ਪ੍ਰੀਤਮਾ ਦੋਮੇਲ
ਅੱਜਕੱਲ੍ਹ ਦੇ ਜ਼ਮਾਨੇ ਵਿਚ ਹਰ ਆਦਮੀ ਖ਼ੁਸ਼ੀ ਚਾਹੁੰਦਾ ਹੈ ਤੇ ਖ਼ੁਸ਼ੀਆਂ ਦੀ ਤਲਾਸ਼ ਵਿਚ ਪਤਾ ਨਹੀਂ ਕੀ-ਕੀ ਕਰਦਾ ਹੈ। ਕਦੇ ਕਿਸੇ ਪਿਆਰੇ, ਰਿਸ਼ਤੇਦਾਰ ਜਾਂ ਕਿਸੇ ਦੋਸਤ-ਮਿੱਤਰ ਨੂੰ ਫੋਨ ਕਰਦਾ ਹੈ, ਕਦੇ ਦਾਰੂ ਪੀਂਦਾ ਹੈ ਤੇ ਕਦੇ ਬਾਜ਼ਾਰੋਂ ਕੋਈ ਮਨਭਾਉਂਦੀ ਚੀਜ਼ ਮੰਗਵਾ ਕੇ ਖਾਂਦਾ ਹੈ ਪਰ ਖ਼ੁਸ਼ੀਆਂ ਤਾਂ ਟਟਹਿਣਿਆਂ ਵਾਂਗ ਕਦੇ ਹੀ ਪਲ ਦੋ ਪਲ ਲਈ ਚਮਕਦੀਆਂ ਹਨ। ਕਿਸੇ ਨੂੰ ਮਿਲੋ, ਨਾ ਚਿਹਰੇ ’ਤੇ ਮੁਸਕਾਨ, ਨਾ ਹਾਸਾ, ਨਾ ਅੱਖਾਂ ਵਿਚ ਚਮਕ! ਕਿੱਥੇ ਗੁੰਮ ਹੋ ਗਿਆ ਇਹ ਸਾਰਾ ਕੁਝ! ਠੀਕ ਹੈ ਲੋਕਡਾਊਨ ਕਰਕੇ ਪਹਿਲਾਂ ਵਾਲੇ ਹਾਲਾਤ ਨਹੀਂ ਰਹੇ, ਨਾ ਬਾਜ਼ਾਰ ਵਿਚ ਉਹ ਰੌਣਕਾਂ, ਨਾ ਸਵੇਰੇ ਦਫ਼ਤਰ-ਸਕੂਲ-ਕਾਲਜ ਜਾਣ ਵਾਲਿਆਂ ਦੀ ਸੜਕਾਂ ਉੱਤੇ ਮਾਰਾ-ਮਾਰੀ, ਨਾ ਵਿਆਹ-ਸ਼ਾਦੀਆਂ ਦੇ ਉਹ ਰੰਗ ਤਮਾਸ਼ੇ, ਨਾ ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ; ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਇਹ ਸਭ ਕੁਝ ਸਾਡੇ ਕਰਕੇ ਹੀ ਹੈ! ਜੇ ਅਸੀਂ ਕਾਇਮ ਹਾਂ, ਤੁਰਦੇ-ਫਿਰਦੇ ਹਾਂ, ਤਾਂ ਸਾਨੂੰ ਖ਼ੁਸ਼ ਕਰਨ ਵਾਲੇ ਅਦਾਰੇ ਕਿਤੇ ਚਲੇ ਗਏ ਨੇ! ਉਹ ਨਹੀਂ, ਕੁਝ ਹੋਰ ਸਹੀ। ਹੁਣ ਦੇ ਹਾਲਾਤ ਮੁਤਾਬਿਕ ਕੁਝ ਹੋਰ ਚੰਗਾ ਚੰਗਾ ਲੱਭੋ।
ਕਹਿੰਦੇ ਨੇ ਜ਼ਰੂਰਤ ਕਾਢ ਦੀ ਮਾਂ ਹੈ। ਲੱਭ ਲਓ ਖ਼ੁਸ਼ੀਆਂ ਆਪਣੇ ਟੱਬਰ ਦੇ ਜੀਆਂ ’ਚੋਂ, ਪੌਦਿਆਂ ਦੀਆਂ ਹਿਲਦੀਆਂ ਟਾਹਣੀਆਂ ’ਚੋਂ, ਹਰ ਰੋਜ਼ ਸਵੇਰੇ ਖਿੜੇ ਹੋਏ ਤਾਜ਼ੇ ਫੁੱਲਾਂ ਨੂੰ ਦੇਖ ਕੇ ਕਿਸੇ ਨਾਲ ਫੋਨ ’ਤੇ ਉਸ ਦੀ ਰਾਜ਼ੀ ਖ਼ੁਸ਼ੀ ਪੁੱਛ ਕੇ, ਕਿਸੇ ਆਪਣੇ ਦਾ ਫੋਨ ਆਏ ਤਾਂ ਉਸ ਨੂੰ ਮੱਥੇ ਨਾਲ ਲਾ ਕੇ ਖ਼ੁਸ਼ ਹੋਵੋ: ਬਈ ਕਿਸੇ ਆਪਣੇ ਨੇ ਤੁਹਾਨੂੰ ਯਾਦ ਕੀਤਾ ਹੈ ਪਰ ਨਹੀਂ; ਅਸੀਂ ਤਾਂ ਕੁਝ ਹੋਰ ਵੱਡਾ ਚਾਹੁੰਦੇ ਹਾਂ ਜੋ ਸਾਨੂੰ ਖ਼ੁਸ਼ੀ ਦੇ ਸਕੇ ਪਰ ਉਹ ਵੱਡਾ ਵੱਡਾ ਕੀ ਹੈ, ਉਹ ਮ੍ਰਿਗ ਤ੍ਰਿਸ਼ਨਾ ਹੈ। ਉਸ ਦੇ ਪਿੱਛੇ ਦੌੜੋਗੇ, ਉਹ ਹੋਰ ਅੱਗੇ ਦੌੜਦੀ ਜਾਵੇਗੀ। ਤੁਸੀਂ ਕਦ ਤੱਕ ਉਸ ਦਾ ਪਿੱਛਾ ਕਰੋਗੇ? … ਲਓ ਮੈਂ ਇਨ੍ਹਾਂ ਖ਼ੁਸ਼ੀਆਂ ਦੇ ਝਲਕਾਰਿਆਂ ਦੀ ਗੱਲ ਸੁਣਾਉਂਦੀ ਹਾਂ। ਉਸ ਪੁਰਾਣੇ ਸ਼ਹਿਰ ਜਿੱਥੇ ਮੈਂ ਪਿਛਲਾ ਪੂਰਾ ਸਾਲ ਗੁਜ਼ਾਰਿਆ ਏ। ਵੱਡੇ ਸਾਰੇ ਘਰ ਵਿਚ ਵੱਡਾ ਸਾਰਾ ਲਾਅਨ, ਹਰੇ ਭਰੇ ਘਾਹ ਤੇ ਫੱੁਲਾਂ ਬੂਟਿਆਂ ਨਾਲ ਭਰਿਆ ਹੋਇਆ, ਹੋਰ ਵੀ ਵੱਡੇ ਵੱਡੇ ਪੁਰਾਣੇ ਦਰੱਖ਼ਤ ਸਨ। ਉੱਥੇ ਇਕ ਦੋ ਕੁਰਸੀਆਂ ਪਈਆਂ ਰਹਿੰਦੀਆਂ ਸਨ। ਮੈਂ ਇੱਕ ਦਿਨ ਸਵੇਰੇ ਸਵੇਰੇ ਲਾਅਨ ਵਿਚ ਗਈ ਤਾਂ ਉੱਥੇ ਕੋਈ ਕੁਰਸੀ ਨਹੀਂ ਸੀ। ਪਹਿਲਾਂ ਤਾਂ ਜੀਅ ਕੀਤਾ ਕਿ ਵਾਪਿਸ ਚਲੀ ਜਾਵਾਂ, ਫਿਰ ਪਤਾ ਨਹੀਂ ਕੀ ਸੋਚ ਕੇ ਹੇਠਾਂ ਘਾਹ ’ਤੇ ਹੀ ਬੈਠ ਗਈ ਪਰ ਜਦ ਮੈਂ ਉੱਠਣ ਲੱਗੀ ਤਾਂ ਮੇਰੇ ਕੋਲੋਂ ਉਠਿਆ ਨਾ ਜਾਵੇ। ਪਿਛਲੇ ਸਾਲ ਮੇਰੀ ਪਿੱਠ ’ਤੇ ਸੱਟ ਲੱਗ ਗਈ ਸੀ ਤੇ ਸ਼ਾਇਦ ਇੱਕ ਦੋ ਮਣਕੇ ਵੀ ਹਿੱਲ ਗਏ ਸਨ। ਉੱਠਣ ਦੀ ਬੜੀ ਕੋਸ਼ਿਸ਼ ਕੀਤੀ, ਆਸ-ਪਾਸ ਵੀ ਨਹੀਂ ਸੀ, ਜੋ ਮਦਦ ਕਰਦਾ।
ਇੰਨੇ ਨੂੰ ਛੋਟਾ ਜਿਹਾ ਕਾਲਾ-ਕਲੂਟਾ ਲੜਕਾ ਮਸਾਂ 7-8 ਸਾਲ ਦਾ ਹੋਵੇਗਾ, ਲਾਅਨ ਦੀ ਕੰਡਿਆਲੀ ਤਾਰ ਦੇ ਉੱਤੋਂ ਟੱਪ ਕੇ ਝਰੀਟੋ-ਝਰੀਟ ਹੋਇਆ ਅੰਦਰ ਆ ਗਿਆ ਤੇ ਬਿਨਾ ਬੋਲੇ ਹੀ ਦੋਨਾਂ ਹੱਥਾਂ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਸਹਾਰਾ ਦੇ ਕੇ ਖੜ੍ਹਾ ਕਰ ਦਿੱਤਾ, ਤੇ ਫਿਰ ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਆਇਆ। ਗ਼ੁਰਬਤ ਮਾਰਿਆ ਬੱਚਾ ਲੱਗਦਾ ਸੀ। ਉਸ ਨੇ ਫਟੀ ਹੋਈ ਕਮੀਜ਼ ਤੇ ਮੈਲੀ ਜਿਹੀ ਨਿੱਕਰ ਪਾਈ ਹੋਈ ਸੀ। ਮੈਂ ਸਫ਼ਾਈ ਵਾਲੀ ਔਰਤ ਨੂੰ ਉਸ ਨੂੰ ਕੁਝ ਖਾਣ ਵਾਲੀ ਚੀਜ਼ ਦੇਣ ਲਈ ਕਿਹਾ। ਉਸ ਨੇ ਬਿਸਕਿਟ ਦਾ ਪੈਕੇਟ ਉਸ ਨੂੰ ਦਿੱਤਾ ਪਰ ਉਸ ਨੇ ਲਿਆ ਨਹੀਂ। ਮੈਂ ਕਿਹਾ, ਕੁਝ ਹੋਰ ਦੇ ਦੇ। ਜਦ ਉਹ ਬੱਚੇ ਨੂੰ ਮੱਠੀਆਂ ਵਗੈਰਾ ਦੇਣ ਲੱਗੀ ਤਾਂ ਬੱਚੇ ਨੇ ਉਹ ਵੀ ਨਹੀਂ ਲਈਆਂ ਤੇ ਉਸ ਔਰਤ ਦੇ ਕੰਨ ਵਿਚ ਕਿਹਾ, “ਮੈਂ ਕੁਝ ਲੈਣ ਲਈ ਨਹੀਂ ਮਾਤਾ ਜੀ ਨੂੰ ਉਠਾਇਆ, ਇਹ ਤਾਂ ਮੇਰੀ ਮਾਂ ਨੇ ਸਿਖਾਇਆ ਹੈ ਕਿ ਬਜ਼ੁਰਗਾਂ ਦੀ ਹਮੇਸ਼ਾ ਮਦਦ ਕਰੋ।” ਫਿਰ ਉਸ ਨੇ ਬੜੇ ਡਰ ਜਿਹੇ ਨਾਲ ਹੱਥ ਜੋੜ ਕੇ ਕਿਹਾ, “ਮਾਤਾ ਜੀ, ਸਿਪਾਹੀਆਂ ਨੂੰ ਕਹਿਣਾ ਕਿ ਉਹ ਮੈਨੂੰ ਮਾਰਨ ਨਾ, ਮੈਂ ਬਿਨਾ ਕਿਸੇ ਨੂੰ ਪੁੱਛੇ ਤਾਰ ਉੱਤੋਂ ਦੀ ਟੱਪ ਕੇ ਅੰਦਰ ਆ ਗਿਆਂ।” ਮੈਂ ਬੱਚੇ ਨੂੰ ਗਲ ਨਾਲ ਲਾ ਲਿਆ ਤੇ ਉਸ ਦੀ ਮਾਂ ਨੂੰ ਵੀ ਮਨ ਹੀ ਮਨ ਸਲਾਮ ਕੀਤਾ। ਉਸ ਦੇ ਜਾਣ ਤੋਂ ਬਾਅਦ ਵੀ ਕਿੰਨੀ ਦੇਰ ਤੱਕ ਮੇਰੇ ਹੰਝੂ ਵਗਦੇ ਰਹੇ। ਇਹ ਹੰਝੂ ਖ਼ੁਸ਼ੀ ਦੇ ਸਨ। … ਤੇ ਫਿਰ ਜਿੰਨੀ ਦੇਰ ਅਸੀਂ ਉਸ ਘਰ ਵਿਚ ਰਹੇ, ਮੈਂ ਹਰ ਰੋਜ਼ ਉਸ ਕੰਡਿਆਲੀ ਤਾਰ ਦੇ ਉੱਤੋਂ ਟੱਪਦੇ ਹੋਏ ਉਸ ਬੱਚੇ ਨੂੰ ਦੇਖਦੀ ਰਹੀ ਪਰ ਫਿਰ ਉਹ ਕਦੀ ਨਹੀਂ ਆਇਆ।
ਸਾਡੇ ਘਰ ਦੇ ਸਾਹਮਣੇ ਪੱਕੇ ਫਰਸ਼ ਵਾਲਾ ਪਾਰਕ ਸੀ। ਵਿਚ ਵਿਚਾਲੇ ਕਿਧਰੇ ਇੱਕ ਵੱਡੇ ਦਰੱਖ਼ਤ ਦੇ ਆਸੇ-ਪਾਸੇ ਚਬੂਤਰਾ ਸੀ। ਪਾਰਕ ਵਿਚ ਅਫ਼ਸਰਾਂ ਦੇ ਛੋਟੇ ਮੁੰਡੇ ਫੁਟਬਾਲ ਤੇ ਕੁੜੀਆਂ ਬੈਡਮਿੰਟਨ ਖੇਡਦੇ ਰਹਿੰਦੇ ਸਨ। ਮੈਂ ਵੀ ਕਦੇ ਕਦੇ ਉਸ ਚਬੂਤਰੇ ’ਤੇ ਜਾ ਕੇ ਬੈਠ ਜਾਂਦੀ। ਕਈ ਵਾਰੀ ਕੋਈ ਜਵਾਨ (ਸਿਪਾਹੀ) ਕਿਸੇ ਛੋਟੇ ਬੱਚੇ ਨੂੰ ਖਿਡਾਉਣ ਲਈ ਵੀ ਆ ਜਾਂਦਾ। ਇੱਕ ਦਿਨ ਇੱਕ ਸਿਪਾਹੀ ਮੇਰੇ ਕੋਲ ਆ ਕੇ ਬੋਲਿਆ, “ਮਾਤਾ ਜੀ, ਤੁਸੀਂ ਉਸ ਸਾਹਮਣੇ ਵਾਲੇ ਘਰ ਵਿਚ ਰਹਿੰਦੇ ਹੋ।” “ਹਾਂ, ਕਿਉਂ ਕੀ ਗੱਲ?” “ਤੁਸੀਂ ਕਿਤਾਬਾਂ ਲਿਖਦੇ ਹੋ?” “ਹਾਂ, ਤੈਨੂੰ ਕੀਹਨੇ ਦੱਸਿਆ।” “ਸਾਡੇ ਸਾਬ੍ਹ ਦੇ ਮਾਤਾ ਜੀ ਵੀ ਪੰਜਾਬ ਤੋਂ ਆਏ ਹੋਏ ਹਨ। ਉਨ੍ਹਾਂ ਨੇ ਮੈਨੂੰ ਇੱਕ ਦਿਨ ਕਿਹਾ ਸੀ ਕਿ ਤੁਹਾਡੇ ਕੋਲੋਂ ਮੈਂ ਤੁਹਾਡੀ ਕੋਈ ਕਿਤਾਬ ਲਿਆ ਕੇ ਉਨ੍ਹਾਂ ਨੂੰ ਦੇਵਾਂ।” “ਅੱਛਾ ਮਾਤਾ ਜੀ ਪੜ੍ਹਨਾ ਚਾਹੁੰਦੇ ਨੇ।” “ਨਹੀਂ ਜੀ, ਉਹ ਤਾਂ ਬਿਲਕੁਲ ਅਨਪੜ੍ਹ ਹਨ। ਉਹ ਕਹਿੰਦੇ ਸਨ ਕਿ ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਸਾਡੇ ਪੰਜਾਬ ਦੀ ਬੀਬੀ ਕਿਤਾਬਾਂ ਲਿਖਦੀ ਹੈ। ਮੈਂ ਤਾਂ ਵਾਪਿਸ ਪੰਜਾਬ ਜਾ ਕੇ ਆਪਣੇ ਸਰਦਾਰ ਜੀ ਕੋਲੋਂ ਪੜ੍ਹਾ ਕੇ ਸੁਣਾਂਗੀ।”
ਕੋਈ ਅਣਜਾਣ ਅਨਪੜ੍ਹ ਔਰਤ ਮੇਰੇ ਕੋਲੋਂ ਮੇਰੀ ਕਿਤਾਬ ਮੰਗ ਰਹੀ ਸੀ ਜਦੋਂਕਿ ਮੇਰੇ ਪਰਿਵਾਰ ਵਿਚੋਂ (ਮੇਰੇ ਪੁੱਤਰ ਤੋਂ ਬਿਨਾ) ਕਿਸੇ ਨੂੰ ਇਹ ਵੀ ਪਤਾ ਹੋਵੇ ਕਿ ਮੈਂ ਕੋਈ ਕਿਤਾਬ ਵੀ ਲਿਖੀ ਹੈ। ਖ਼ੁਸ਼ੀ ਦੇਣ ਵਾਲਾ ਕੋਈ ਇੱਕ ਵੀ ਬੰਦਾ ਤੁਹਾਨੂੰ ਮਿਲ ਜਾਵੇ ਤਾਂ ਇਸ ਦੁਨੀਆ ਦੇ ਬਲਿਹਾਰ ਜਾਈਏ ਕਿ ਉਹ ਇਨਸਾਨ ਵੀ ਤੁਹਾਡੀ ਇਸੇ ਦੁਨੀਆ ’ਚੋਂ ਆਇਆ ਹੈ।
ਸੰਪਰਕ: 99881-52523