ਪ੍ਰਿੰ. ਗੁਰਦੀਪ ਸਿੰਘ ਢੁੱਡੀ
ਗੱਲ 2001 ਦੀ ਹੈ। ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਮੇਰੀ ਡਿਊਟੀ ਆਬਜ਼ਰਵਰ ਦੀ ਲੱਗੀ ਸੀ। ਉਸ ਦਿਨ ਤੋਂ ਪਹਿਲਾਂ ਇਸ ਪ੍ਰੀਖਿਆ ਕੇਂਦਰ ਵਿਚ ਵਾਹਵਾ ਨਕਲ ਚੱਲਦੀ ਸੀ। ਮੈਂ ਉਸ ਦਿਨ ਵਿਦਿਆਰਥੀਆਂ ਨੂੰ ਨਕਲ ਮਾਰਨ ਹੀ ਨਾ ਦਿੱਤੀ। ਗੱਲ ਕੁਝ ਇਸ ਤਰ੍ਹਾਂ ਦੀ ਸੀ ਕਿ ਇਸ ਸਕੂਲ ਵਿਚ ਕੁਝ ‘ਵੱਡੇ ਘਰਾਂ ਦੇ ਕਾਕੇ’ ਵੀ ਪੜ੍ਹਦੇ ਹੋਣ ਕਰਕੇ ‘ਸਾਰਾ ਕੁਝ’ ਹੀ ਜਾਇਜ਼ ਸੀ। ਇਸੇ ਕਰਕੇ ਪ੍ਰੀਖਿਆਵਾਂ ਵਿਚ ਨਕਲ ਮਾਰ ਕੇ ਪਾਸ ਹੋਣਾ ਵੀ ਕੋਈ ਗੁਨਾਹ ਨਾ ਹੋ ਕੇ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ।
ਪ੍ਰੀਖਿਆ ਸਮਾਪਤ ਹੋਣ ਤੋਂ ਬਾਅਦ ਜਦੋਂ ਮੈਂ ਆਪਣੇ ਸਕੂਟਰ ’ਤੇ ਘਰ ਨੂੰ ਚੱਲਿਆ ਤਾਂ ਸਕੂਲ ਦੇ ਗੇਟ ਕੋਲ ਖੜ੍ਹੇ ਮੁੰਡਿਆਂ ਦੇ ਹਜੂਮ ਨੇ ਮੈਨੂੰ ਰੁਕਣ ਲਈ ਆਖਿਆ। ਮੈਂ ਨਾ ਰੁਕਿਆ ਤਾਂ ਆਪਣੇ ਸਕੂਟਰਾਂ, ਮੋਟਰ ਸਾਈਕਲਾਂ ’ਤੇ ਮੇਰਾ ਪਿੱਛਾ ਕਰਦਿਆਂ ਉਨ੍ਹਾਂ ਮੈਨੂੰ ਘੇਰ ਲਿਆ ਅਤੇ ਮੇਰੇ ਨਾਲ ਧੱਕਾ-ਮੁੱਕੀ ਕੀਤੀ। ਇਕ ਸਰਕਰਦਾ ਅਖ਼ਬਾਰ ਦੇ ਪੱਤਰਕਾਰ ਨੇ ਖ਼ਬਰ ਬਣਾਉਣ ਅਤੇ ਅਖ਼ਬਾਰ ਦੁਆਰਾ ਇਸੇ ਵਿਸ਼ੇ ’ਤੇ ਸੰਪਾਦਕੀ ਲਿਖਣ ਸਦਕਾ ਸਿੱਖਿਆ ਵਿਭਾਗ ਹਰਕਤ ਵਿਚ ਆ ਗਿਆ ਅਤੇ ਸਟੇਟ ਪੱਧਰ ਦੇ ਅਧਿਕਾਰੀ ਨੇ ਫ਼ਰੀਦਕੋਟ ਆ ਕੇ ਪੜਤਾਲ ਕੀਤੀ। ਇਸ ਤੋਂ ਇਲਾਵਾ ਅਧਿਆਪਕ ਜੱਥੇਬੰਦੀਆਂ ਵੱਲੋਂ ਮੇਰਾ ਸਾਥ ਦੇਣ ਸਦਕਾ ਅਜਿਹਾ ਕਰਨ ਵਾਲਿਆਂ ’ਤੇ ਪੁਲੀਸ ਕੇਸ ਦਰਜ ਹੋ ਗਿਆ।
ਇਹ ਵੱਖਰੀ ਗੱਲ ਹੈ ਕਿ ਜੱਥੇਬੰਦੀ ਵਿਚੋਂ ਹੀ ਇਕ ਸਾਥੀ ਦੀ ਨੇੜਤਾ ਉਨ੍ਹਾਂ ਵੱਡੇ ਬੰਦਿਆਂ ਵਿਚੋਂ ਸਿਆਸੀ ਅਸਰ-ਰਸੂਖ਼ ਵਾਲੇ ਬੰਦੇ ਨਾਲ ਹੋਣ ਕਰ ਕੇ ਇਹ ਕੇਸ ਢਿੱਲਾ ਪੈਣਾ ਸ਼ੁਰੂ ਹੋ ਗਿਆ ਅਤੇ ਆਖਿ਼ਰਕਾਰ ਮੈਨੂੰ ਸਮਝੌਤਾ ਕਰਨਾ ਪਿਆ। ਆਪਣੀ ਸਮਝ ਅਨੁਸਾਰ ਮੈਂ ਠੀਕ ਕੰਮ ਕੀਤਾ ਹੋਣ ਦੇ ਬਾਵਜੂਦ ਮੇਰੇ ਨਾਲ ਇਸ ਤਰ੍ਹਾਂ ਹੋਈ ਅਤੇ ਮੈਂ ਨਿਰਾਸ਼ਾ ਵਾਲੇ ਆਲਮ ਵਿਚ ਆ ਗਿਆ। ਉਮਰ ਵਿਚ ਮੇਰੇ ਨਾਲੋਂ ਕੁਝ ਵੱਡੀ, ਮੇਰੀ ਸਹਿਕਰਮੀ ਨੇ ਮੇਰੇ ਘਰ ਆ ਕੇ ਬੱਚਿਆਂ ਦਾ ਵਾਸਤਾ ਦਿੰਦਿਆਂ ‘ਇਹੋ ਜਿਹੇ ਕੰਮਾਂ’ ਤੋਂ ਬਚ ਕੇ ਰਹਿਣ ਦੀ ਸਮਝੌਤੀ ਦਿੱਤੀ। ਮੇਰੇ ਨਾਲ ਪਹਿਲੀ ਵਾਰੀ ਅਜਿਹਾ ਕੁਝ ਵਾਪਰਿਆ ਸੀ ਅਤੇ ਮੈਂ ਸਕਤੇ ਜਿਹੇ ਵਿਚ ਆ ਗਿਆ ਸਾਂ। ਅਜਿਹੇ ਹਾਲਾਤ ਵਿਚ ਇਕ ਦਿਨ ਆਪਣੀ ਸੰਸਥਾ ਵਿਚ ਇਕਾਂਤ ਵਿਚ ਬੈਠਾ ਸਾਂ ਕਿ ਮੇਰੇ ਪਿਛਲੇ ਸਕੂਲ ਦੇ ਪ੍ਰਿੰਸੀਪਲ ਜਸਕਰਤਾਰ ਸਿੰਘ ਢਿੱਲੋਂ ਆਪਣੇ ਇਕ ਸਾਥੀ ਨਾਲ ਮੇਰੇ ਕੋਲ ਆ ਗਏ। ਮੈਂ ਸਾਧਾਰਨ ਜਿਹੇ ਤਰੀਕੇ ਨਾਲ ਉਨ੍ਹਾਂ ਨਾਲ ਵਿਹਾਰ ਕੀਤਾ ਤਾਂ ਆਪਣੇ ਸੁਭਾਅ ਅਨੁਸਾਰ ਢਿੱਲੋਂ ਜੀ ਨੇ ਆਖਿਆ, “ਯਾਰ ਅਸੀਂ ਤੇਰੇ ਕੋਲ ਸਪੈਸ਼ਲੀ ਚੱਲ ਕੇ ਆਏ ਹਾਂ, ਤੂੰ ਬੈਠਣ ਲਈ ਵੀ ਨਹੀਂ ਆਖਿਆ।” ਢਿੱਲੇ ਜਿਹੇ ਮਨ ਨਾਲ ਮੈਂ ਉਨ੍ਹਾਂ ਨੂੰ ਬਿਠਾਇਆ ਅਤੇ ਚਾਹ ਮੰਗਵਾ ਲਈ।
“ਯਾਰ ਇਕ ਗੱਲ ਐ, ਤੂੰ ਇੰਨਾ ਨਿਰਾਸ਼ ਜਿਹਾ ਕਿਉਂ ਹੈ? ਤੂੰ ਕਿਸੇ ਦੀ ਧੀ ਭੈਣ ਨੂੰ ਤਾਂ ਛੇੜਿਆ ਨਹੀਂ, ਤੂੰ ਕੋਈ ਚੋਰੀ ਚਕਾਰੀ ਵੀ ਨਹੀਂ ਕੀਤੀ, ਕੋਈ ਹੋਰ ਕੰਮ ਵੀ ਅਜਿਹਾ ਨਹੀਂ ਕੀਤਾ ਹੈ ਜਿਹੜਾ ਤੇਰੇ ਵਾਸਤੇ ਨਮੋਸ਼ੀ ਵਾਲਾ ਕਾਰਨ ਬਣਦਾ ਹੋਵੇ। ਤੂੰ ਤਾਂ ਉਹ ਕੰਮ ਕੀਤਾ ਹੈ ਜਿਹੜਾ ਸਾਰੇ ਅਧਿਆਪਕਾਂ ਨੂੰ ਕਰਨਾ ਚਾਹੀਦਾ ਹੈ। ਤੈਨੂੰ ਤਾਂ ਮਾਣ ਹੋਣਾ ਚਾਹੀਦਾ ਹੈ। ਮੈਂ ਤਾਂ ਤੇਰੇ ’ਤੇ ਮਾਣ ਕਰਦਾ ਹਾਂ। ਓਦਣ ਦਾ ਮੈਂ ਤਾਂ ਇਹ ਮਾਣ ਨਾਲ ਦੱਸਦਾ ਫਿਰਦਾ ਹਾਂ ਕਿ ਗੁਰਦੀਪ ਮੇਰਾ ਕੁਲੀਗ ਰਿਹਾ ਹੈ।”
ਇੰਨੀ ਗੱਲ ਆਖਦਿਆਂ ਜਸਕਰਤਾਰ ਸਿੰਘ ਢਿੱਲੋਂ ਚੁੱਪ ਕਰ ਕੇ ਮੇਰੇ ਚਿਹਰੇ ਵੱਲ ਤੱਕਣ ਲੱਗ ਪਏ। ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਉਨ੍ਹਾਂ ਨੇ ਕੁਝ ਹੋਰ ਗੱਲਾਂ ਕੀਤੀਆਂ ਜੋ ਮੈਨੂੰ ਸੁਣੀਆਂ ਹੀ ਨਹੀਂ। ਮੇਰੇ ਦਿਮਾਗ ਵਿਚ ਤਾਂ ਇਹ ਰੀਲ ਚੱਲ ਪਈ ਸੀ ਕਿ ਵਾਕਿਆ ਹੀ ਮੈਂ ਕੋਈ ਮਾੜਾ ਕੰਮ ਤਾਂ ਕੀਤਾ ਨਹੀਂ; ਹੋ ਸਕਦਾ ਹੈ, ਮੇਰੇ ਇਸ ਵਿਹਾਰ ਤੋਂ ਹੋਰ ਅਧਿਆਪਕ ਵੀ ਆਪਣੇ ਮਨ ਵਿਚ ਇਸ ਬੁਰਾਈ ਦੇ ਖ਼ਾਤਮੇ ਵਾਸਤੇ ਤਹੱਈਆ ਕਰਨ ਅਤੇ ਸਕੂਲਾਂ ਵਿਚੋਂ ਨਕਲ ਦੀ ਬੁਰਾਈ ਖ਼ਤਮ ਹੋ ਸਕੇ। ਨਕਲ ਨੇ ਸਕੂਲਾਂ ਵਿਚ ਪੜ੍ਹਾਈ ਕਰਵਾਏ ਜਾਣ ਦੇ ਕਾਰਜ ਨੂੰ ਬਹੁਤ ਢਾਹ ਲਾਈ ਹੋਈ ਸੀ। ਇਸੇ ਕਰ ਕੇ ਅਸੀਂ ਆਪਣੀ ਲੋਕਾਂ ਨੂੰ ਇਕ ਕਿਸਮ ਦਾ ਅਨਪੜ੍ਹਤਾ ਵਾਲੇ ਪਾਸੇ ਧੱਕਣਾ ਸ਼ੁਰੂ ਕਰ ਦਿੱਤਾ ਸੀ। ਢਿੱਲੋਂ ਦੀਆਂ ਗੱਲਾਂ ਸਦਕਾ ਮੈਂ ਹੌਸਲੇ ਵਿਚ ਆਇਆ ਤਾਂ ਇਸ ਬੁਰਾਈ ਵਿਰੁੱਧ ਪੂਰੇ ਦਮ-ਖ਼ਮ ਨਾਲ ਆਵਾਜ਼ ਉਠਾਉਣ ਦੀ ਸਥਿਤੀ ਵਿਚ ਆੳਣਾ ਸ਼ੁਰੂ ਕਰ ਦਿੱਤਾ।
ਜਸਕਰਤਾਰ ਸਿੰਘ ਢਿੱਲੋਂ ਨੂੰ ਮੈਂ ਸਾਧਾਰਨ ਬੰਦਾ ਸਮਝਦਾ ਹੁੰਦਾ ਸਾਂ। ਹੁਣ ਸਾਧਾਰਨ ਬੰਦੇ ਦੀ ਆਖੀ ਹੋਈ ਗੱਲ ਨੇ ਮੇਰੀ ਮਾਨਸਿਕ ਹਾਲਤ ਨੂੰ ਬਦਲਣ ਵੱਲ ਜਿਵੇਂ ਪਹਿਲਕਦਮੀ ਹੀ ਕੀਤੀ ਹੋਵੇ। ਬਹੁਤ ਜਿ਼ਆਦਾ ਢਹਿੰਦੀ ਕਲਾਂ ਵਿਚ ਬੈਠੇ ਹੋਏ ਨੂੰ ਉਨ੍ਹਾਂ ਦੀਆਂ ਗੱਲਾਂ ਨੇ ਮੈਨੂੰ ਚੜ੍ਹਦੀ ਕਲਾ ਵਾਲੀ ਹਾਲਤ ਵਿਚ ਲੈ ਆਂਦਾ ਸੀ। ਉਦੋਂ ਤੋਂ ਹੀ ਮੈਂ ਕਿਸੇ ਵੀ ਬੰਦੇ ਨੂੰ ਸਾਧਾਰਨ ਨਹੀਂ ਮੰਨਦਾ। ਮੇਰਾ ਮੰਨਣਾ ਹੈ ਕਿ ਹਰ ਕੋਈ ਬੰਦਾ ਆਪਣੇ ਆਪ ਵਿਚ ਨਿਆਰਾ ਹੁੰਦਾ ਹੈ; ਲੋੜ ਤਾਂ ਉਸ ਦੁਆਰਾ ਕੀਤੀ ਗੱਲ ਜਾਂ ਕੀਤੇ ਹੋਏ ਕੰਮ ਨੂੰ ਨੀਝ ਨਾਲ ਦੇਖਣ, ਸਮਝਣ ਅਤੇ ਮਿਲਣ ਵਾਲੇ ਨਤੀਜੇ ਦੇ ਅਸਰ ਦੀ ਤਹਿ ਤੱਕ ਜਾਣ ਦੀ ਹੁੰਦੀ ਹੈ। ਅਜਿਹੀਆਂ ਬਹੁਤ ਸਾਰੀਆਂ ਸੂਰਤਾਂ ਨਾਲ ਹੀ ਬੜੇ ਹਾਲਾਤ ਬਦਲ ਜਾਂਦੇ ਹਨ।
ਸੰਪਰਕ: 95010-20731