ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 24 ਜੁਲਾਈ
ਨਸ਼ਾ ਛੱਡਣ ਦੇ ਚਾਹਵਾਨ ਲੋਕਾਂ ਦੀ ਸਿਹਤ ਵਿਭਾਗ ਬਾਂਹ ਨਹੀਂ ਫੜ ਰਿਹਾ ਬਲਕਿ ਉਨ੍ਹਾਂ ਨੂੰ ਨਸ਼ਾ ਛੁਡਾਉਣ ਦੇ ਨਾਂ ’ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ।
ਤਿੰਨ ਸਾਲ ਪਹਿਲਾਂ ਸਿਹਤ ਵਿਭਾਗ ਨੇ ਨਸ਼ਾ ਛੁਡਾਉਣ ਲਈ ਪੀੜਤ ਵਿਅਕਤੀਆਂ ਨੂੰ ਨੈਲੋਓਕਸਨ ਨਾਮ ਦੀ ਗੋਲੀ ਮੁਫਤ ਦੇਣ ਦਾ ਐਲਾਨ ਕੀਤਾ ਸੀ। ਇਹ ਗੋਲੀ ਸਿਰਫ ਸਰਕਾਰੀ ਅਤੇ ਰਜਿਸਟਰਡ ਹਸਪਤਾਲਾਂ ਵਿੱਚ ਹੀ ਮਿਲਦੀ ਹੈ ਪਰ ਪੀੜਤ ਮਰੀਜ਼ਾਂ ਨੂੰ ਇਹ ਗੋਲੀ ਲੈਣ ਲਈ ਰੋਜ਼ਾਨਾ 20 ਕਿਲੋਮੀਟਰ ਸਫ਼ਰ ਤੈਅ ਕਰਨਾ ਪੈਂਦਾ ਹੈ ਕਿਉਂਕਿ ਸਿਹਤ ਵਿਭਾਗ ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ ਸਿਰਫ ਇੱਕ ਹੀ ਗੋਲੀ ਦਿੰਦਾ ਹੈ। ਇਹ ਗੋਲੀ ਲੈਣ ਵਾਲੇ 90 ਫੀਸਦੀ ਤੋਂ ਵੱਧ ਗਰੀਬ ਅਤੇ ਮਜ਼ਦੂਰ ਵਿਅਕਤੀ ਹਨ ਜੋ ਰੋਜ਼ਾਨਾ ਸਾਈਕਲਾਂ ਆਦਿ ਉੱਪਰ 20 ਕਿਲੋਮੀਟਰ ਦਾ ਸਫ਼ਰ ਕਰਦੇ ਹਨ ਅਤੇ ਗੋਲੀ ਲੈਣ ਲਈ ਉਨ੍ਹਾਂ ਨੂੰ 3 ਤੋਂ 4 ਘੰਟੇ ਲਾਈਨ ਵਿੱਚ ਲੱਗਣਾ ਪੈਂਦਾ ਹੈ।
ਸੂਚਨਾ ਅਨੁਸਾਰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ 2707 ਵਿਅਕਤੀ ਇਸ ਸਹੂਲਤ ਲਈ ਦਰਜ ਕੀਤੇ ਗਏ ਹਨ ਜਦੋਂ ਕਿ ਮੁੜ ਵਸੇਬਾ ਕੇਂਦਰ ਵਿੱਚ 1762 ਵਿਅਕਤੀਆ ਨੂੰ ਰਜਿਸਟਰਡ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਹਫ਼ਤੇ ਦੀ ਇਕੱਠੀ ਦਵਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰੇਕ ਮਰੀਜ਼ ਨੂੰ ਇੱਕ ਹਫਤੇ ਦੀ ਦਵਾਈ ਦਿੱਤੀ ਜਾਂਦੀ ਸੀ। ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਮੁੜ ਵਸੇਬਾ ਕੇਂਦਰ ਵਿੱਚ ਪੀੜਤ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ ਲਾਇਆ ਇਕ ਸਿਹਤ ਵਿਭਾਗ ਜਾਣ-ਬੁੱਝ ਕੇ ਮਜ਼ਦੂਰਾਂ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮਜ਼ਦੂਰਾਂ ਨੂੰ ਇੱਕ ਦਿਨ ਦੀ ਦਵਾਈ ਹੀ ਦਿੰਦਾ ਹੈ ਤਾਂ ਜੋ ਇਹ ਗਰੀਬ ਲੋਕ ਦਿੱਲੀ ਕਿਸਾਨ ਮੋਰਚੇ ਤੇ ਨਾ ਜਾ ਸਕਣ।
ਪੀੜਤ ਨੌਜਵਾਨ ਗੁਰਦੀਪ ਸਿੰਘ, ਬਲਕਾਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਨਸ਼ਾ ਛੱਡਣ ਦੀ ਇੱਛਾ ਨਾਲ ਮੁੜ ਵਸੇਬਾ ਕੇਂਦਰ ਵਿੱਚ ਇਲਾਜ ਲਈ ਆਏ ਸਨ ਪਰ ਉਨ੍ਹਾਂ ਨੂੰ ਇਲਾਜ ਦੇ ਨਾਮ ’ਤੇ ਜ਼ਲੀਲ ਕੀਤਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਨ੍ਹਾਂ ਨੂੰ ਮੁੱਦਕੀ, ਚੰਦਬਾਜਾ, ਸਾਦਿਕ ਅਤੇ ਦੀਪ ਸਿੰਘ ਵਾਲਾ ਇਲਾਕਿਆਂ ਵਿੱਚੋਂ ਰੋਜ਼ਾਨਾ ਵੀਹ ਕਿਲੋਮੀਟਰ ਸਾਈਕਲ ਚਲਾ ਕੇ ਆਉਣਾ ਪੈਂਦਾ ਹੈ ਅਤੇ ਮੁੜ ਵਸੇਬਾ ਕੇਂਦਰ ਵਿੱਚ ਛਾਂ ਜਾਂ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਅਤੇ ਉਨ੍ਹਾਂ ਨੂੰ ਇੱਕ ਗੋਲੀ ਲੈਣ ਲਈ ਰੋਜ਼ਾਨਾ ਆਪਣੇ ਚਾਰ ਘੰਟੇ ਖਰਾਬ ਕਰਨੇ ਪੈਂਦੇ ਜਿਸ ਕਾਰਨ ਉਹ ਆਪਣੇ ਕੰਮ ਤੋਂ ਵਾਂਝੇ ਰਹਿ ਜਾਂਦੇ ਹਨ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪੀੜਤ ਨੌਜਵਾਨਾਂ ਦੀ ਸਮੱਸਿਆ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰ ਪਿਛਲੇ 15 ਦਿਨਾਂ ਤੋਂ ਹੜਤਾਲ ’ਤੇ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ ਜਿਸ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ।