ਮੁਲਕ ਅੰਦਰ ਸਿਆਸੀ ਅਤੇ ਸਮਾਜਿਕ ਤਬਦੀਲੀ ਲਈ ਬਥੇਰੀਆਂ ਲਹਿਰਾਂ ਚੱਲੀਆਂ। ਆਜ਼ਾਦੀ ਤੋਂ ਬਾਅਦ ਚੱਲੀਆਂ ਅਜਿਹੀਆਂ ਲਹਿਰਾਂ ਵਿਚੋਂ ਨਕਸਲਬਾੜੀ ਲਹਿਰ ਮੁੱਖ ਹੈ। ਇਸ ਨੇ ਮੁਲਕ ਅੰਦਰ ਬਰਾਬਰੀ ਵਾਲੇ ਨਿਜ਼ਾਮ ਦਾ ਨਾਅਰਾ ਹੀ ਨਹੀਂ ਮਾਰਿਆ ਬਲਕਿ ਮੁਲਕ ਦੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਕਰੀਅਰ ਅਤੇ ਡਿਗਰੀਆਂ ਛੱਡ ਕੇ ਤਬਦੀਲੀ ਵਾਲੇ ਰਾਹ ਵੱਲ ਖਿੱਚਿਆ। ਅਜਿਹੇ ਸੋਚਵਾਨ ਨੌਜਵਾਨਾਂ ਵਿਚੋਂ ਇਕ ਉਹ ਨੌਜਵਾਨ ਹਾਕਮ ਸਿੰਘ ਵੀ ਸ਼ਾਮਿਲ ਸੀ ਜੋ ਅਰਥ ਸ਼ਾਸਤਰ ਦੀ ਪੜ੍ਹਾਈ ਛੱਡ ਕੇ ਸਮੁੱਚੇ ਸਮਾਜ ਦੀ ਅਰਥ ਵਿਵਸਥਾ ਨੂੰ ਬਦਲਣ ਲਈ ਮੈਦਾਨ ਵਿਚ ਜਾ ਕੁੱਦਿਆ। ਇਹ ਨੌਜਵਾਨ ਮਗਰੋਂ ਕਾਮਰੇਡ ਹਾਕਮ ਸਿੰਘ ਸਮਾਓਂ ਦੇ ਨਾਂ ਨਾਲ ਮਸ਼ਹੂਰ ਹੋਇਆ ਅਤੇ ਉਘੇ ਲਿਖਾਰੀ ਜਸਵੰਤ ਸਿੰਘ ਕੰਵਲ ਦੇ ਚਰਚਿਤ ਨਾਵਲ ‘ਲਹੂ ਦੀ ਲੋਅ’ ਦਾ ਨਾਇਕ ਬਣਿਆ। ਜਿ਼ੰਦਗੀ ਦੇ ਇਸ ਨਾਇਕ ਨੇ ਤਬਦੀਲੀ ਦੇ ਪਿੜ ਵਿਚ ਅਜਿਹੇ ਕਦਮ ਰੱਖੇ ਕਿ 4 ਜੂਨ 1999 ਤੱਕ ਆਖਰੀ ਪਲਾਂ ਤੱਕ ਅਡੋਲ ਰਹੇ।
ਕਾਮਰੇਡ ਹਾਕਮ ਸਿੰਘ ਸਮਾਓਂ ਦਾ ਪਰਿਵਾਰਕ ਪਿਛੋਕੜ ਅਕਾਲੀ ਸੀ ਲੇਕਿਨ ਉਹ ਭਰ ਜਵਾਨੀ ਵਿਚ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਲੱਗ ਪਿਆ ਸੀ ਕਿ ਸਾਂਝੀਵਾਲਤਾ ਦਾ ਸਮਾਜ ਖੱਬੇ-ਪੱਖੀ ਵਿਚਾਰਧਾਰਾ ਹੀ ਸਿਰਜ ਸਕਦੀ ਹੈ। ਉਹ ਵਿਦਿਆਰਥੀ ਜੀਵਨ ਤੋਂ ਹੀ ਕਮਿਊਨਿਸਟ ਵਿਚਾਰਧਾਰਾ ਵੱਲ ਖਿੱਚਿਆ ਗਿਆ। ਉਨ੍ਹਾਂ ਪਹਿਲਾਂ ਸੀਪੀਆਈ ਅਤੇ ਫਿਰ ਸੀਪੀਐੱਮ ਤੇ ਇਨ੍ਹਾਂ ਨਾਲ ਸਬੰਧਤ ਅਖਬਾਰਾਂ ਮੈਗਜ਼ੀਨਾਂ ‘ਲੋਕ ਲਹਿਰ’ ਤੇ ‘ਨਵਾਂ ਜ਼ਮਾਨਾ’ ਵਿਚ ਕੰਮ ਕੀਤਾ ਪਰ ਰਵਾਇਤੀ ਖੱਬੇ-ਪੱਖੀਆਂ ਦੀ ਕਾਂਗਰਸ ਪਾਰਟੀ ਪ੍ਰਤੀ ਉਦਾਰਤਾ ਅਤੇ ਜਮਾਤੀ ਸਾਂਝ ਭਿਆਲੀ ਨੇ ਉਨ੍ਹਾਂ ਅੰਦਰ ਤਬਦੀਲੀ ਦੀ ਤਾਂਘ ਨੂੰ ‘ਬਸੰਤ ਦੀ ਕੜਕ’, ਭਾਵ ਨਕਸਲੀ ਲਹਿਰ ਵੱਲ ਆਕਰਸ਼ਿਤ ਕਰ ਦਿੱਤਾ। ਉਸ ਵਕਤ ਇਸ ਚੰਗਿਆੜੀ ਨੇ ਪੂਰੇ ਮੁਲਕ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ।
ਪੰਜਾਬ ਅੰਦਰ ਨਕਸਲਬਾੜੀ ਨਾਲ ਸਬੰਧਤ ਪਹਿਲੀ ਘਟਨਾ 8 ਦਸੰਬਰ 1968 ਨੂੰ ਹੋਈ ਜਦੋਂ ਕਾਮਰੇਡ ਹਾਕਮ ਸਿੰਘ ਨੇ ਆਪਣੇ ਪਿੰਡ ਸਮਾਓਂ ਵਿਚ ਖਾਲੀ ਪਈ ਜ਼ਮੀਨ ਵਿਚ ਝੰਡਾ ਗੱਡ ਦਿੱਤਾ। ਇਸ ਘਟਨਾ ਨੇ ਲਹਿਰ ਨੂੰ ਪੰਜਾਬ ਭਰ ਵਿਚ ਹੀ ਚਰਚਿਤ ਨਹੀਂ ਕੀਤਾ ਬਲਕਿ ਸੁੱਚਾ ਸਿੰਘ ਸੂਰਮਾ ਵਾਲੀ ‘ਸਮਾਂਅ’ ਹਾਕਮ ਸਿੰਘ ਸਮਾਓਂ ਦੇ ਨਾਮ ਤੇ ਜਾਣੀ ਜਾਣ ਲੱਗੀ। ਇਉਂ ਉਹ ਬਹੁਤ ਛੇਤੀ ਨੌਜਵਾਨਾਂ ਦੇ ਸਿਰਫ ਨਾਇਕ ਬਣ ਕੇ ਉੱਭਰੇ। ਉਹ ਰਿਕਾਰਡ 99 ਦਿਨ ਵੱਖ ਵੱਖ ਥਾਣਿਆਂ ਵਿਚ ਰਿਮਾਂਡ ਤੇ ਰਹੇ ਪਰ ਕੋਈ ਵੀ ਤਸ਼ੱਦਦ ਉਨ੍ਹਾਂ ਨੂੰ ਥਿੜਕਾ ਨਾ ਸਕਿਆ। ਸਟੇਟ ਦੇ ਮੁਕਾਬਲੇ ਛੋਟੀ ਤਾਕਤ ਹੋਣ ਕਾਰਨ ਲਹਿਰ ਬੇਸ਼ੱਕ ਅਨੇਕਾਂ ਕੁਰਬਾਨੀਆਂ ਦੇ ਬਾਵਜੂਦ ਖੁਸ਼ਹਾਲ ਭਾਰਤ ਦੀ ਸਿਰਜਣਾ ਦੇ ਆਪਣੇ ਮਿਸ਼ਨ ਨੂੰ ਹਾਸਿਲ ਨਹੀਂ ਕਰ ਸਕੀ ਪਰ ਲਹਿਰ ਵਿਚ ਕੁੱਦੇ ਨੌਜਵਾਨਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣਗਏ। ਮਗਰੋਂ ਲਹਿਰ ਅਨੇਕਾਂ ਭਟਕਾਵਾਂ ਅਤੇ ਫੁੱਟਾਂ ਦਾ ਸ਼ਿਕਾਰ ਹੋਈ ਪਰ ਕਾਮਰੇਡ ਸਮਾਓਂ ਨੇ ਲਹਿਰ ਨੂੰ ਇੱਕਮੁੱਠ ਰੱਖਣ ਦੇ ਯਤਨ ਜਾਰੀ ਰੱਖੇ।
ਫਿਰ ਚਿਰਾਂ ਮਗਰੋਂ ਸਾਥੀ ਵਿਨੋਦ ਮਿਸ਼ਰਾ ਤੇ ਨਾਗਭੂਸ਼ਨ ਪਟਨਾਇਕ ਦੀ ਅਗਵਾਈ ਵਿਚ ਬਣਿਆ ਇੰਡੀਅਨ ਪੀਪਲਜ਼ ਫਰੰਟ ਕਾਮਰੇਡ ਸਮਾਓਂ ਨੇ ਪੰਜਾਬ ਵਿਚ ਕਾਇਮ ਕੀਤਾ। ਅਤਿਵਾਦ ਦੇ ਦੌਰ ਦੌਰਾਨ ਉਨ੍ਹਾਂ ਜਮਹੂਰੀ ਫੈਡਰਲਿਜ਼ਮ ਦਾ ਨਾਅਰਾ ਹੀ ਬੁਲੰਦ ਕੀਤਾ ਅਤੇ ਸਟੇਟ ਤੇ ਫਿਰਕੂ ਦਮਨ ਦਾ ਵਿਰੋਧ ਕੀਤਾ ਗਿਆ। ਇਸੇ ਕਾਰਨ 1990 ਵਿਚ ਭੀਖੀ ਥਾਣੇ ਉੱਪਰ ਹਮਲੇ ਦੇ ਦੋਸ਼ ਵਿਚ ਉਨ੍ਹਾਂ ਨੂੰ ਬਿਰਧ ਅਵਸਥਾ ਵਿਚ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਚਾਰ ਜੂਨ ਨੂੰ ਪੰਜਾਬ ਵਿਚ ਵੱਖ ਵੱਖ ਥਾਈਂ ਕਾਮਰੇਡ ਹਾਕਮ ਸਿੰਘ ਸਮਾਓਂ ਦੀ 22ਵੀਂ ਬਰਸੀ ਮਨਾਈ ਜਾ ਰਹੀ ਹੈ ਤਾਂ ਦਿੱਲੀ ਦੇ ਬਾਰਡਰਾਂ ਤੇ ਲੜੇ ਜਾ ਰਹੇ ਇਤਿਹਾਸਕ ਘੋਲ ਲਈ ਅਜਿਹੇ ਨਾਇਕ ਮਾਰਗ ਦਰਸ਼ਕ ਹਨ।
ਸੰਪਰਕ: 98768-96122