ਪਰਮਜੀਤ ਸਿੰਘ
ਫਾਜ਼ਿਲਕਾ, 9 ਮਾਰਚ
ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਜ਼ਿਲ੍ਹੇ ਦੇ ਪਿੰਡ ਰਾਮ ਪੁਰਾ ਦੇ ਨੇੜੇ ਅੱਜ ਇਕ ਟਰਾਲੇ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪਿੰਡ ਰਾਮਪੁਰਾ ਦੇ ਸਾਬਕਾ ਸਰਪੰਚ ਗਗਨਦੀਪ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਅਬੋਹਰ ਵਾਲੇ ਪਾਸੇ ਤੋਂ ਆ ਰਿਹਾ ਸੀ ਤਾਂ ਅਚਾਨਕ ਪਿੰਡ ਰਾਮਪੁਰਾ ਦੇ ਨੇੜੇ ਇਹ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਸਲਮਾਨ ਭਾਈਚਾਰੇ ਦੇ ਕੁਝ ਪਸ਼ੂ ਇੱਥੋਂ ਲੰਘ ਰਹੇ ਸਨ ਤੇ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਲਪੇਟ ’ਚ ਆ ਗਿਆ ਤੇ ਦੂਜੇ ਪਾਸੇ ਤੋਂ ਆ ਰਹੇ ਟਰਾਲੇ ਅੱਗੇ ਡਿੱਗ ਗਿਆ, ਟਰੱਕ ਮੋਟਰਸਾਈਕਲ ਚਾਲਕ ਉਪਰੋਂ ਲੰਘ ਗਿਆ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਟਰੱਕ ਮੌਕੇ ’ਤੇ ਛੱਡਕੇ ਫਰਾਰ ਹੋ ਗਿਆ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਮੁਸਲਮਾਨ ਭਾਈਚਾਰੇ ਦੀਆਂ ਗਾਵਾਂ ਦੇ ਸੜਕ ’ਤੇ ਆਉਣ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਗਾਵਾਂ ਦੇ ਨਾਲ ਦੋ ਵਿਅਕਤੀ ਵੀ ਸਨ ਉਨ੍ਹਾਂ ਗਾਵਾਂ ਨੂੰ ਕੰਟਰੋਲ ਨਹੀਂ ਕੀਤਾ ਤੇ ਮੋਟਰਸਾਈਕਲ ਗਾਵਾਂ ਨਾਲ ਟਕਰਾ ਗਿਆ ਤੇ ਡਿੱਗ ਗਿਆ ਦੂਜੇ ਪਾਸੇ ਮੌਕੇ ’ਤੇ ਪਹੁੰਚੇ ਥਾਣਾ ਸਦਰ ਪੁਲਿਸ ਦੇ ਇੰਚਾਰਜ਼ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਸੂਚਨਾ ਮਿਲੀ ਸੀ। ਜਦ ਉਨ੍ਹਾਂ ਨੇ ਮੌਕੇ ’ਤੇ ਆ ਕੇ ਵੇਖਿਆ ਤਾਂ ਮ੍ਰਿਤਕ ਨੌਜਵਾਨ ਸੜਕ ’ਤੇ ਪਿਆ ਸੀ।ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਦੇਹ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਰਖਵਾਇਆ ਜਾ ਰਿਹਾ ਹੈ।