ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 16 ਸਤੰਬਰ
ਸ਼ਹਿਰ ਦੇ ਸ਼ਾਂਤੀ ਨਗਰ ਇਲਾਕੇ ਵਿਚ ਇੱਕ ਨੌਜਵਾਨ ਵੱਲੋਂ ਆਪਣੇ ਹਥਿਆਰਬੰਦ ਦੋਸਤਾਂ ਦੇ ਨਾਲ ਆਪਣੇ ਸਹੁਰੇ ਘਰ ਆ ਕੇ ਆਪਣੀ ਮੰਗੇਤਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਹਿਰ ਦੇ ਸ਼ਾਂਤੀ ਨਗਰ ਇਲਾਕੇ ਦੀ ਹੈ। ਮੁੰਡਾ ਤੇ ਕੁੜੀ ਦੀ ਮੰਗਣੀ ਦੋ ਸਾਲ ਪਹਿਲਾਂ ਹੋਈ ਸੀ। ਲੰਘੀ ਅਪਰੈਲ ਮਹੀਨੇ ਵਿੱਚ ਵਿਆਹ ਰੱਖਿਆ ਗਿਆ ਸੀ, ਪਰ ਮਾਰਚ ਮਹੀਨੇ ਵਿਚ ਮੰਗੇਤਰ ਲੜਕੀ ਦੀ ਭੈਣ ਦੀ ਮੌਤ ਹੋ ਗਈ ਸੀ ਤੇ ਪਰਿਵਾਰ ਨੇ ਵਿਆਹ ਦੀ ਤਾਰੀਖ਼ ਮੁਲਤਵੀ ਕਰ ਦਿੱਤੀ। ਹੁਣ ਵਿਆਹ ਦੀ ਤਾਰੀਖ਼ 24 ਨਵੰਬਰ ਰੱਖੀ ਗਈ ਸੀ ਪਰ ਮੁੰਡੇ ਵਾਲੇ ਵਿਆਹ ਪਹਿਲਾਂ ਕਰਨਾ ਚਾਹੁੰਦੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਦੀ ਆਪਸ ਵਿਚ ਨਾਰਾਜ਼ਗੀ ਚੱਲ ਰਹੀ ਸੀ। ਲੰਘੀ 13 ਸਤੰਬਰ ਨੂੰ ਮੁੰਡਾ ਆਪਣੇ ਸਾਥੀਆਂ ਨਾਲ ਲੜਕੀ ਵਾਲਿਆਂ ਦੇ ਘਰ ਆਇਆ ਤੇ ਪਿਸਤੌਲ ਦੀ ਨੋਕ ’ਤੇ ਕੁੜੀ ਨੂੰ ਕਾਰ ਵਿਚ ਅਗਵਾ ਕਰਕੇ ਲੈ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਅੱਜ ਇਸ ਘਟਨਾ ਨੂੰ ਤਿੰਨ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਪੁਲੀਸ ਅਗਵਾ ਹੋਈ ਲੜਕੀ ਨੂੰ ਵਾਪਸ ਨਹੀਂ ਲਿਆ ਸਕੀ।