ਪੱਤਰ ਪ੍ਰੇਰਕ
ਜ਼ੀਰਾ, 18 ਜੂਨ
ਇੱਥੇ ਤਲਵੰਡੀ ਰੋਡ ’ਤੇ ਬੀਤੀ ਰਾਤ ਬੱਸ ਅਤੇ ਸਵਿਫਟ ਕਾਰ ਦੀ ਭਿਆਨਕ ਟੱਕਰ ਹੋ ਜਾਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਮਾਮੇ ਨੇ ਦੱਸਿਆ ਕਿ ਆਉਣ ਵਾਲੀ 24 ਜੂਨ ਨੂੰ ਦਿਲਪ੍ਰੀਤ ਸਿੰਘ ਨੇ ਕੈਨੇਡਾ ਜਾਣਾ ਸੀ। ਇਸ ਦੇ ਸਬੰਧ ਵਿੱਚ ਉਹ ਖ਼ਰੀਦੋ-ਫ਼ਰੋਖਤ ਕਰ ਰਿਹਾ ਸੀ। ਬੀਤੀ ਰਾਤ ਜਦੋਂ ਦਿਲਪ੍ਰੀਤ ਆਪਣੀ ਕਾਰ ’ਤੇ ਸਵਾਰ ਹੋ ਕੇ ਜ਼ੀਰਾ ਤੋਂ ਆਪਣੇ ਪਿੰਡ ਮਨਸੂਰਵਾਲ ਕਲਾਂ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਉਸ ਦੀ ਕਾਰ ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦਿਲਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਿਲਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।
ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਦੇ ਡਾ. ਜਸਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਸਪਤਾਲ ਵਿੱਚ ਇਕ ਨੌਜਵਾਨ ਨੂੰ ਲਿਆਂਦਾ ਗਿਆ ਸੀ। ਉਹ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਜਾਂਚ ਕੀਤੀ ਗਈ ਤਾਂ ਉਦੋਂ ਤਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
ਮਾਮਲੇ ਦੀ ਪੜਤਾਲ ਕਰ ਰਹੇ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ-174 ਦੀ ਕਾਰਵਾਈ ਅੰਜਾਮ ਵਿੱਚ ਲਿਆਂਦੀ ਗਈ ਹੈ।