ਅਖ਼ਬਾਰ ਪੜ੍ਹਨ ਹੀ ਲੱਗੀ ਸੀ ਕਿ ਪਹਿਲੀ ਖ਼ਬਰ ਨੇ ਪ੍ਰੇਸ਼ਾਨ ਕਰ ਦਿੱਤਾ। ਅਖ਼ਬਾਰ ਉੱਥੇ ਹੀ ਰੱਖ ਕੇ ਸੋਚਣ ਲੱਗ ਪਈ ਕਿ ਸਾਡੇ ਅੰਦਰੋਂ ਨੈਤਿਕਤਾ, ਇਨਸਾਨੀ ਰਿਸ਼ਤੇ ਅਤੇ ਮਨੁੱਖੀ ਕਦਰਾਂ-ਕੀਮਤਾਂ ਮਨਫੀ ਕਿਉਂ ਹੋ ਰਹੀਆਂ ਹਨ? ਅੱਖਾਂ ਅੱਗੋਂ ਗਰੀਬ ਮਾਪਿਆਂ ਦੀ ਉਸ ਜ਼ਹੀਨ ਧੀ ਦਾ ਮਸੂਮ ਚਿਹਰਾ ਪਾਸੇ ਨਹੀਂ ਹਟ ਰਿਹਾ ਸੀ ਜਿਸ ਨੇ ਆਪਣੀ ਵਿਦਵਤਾ ਦੇ ਬਲਬੂਤੇ ਫੈਲੋਸ਼ਿਪ ਲੈ ਕੇ ਅਮਰੀਕਾ ਵਿਚ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਕੀਤਾ ਸੀ ਅਤੇ ਦਿਲ ਵਿਚ ਹੁਸੀਨ ਜ਼ਿੰਦਗੀ ਦੇ ਸੁਪਨੇ ਸੰਜੋਈ ਉਹ ਅਮਰੀਕਾ ਪਹੁੰਚ ਗਈ ਸੀ। ਮਾਂ-ਪਿਓ ਦੇ ਝੁੱਗੀ ਨੁਮਾ ਮਹਿਲ ਨਾਲ ਜੁੜੇ ਮਿੱਠੇ ਜਜ਼ਬਾਤ ਦੀ ਖਿੱਚ ਉਸ ਉਪਰ ਇੰਨੀ ਹਾਵੀ ਹੋ ਗਈ ਕਿ ਉਹ ਜੰਮਣ ਭੋਇੰ ਨੂੰ ਸਿਜਦਾ ਕਰਨ ਪਿੰਡ ਆ ਗਈ ਸੀ। ਨਾਨਕੇ ਪਰਿਵਾਰ ਨਾਲ ਜੁੜੇ ਮੋਹ ਭਿੱਜੇ ਰਿਸ਼ਤਿਆਂ ਨੂੰ ਤਰੋਤਾਜ਼ਾ ਕਰਨ ਲਈ ਉਹ ਆਪਣੇ ਵੀਰ ਨਾਲ਼ ਨਾਨਕੇ ਪਿੰਡ ਜਾ ਰਹੀ ਸੀ ਕਿ ਹਰਲ ਹਰਲ ਕਰਦੇ ਫਿਰਦੇ ਦਰਿੰਦੇ ਉਸ ਨੂੰ ਛੇੜਨ ਲੱਗ ਪਏ। ਉਨ੍ਹਾਂ ਤੋਂ ਬਚਦਿਆਂ ਮੋਟਰਸਾਈਕਲ ਟਰੱਕ ਵਿਚ ਵੱਜ ਗਿਆ। ਦੋਵੇਂ ਭੈਣ-ਭਰਾ ਦਰਿੰਦਗੀ ਦੀ ਭੇਂਟ ਚੜ੍ਹ ਗਏ। ਉਂਜ, ਜੇ ਧੀਏ ਤੂੰ ਟੁੱਟੇ-ਭੱਜੇ ਅੰਗਾਂ ਨਾਲ ਬਚ ਵੀ ਜਾਂਦੀ, ਫਿਰ ਕਿਹੜਾ ਇਨਸਾਫ਼ ਮਿਲ ਜਾਣਾ ਸੀ!
ਤੈਨੂੰ ਯਾਦ ਹੋਵੇਗਾ ਕਿ ਤੇਰੇ ਵਰਗੀ ਉਮਰ ਵਿਚ ਹੀ ਇਕ ਕੁੜੀ ਪਰਿਵਾਰ ਦੇ ਭੁੱਖੇ ਢਿੱਡਾਂ ਦੀ ਅੱਗ ਨੂੰ ਨਾ ਜਰਦਿਆਂ ਉਨਾਓ ਜ਼ਿਲ੍ਹੇ ਦੇ ਬੰਗਰਮਾਓ ਸੀਟ ਤੋਂ ਭਾਜਪਾ ਦੇ ਉਮੀਦਵਾਰ ਕੋਲ ਨੌਕਰੀ ਮੰਗਣ ਲਈ ਚਲੀ ਗਈ ਸੀ। ਉਨ੍ਹਾਂ ਦੇ ਢਿੱਡ ਦੀ ਅੱਗ ਤਾਂ ਨਾ ਬੁਝ ਸਕੀ ਪਰ ਉਮੀਦਵਾਰ ਨੇ ਜ਼ਰੂਰ ਆਪਣੀ ਕਾਮੁਕਤਾ ਦੀ ਅੱਗ ਬੁਝਾ ਲਈ ਸੀ। ਫਿਰ ਉਸ ਵਿਰੁਧ ਐੱਫਆਈਆਰ ਕਰਵਾਉਣ ਲਈ ਹਰ ਥਾਂ ਧੱਕੇ ਖਾਣ ਤੋਂ ਬਾਅਦ ਉਸ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਉਸ ਸਮੇਂ ਉਸ ਨੂੰ ਬਚਾ ਲਿਆ ਗਿਆ। ਇਹ ਕੇਸ ਵੀ ਅਜਿਹੇ ਬਾਕੀ ਕੇਸਾਂ ਵਾਂਗ ਦਬਾਅ ਦਿੱਤਾ ਜਾਂਦਾ ਜੇ ਲੋਕਾਂ ਵਿਚ ਉਸ ਵਲੋਂ ਰਿਪੋਰਟ ਲਿਖਾਉਣ ਖਾਤਰ ਮੌਤ ਨਾਲ ਗੱਲਵੱਕੜੀ ਪਾਉਣ ਦੇ ਸਾਹਸ ਕਾਰਨ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਨਾ ਬਣਦਾ। ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਕੇਸ ਸੀਬੀਆਈ ਹਵਾਲੇ ਕਰਨਾ ਪਿਆ। ਆਪਣੇ ਨਾਲ ਹੋਏ ਧੱਕੇ ਲਈ ਜਦੋਂ ਉਸ ਨੇ ਆਪਣਾ ਸੰਗਰਾਮ ਜਾਰੀ ਰੱਖਿਆ ਤਾਂ ਸਿਆਸੀ ਆਗੂਆਂ, ਉੱਚ ਅਧਿਕਾਰੀਆਂ ਅਤੇ ਅਪਰਾਧੀਆਂ ਦੇ ਗੱਠਜੋੜ ਕਾਰਨ ਉਸ ਨੂੰ ਇਨਸਾਫ ਮਿਲਣ ਦੀ ਥਾਂ ਪਰਿਵਾਰ ਦੇ ਕਈ ਮੈਂਬਰਾਂ ਦੇ ਨਾਲ ਨਾਲ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਉਹ ਭਾਵੇਂ ਮੰਜ਼ਿਲ ਤੇ ਤਾਂ ਨਾ ਪਹੁੰਚੀ ਪਰ ਉਸ ਨੇ ਡਰ ਕੇ ਅੰਦਰ ਵੜ ਕੇ ਬੈਠਣ ਦੀ ਥਾਂ ਆਖਰੀ ਸਾਹ ਤੱਕ ਆਪਣੀ ਲੜਾਈ ਜਾਰੀ ਰੱਖੀ।
ਇਸੇ ਤਰ੍ਹਾਂ ਗੁਰਮਿਹਰ ਕੌਰ ਜਿਸ ਦਾ ਬਾਪ ਮਨਦੀਪ ਸਿੰਘ ਉਸ ਨੂੰ ਡੇਢ ਕੁ ਸਾਲ ਦੀ ਛੱਡ ਕੇ ਕਾਰਗਿਲ ਦੇ ਯੁੱਧ ਵਿਚ ਕੰਮ ਆ ਗਿਆ ਸੀ। ਗੁਰਮਿਹਰ ਨੇ ਫੇਸਬੁੱਕ ਤੇ ਇੱਕ ਸੱਚ ਲਿਖਣ ਦੀ ‘ਗੁਸਤਾਖ਼ੀ’ ਕਰ ਲਈ ਕਿ ‘ਉਸ ਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਸਗੋਂ ਜੰਗ ਨੇ ਮਾਰਿਆ ਹੈ’। ਬੱਸ ਫਿਰ ਕੀ ਸੀ! ਅਖੌਤੀ ਰਾਸ਼ਟਰਵਾਦੀ ਉਸ ਦੇ ਮਗਰ ਪੈ ਗਏ। ਉਸ ਨਾਲ ਬਲਾਤਕਾਰ ਕਰਨ ਅਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ। ਉਦੋਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਪਤਾ ਨਹੀਂ ਕੌਣ ਇਸ ਕੁੜੀ ਦੇ ਦਿਮਾਗ ਵਿਚ ਗੰਦ ਭਰ ਰਿਹਾ ਹੈ।’
ਉਸ ਨੇ ਜਵਾਬ ਦਿੱਤਾ, “ਮੈਂ ਰਾਸਟਰ ਵਿਰੋਧੀ ਨਹੀਂ, ਨਾ ਹੀ ਕਿਸੇ ਨੇ ਮੇਰੇ ਦਿਮਾਗ ਵਿਚ ਕੁਝ ਭਰਿਆ ਹੈ। ਮੈਂ ਸਹੀ ਗਲਤ ਬਾਰੇ ਸੋਚ ਸਕਦੀ ਹਾਂ। ਸਹੀ ਗੱਲ ਲੋਕਾਂ ਅੱਗੇ ਰੱਖ ਸਕਦੀ ਹਾਂ।” ਗੁਰਮਿਹਰ ਇਹੀ ਤਾਂ ਤੇਰੀ ਗਲਤੀ ਹੈ। ਇੱਥੇ ਸੱਚ ਬੋਲਣ ਅਤੇ ਲਿਖਣ ਵਾਲੇ ਹੀ ਗੁਨਾਹਗਾਰ ਹਨ!
ਜਾਮੀਆ ਮਿਲਿਆ ਇਸਲਾਮੀਆ ਦੀ ਵਿਦਿਆਰਥਣ ਸਫੂਰਾ ਜ਼ਰਗਰ ਜਿਸ ਨੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਵਿਚ ਸਰਗਰਮ ਭੂਮਿਕਾ ਨਿਭਾਈ ਸੀ, ਦਿੱਲੀ ਪੁਲੀਸ ਨੇ ਦਿੱਲੀ ਦੰਗਿਆਂ ਦੇ ਜ਼ਿੰਮੇਵਾਰ ਅਨਸਰਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰ ਕੇ ਸਫੂਰਾ ਅਤੇ ਸਾਥੀਆਂ ਉੱਤੇ ਕੇਸ ਦਰਜ ਕੀਤੇ ਗਏ ਹਨ। ਸਫੂਰਾ ਖਿਲਾਫ਼ ਐੱਫਆਈਆਰ ਦਰਜ ਕਰ ਕੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਲਗਾ ਕੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਉਸ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਣ ਤੇ ਵੀ ਉਸ ਨੂੰ ਭੀੜ-ਭੜੱਕੇ ਵਾਲੀ ਜੇਲ੍ਹ ਜਿੱਥੇ ਕਰੋਨਾਵਾਇਰਸ ਨਾਲ ਪੀੜਤ ਹੋਣ ਦਾ ਵਧੇਰੇ ਖ਼ਤਰਾ ਸੀ, ਵਿਚ ਰੱਖਿਆ ਗਿਆ। ਕੌਮਾਂਤਰੀ ਪੱਧਰ ਤੇ ਚਰਚਾ ਹੋਣ ਕਰ ਕੇ ਉਸ ਨੂੰ ਜ਼ਮਾਨਤ ਤੇ ਛੱਡਿਆ ਗਿਆ।
ਸਿਪਾਹੀ ਸੁਨੀਤਾ ਯਾਦਵ ਜੋ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਗੁਜਰਾਤ ਦੇ ਸਿਹਤ ਮੰਤਰੀ ਦੇ ਪੁੱਤਰ ਨੂੰ ਕਾਨੂੰਨ ਦੀ ਪਾਲਣਾ ਕਰਨ ਦਾ ਪਾਠ ਪੜ੍ਹਾ ਬੈਠੀ। ਹੁਣ ਉਹ ਫੇਸਬੁੱਕ ਤੇ ਲਾਈਵ ਹੋ ਕੇ ਮੰਤਰੀਆਂ, ਸੁਪਰੀਮ ਕੋਰਟ ਦੇ ਜੱਜਾਂ ਅਤੇ ਆਪਣੇ ਸੀਨੀਅਰ ਅਫ਼ਸਰਾਂ ਕੋਲੋਂ ਆਪਣਾ ਕਸੂਰ ਪੁੱਛ ਰਹੀ ਹੈ ਕਿ ਉਸ ਖਿਲਾਫ਼ ਹੀ ਇਨਕੁਆਰੀ ਕਿਉਂ ਚੱਲ ਰਹੀ ਹੈ? ਉਸ ਦੇ ਸੀਨੀਅਰ ਉਸ ਨੂੰ ਹੀ ਮਾਫੀ ਮੰਗਣ ਲਈ ਕਿਉਂ ਕਹਿ ਰਹੇ ਹਨ? ਉਸ ਦੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਉਹ ਹੈਰਾਨ ਹੈ ਕਿ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਉਹ ਅਤੇ ਉਸ ਦਾ ਪਰਿਵਾਰ ਸਜ਼ਾ ਭੁਗਤ ਰਹੇ ਹਨ। ਜਿਨ੍ਹਾਂ ਗਲਤੀ ਕੀਤੀ ਹੈ, ਉਹ ਆਜ਼ਾਦ ਘੁੰਮ ਰਹੇ ਹਨ।
ਮਹਿਲ ਕਲਾਂ ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਵੀ ਨਿਰਲੱਜ ਗੁੰਡਿਆਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਣਾ ਪਿਆ। ਭਲਾ ਹੋਵੇ ਉਸ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਬੁਰਛਾਗਰਦੀ ਖ਼ਿਲਾਫ਼ ਐਕਸ਼ਨ ਕਮੇਟੀ ਬਣਾ ਕੇ ਲੰਮਾ ਘੋਲ ਲੜਿਆ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ। ਅੱਜ ਇਹ ਘੋਲ ਮਿਸਾਲ ਬਣ ਕੇ ਸਾਹਮਣੇ ਆਇਆ ਹੈ।
ਔਰਤਾਂ ਲਈ ਦਿਨੋ-ਦਿਨ ਇਹ ਗਰਕਿਆ ਸਿਸਟਮ ਜਾਨ ਦੀ ਖੌਅ ਬਣਿਆ ਹੋਇਆ ਹੈ। ਆਪਣੇ ਲਈ ਇਨਸਾਨੀਅਤ ਨੂੰ ਪਰਿਭਾਸ਼ਿਤ ਕਰਨ ਵਾਲੀਆਂ, ਕਦਰਾਂ-ਕੀਮਤਾਂ ਨਾਲ ਲਬਰੇਜ਼, ਸਮਾਜ ਸਿਰਜਣ ਲਈ, ਔਰਤਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ। ਗੁਰਮਿਹਰ, ਸਫੂਰਾ ਜ਼ਰਗਰ ਜਾਂ ਸੁਨੀਤਾ ਯਾਦਵ ਵਰਗੀਆਂ ਧੀਆਂ ਇਸ ਸਾਹ ਘੁਟਵੇਂ ਮਹੌਲ ਵਿਚ ਚਾਨਣ ਦਾ ਛੱਟਾ ਦੇਣ ਲਈ ਹਿੱਸਾ ਪਾ ਰਹੀਆਂ ਹਨ ਪਰ ਇਸ ਦੁਰਾਡੀ ਮੰਜ਼ਿਲ ਨੂੰ ਸਰ ਕਰਨ ਲਈ ਰਲ ਕੇ ਆਵਾਜ਼ ਬੁਲੰਦ ਕਰਨੀ ਪਵੇਗੀ। ਮੰਜ਼ਿਲ ਭਾਵੇਂ ਦੂਰ ਹੈ ਪਰ ਬੁਲੰਦ ਹੌਸਲਿਆਂ ਵਾਲੇ ਮੰਜ਼ਿਲਾਂ ਤੇ ਪਹੁੰਚ ਹੀ ਜਾਂਦੇ ਹਨ। ਕਵੀ ਸੰਤ ਰਾਮ ਉਦਾਸੀ ਦੀਆਂ ਇਹ ਲਾਈਨਾਂ ਅੱਜ ਵੀ ਸਾਰਥਿਕ ਹਨ:
ਅਜੇ ਨਾ ਆਈ ਮੰਜ਼ਲ ਤੇਰੀ…।
ਸੰਪਰਕ: 76260-63596