ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ
ਨੇੜਲੇ ਪਿੰਡ ਹਰੀਕੇ ਕਲਾਂ ਵਿੱਚ ਨੌਜਵਾਨ ਭਾਰਤ ਸਭਾ ਦੀ ਬੈਠਕ ਕਰਵਾ ਕੇ ਪਰਤੇ ਸਭਾ ਕੇ ਜ਼ਿਲ੍ਹਾ ਕਮੇਟੀ ਮੈਂਬਰ ਰਾਜਦੀਪ ਸਿੰਘ ਦੀ ਕਥਿਤ ਤੌਰ ’ਤੇ ਗਿਣਮਿੱਥ ਦੇ ਕੀਤੀ ਕੁੱਟਮਾਰ ਤੋਂ ਖ਼ਫਾ ਸਭਾ ਆਗੂਆਂ ਵੱਲੋਂ ਥਾਣਾ ਬਰੀਵਾਲਾ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕੁੱਟਮਾਰ ਅਤੇ ਐੱਸਸੀ ਐੱਸਟੀ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਦੱਸਿਆ ਕਿ ਰਾਜਦੀਪ ਪਿੰਡ ਹਰੀਕੇ ਕਲਾ ਤੋਂ ਬੈਠਕ ਕਰਵਾ ਕੇ ਵਾਪਸ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਤੇ ਜਾਤ ਸਬੰਧੀ ਭੱਦੀ ਸ਼ਬਦਾਵਲੀ ਵਰਤੀ ਅਤੇ ਮੋਬਾਈਲ ਖੋਹ ਲਿਆ। ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਲਖਵੰਤ ਕਿਰਤੀ ਅਤੇ ਜ਼ਿਲ੍ਹਾ ਸਕੱਤਰ ਜਗਜੀਤ ਨਾਬਰ ਨੇ ਕਿਹਾ ਕਿ ਰਾਜਦੀਪ ਸਿੰਘ ਨੇ ਕੁੱਟਮਾਰ ਕਰਨ ਵਾਲੇ ਵਿਅਕਤੀ ਵੱਲੋਂ ਕੀਤੇ ਵਿਕਾਸ ਕਾਰਜਾਂ ਲਈ ਆਰਟੀਆਈ ਐਕਟ ਤਹਿਤ ਸੂਚਨਾ ਮੰਗੀ ਸੀ। ਇਸੇ ਰੰਜਿਸ਼ ਕਰਕੇ ਇਨ੍ਹਾਂ ਨੇ ਰਾਜਦੀਪ ਸਮਾਘ ਨੂੰ ਨਿਸ਼ਾਨਾ ਬਣਾ ਕੇ ਕੁੱਟਿਆ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁੱਟਮਾਰ ਕਰਨ ਤੇ ਐੱਸਸੀ/ਐੱਸਟੀ ਦਾ ਪਰਚਾ ਦਰਜ ਕਰਵਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹਰਜਿੰਦਰ ਖੋਖਰ, ਮਹਾਸ਼ਾ ਸਮਾਘ, ਗੁਰਤੇਜ ਵੜਿੰਗ ਅਤੇ ਪ੍ਰਦੀਪ ਕੌਰ ਹਾਜ਼ਰ ਸਨ।
ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾ
ਥਾਣਾ ਬਰੀਵਾਲਾ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰਾਜਦੀਪ ਸਿੰਘ ਦੀ ਸ਼ਿਕਾਇਤ ਮਿਲ ਗਈ ਹੈ ਤੇ ਉਹ ਜਲਦੀ ਹੀ ਕਾਰਵਾਈ ਕਰਕੇ ਬਣਦੀ ਕਾਰਵਾਈ ਕਰਨਗੇ।