ਨਵਕਿਰਨ ਸਿੰਘ
ਮਹਿਲ ਕਲਾਂ, 23 ਅਗਸਤ
ਇਥੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਅੱਜ ਮਹਿਲ ਕਲਾਂ ਬੱਸ ਅੱਡੇ ਨੇੜੇ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਖਿਆਲੀ ਲਿੰਕ ਰੋਡ ਰਾਹੀਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਦ ਮੁੱਖ ਮਾਰਗ ’ਤੇ ਚੜ੍ਹਣ ਲੱਗੇ ਤਾਂ ਉਨ੍ਹਾਂ ਦੀ ਟੱਕਰ ਰਾਏਕੋਟ ਵਾਲੇ ਪਾਸਿਓਂ ਆ ਰਹੇ ਮੋਟਰਸਾਈਕਲ ਸਵਾਰ ਨਾਲ ਹੋ ਗਈ। ਪੁਲੀਸ ਥਾਣਾ ਮਹਿਲ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ’ਚ ਹਰਮਨਦੀਪ ਸਿੰਘ (20) ਵਾਸੀ ਠੀਕਰੀਵਾਲਾ ਦੀ ਮੌਤ ਹੋਈ ਹੈ, ਜਦੋਂ ਕਿ ਤਿੰਨ ਹੋਰ ਨੌਜਵਾਨ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਸੜਕ ਹਾਦਸੇ ਵਿੱਚ ਇਕ ਹਲਾਕ, ਇਕ ਜ਼ਖ਼ਮੀ
ਕਾਲਾਂਵਾਲੀ(ਪੱਤਰ ਪ੍ਰੇਰਕ): ਇਥੇ ਪਿੰਡ ਸਾਲਮਖੇੜਾ ਨੇੜੇ ਨੈਸ਼ਨਲ ਹਾਈਵੇਅ ’ਤੇ ਹੋਏ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਟਰੱਕ ਡਰਾਈਵਰ ਦੀ ਕਥਿਤ ਲਾਪ੍ਰਵਾਹੀ ਕਾਰਨ ਵਾਪਰਿਆ। ਪੁਲੀਸ ਨੇ ਕਾਰ ਚਾਲਕ ਤਰਸੇਮ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ| ਮਿ੍ਤਕ ਦੀ ਪਛਾਣ ਕਿਸ਼ੋਰ ਚੰਦ ਗਰਗ ਦੱਸੀ ਗਈ ਹੈ ਜੋ ਕਾਰ ਵਿੱਚ ਸਵਾਰ ਸੀ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।