ਨਰਾਇਣ ਦੱਤ
ਸਮਾਜਿਕ ਜਬਰ ਖਾਸਕਰ ਔਰਤਾਂ ਉੱਪਰ ਹੁੰਦੇ ਜਬਰ ਵਿਰੋਧੀ ਮਹਿਲ ਕਲਾਂ ਘੋਲ ਨੇ 25 ਸਾਲ ਦਾ ਸ਼ਾਨਾਮੱਤਾ ਸਫਰ ਤੈਅ ਕਰ ਲਿਆ ਹੈ। ਆਮ ਔਰਤਾਂ ਖਿਲ਼ਾਫ ਵਾਪਰਦੀਆਂ ਜਬਰ ਦੀਆਂ ਘਟਨਾਵਾਂ ਵਾਂਗ ਕਾਲਜ ਤੋਂ ਘਰ ਪਰਤ ਰਹੀ ਵਿਦਿਆਰਥਣ ਨਾਲ ਅਗਵਾ ਹੋਣ ਅਤੇ ਸਮੂਹਿਕ ਜਬਰ ਜਿਨਾਹ ਤੋਂ ਲੈ ਕੇ ਕਤਲ ਤੱਕ ਵਾਪਰੀ ਇਹ ਵੀ ਇੱਕ ਘਟਨਾ ਹੀ ਸੀ। ਇਲਾਕੇ ਦੀ ਸੰਘਰਸ਼ ਵਾਲੀ ਵਿਰਾਸਤ ਆਪਣੀ ਬੁੱਕਲ ਵਿਚ ਸਮੋਈ ਬੈਠੀ ਵੱਖ ਵੱਖ ਵਿਚਾਰਾਂ ਵਾਲੀ ਅਗਵਾਨੂੰ ਟੀਮ ਕੋਲ ਜਦ 2 ਅਗਸਤ 1997 ਨੂੰ ਇਹ ਮਸਲਾ ਆਇਆ ਤਾਂ ਪਹਿਲੀ ਨਜ਼ਰੇ ਹੀ ਇਹ ਮਸਲਾ ਸਾਧਾਰਨ ਨਹੀਂ ਜਾਪਦਾ ਸੀ। ਇਸ ਮਸਲੇ ਦੇ ਹੱਲ ਲਈ ਅਧਿਆਪਕ ਜਥੇਬੰਦੀਆਂ ਸਾਂਝੇ ਤੌਰ ’ਤੇ ਪੜਤਾਲ ਕਰਨ ਮਗਰੋਂ ਜਥੇਬੰਦਕ ਰੂਪ ਵਿਚ ਯਤਨ ਜੁਟਾ ਚੁੱਕੀਆਂ ਸਨ। ਪੁਲੀਸ ਪ੍ਰਸ਼ਾਸਨ ਦਾ ਰਵੱਈਆ ਸਪੱਸ਼ਟ ਹੋ ਚੁੱਕਾ ਸੀ। ਐਕਸ਼ਨ ਕਮੇਟੀ ਬਣਾ ਕੇ ਤੈਅ ਕੀਤਾ ਕਿ ਲੋਕ ਇਤਿਹਾਸ ਦੇ ਸਿਰਜਣਹਾਰ ਹੁੰਦੇ ਹਨ, ਇਸ ਲਈ ਸੰਘਰਸ਼ ਲੋਕਾਂ ’ਤੇ ਟੇਕ ਰੱਖ ਕੇ ਚਲਾਇਆ ਜਾਵੇਗਾ। ਵਾਰਦਾਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਪੁਲੀਸ ਅਫਸਰਾਂ ਨਾਲ ਪਹਿਲੀ ਮੁਲਾਕਾਤ ਸਮੇਂ, ਅਧਿਆਪਕ ਜਥੇਬੰਦੀਆਂ ਦੀ ਪੁਲੀਸ ਦੇ ਰਵੱਈਏ ਬਾਰੇ ਰੱਖੀ ਗੱਲ ਉੱਪਰ ਮੋਹਰ ਲੱਗ ਗਈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਮਹਿਲ ਕਲਾਂ ਦੇ ਬਦਨਾਮ ਟੋਲੇ ਦੇ ਕਾਕਿਆਂ ਦੀ ਸ਼ਮੂਲੀਅਤ ਦੇ ਮੁੱਢਲੇ ਸੰਕੇਤ ਸਾਹਮਣੇ ਆ ਗਏ ਸਨ। ਸੋ, ਐਕਸ਼ਨ ਕਮੇਟੀ ਨੇ ਛੇਤੀ ਹੀ ਵੱਡਾ ਫੈਸਲਾ ਕਰਦਿਆਂ 4 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਚ ਇਕੱਠੇ ਹੋਣ ਤੋਂ ਬਾਅਦ ਥਾਣਾ ਮਹਿਲ ਕਲਾਂ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ।
25 ਸਾਲਾਂ ਦੇ ਲੋਕ ਸੰਘਰਸ਼ ਦੀ ਚੁਣੌਤੀਆਂ ਭਰਪੂਰ ਗਾਥਾ ਲਗਤਾਰ ਜਾਰੀ ਹੈ। ਐਕਸ਼ਨ ਕਮੇਟੀ ਆਗੂਆਂ ਨੇ ਗੁੰਡਾ-ਪੁਲੀਸ-ਸਿਆਸੀ ਗੱਠਜੋੜ ਦੀ ਚੁਣੌਤੀ ਸਿਦਕਦਿਲੀ ਨਾਲ ਸਵੀਕਾਰ ਕੀਤੀ ਹੈ। ਮੌਤ ਦੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਬਗੈਰ ਸੰਘਰਸ਼ ਦੀ ਧਾਰ ਨੂੰ ਸਹੀ ਦਿਸ਼ਾ ਵਿਚ ਅੱਗੇ ਵਧਾਇਆ ਹੈ। ਇਹ ਕਾਫਲੇ ਨਾ ਝੁਕੇ, ਨਾ ਖੌਫ ਖਾਧਾ ਹੈ ਅਤੇ ਨਾ ਬਦਜ਼ਨ ਹੋਏ। ਇਸ ਘੋਲ ਨੂੰ ਲੇਖਕਾਂ, ਗੀਤਕਾਰਾਂ, ਨਾਟਕਕਾਰਾਂ, ਫਿਲਮ ਨਿਰਮਾਤਾਵਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੇ ਲੋਕ ਮਨਾਂ ਦਾ ਹਿੱਸਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਲੱਖਾਂ ਲੋਕ 25 ਸਾਲ ਤੋਂ ਜੀਅ ਜਾਨ ਨਾਲ ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਬਣੇ ਹਨ। ਐਕਸ਼ਨ ਕਮੇਟੀ ਦੀ ਅਗਵਾਨੂੰ ਭੂਮਿਕਾ ਸੰਸਾਰ ਪੱਧਰੇ ਘੋਲਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਸਮੇਤ ਇਨਕਲਾਬੀ ਜਮਹੂਰੀ ਲਹਿਰ ਦੇ ਹਿੱਸੇ ਇਸ ਲੋਕ ਘੋਲ ਦਾ ਜਾਨਦਾਰ ਹਿੱਸਾ ਬਣੇ ਹੋਏ ਹਨ।
ਇਸ ਦੌਰਾਨ ਲੋਕ ਘੋਲ ਦੌਰਾਨ ਵੱਡੇ ਘਾਟੇ ਵੀ ਪਏ। ਐਕਸ਼ਨ ਕਮੇਟੀ ਦੇ ਨਿਧੜਕ ਆਗੂ ਸਾਥੀ ਭਗਵੰਤ ਸਿੰਘ, ਮਾਸਟਰ ਮੋਹਣ ਸਿੰਘ ਅਤੇ ਹੁਣ ਡਾ. ਕੁਲਵੰਤ ਰਾਏ ਪੰਡੋਰੀ ਦੇ ਬੇਵਕਤ ਵਿਛੋੜੇ ਦਾ ਸੱਲ ਬਰਦਾਸ਼ਤ ਕਰਨਾ ਪਿਆ ਹੈ। ਇਨ੍ਹਾਂ ਵੱਡੇ ਘਾਟਿਆਂ ਦੇ ਬਾਵਜੂਦ ਪ੍ਰਾਪਤੀਆਂ ਕਿਤੇ ਵਡੇਰੀਆਂ ਹਨ। ਇਸ ਘੋਲ ਨੇ ਔਰਤਾਂ ਨੂੰ ਜ਼ਬਾਨ ਦਿੱਤੀ। ਅੱਖਾਂ ਵਿਚੋਂ ਵਗਦੇ ਹੰਝੂਆਂ ਨੂੰ ਅੰਗਿਆਰਾਂ ਵਿਚ ਤਬਦੀਲ ਕੀਤਾ। ਇਹ ਵੀ ਸਿਖਾਇਆ ਹੈ ਕਿ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਲਈ ਜਾ ਸਕਦੀ ਹੈ ਅਤੇ ਜਿੱਤ ਵੀ ਹਾਸਲ ਕੀਤੀ ਜਾ ਸਕਦੀ ਹੈ।
ਵੱਖ ਵੱਖ ਵਿਚਾਰਾਂ ਦੇ ਗੁਲਦਸਤੇ ਵਿਚ ਆਪਸੀ ਵਿਚਾਰਾਂ ਦੇ ਮੱਤਭੇਦ ਆਉਣੇ ਸੁਭਾਵਿਕ ਹਨ। ਇਨ੍ਹਾਂ ਮੱਤਭੇਦਾਂ ਨੂੰ ਵਿਗਿਆਨਕ ਵਿਚਾਰਧਾਰਾ ਦੀ ਕਸਵੱਟੀ (ਸੰਘਰਸ਼-ਏਕਤਾ-ਸੰਘਰਸ਼) ਰਾਹੀਂ ਹੱਲ ਕੀਤਾ ਗਿਆ। ਇਸ ਲੋਕ ਘੋਲ ਦੇ ਕਈ ਅਜਿਹੇ ਅਹਿਮ ਪੜਾਅ ਵੀ ਆਏ ਜਦੋਂ ਇਸ ਗੱਠਜੋੜ ਨੇ ਬਹੁਤ ਵੱਡੀ ਚੁਣੌਤੀ ਪੇਸ਼ ਕੀਤੀ; ਇੱਕ ਤਰ੍ਹਾਂ ਦੀ ਐਕਸ਼ਨ ਕਮੇਟੀ ਦੀ ਬੁਨਿਆਦ ਵੀ ਖ਼ਤਰੇ ਵਿਚ ਪਾ ਦਿੱਤੀ ਸੀ। 3 ਮਾਰਚ 2001 ਨੂੰ ਬਰਨਾਲਾ ਕਚਿਹਰੀ ਵਿਚ ਝਗੜੇ ਤੋਂ ਬਾਅਦ ਹੋਈ ਮੌਤ ਵਾਲੇ ਕੇਸ ਵਿਚ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ ਤੇ ਪ੍ਰੇਮ ਕੁਮਾਰ) ਦੇ ਨਾਂ ਸ਼ਾਮਿਲ ਕਰਨੇ ਅਤੇ 28-30 ਮਾਰਚ 2005 ਨੂੰ ਤਿੰਨੇ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜਣਾ, ਅਜਿਹੇ ਮੌਕੇ ਬੜੇ ਫ਼ੈਸਲਾਕੁਨ ਮੋੜ ਵਾਲੇ ਹੁੰਦੇ ਹਨ ਪਰ ਐਕਸ਼ਨ ਕਮੇਟੀ ਨੇ ਅਗਵਾਈ ਦੀ ਜਿ਼ੰਮੇਵਾਰੀ ਨਰਾਇਣ ਦੱਤ ਦੀ ਥਾਂ ਸਾਥੀ ਭਗਵੰਤ ਸਿੰਘ ਨੂੰ ਸੌਂਪ ਦਿੱਤੀ ਤਾਂ ਜੋ ਭਵਿੱਖ ਵਿਚ ਦਰਪੇਸ਼ ਚੁਣੌਤੀ ਦਾ ਟਾਕਰਾ ਕੀਤਾ ਜਾ ਸਕੇ। ਹੋਇਆ ਵੀ ਬਿਲਕੁਲ ਉਸੇ ਤਰ੍ਹਾਂ; ਜਦ 28 ਮਾਰਚ 2005 ਨੂੰ ਤਿੰਨੇ ਆਗੂਆਂ ਨੂੰ ਬਰਨਾਲਾ ਦੀ ਸੈਸ਼ਨ ਕੋਰਟ ਨੇ ਕਤਲ ਕੇਸ ਦੇ ਦੋਸ਼ੀ ਠਹਿਰਾ ਕੇ ਜੇਲ੍ਹ ਰਵਾਨਾ ਕੀਤਾ ਤਾਂ ਕਚਿਹਰੀ ਚੌਕ ਵਿਚ ਜੁਝਾਰੂ ਕਾਫਲਾ ‘ਕੀ ਕਰਨਗੇ ਜੇਲ੍ਹਾਂ ਥਾਣੇ, ਲੋਕਾਂ ਦੇ ਹੜ੍ਹ ਵਧਦੇ ਜਾਣੇ’ ਅਕਾਸ਼ ਗੁੰਜਾਊ ਨਾਅਰੇ ਮਾਰਦਾ ਸ਼ਹੀਦ ਭਗਤ ਸਿੰਘ ਚੌਕ ਵੱਲ ਰਵਾਨਾ ਹੋ ਗਿਆ। ਲੋਕ ਕਾਫਲਿਆਂ ਦਾ ਇਹ ਇਤਿਹਾਸਕ ਸਫਰ ਪਹਿਲਾਂ ਤਿੰਨ ਦਰਜਨ ਜਨਤਕ ਜਮਹੂਰੀ ਜਥੇਬੰਦੀਆਂ ’ਤੇ ਆਧਾਰਿਤ ‘ਤਿੰਨ ਲੋਕ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ ਪੰਜਾਬ’ ਅਤੇ ਮਨਜੀਤ ਧਨੇਰ ਦੀ 3 ਸਤੰਬਰ 2019 ਨੂੰ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਦੀ ਸਜਾ ਰੱਦ ਕਰਵਾਉਣ ਲਈ 42 ਜਨਤਕ ਜਮਹੂਰੀ ਜਥੇਬੰਦੀਆਂ ’ਤੇ ਆਧਾਰਿਤ ‘ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ ਪੰਜਾਬ’ ਦੀ ਅਗਵਾਈ ਹੇਠ 15 ਨਵੰਬਰ 2021 (ਸਜ਼ਾ ਰੱਦ ਹੋਣ) ਤੱਕ ਜਾਰੀ ਰਿਹਾ।
ਹੁਣ ਜਦ ਅਸੀਂ ਵਿਗਿਆਨਕ ਨਜ਼ਰੀਏ ਨਾਲ ਮਹਿਲ ਕਲਾਂ ਘੋਲ ਦੇ 25 ਵਰ੍ਹਿਆਂ ਉੱਪਰ ਨਿਗਾਹ ਮਾਰਦੇ ਹਾਂ ਤਾਂ ਇਸ ਸਫ਼ਰ ਦੌਰਾਨ ਵਿਗਿਆਨਕ ਨਜ਼ਰੀਆ, ਦਰੁਸਤ ਨੀਤੀ ਅਤੇ ਢੁੱਕਵੇਂ ਦਾਅਪੇਚ ਸਪੱਸ਼ਟ ਨਜ਼ਰ ਆਉਂਦੇ ਹਨ। ਇਹ ਘੋਲ ਸਾਡੇ ਸਮਿਆਂ ਦੇ ਇਤਿਹਾਸ ਦਾ ਸੂਰਜ ਵਾਂਗ ਰੁਸ਼ਨਾਉਂਦਾ ਸੂਹਾ ਪੰਨਾ ਹੈ। ਆਉਣ ਵਾਲੀਆਂ ਪੀੜ੍ਹੀਆਂ ਇਸ ਘੋਲ ਦੇ ਕੀਮਤੀ ਸਬਕ ਗ੍ਰਹਿਣ ਕਰਦੀਆਂ ਹੋਈਆਂ ਜਬਰ ਖਿਲਾਫ ਸਾਂਝੇ ਘੋਲਾਂ ਦੀ ਦਰੁਸਤ ਵਿਗਿਆਨਕ ਸਮਝ ਰਾਹੀਂ ਟਾਕਰਾ ਕਰਨਗੀਆਂ। ਇਸ ਤੋਂ ਵੀ ਦੋ ਕਦਮ ਅੱਗੇ ਲੁੱਟ ਜਬਰ ਅਤੇ ਦਾਬੇ ’ਤੇ ਆਧਾਰਿਤ ਇਸ ਪ੍ਰਬੰਧ ਦਾ ਫਸਤਾ ਵੱਢ ਕੇ ਨਵਾਂ ਲੋਕ-ਪੱਖੀ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜੱਦੋ-ਜਹਿਦ ਦਾ ਸਰਗਰਮ ਹਿੱਸਾ ਬਣਨਗੀਆਂ।
ਸੰਪਰਕ: 84275-11770