ਨੂੰ ਸਵਾਲ ਕੀਤਾ, ‘‘ਭੈਣ ਜੀ, ਕਿਹੜੀ ਜਮਾਤ ਵਿੱਚ ਦਾਖਲਾ ਮਿਲਿਆ ਹੈ ਤੁਹਾਡੇ ਬੱਚੇ ਨੂੰ?’’ ‘‘ਭਰਾ ਜੀ, ਨਰਸਰੀ ਜਮਾਤ ਵਿੱਚ,’’ ਉਹ ਹੁੱਬ ਕੇ ਬੋਲੀ। ਮੈਨੂੰ ਪਤਾ ਸੀ ਕਿ ਇਨ੍ਹਾਂ ਨਾਮੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲਾ ਕਿਵੇਂ ਮਿਲਦਾ ਹੈ ਕਿਉਂਕਿ ਇੱਕ ਦੋ ਬੱਚਿਆਂ ਦੇ ਮਾਪਿਆਂ ਨੇ ਮੈਨੂੰ ਵੀ ਉਸ ਸਕੂਲ ਵਿੱਚ ਆਪਣੇ ਬੱਚੇ ਦੇ ਦਾਖਲੇ ਲਈ ਸਿਫ਼ਾਰਿਸ਼ ਕਰਨ ਲਈ ਕਿਹਾ ਸੀ। ਫੇਰ ਵੀ ਮੈਂ ਉਸ ਨੂੰ ਸਵਾਲ ਕੀਤਾ, ‘‘ਭੈਣ ਜੀ, ਕੀ ਤੁਸੀਂ ਵੀ ਕਿਸੇ ਦੀ ਸਿਫ਼ਾਰਿਸ਼ ਕਰਵਾਈ ਸੀ?’’ ਉਹ ਬੋਲੀ, ‘‘ਨਾ! ਨਾ! ਭਰਾ ਜੀ, ਸਿਫ਼ਾਰਿਸ਼ ਦਾ ਤਾਂ ਉਹ ਨਾਂ ਨਹੀਂ ਲੈਣ ਦਿੰਦੇ। ਮੇਰਾ ਬੇਟਾ ਤਾਂ ਬਹੁਤ ਭਾਗਾਂ ਵਾਲਾ ਹੈ। ਅਸੀਂ ਤੜਕੇ ਚਾਰ ਵਜੇ ਸਕੂਲ ਦਾ ਦਾਖਲਾ ਫਾਰਮ ਲੈਣ ਲਈ ਕਤਾਰ ਵਿੱਚ ਲੱਗ ਗਏ ਸੀ। ਫਾਰਮ ਦੀ ਕੀਮਤ ਇੱਕ ਹਜ਼ਾਰ ਰੁਪਏ ਹੈ। ਜੇਕਰ ਫਾਰਮ ਵਿੱਚ ਕੋਈ ਸ਼ਬਦ ਕੱਟਿਆ ਜਾਵੇ ਤਾਂ ਫਾਰਮ ਦੁਬਾਰਾ ਖਰੀਦਣਾ ਪੈਂਦਾ ਹੈ। ਸਕੂਲ ਵਾਲੇ ਬੱਚਿਆਂ ਦੇ ਦਾਖਲੇ ਲਈ ਲਾਟਰੀ ਕੱਢਦੇ ਹਨ। ਜਿਸ ਦੀ ਲਾਟਰੀ ਨਿਕਲ ਜਾਂਦੀ ਹੈ, ਉਸ ਨੂੰ ਦਾਖਲਾ ਮਿਲ ਜਾਂਦਾ ਹੈ।’’ ਮੇਰਾ ਸ੍ਰੀਮਤੀ ਵਾਲੀਆ ਨੂੰ ਅਗਲਾ ਸਵਾਲ ਸੀ, ‘‘ਭੈਣ ਜੀ, ਦਾਖਲੇ ’ਤੇ ਕਿੰਨਾ ਕੁ ਖਰਚਾ ਹੋ ਗਿਆ ਹੈ?’’ ਉਹ ਬੋਲੀ, ‘‘ਸਰ, ਖਰਚੇ ਦਾ ਨਾ ਪੁੱਛੋ, ਵਰਦੀਆਂ, ਕਿਤਾਬਾਂ, ਦਾਖਲਾ ਅਤੇ ਤਿੰਨ ਮਹੀਨੇ ਦੀ ਫੀਸ ਕੁੱਲ ਮਿਲਾ ਕੇ ਵੀਹ ਹਜ਼ਾਰ ਰੁਪਏ ਲੱਗ ਗਏ ਹਨ। ਤੁਹਾਨੂੰ ਇਨ੍ਹਾਂ ਦੀ ਤਨਖ਼ਾਹ ਦਾ ਤਾਂ ਪਤਾ ਹੀ ਹੈ। ਮੈਂ ਇੱਕ ਕਮੇਟੀ ਚੁੱਕ ਲਈ ਤੇ ਕੁਝ ਪੈਸੇ ਮੈਂ ਜੋੜੇ ਹੋਏ ਸਨ। ਬੇਟੇ ਦੇ ਦਾਦਾ ਜੀ ਤਾਂ ਕਹਿੰਦੇ ਸਨ ਕਿ ਤੁਹਾਡੇ ਕੋਲੋਂ ਐਨਾ ਖਰਚਾ ਨਹੀਂ ਹੋਣਾ, ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਤੰਗ ਤਾਂ ਹੋ ਲੈਣਾ ਪਰ ਮੈਂ ਬੱਚੇ ਚੰਗੇ ਸਕੂਲਾਂ ਵਿੱਚ ਹੀ ਪੜ੍ਹਾਉਣੇ ਨੇ।’’ ਹੁਣ ਮੈਂ ਕੋਈ ਵੀ ਸਵਾਲ ਕਰਨਾ ਠੀਕ ਨਹੀਂ ਸਮਝਿਆ।
ਉਹ ਬਰਫ਼ੀ ਦੇ ਚਾਰ ਟੁਕੜੇ ਦੇ ਕੇ ਆਪਣੇ ਘਰ ਨੂੰ ਰਵਾਨਾ ਹੋ ਗਈ, ਪਰ ਮੈਨੂੰ ਆਪਣੇ ਪ੍ਰਾਇਮਰੀ ਸਕੂਲ ਵਿੱਚ ਹੋਏ ਦਾਖਲੇ ਦਾ ਦਿਨ ਯਾਦ ਆ ਗਿਆ। ਸਾਡੇ ਪਿੰਡ ਦੇ ਮੁਹੱਲੇ ਦਾ ਗਿਰਧਾਰੀ ਲਾਲ ਮੇਰੇ ਸਮੇਤ ਮੁਹੱਲੇ ਦੇ ਚਾਰ ਨਿਆਣਿਆਂ ਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਵਾ ਆਇਆ ਸੀ। ਪਿਤਾ ਜੀ ਨੇ ਉਸ ਨੂੰ ਪਾਈਆ ਪਤਾਸਿਆਂ ਦੇ ਤੇ ਦਸ ਪੈਸੇ ਦਾਖਲਾ ਫਾਰਮ ਦੇ ਦਿੱਤੇ ਸਨ। ਮੇਰੇ ਦਖਲਾ ਫਾਰਮ ਉੱਤੇ ਵੀ ਗਿਰਧਾਰੀ ਲਾਲ ਨੇ ਹੀ ਦਸਤਖ਼ਤ ਕਰ ਦਿੱਤੇ ਸਨ।
ਦਾਖਲੇ ਦੀ ਖ਼ੁਸ਼ੀ ਵਿੱਚ ਪਤਾਸਿਆਂ ਨਾਲ ਸਕੂਲ ਦੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਸੀ। ਪਹਿਲੀ ਦੇ ਕੈਦੇ, ਫੱਟੀ ਅਤੇ ਸਲੇਟ ਉੱਤੇ ਤਿੰਨ ਰੁਪਏ ਖਰਚ ਆਏ ਸਨ। ਉਹ ਵੀ ਮੇਰੀ ਵੱਡੀ ਭੈਣ ਕਿਤਾਬਾਂ ਵਾਲੀ ਦੁਕਾਨ ਤੋਂ ਲੈ ਆਈ ਸੀ। ਸਕੂਲ ਦਾ ਬਸਤਾ ਮਾਮਾ ਜੀ ਦੀ ਫਟੀ ਪੈਂਟ ਦਾ ਬਣਾ ਦਿੱਤਾ ਸੀ। ਚਿੱਟੀ ਕਮੀਜ਼ ਅਤੇ ਖਾਖੀ ਨਿੱਕਰ ਮਾਂ ਨੇ ਘਰ ਹੀ ਸੀਅ ਦਿੱਤੀ ਸੀ।
ਇਹ ਤ੍ਰਾਸਦੀ ਇਕੱਲੀ ਸ੍ਰੀਮਤੀ ਵਾਲੀਆ ਦੇ ਬੱਚੇ ਦੀ ਹੀ ਨਹੀਂ ਸਗੋਂ ਨਾਮੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਲਾਲਸਾ ਰੱਖਣ ਵਾਲੇ ਹਰ ਮਾਂ ਬਾਪ ਦੀ ਹੈ। ਸਾਰੇ ਦੇਸ਼ ਦੇ ਬੱਚਿਆਂ ਲਈ ਇੱਕੋ ਜਿਹੀ ਸਿੱਖਿਆ ਵਿਵਸਥਾ ਨਹੀਂ ਹੈ। ਹਰ ਬੱਚੇ ਦੇ ਮਾਪੇ ਦਾ ਇਹ ਅਧਿਕਾਰ ਹੈ ਕਿ ਉਹ ਆਪਣੇ ਬੱਚੇ ਨੂੰ ਆਪਣੀ ਇੱਛਾ ਅਨੁਸਾਰ ਵਧੀਆ ਤੋਂ ਵਧੀਆ ਸਕੂਲ ਵਿੱਚ ਪੜ੍ਹਾਵੇ, ਪਰ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਕਿ ਉਹ ਹਰ ਬੱਚੇ ਲਈ ਵਧੀਆ ਤੋਂ ਵਧੀਆ ਸਕੂਲ ਅਤੇ ਸਸਤੀ ਤੋਂ ਸਸਤੀ ਸਿੱਖਿਆ ਦਾ ਪ੍ਰਬੰਧ ਕਰੇ। ਸਾਡੇ ਗੁਆਂਢੀਆਂ ਜਿਹੇ ਮੱਧਵਰਗੀ ਮਾਪੇ ਚਾਅ ਚਾਅ ਵਿੱਚ ਤੇ ਵੇਖਾ ਵੇਖੀ ਆਪਣੇ ਬੱਚਿਆਂ ਨੂੰ ਇਨ੍ਹਾਂ ਨਾਮੀ ਸਕੂਲਾਂ ਵਿੱਚ ਦਾਖਲ ਤਾਂ ਕਰਾ ਲੈਂਦੇ ਹਨ, ਪਰ ਵੱਡੀਆਂ ਜਮਾਤਾਂ ਦੀਆਂ ਫੀਸਾਂ ਅਤੇ ਟਿਊਸ਼ਨਾਂ ਦੇਣ ਦੀ ਸਮਰੱਥਾ ਨਾ ਹੋਣ ਕਾਰਨ ਇਹ ਲੋਕ ਆਪਣੇ ਬੱਚਿਆਂ ਨੂੰ ਜਾਂ ਤਾਂ ਸਰਕਾਰੀ ਸਕੂਲਾਂ ਵਿੱਚ ਲੈ ਜਾਂਦੇ ਹਨ ਜਾਂ ਫੇਰ ਕਿਸੇ ਘੱਟ ਫੀਸ ਵਾਲੇ ਮਾਡਲ ਸਕੂਲ ਨੂੰ ਚੁਣ ਲੈਂਦੇ ਹਨ। ਸਾਡੇ ਦੇਸ਼ ਦੀਆਂ ਸਰਕਾਰਾਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਾਂਗ ਆਪਣੇ ਦੇਸ਼ ਵਿੱਚ ਸਿੱਖਿਆ ਦਾ ਢਾਂਚਾ ਕਦੋਂ ਸਥਾਪਿਤ ਕਰਨਗੀਆਂ ਜਿਨ੍ਹਾਂ ਵਿੱਚ ਸਰਕਾਰੀ ਸਕੂਲ ਮਾਡਲ ਸਕੂਲਾਂ ਤੋਂ ਵੀ ਵਧੀਆ ਹਨ ਤੇ ਪੜ੍ਹਾਈ ਬਿਲਕੁਲ ਮੁਫ਼ਤ ਹੈ। ਹਰ ਬੱਚੇ ਨੂੰ ਉਸ ਸਕੂਲ ਵਿੱਚ ਦਾਖਲਾ ਮਿਲਣਾ ਹੈ ਜੋ ਕਿ ਉਸ ਦੇ ਘਰ ਦੇ ਬਿਲਕੁਲ ਨੇੜੇ ਹੈ। ਸਾਡੇ ਦੇਸ਼ ਵਿੱਚ ਪੜ੍ਹਨ ਵਾਲੇ ਮਾਸੂਮ ਬੱਚਿਆਂ ਨੂੰ ਦੋ-ਦੋ ਘੰਟੇ ਬੱਸਾਂ ਵਿੱਚ ਹੀ ਘੁੰਮਣਾ ਪੈਂਦਾ ਹੈ ਤੇ ਉਹ ਬੱਸਾਂ ਵਿੱਚ ਹੀ ਸੁੱਤੇ ਪਏ ਹੁੰਦੇ ਹਨ। ਮੈਨੂੰ ਅੱਜ ਵੀ ਉਹ ਪਤਾਸਿਆਂ ਵਾਲਾ ਦਾਖਲਾ ਯਾਦ ਹੈ।
ਸੰਪਰਕ: 98726-27136