ਪੱਤਰ ਪ੍ਰੇਰਕ
ਗਿੱਦੜਬਾਹਾ, 2 ਜੂਨ
ਗਿੱਦੜਬਾਹਾ ਦੇ ਨੌਜਵਾਨਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਕਤਲ ਮਾਮਲੇ ਵਿੱਚ ਇਨਸਾਫ਼ ਲੈਣ ਲਈ ਤੇ ਪੰਜਾਬ ਅੰਦਰ ਦਿਨੋ ਦਿਨ ਵਧ ਰਹੀਆਂ ਵਾਰਦਾਤਾਂ ’ਤੇ ਰੋਕ ਲਗਾਉਣ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਿਆ ਗਿਆ। ਸ਼ਹਿਰ ਦੇ ਨੌਜਵਾਨਾਂ ਰਾਹੁਲ ਗਰਗ, ਅੰਕੁਸ਼ ਬਾਂਸਲ, ਭੁਪੇਸ਼ ਬਾਂਸਲ, ਸੰਨੀ ਗਰੋਵਰ, ਦੀਪਕ ਗੋਇਲ, ਚੰਦ ਕਥੂਰੀਆ, ਅਮਨਪ੍ਰੀਤ ਸਿੰਘ, ਕੁਨਾਲ ਵਰਮਾ, ਨੀਰਜ, ਜੈਦੇਵ, ਸੁਰਿੰਦਰ, ਸੰਦੀਪ ਆਦਿ ਨੇ ਕਿਹਾ ਕੇ ਜਦੋਂ ਤੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਦੇ ਹਾਲਾਤ ਦਿਨੋ ਦਿਨ ਖ਼ਰਾਬ ਹੋ ਰਹੇ ਹਨ। ਰੋਜ਼ਾਨਾ ਕਤਲ ਤੇ ਹੋਰ ਵਾਰਦਾਤਾਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ ਤੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਿੱਤ ਵਾਪਰਦੀਆਂ ਘਟਨਾਵਾਂ ’ਤੇ ਤੁਰੰਤ ਰੋਕ ਲਾਏ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਤੇ ਨਾਲ ਹੀ ਉਨ੍ਹਾਂ ਸਿੱਧੂ ਮੂਸੇਵਾਲ਼ਾ ਮਾਮਲੇ ’ਚ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ) ਸ਼ਹਿਣਾ ’ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਰੁੱਧ ਨੌਜਵਾਨਾਂ ਵੱਲੋਂ ਸੁਖਵਿੰਦਰ ਸਿੰਘ ਕਲਕਤਾ ਦੀ ਅਗਵਾਈ ’ਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੋਮਬੱਤੀ ਮਾਰਚ ’ਚ 100 ਦੇ ਕਰੀਬ ਨੌਜਵਾਨ ਸਨ। ਇਹ ਮਾਰਚ ਪੰਚਾਇਤਘਰ ਤੋਂ ਮੁੱਖ ਬਾਜ਼ਾਰ ਦੇ ਸ਼ਹੀਦ ਭਗਤ ਸਿੰਘ ਚੌਕ ਤੱਕ ਗਿਆ। ਨੌਜਵਾਨ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫਾਂਸੀ ਲਾਓ ਦੇ ਨਾਅਰੇ ਲਗਾ ਰਹੇ ਸਨ। ਵੱਖਰੇ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ’ਚ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਬੱਸ ਸਟੈਂਡ ਤੋਂ ਵੱਖ ਵੱਖ ਬਾਜ਼ਾਰਾਂ ਵਿੱਚੋਂ ਦੀ ਲੰਘਿਆ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਅਮਨ ਕਾਨੂੰਨ ਕਾਇਮ ਰੱਖਣ ’ਚ ਨਾਕਾਮ ਰਹੀ ਹੈ। ਪੰਜਾਬ ’ਚ ਦਿਨ ਦਿਹਾੜੇ ਕਤਲ ਹੋ ਰਹੇ ਹਨ। ਇਸ ਮੌਕੇ ’ਤੇ ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਦਾਸ ਬਾਵਾ, ਬਲਾਕ ਪ੍ਰਧਾਨ ਸਤਨਾਮ ਸਿੰਘ ਆਦਿ ਹਾਜ਼ਰ ਸਨ।
ਮੋਮਬੱਤੀ ਮਾਰਚ ਬਾਬਾ ਗੰਗਾ ਰਾਮ ਸਟੇਡੀਅਮ ਤੋਂ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਸਟੇਡੀਅਮ ਕੋਲ ਵਾਪਸ ਆ ਕੇ ਸਮਾਪਤ ਹੋਇਆ।