ਮਹਿੰਦਰ ਸਿੰਘ ਰੱਤੀਆਂ/ਪਾਲ ਸਿੰਘ ਨੌਲੀ
ਮੋਗਾ/ਜਲੰਧਰ, 9 ਮਾਰਚ
ਜਲੰਧਰ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਿੰਕੂ ਸੇਠੀ ਨੂੰ ਮੋਗਾ ਦੇ ਐੱਸਐੱਸਪੀ ਨਾਲ ਲਾਈਵ ਹੋ ਕੇ ਦੁਰਵਿਹਾਰ ਕਰਨਾ ਮਹਿੰਗਾ ਪੈ ਗਿਆ ਹੈ। ਇਹ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਹੈ। ਯੂਥ ਕਾਂਗਰਸੀ ਆਗੂ ਖ਼ਿਲਾਫ਼ ਜਲੰਧਰ ਅਤੇ ਮੋਗਾ ਵਿੱਚ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ, ਜਿਸ ਮਗਰੋਂ ਹੁਣ ਕਾਂਗਰਸੀ ਆਗੂ ਵੱਲੋਂ ਲਾਈਵ ਹੋ ਕੇ ਮੁਆਫ਼ੀ ਮੰਗਣ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਅਨੁਸਾਰ ਜਲੰਧਰ ਦਾ ਸਾਬਕਾ ਯੂਥ ਕਾਂਗਰਸੀ ਰਵਿੰਦਰ ਪਾਲ ਸਿੰਘ ਉਰਫ ਰਿੰਕੂ ਸੇਠੀ ਪਹਿਲਾਂ ਲਾਈਵ ਹੋ ਕੇ ਇੱਕ ਔਰਤ ਨੂੰ ਫੋਨ ਕਰਦਾ ਹੈ ਅਤੇ ਉਪਰੰਤ ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨਾਲ ਖਹਬਿੜਦਾ ਹੈ। ਫਿਰ ਗੱਲ ਗਾਲੀ-ਗਲੋਚ ਤੱਕ ਪਹੁੰਚ ਜਾਂਦੀ ਹੈ। ਇਸ ਸਬੰਧੀ ਜਲੰਧਰ ਦੇ ਡਿਵੀਜ਼ਨ ਨੰਬਰ-7 ਵਿੱਚ ਉਥੋਂ ਦੀ ਮਹਿਲਾ ਦੀ ਸ਼ਿਕਾਇਤ ’ਤੇ 7 ਮਾਰਚ ਨੂੰ ਕਥਿਤ ਛੇੜਛਾੜ ਆਦਿ ਦੇ ਦੋਸ਼ ਹੇਠ ਰਿੰਕੂ ਸੇਠੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਇਥੇ ਥਾਣਾ ਮਹਿਣਾ ਵਿੱਚ ਸੀਆਈਏ ਇੰਚਾਰਜ ਦੀ ਸੂਚਨਾ ’ਤੇ ਗੈਂਗਸਟਰਾਂ ਨਾਲ ਕਥਿਤ ਸਬੰਧਾਂ ਦੇ ਮੱਦੇਨਜ਼ਰ ਐੱਸਐੱਸਪੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 115/302 ਅਤੇ ਆਈਟੀ ਐਕਟ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਰਿੰਕੂ ਸੇਠੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈਣ ਮਗਰੋਂ ਉਸ ਵੱਲੋਂ ਲਾਈਵ ਹੋ ਕੇ ਮੁਆਫ਼ੀ ਮੰਗਣ ਬਾਅਦ ਛੱਡ ਦਿੱਤਾ ਹੈ। ਪੁਲੀਸ ਵਿਭਾਗ ਨੇ ਇਹ ਕਾਰਵਾਈ ਪੂਰੀ ਤਰ੍ਹਾਂ ਗੁਪਤ ਰੱਖੀ ਹੈ।
ਮੁਆਫੀ ਵਾਲੀ ਵੀਡੀਓ ਵਿੱਚ ਯੂਥ ਕਾਂਗਰਸ ਆਗੂ ਕਹਿ ਰਿਹਾ ਹੈ ਕਿ ਗ਼ਲਤੀਆਂ ਹੋ ਜਾਂਦੀਆਂ ਹਨ। ਇਸ ਤੋਂ ਪਹਿਲਾਂ ਉਸ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਮਨੀਸ਼ ਤਿਵਾੜੀ ਖ਼ਿਲਾਫ਼ ਪਾਈ ਵੀਡੀਓ ਵਿੱਚ ਵੀ ਕੁਝ ਅਜਿਹੇ ਸ਼ਬਦ ਬੋਲੇ, ਜਿਸ ਨੂੰ ਉਹ ਗ਼ਲਤ ਮਹਿਸੂਸ ਕਰਦਾ ਹੈ। ਉਸ ਨੇ ਮੁੱਖ ਮੰਤਰੀ ਤੇ ਮਨੀਸ਼ ਤਿਵਾੜੀ ਕੋਲੋਂ ਮੁਆਫ਼ੀ ਮੰਗੀ ਹੈ। ਐੱਸਐੱਸਪੀ ਵਾਲੇ ਮੁੱਦੇ ’ਤੇ ਉਸ ਨੇ ਦੋਸਤ ਦਾ ਨਾਂ ਲੈ ਕੇ ਉਸ ’ਤੇ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਫੋਨ ਨੰਬਰ ਦਿੱਤਾ ਤਾਂ ਉਸ ਦੇ ਵੀਰ ਨੇ ਸਮਝਾਇਆ ਵੀ ਕਿ ਉਹ ਗ਼ਲਤ ਕਰ ਰਿਹਾ ਹੈ ਪਰ ਉਸ ਨੇ ਉਸ ਖ਼ਿਲਾਫ਼ ਵੀ ਅਪਸ਼ਬਦ ਵਰਤੇ। ਹੱਥ ਜੋੜ ਕੇ ਮੁਆਫ਼ੀ ਮੰਗਦਿਆਂ ਯੂਥ ਕਾਂਗਰਸੀ ਆਗੂ ਨੇ ਕਿਹਾ ਕਿ ਉਸ ਕੋਲੋਂ ਗਲਤੀ ਹੋਈ ਹੈ। ਉਸ ਨੇ ਕਿਹਾ ਗ਼ਲਤੀ ਕਾਰਨ ਕਿਸੇ ਦਾ ਮਨ ਦੁਖਿਆ ਤਾਂ ਉਹ ਸਾਰਿਆਂ ਤੋਂ ਦਿਲੋਂ ਮੁਆਫ਼ੀ ਚਾਹੁੰਦਾ ਹੈ।