ਸੋਮ ਆਨੰਦ
‘ਕਹਾਂ ਗਿਆ ਮੇਰਾ ਸ਼ਹਿਰ ਲਾਹੌਰ’ ਦੇ ਲੇਖਕ ਸੋਮ ਆਨੰਦ ਦਾ ਮਾਮਾ ਪਰਸ ਰਾਮ ਨੈਸ਼ਨਲ ਕਾਲਜ ਲਾਹੌਰ ਵਿਚ ਪੜ੍ਹਾਉਂਦਾ ਸੀ। ਉਸ ਨੂੰ ਸਾਂਡਰਸ ਕਤਲ ਕੇਸ ਵਿਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਗਵਾਹੀ ਦੇਣ ਲਈ ਬੁਲਾਇਆ ਗਿਆ। ਭਗਤ ਸਿੰਘ ਦੇ ਜਨਮ ਦਿਵਸ ’ਤੇ ਉਸ ਗਵਾਹੀ ਦਾ ਹਾਲ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਇੱਛਰੇ ਦਾ ਜਿ਼ਕਰ ਆਉਂਦਾ ਹੈ ਤਾਂ ਮੈਨੂੰ ਆਪਣਾ ਮਾਮਾ ਯਾਦ ਆ ਜਾਂਦਾ ਹੈ। ਬਾਗ਼ੀ ਕਿਸਮ ਦੇ ਇਨਸਾਨ ਸਨ। ਉਨ੍ਹਾਂ ਦਾ ਨਾਮ ਪਰਸ ਰਾਮ ਸੀ। ਉਨ੍ਹਾਂ ਨੇ ਵੀ ਜਿ਼ੰਦਗੀ ਵਿਚ ਕਿਸੇ ਪ੍ਰਕਾਰ ਦੀ ਪਾਬੰਦੀ ਕਬੂਲ ਨਹੀਂ ਕੀਤੀ। ਵਕਾਲਤ ਉਨ੍ਹਾਂ ਨੇ ਪਾਸ ਕੀਤੀ ਪਰ ਵਕਾਲਤ ਨਹੀਂ ਕੀਤੀ। ਉਨ੍ਹਾਂ ਦੇ ਕਹਿਣ ਅਨੁਸਾਰ, ਇਸ ਧੰਦੇ ਵਿਚ ਬਹੁਤੀ ਵਾਰ ਝੂਠ ਬੋਲਣਾ ਪੈਂਦਾ ਹੈ। ਚੰਗੀ ਨੌਕਰੀ ਉਨ੍ਹਾਂ ਨੂੰ ਇਸ ਲਈ ਨਹੀਂ ਮਿਲ ਸਕੀ ਕਿਉਂਕਿ ਕਿਸੇ ਅਫ਼ਸਰ ਦੀ ਕੋਈ ਨਾਜਾਇਜ਼ ਝਿੜਕ ਸਹਿਣ ਲਈ ਉਹ ਤਿਆਰ ਨਹੀਂ ਸਨ ਹੁੰਦੇ। ਜਿ਼ੰਦਗੀ ਵਿਚ ਤਿੰਨ ਚੀਜ਼ਾਂ ਉਨ੍ਹਾਂ ਨੇ ਬਾਕਾਇਦਗੀ ਨਾਲ ਕੀਤੀਆਂ; ਇਕ ਤਾਂ ਬਹਿਸ ਜਿਸ ਵਿਚ ਉਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ ਸੀ; ਦੂਜੀ ਸੱਟੇਬਾਜ਼ੀ ਜਿਸ ਵਿਚ ਉਨ੍ਹਾਂ ਉਮਰ ਭਰ ਦੀ ਕਮਾਈ ਗੁਆ ਦਿੱਤੀ; ਤੀਜੀ, ਉਹ ਮੁਕੱਦਮੇਬਾਜ਼ੀ ਦੇ ਸ਼ੌਕੀਨ ਸਨ। ਇਸ ਵਿਚ ਉਨ੍ਹਾਂ ਨੇ ਗੁਆਇਆ ਹੀ ਗੁਆਇਆ, ਖੱਟਿਆ ਕੁਝ ਨਹੀਂ। ਉਂਝ ਤਾਂ ਉਨ੍ਹਾਂ ਦੇ ਮੁਕੱਦਮਿਆਂ ਦੀ ਕਥਾ ਇੰਨੀ ਲੰਮੀ ਅਤੇ ਦਿਲਚਸਪ ਹੈ ਕਿ ਨਾਵਲ ਤਿਆਰ ਕੀਤਾ ਜਾ ਸਕਦਾ ਹੈ ਪਰ ਇੱਥੇ ਕੇਵਲ ਅਦਾਲਤ ਵਿਚ ਉਨ੍ਹਾਂ ਦੀ ਇਕ ਪੇਸ਼ੀ ਦਾ ਜਿ਼ਕਰ ਕਰਾਂਗਾ ਜਿਸ ਕਾਰਨ ਸ਼ਹਿਰ ਲਾਹੌਰ ਵਿਚ ਸਨਸਨੀ ਜਿਹੀ ਫੈਲ ਗਈ ਸੀ।
ਹੋਇਆ ਇਉਂ ਕਿ ਐੱਲਐੱਲਬੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਸੰਦ ਦੀ ਕੋਈ ਨੌਕਰੀ ਨਾ ਮਿਲੀ ਤਾਂ ਉਨ੍ਹਾਂ ਨੈਸ਼ਨਲ ਕਾਲਜ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਹ ਉਹੀ ਕਾਲਜ ਹੈ ਜਿਸ ਨੂੰ ਨਾ-ਮਿਲਵਰਤਣ ਲਹਿਰ ਦੇ ਦਿਨਾਂ ਵਿਚ ਮੁੰਡਿਆਂ ਲਈ ਸ਼ੁਰੂ ਕੀਤਾ ਗਿਆ ਸੀ ਜੋ ਦੂਜੀਆਂ ਵਿੱਦਿਅਕ ਸੰਸਥਾਵਾਂ ਛੱਡ ਚੁੱਕੇ ਸਨ। ਇਸ ਦੇ ਪ੍ਰਿੰਸੀਪਲ ਪ੍ਰਸਿੱਧ ਇਨਕਲਾਬੀ ਸ੍ਰੀ ਛਬੀਲ ਦਾਸ ਸਨ ਜਿਨ੍ਹਾਂ ਦੇ ਨਾਂ ਨਾਲ ਪ੍ਰਿੰਸੀਪਲ ਦਾ ਸ਼ਬਦ ਕਾਲਜ ਨਾਲ ਜੁੜੇ ਹੋਣ ਕਾਰਨ ਸਾਰੀ ਉਮਰ ਲਈ ਜੁੜ ਗਿਆ। ਭਗਤ ਸਿੰਘ ਵੀ ਕੁਝ ਸਮੇਂ ਲਈ ਇੱਥੇ ਪੜ੍ਹਦਾ ਰਿਹਾ।
ਸਾਡੇ ਮਾਮੇ ਨੇ ਹਾਲਾਂਕਿ ਉੱਥੇ ਥੋੜ੍ਹਾ ਹੀ ਸਮਾਂ ਪੜ੍ਹਾਇਆ ਪਰ ਜਦ ਭਗਤ ਸਿੰਘ ’ਤੇ ਬੰਬ ਸੁੱਟਣ ਵਾਲਾ ਮੁਕੱਦਮਾ ਚੱਲਿਆ ਤਾਂਸਰਕਾਰ ਵੱਲੋਂ ਉਨ੍ਹਾਂ ਨੂੰ ਵੀ ਗਵਾਹੀ ਲਈ ਬੁਲਾਇਆ ਗਿਆ। ਪੁਲੀਸ ਨੂੰ ਅਸਲ ਵਿਚ ਨੈਸ਼ਨਲ ਕਾਲਜ ਵਿਚ ਸਾਇੰਸ ਪੜ੍ਹਾਉਣ ਵਾਲੇ ਟੀਚਰ ਦੀ ਭਾਲ ਸੀ ਕਿਉਂਕਿ ਅਫਸਰਾਂ ਨੂੰ ਸ਼ੱਕ ਸੀ ਕਿ ਭਗਤ ਸਿੰਘ ਨੇ ਬੰਬ ਬਣਾਉਣ ਦਾ ਗੁਰ ਸਾਇੰਸ ਮਾਸਟਰ ਤੋਂ ਹੀ ਸਿੱਖਿਆ ਹੈ। ਸਾਇੰਸ ਪੜ੍ਹਾਉਣ ਵਾਲਾ ਤਾਂ ਮਿਲਿਆ ਨਹੀਂ, ਸਾਡਾ ਮਾਮਾ ਪੁਲੀਸ ਦੀਆਂ ਨਜ਼ਰਾਂ ਵਿਚ ਆ ਗਿਆ। ਜਦ ਇੱਛਰੇ ਵਿਚ ਉਨ੍ਹਾਂ ਕੋਲ ਸੰਮਨ ਪਹੁੰਚੇ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ। ਭਗਤ ਸਿੰਘ ਦੇ ਮੁਕੱਦਮੇ ਵਿਚ ਸਰਕਾਰੀ ਗਵਾਹ ਦੇ ਤੌਰ ’ਤੇ ਪੇਸ਼ ਹੋਣਾ ਅਜਿਹੇ ਸ਼ਖ਼ਸ ਨੂੰ ਕਿਵੇਂ ਪਸੰਦ ਹੋ ਸਕਦਾ ਸੀ ਜਿਸ ਨੇ ਬਗ਼ਾਵਤ ਨੂੰ ਧਰਮ ਦਾ ਦਰਜਾ ਦਿੱਤਾ ਹੋਵੇ। ਸੋਚਦੇ ਰਹੇ ਕਿ ਇਸ ਪੇਸ਼ੀ ਤੋਂ ਕਿਵੇਂ ਬਚਾਂ। ਦੋਸਤਾਂ, ਰਿਸ਼ਤੇਦਾਰਾਂ ਕੋਲ ਜਿ਼ਕਰ ਕੀਤਾ ਤਾਂ ਉਹ ਅੱਗਿਓਂ ਹੱਸੇ; ਬੋਲੇ, “ਪਰਸ ਰਾਮ ਜੀ, ਹੁਣ ਤਾਂ ਤੁਸੀਂ ਫਸ ਗਏ। ਸਾਡੇ ਮੂਹਰੇ ਤਾਂ ਬੜੀਆ ਸ਼ੇਖੀਆਂ ਮਾਰਦੇ ਸੀ, ਹੁਣ ਦੇਖਦੇ ਹਾਂ ਉੱਥੇ ਕੀ ਕਰਦੇ ਹੋ?” ਉਹ ਵੀ ਤੰਗ ਆ ਕੇ ਬੋਲਿਆ, “ਦੇਖ ਲਿਓ, ਮੈਂ ਉੱਥੇ ਕੁਝ ਨਹੀਂ ਕਹੂੰਗਾ।” ਪੁੱਛਿਆ, “ਕਿਵੇਂ?” ਉੱਤਰ ਦਿੱਤਾ, “ਬੱਸ ਦੇਖ ਲਿਓ।”
ਪੇਸ਼ੀ ਵਾਲੇ ਦਿਨ ਉਨ੍ਹਾਂ ਸਾਈਕਲ ਲਿਆ ਤੇ ਜੇਲ੍ਹ ਵੱਲ ਹੋ ਲਏ ਜਿੱਥੇ ਮੈਜਿਸਟਰੇਟ ਪੰਡਤ ਸ੍ਰੀ ਕ੍ਰਿਸ਼ਨ ਦੀ ਅਦਾਲਤ ਵਿਚ ਭਗਤ ਸਿੰਘ ਦਾ ਮੁਕੱਦਮਾ ਪੇਸ਼ ਸੀ। ਦਰਵਾਜ਼ੇ ’ਤੇ ਪਹਿਲੀ ਝੜਪ ਤਾਂ ਉਨ੍ਹਾਂ ਦੀ ਅੰਗਰੇਜ਼ ਸੰਤਰੀਆਂ ਨਾਲ ਹੋਈ ਜੋ ਉਨ੍ਹਾਂ ਦੀ ਤਲਾਸ਼ੀ ਲੈਣਾ ਚਾਹੁੰਦੇ ਸਨ। ਮਾਮੇ ਨੇ ਤਲਾਸ਼ੀ ਦੇਣ ਤੋਂ ਨਾਂਹ ਕਰ ਦਿੱਤੀ। ਸੰਤਰੀਆਂ ਨੇ ਕਿਹਾ, “ਇਹ ਦਸਤੂਰ ਹੈ।” ਜਵਾਬ ਦਿੱਤਾ, “ਹੋਵੇਗਾ … ਦੋਸਤੋ, ਮੈਨੂੰ ਤਾਂ ਗੌਰਮਿੰਟ ਨੇ ਗਵਾਹੀ ਲਈ ਬੁਲਾਇਆ ਹੈ। ਇਹ ਦੇਖੋ ਸੰਮਨ, ਕੋਈ ਚੋਰ-ਉਚੱਕਾ ਥੋੜ੍ਹਾ ਹਾਂ ਜਿਹੜਾ ਤਲਾਸ਼ੀ ਦੇਵਾਂ।” ਇਹ ਕਹਿ ਕੇ ਉਨ੍ਹਾਂ ਆਪਣਾ ਸਾਈਕਲ ਮੋੜ ਲਿਆ। ਇਹ ਦੇਖ ਕੇ ਸੰਤਰੀ ਅੰਦਰੋਂ ਮਿਸਟਰ ਅਬਦੁਲ ਅਜ਼ੀਜ਼ ਨੂੰ ਸੱਦ ਲਿਆਏ ਜੋ ਸਰਕਾਰੀ ਵਕੀਲ ਸੀ ਅਤੇ ਮੁਕੱਦਮੇ ਦਾ ਇੰਚਾਰਜ ਸੀ। ਮਿਸਟਰ ਅਬਦੁਲ ਅਜ਼ੀਜ਼ ਨੇ ਬਥੇਰਾ ਸਮਝਾਇਆ ਕਿ ਦੇਖੋ ਇੱਥੇ ਸਭ ਤਲਾਸ਼ੀ ਦੇ ਕੇ ਅੰਦਰ ਜਾਂਦੇ ਹਨ। ਡਾਕਟਰ ਗੋਪੀ ਚੰਦ ਭਾਰਗੋ ਵੀ ਤਲਾਸ਼ੀ ਦੇ ਕੇ ਗਏ ਹਨ। ਉਨ੍ਹਾਂ ਨੇ ਕਿਹਾ, “ਗਏ ਹੋਣਗੇ ਪਰ ਮੈਂ ਤਾਂ ਨਹੀਂ ਦਿੰਦਾ ਤਲਾਸ਼ੀ।” ਅੰਤ ਨੂੰ ਕੁਝ ਬਹਿਸ ਮੁਬਾਹਸੇ ਦੇ ਬਾਅਦ ਉਹ ਮੰਨ ਗਏ ਕਿ ਨਾ ਦਿਓ ਤਲਾਸ਼ੀ।
ਅੰਦਰ ਪਹੁੰਚੇ ਤਾਂ ਪਹਿਲੀ ਨਜ਼ਰ ਕਟਹਿਰੇ ’ਤੇ ਗਈ ਜਿੱਥੇ ਭਗਤ ਸਿੰਘ ਤੇ ਉਨ੍ਹਾਂ ਦੇ ਦੋਨੋਂ ਸਾਥੀ ਖੜ੍ਹੇ ਸਨ। ਭਗਤ ਸਿੰਘ ਨੇ ਦੇਖਦੇ ਹੀ ਹੱਥ ਜੋੜ ਕੇ ਕਿਹਾ, “ਮਾਸਟਰ ਜੀ ਨਮਸਤੇ।” ਮਾਮਾ ਜੀ ਇਹ ਸੋਚ ਕੇ ਸ਼ਰਮ ਨਾਲ ਪਾਣੀ ਹੋ ਗਏ ਕਿ ਮੈਂ ਇੱਥੇ ਸਰਕਾਰੀ ਗਵਾਹ ਦੇ ਤੌਰ ’ਤੇ ਆਇਆ ਹਾਂ। ਸਬਬ ਨਾਲ ਜਿ਼ਆਦਾ ਦੇਰ ਨਹੀਂ ਉਡੀਕਣਾ ਪਿਆ ਕਿਉਂਕਿ ਪਹਿਲੀ ਗਵਾਹੀ ਉਨ੍ਹਾਂ ਦੀ ਹੀ ਸੀ। ਆਵਾਜ਼ ਪੈਣ ’ਤੇ ਹਾਜ਼ਰ ਹੋ ਗਏ। ਰੀਡਰ ਨੇ ਸੁਆਲ ਕਰਨੇ ਸ਼ੁਰੂ ਕੀਤੇ, “ਨਾਮ, ਜਾਤ?” ਉਨ੍ਹਾਂ ਕਿਹਾ, “ਮੇਰੀ ਕੋਈ ਜਾਤ ਨਹੀਂ।” ਰੀਡਰ ਨੇ ਹੈਰਾਨੀ ਨਾਲ ਸਿਰ ਚੁੱਕ ਕੇ ਦੇਖਿਆ, “ਇਹ ਕਿਵੇਂ ਹੋ ਸਕਦਾ ਹੈ- ਕੋਈ ਜਾਤ ਤਾਂ ਹੋਵੇਗੀ?” ਜਵਾਬ ਮਿਲਿਆ, “ਨਹੀਂ, ਮੈਂ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਰੱਖਦਾ।”
ਇਸ ਅੰਦਾਜ਼ ਦੀ ਬਹਿਸ ਦੋ-ਤਿੰਨ ਮਿੰਟ ਹੁੰਦੀ ਰਹੀ। ਆਖ਼ੀਰ ਮੈਜਿਸਟਰੇਟ ਨੂੰ ਗੁੱਸਾ ਆ ਗਿਆ। ਉਸ ਨੇ ਮੇਜ਼ ’ਤੇ ਮੁੱਕਾ ਮਾਰ ਕੇ ਕਿਹਾ, “ਕੀ ਏਂ? ਭੱਲਾ ਏਂ, ਕਪੂਰ ਏਂ, ਸਾਹਨੀ ਏਂ, ਮਲਹੋਤਰਾ ਏਂ?”
ਉਨ੍ਹਾਂ ਨੇ ਵੀ ਉਸੇ ਤਰ੍ਹਾਂ ਗੁੱਸੇ ਵਿਚ ਕਿਹਾ, “ਅੱਛਾ ਲਿਖੋ”, ਇਹ ਕਹਿ ਕੇ ਉਹ ਅੰਗਰੇਜ਼ੀ ਵਿਚ ਬੋਲੇ, “Indian by nationality and slave by birth”, ਅਰਥਾਤ ਮੈਂ ਕੌਮ ਦਾ ਹਿੰਦੋਸਤਾਨੀ ਅਤੇ ਜਨਮ ਤੋਂ ਗ਼ੁਲਾਮ ਹਾਂ।
ਇਹ ਸੁਣ ਕੇ ਅਦਾਲਤ ਵਿਚ ਚੁੱਪ ਛਾ ਗਈ। ਸਭ ਨੂੰ ਅਹਿਸਾਸ ਹੋਇਆ, ਕੀ ਕਿਹਾ ਗਿਆ ਹੈ, ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੋਸ਼ ਵਿਚ ਆ ਕੇ ‘ਇਨਕਲਾਬ ਜਿ਼ੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲੀਸ ਦੇ ਸੰਤਰੀ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਦੌੜੇ। ਮੈਜਿਸਟਰੇਟ ਨੇ ਮਾਮੇ ਨੂੰ ਕਿਹਾ, “ਜਾਓ ਤੁਹਾਡੀ ਗਵਾਹੀ ਦੀ ਲੋੜ ਨਹੀਂ।” ਇਸ ਵਿਚਕਾਰ ਵੱਡੇ ਸਰਕਾਰੀ ਵਕੀਲ ਮਿਸਟਰ ਫੋਰਡ ਵੱਲੋਂ ਮਿਸਟਰ ਅਬਦੁਲ ਅਜ਼ੀਜ਼ ਨੂੰ ਇਹ ਕਹਿੰਦੇ ਸੁਣਿਆ ਗਿਆ, “ਮੂਰਖਾ, ਇਸ ਆਦਮੀ ਨੂੰ ਕਿਸ ਕੰਮ ਲਈ ਇੱਥੇ ਬੁਲਾਇਆ ਹੈ; ਦੇਖਦਾ ਨਹੀਂ, ਉਸ ਨੇ ਸਿਰ ਤੋਂ ਪੈਰਾਂ ਤੱਕ ਖੱਦਰ ਪਹਿਨਿਆ ਹੋਇਆ ਹੈ।”