ਫ਼ਤਿਹਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਦੇਰ ਸ਼ਾਮ ਧਰਮਕੋਟ-ਫਤਿਹਗੜ੍ਹ ਪੰਜਤੂਰ ਮੁੱਖ ਸੜਕ ’ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕੰਨੀਆਂ ਖਾਸ (ਧਰਮਕੋਟ) ਦਾ ਨੌਜਵਾਨ ਗੁਰਜਿੰਦਰ ਸਿੰਘ (32) ਪੁੱਤਰ ਸੁਖਦੇਵ ਸਿੰਘ ਜੋ ਆਪਣੇ ਮੋਟਰਸਾਈਕਲ ’ਤੇ ਧਰਮਕੋਟ ਵੱਲੋਂ ਆਪਣੇ ਘਰ ਜਾ ਰਿਹਾ ਸੀ ਕਿ ਰਾਹ ’ਚ ਪਿੰਡ ਬਾਜੇ ਕੋਲ ਅਚਾਨਕ ਕਿੱਕਰ ਦਾ ਦਰੱਖਤ ਉਸ ਉੱਪਰ ਡਿੱਗ ਗਿਆ ਜਿਸ ਕਾਰਨ ਗੁਰਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਜਿੰਦਰ ਸਿੰਘ ਗੁਰਦੁਆਰੇ ਵਿਚ ਗ੍ਰੰਥੀ ਸੀ। ਨੌਜਵਾਨ ਦੋ ਧੀਆਂ ਤੇ ਇਕ ਪੁੱਤਰ ਦਾ ਬਾਪ ਸੀ। ਲੋਕਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।