ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 2 ਅਪਰੈਲ
ਸਥਾਨਕ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੰਜੀਵ ਕੁੰਦੀ ਨੇ ਅੱਜ ਮੋਗਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਖੋਹਣ ਦੇ ਦੋਸ਼ਾਂ ਵਿੱਚ ਦੋਸ਼ੀ ਮੰਨਦਿਆਂ ਦੋ-ਦੋ ਸਾਲ ਦੀ ਕੈਦ ਅਤੇ ਇੱਕ-ਇੱਕ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ। ਰੇਲਵੇ ਪੁਲੀਸ ਫਰੀਦਕੋਟ ਨੇ 29 ਅਗਸਤ 2017 ਨੂੰ ਵਿਨੇ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਲਖਵੀਰ ਸਿੰਘ ਅਤੇ ਤਰਸੇਮ ਲਾਲ ਖਿਲਾਫ਼ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਫਰੀਦਕੋਟ ਪੁਲੀਸ ਨੇ ਘਰਾਂ ਵਿੱਚੋਂ ਗੈਸ ਸਿਲੰਡਰ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਵਿੱਚ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਵਿੰਦਰ ਪਾਲ ਸਿੰਘ ਵਾਸੀ ਅਰਾਈਆਂ ਵਾਲਾ ਕੋਲੋਂ ਪੁਲੀਸ ਨੇ 5 ਗੈਸ ਸਿਲੰਡਰ ਅਤੇ 20 ਚੋਰੀ ਦੇ ਮੋਬਾਈਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਪ੍ਰਦੀਪ ਸਿੰਘ ਵਾਸੀ ਸਿੱਖਾਂਵਾਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।