ਪੱਤਰ ਪ੍ਰੇਰਕ
ਅਬੋਹਰ, 3 ਜੂਨ
ਉਪ ਮੰਡਲ ਦੇ ਪਿੰਡ ਜੰਡਵਾਲਾ ਹਨੁਵੰਤਾ ਨੇੜੇ ਅੱਜ ਦੁਪਹਿਰ ਹੋਏ ਸੜਕ ਹਾਦਸੇ ਵਿੱਚ ਮੋਟਰਸਾਈਲਕ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਗੰਭੀਰ ਫੱਟੜ ਹੋ ਗਿਆ। ਫੱਟੜ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਜੰਡਵਾਲਾ ਹਨੁਵੰਤਾ ਵਾਸੀ ਰਾਮ ਚੰਦਰ (40) ਪੁੱਤਰ ਗੋਪੀ ਰਾਮ ਅੱਜ ਦੁਪਹਿਰ ਆਪਣੇ ਸਾਥੀ ਰੋਹਤਾਸ ਕੁਮਾਰ ਪੁੱਤਰ ਰਾਮ ਕੁਮਾਰ ਨਾਲ ਮੋਟਰਸਾਈਕਲ ’ਤੇ ਸ਼ਹਿਰ ਤੋਂ ਪਿੰਡ ਜਾ ਰਿਹਾ ਸੀ। ਪਿੰਡ ਦੇ ਨੇੜੇ ਹੀ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਵਿੱਚ ਟਕਰਾ ਗਿਆ। ਇਸ ਹਾਦਸੇ ਵਿੱਚ ਦੋਵੇਂ ਜਣੇ ਗੰਭੀਰ ਫੱਟੜ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਦੋਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਰਾਮ ਚੰਦਰ ਨੂੰ ਮ੍ਰਿਤਕ ਐਲਾਨ ਦਿੱਤਾ।