ਪਾਲੀ ਰਾਮ ਬਾਂਸਲ
ਗੱਲ 2001 ਦੀ ਹੈ। ਬਗੀਚੀ ਵਾਲੇ ਮੰਦਿਰ ਵਿਚੋਂ ਗਰੀਬ ਪਰਿਵਾਰ ਦਾ ਦੋ ਸਾਲ ਦਾ ਬੱਚਾ ਅਗਵਾ ਹੋ ਗਿਆ। ਅਗਵਾ ਕਰਨ ਵਾਲੀ ਔਰਤ ਦਾ ਚਿਹਰਾ ਕੈਮਰੇ ਵਿਚ ਕੈਦ ਹੋ ਗਿਆ ਸੀ। ਪੁਲੀਸ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਗੰਭੀਰਤਾ ਨਾਲ ਬੱਚੇ ਦੀ ਭਾਲ ਨਹੀਂ ਸੀ ਕਰ ਰਹੀ। ਜਾਗਦੀਆਂ ਜ਼ਮੀਰਾਂ ਵਾਲੇ ਸ਼ਹਿਰੀਆਂ ਦੇ ਸਹਿਯੋਗ ਨਾਲ ਅਗਵਾ ਬੱਚੇ ਨੂੰ ਬਰਾਮਦ ਕਰਾਉਣ ਲਈ ਐਕਸ਼ਨ ਕਮੇਟੀ ਬਣਾਈ ਗਈ ਅਤੇ ਮੇਰੇ ਨਾਂਹ-ਨੁਕਰ ਕਰਨ ਦੇ ਬਾਵਜੂਦ ਮੈਨੂੰ ਕਮੇਟੀ ਦਾ ਕਨਵੀਨਰ ਬਣਾ ਦਿੱਤਾ। ਪ੍ਰਸ਼ਾਸਨ ਖਿਲਾਫ ਧਰਨੇ, ਬੰਦ, ਮਸ਼ਾਲ ਮਾਰਚ ਤੇ ਮੀਡੀਆ ਵੱਲੋਂ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਪ੍ਰਮੁਖਤਾ ਨਾਲ ਉਭਾਰਨ ਕਾਰਨ ਪੁਲੀਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਮੇਟੀ ਮੈਂਬਰਾਂ, ਖ਼ਾਸਕਰ ਮੈਨੂੰ ਸਿੱਧੇ-ਅਸਿੱਧੇ ਤਰੀਕੇ ਧਮਕੀਆਂ ਦਿੱਤੀਆ ਜਾ ਰਹੀਆਂ ਸੀ।
ਪੁਲੀਸ ਉੱਤੇ ਹੋਰ ਦਬਾਅ ਵਧਾਉਣ ਲਈ ਅਸੀਂ ਡੀਸੀ ਦਫਤਰ ਅੱਗੇ ਪੂਰੇ ਦਿਨ ਦਾ ਧਰਨਾ ਦੇ ਕੇ ਐਲਾਨ ਕਰ ਦਿੱਤਾ ਕਿ 15 ਅਗਸਤ ਨੂੰ ਜੋ ਵੀ ਮੰਤਰੀ ਝੰਡਾ ਝੁਲਾਉਣ ਆਏਗਾ, ਉਸ ਨੂੰ ਕਾਲੇ ਝੰਡੇ ਦਿਖਾਏ ਜਾਣਗੇ। ਇਸ ਐਲਾਨ ਨਾਲ ਪੁਲੀਸ ਪ੍ਰਸ਼ਾਸਨ ਨੂੰ ਹੋਰ ਵੀ ਭਾਜੜਾਂ ਪੈ ਗਈਆਂ। ਐੱਸਪੀ (ਡੀ) ਨੇ ਐੱਸਐੱਚਓ ਹੱਥ ਸੁਨੇਹਾ ਭੇਜਿਆ ਕਿ 15 ਅਗਸਤ ਦਾ ਦਿਨ ਸਾਰੇ ਮੁਲਕ ਲਈ ਬਹੁਤ ਅਹਿਮ ਹੈ, ਇਸ ਦਿਨ ਇਸ ਤਰ੍ਹਾਂ ਦਾ ਪ੍ਰਦਰਸ਼ਨ ਠੀਕ ਨਹੀਂ। ਸੁਨੇਹੇ ਵਿਚ ਸੁਝਾਅ ਦੇ ਨਾਲ ਪੁਲੀਸ ਵਾਲੀ ਧਮਕੀ ਵੀ ਸੀ। ਨਾਲ ਇਹ ਸੁਨੇਹਾ ਵੀ ਕਿ ਇਸ ਬਾਬਤ ਐੱਸਐੱਸਪੀ ਮੀਟਿੰਗ ਕਰਨ ਨੂੰ ਤਿਆਰ ਹਨ। ਬਾਅਦ ਦੁਪਿਹਰ ਕਰੀਬ ਇੱਕ ਵਜੇ ਅਸੀਂ ਕੁਝ ਸਿਆਸਤਦਾਨਾਂ ਤੇ ਹੋਰ ਸਾਥੀਆਂ ਨਾਲ ਬਰਨਾਲਾ ਰੋਡ ਸਥਿਤ ਪੁਲੀਸ ਲਾਈਨ ਵਿਚ ਐੱਸਐੱਸਪੀ ਨੂੰ ਮਿਲਣ ਚਲੇ ਗਏ ਅਤੇ ਅੱਧੇ ਕੁ ਘੰਟੇ ਦੀ ਮੀਟਿੰਗ ਤੋਂ ਬਾਅਦ ਵਾਪਸ ਧਰਨੇ ਵਾਲੀ ਜਗ੍ਹਾ ਤੇ ਆ ਬੈਠੇ।
ਮੇਰੀ ਧੀ ਉਸ ਸਮੇਂ 7 ਕੁ ਸਾਲ ਦੀ ਸੀ। ਉਹ ਆਪਣੇ ਸਕੂਲ ਆਟੋ-ਰਿਕਸ਼ਾ ਤੇ ਜਾਂਦੀ ਸੀ ਤੇ ਘਰ ਦੇ ਨੇੜੇ ਹੀ ਆਟੇ ਦੀ ਚੱਕੀ ਤੇ ਉਤਰ ਕੇ ਘਰ ਆ ਜਾਂਦੀ ਸੀ। ਧੀ ਦੇ ਘਰ ਆਉਣ ਮਗਰੋਂ ਉਹਦੀ ਸੰਭਾਲ ਮੇਰੇ ਮਾਤਾ-ਪਿਤਾ ਕਰਦੇ ਸਨ। ਉਸ ਦਿਨ ਆਮ ਵਾਂਗ ਮੇਰੀ ਅਧਿਆਪਕਾ ਪਤਨੀ ਸਾਡੇ ਸਾਲ ਕੁ ਦੇ ਪੁੱਤਰ ਨੂੰ ਨਾਲ ਲੈ ਕੇ ਸਕੂਲ ਡਿਊਟੀ ਗਈ ਹੋਈ ਸੀ। ਕੁਦਰਤੀ ਉਸੇ ਦਿਨ ਮਾਤਾ-ਪਿਤਾ ਕਿਸੇ ਭੋਗ ’ਤੇ ਗਏ ਸੀ।
ਉਧਰ, ਮੈਂ ਪੁਲੀਸ ਪ੍ਰਸ਼ਾਸਨ ਖਿਲਾਫ ਅੰਦੋਲਨ ਵਿਚ ਇੰਨਾ ਜਿ਼ਆਦਾ ਖੁੱਭ ਗਿਆ ਕਿ ਧੀ ਦੇ ਘਰੇ ਆਉਣ ਦਾ ਟਾਈਮ ਯਾਦ ਹੀ ਨਾ ਰਿਹਾ, ਇਹ ਵੀ ਚੇਤਾ ਨਾ ਰਿਹਾ ਕਿ ਘਰ ਜਿੰਦਾ ਲੱਗਿਆ ਹੋਇਆ। ਚੇਤਾ ਆਇਆ ਤਾਂ ਫਟਾ-ਫਟ ਘਰ ਨੂੰ ਭੱਜਿਆ। ਖੱਬੇ ਸੱਜੇ ਵਾਲੇ ਦੋਹਾਂ ਗੁਆਂਢੀਆਂ ਨੂੰ ਪੁੱਛਿਆ- “ਗੁੱਗੂ ਤੁਹਾਡੇ ਵੱਲ ਐ?” ਦੋਹਾਂ ਨੇ ਨਾਂਹ ਵਿਚ ਜਵਾਬ ਦਿੱਤਾ। ਘਬਰਾਇਆ ਹੋਇਆ ਮੈਂ ਚੱਕੀ ਵੱਲ ਭੱਜਿਆ ਅਤੇ ਚੱਕੀ ਤੇ ਬੈਠੇ ਬੰਦਿਆਂ ਨੂੰ ਪੁੱਛਿਆ। ਉਨ੍ਹਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਅਸੀਂ ਤਾਂ ਦੇਖਿਆ ਨਹੀਂ। ਮੇਰੀ ਬੇਚੈਨੀ ਹੋਰ ਵਧ ਰਹੀ ਸੀ ਤੇ ਅਫ਼ਰਾ-ਤਫ਼ਰੀ ਵਿਚ ਆਟੋ ਵਾਲੇ ਦੇ ਘਰ ਪਹੁੰਚ ਗਿਆ।
ਆਟੋ ਵਾਲੇ ਦਾ ਜਵਾਬ ਸੀ: “ਮੈਂ ਤਾਂ ਜੀ ਬਿਲਕੁੱਲ ਚੱਕੀ ਦੇ ਮੂਹਰੇ ਉਤਾਰ ਕੇ ਆਇਆਂ।”
“ਜੇ ਮੇਰੀ ਧੀ ਦਾ ਕੁਝ ਪਤਾ ਨਾ ਲੱਗਿਆ ਤਾਂ ਤੂੰ ਦੇਖੀਂ ਤੇਰੀ ਕੀ ਹਾਲਤ ਹੁੰਦੀ ਐ।” ਮੈਨੂੰ ਗੁੱਸੇ ਵਿਚ ਦੇਖ ਕੇ ਆਟੋ ਵਾਲਾ ਵੀ ਘਬਰਾ ਗਿਆ ਸੀ।
ਖੈਰ, ਸਮਾਂ ਨਾ ਗੁਆਉਂਦੇ ਹੋਏ ਮੈਂ ਐੱਸਐੱਸਪੀ ਨੂੰ ਫੋਨ ਕੀਤਾ, ਉਨ੍ਹਾਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਮੈਂ ਕਮੇਟੀ ਮੈਂਬਰਾਂ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਫੋਨ ਕਰ ਦਿੱਤੇ ਤੇ ਇਹ ਖਬਰ ਸਾਰੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਸਾਰੇ ਪੁਲੀਸ ਤੇ ਹੀ ਸ਼ੱਕ ਕਰ ਰਹੇ ਸੀ ਕਿ ਪੁਲੀਸ ਦੇ ਖਿ਼ਲਾਫ਼ ਮੇਰੇ ਵੱਲੋਂ ਝੰਡਾ ਚੁੱਕਣ ਕਾਰਨ ਹੀ ਇਹ ਪੁਲੀਸ ਦੀ ਸਾਜਿ਼ਸ਼ ਹੈ।
ਪੁੱਤਰ ਨੂੰ ਕੁੱਛੜ ਚੁੱਕੀ ਪਤਨੀ ਘਰ ਪਹੁੰਚੀ ਤਾਂ ਘਰ ਦੇ ਬਾਹਰ ਭੀੜ ਅਤੇ ਪੁਲੀਸ ਦੇਖਦਿਆਂ ਮੈਨੂੰ ਵੱਖਰਾ ਝੰਜੋੜ ਰਹੀ ਸੀ। ਮਾਂ ਦੀ ਮਮਤਾ ਚੰਡੀ ਦਾ ਰੂਪ ਧਾਰਨ ਕਰ ਚੁੱਕੀ ਸੀ।
“ਓਹ… ਕੁਝ ਨਹੀ ਹੁੰਦਾ, ਐਥੇ ਹੀ ਹੋਊ ਕਿਤੇ, ਮਿਲਜੂ।” ਅੰਦਰੋਂ ਧੁਰ ਤੱਕ ਟੁੱਟੇ ਹੋਏ ਪਰ ਬਾਹਰੋਂ ਹੌਸਲੇ ਦਾ ਪ੍ਰਗਟਾਵਾ ਕਰਦਿਆਂ ਮੈਂ ਪਤਨੀ ਨੂੰ ਧਰਵਾਸ ਦਿੱਤਾ।
“ਤੇਰੇ ਪੰਗੇ ਲੈਣ ਦੀ ਆਦਤ ਨੇ ਕੁੜੀ ਨੂੰ ਮੁਸ਼ਕਿਲ ਚ ਪਾ’ਤਾ। ਜੇ ਮੇਰੀ ਕੁੜੀ ਨੂੰ ਕੁਝ ਹੋ ਗਿਆ ਤਾਂ ਮੈਂ ਸਾਰੀ ਉਮਰ ਤੈਨੂੰ ਮਾਫ਼ ਨਹੀਂ ਕਰ ਸਕੂੰਗੀ।” ਮੇਰੇ ਮੋਢੇ ਨੂੰ ਝੰਜੋੜ ਕੇ ਪਤਨੀ ਨੇ ਰੋਂਦੇ ਹੋਏ ਕਿਹਾ। ਅੰਦਰੋਂ ਤਾਂ ਮੇਰੇ ਵੀ ਭੁੱਬ ਨਿਕਲ ਰਹੀ ਸੀ ਪਰ ਸੁੱਕੀ ਮਰਦਾਨਗੀ ਦਿਖਾਉਂਦਿਆਂ ਆਪਣੇ ਜਜ਼ਬਾਤ ਬਾਹਰ ਨਹੀਂ ਆਉਣ ਦੇ ਰਿਹਾ ਸੀ।
ਜਿਉਂ ਜਿਉਂ ਸਮਾਂ ਲੰਘ ਰਿਹਾ ਸੀ, ਸਭ ਦੀ ਚਿੰਤਾ ਤੇ ਘਬਰਾਹਟ ਵਧ ਰਹੀ ਸੀ, ਮਨ ਅੰਦਰ ਨਕਾਰਾਤਮਕ ਵਿਚਾਰ ਆ ਰਹੇ ਸਨ।
“ਕੀ ਗੱਲ ਹੋਗੀ ਕੁੜੀਓ, ਐਨੀ ਪੁਲੀਸ, ਕਾਹਦਾ ਕੱਠ ਹੋਇਆ ਪਿਐ?” ਮਾਸਟਰ ਫ਼ਕੀਰ ਚੰਦ ਦੀ ਘਰਵਾਲੀ ਜਿਨ੍ਹਾਂ ਦਾ ਘਰ ਸਾਡੇ ਘਰ ਤੋਂ ਦੋ ਮਕਾਨ ਛੱਡ ਕੇ ਸੀ, ਨੇ ਬਾਹਰ ਗਲੀ ਵਿਚ ਆ ਕੇ ਪੁੱਛਿਆ।
“ਗੁੱਗੂ ਸਕੂਲ ਤੋਂ ਘਰ ਨੀ ਪਹੁੰਚੀ।” ਗੁਆਂਢਣ ਨੇ ਫਿਕਰਮੰਦ ਹੁੰਦਿਆਂ ਜਵਾਬ ਦਿੱਤਾ।
“ਉਹ ਤਾਂ ਸਾਡੇ ਘਰ ਸੁੱਤੀ ਪਈ ਐ।” ਮਾਸਟਰ ਫ਼ਕੀਰ ਚੰਦ ਦੀ ਘਰਵਾਲੀ ਨੇ ਜਵਾਬ ਦਿੱਤਾ।
ਮੇਰੇ ਕੰਨਾਂ ਵਿਚ ਜਿਉਂ ਹੀ ਆਵਾਜ਼ ਪਈ, ਵਾਹੋ-ਦਾਹੀ ਉਨ੍ਹਾਂ ਦੇ ਘਰ ਵੱਲ ਭੱਜਾ ਤੇ ਧੀ ਨੂੰ ਗੋਦੀ ਚੁੱਕ ਲਿਆਇਆ। ਹੁਣ ਮੇਰੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲੱਗ ਗਈ ਸੀ।
“ਮਿਲ ਗਈ, ਮਿਲ ਗਈ।” ਮੈਂ ਕਮਲਿਆਂ ਵਾਂਗ ਰੌਲਾ ਪਾਉਂਦਾ ਘਰ ਵੱਲ ਭੱਜ ਰਿਹਾ ਸੀ।
ਅਸਲ ਵਿਚ ਹੋਇਆ ਇਹ ਕਿ ਜਦੋਂ ਸਵੇਰੇ ਪਿਤਾ ਜੀ ਗੁੱਗੂ ਨੂੰ ਆਟੇ ਵਾਲੀ ਚੱਕੀ ਸਾਹਮਣੇ ਆਟੋ-ਰਿਕਸ਼ਾ ਤੇ ਚੜ੍ਹਾਉਣ ਗਏ ਤਾਂ ਉੱਥੇ ਉਨ੍ਹਾਂ ਨੂੰ ਮਾਸਟਰ ਫ਼ਕੀਰ ਚੰਦ ਜੀ ਮਿਲ ਗਏ। ਪਿਤਾ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਅੱਜ ਲੌਂਗੋਵਾਲ ਭੋਗ ਤੇ ਜਾਣਾ ਹੈ, ਸ਼ਾਮ ਨੂੰ ਵਾਪਸ ਆਉਣਾ ਹੈ। ਇਸ ਤੇ ਮਾਸਟਰ ਜੀ ਨੇ ਧੀ ਨੂੰ ਕਹਿ ਦਿੱਤਾ ਕਿ ਧੀਏ, ਤੂੰ ਇੱਥੋਂ ਸਿੱਧੀ ਸਾਡੇ ਘਰ ਆ ਜਾਵੀਂ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ, ਇਸ ਲਈ ਕਿਸੇ ਨੇ ਮਾਸਟਰ ਜੀ ਦੇ ਘਰ ਪਤਾ ਨਹੀਂ ਕੀਤਾ।
ਹੁਣ ਡੀਐੱਸਪੀ ਦਾ ਗੁੱਸਾ ਅਸਮਾਨੀਂ ਚੜ੍ਹ ਗਿਆ ਸੀ: “ਘੰਟੇ ਤੋਂ ਵੱਧ ਹੋ ਚੁੱਕਿਐ ਐਥੇ ਰੌਲਾ ਪੈਂਦਿਆਂ ਤੇ ਪੁਲੀਸ ਦੇ ਦਗੜ ਦਗੜ ਕਰਦਿਆਂ ਪਰ ਇਨ੍ਹਾਂ ਨੂੰ ਬਾਹਰ ਦੀ ਕੋਈ ਸੁਰਤ ਹੀ ਨਹੀਂ।…”
ਸੰਪਰਕ: 81465-80919