ਪੱਤਰ ਪ੍ਰੇਰਕ
ਤਲਵੰਡੀ ਸਾਬੋ, 31 ਮਾਰਚ
ਫਿਰੋਜ਼ਪੁਰ ’ਚ ਇੱਕ ਅਪਰੈਲ ਤੋਂ ਸ਼ੁਰੂ ਹੋ ਰਹੀ ਫੌਜ ਦੀ ਭਰਤੀ ਲਈ ਪਿਛਲੇ ਲੰਮੇ ਸਮੇਂ ਸਖ਼ਤ ਮਿਹਨਤ ਕਰਕੇ ਆਪਣਾ ਭਵਿੱਖ ਸੰਵਾਰਨ ਲਈ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਕਰੋਨਾ ਟੈਸਟਾਂ ਦੀਆਂ ਰਿਪੋਰਟਾਂ ਮਿਲਣ ’ਚ ਹੋ ਰਹੀ ਦੇਰੀ ਤੋਂ ਗੁੱਸੇ ’ਚ ਆਏ ਨੌਜਵਾਨਾਂ ਨੇ ਸਿਵਲ ਹਸਪਤਾਲ ਦੇ ਗੇਟ ਅੱਗੇ ਧਰਨਾ ਦੇ ਕੇ ਹਸਪਤਾਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਦੀ ਅਗਵਾਈ ਕਰ ਰਹੇ ਆਪ ਆਗੂ ਰਾਜਵੀਰ ਸਿੰਘ ਨੇ ਦੋਸ਼ ਲਾਇਆ ਕਿ ਦੋ ਸੌ ਦੇ ਕਰੀਬ ਨੌਜਵਾਨਾਂ ਨੇ 27 ਮਾਰਚ ਨੂੰ ਕਰੋਨਾ ਟੈਸਟ ਕਰਵਾਉਣ ਲਈ ਇੱਥੇ ਸੈਂਪਲ ਦਿੱਤੇ ਸਨ। ਨਿਯਮਾਂ ਅਨੁਸਾਰ 29 ਮਾਰਚ ਨੂੰ ਇਨ੍ਹਾਂ ਟੈਸਟਾਂ ਦੀ ਰਿਪੋਰਟ ਮਿਲਣੀ ਸੀ ਪਰ ਅੱਜ 31 ਮਾਰਚ ਹੋਣ ਦੇ ਬਾਵਜੂਦ ਕਰੋਨਾ ਰਿਪੋਰਟਾਂ ਤਾਂ ਦੂਰ ਦੀ ਗੱਲ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਤਸੱਲੀਬਖਸ਼ ਜਵਾਬ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਭਰਤੀ ਵਿੱਚ ਸ਼ਾਮਲ ਹੋਣ ਲਈ ਕਰੋਨਾ ਟੈਸਟ ਜ਼ਰੂਰੀ ਕਰਾਰ ਕੀਤਾ ਗਿਆ ਹੈ। ਨੌਜਵਾਨਾਂ ਨੂੰ ਰਿਪੋਰਟਾਂ ਸਮੇਂ ਸਿਰ ਨਾ ਮਿਲਣ ਕਾਰਨ ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ।
ਦੂਜੇ ਪਾਸੇ ਹਸਪਤਾਲ ਦੇ ਐੱਸਐੱਮਓ ਡਾਕਟਰ ਗੁਰਜੀਤ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਦਿਵਾਏ ਭਰੋਸੇ ਮਗਰੋਂ ਨੌਜਵਾਨਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।